ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਦੇਸ਼ ਵਿੱਚ ਤਿਅਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਿਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਪੰਜਾਬ ਨੂੰ ਇਸ ਦੇ ਟ੍ਰਾਇਲ ਲਈ ਚੁਣਿਆ ਹੈ। ਪੰਜਾਬ ਵਿੱਚ ਦੋ ਜ਼ਿਲ੍ਹਿਆਂ ਅੰਦਰ ਕੋਰੋਨਾ ਵੈਕਸੀਨ ਦਾ ਟ੍ਰਾਇਲ ਹੋਵੇਗਾ। ਜਿਹਨਾਂ ਵਿੱਚ ਲੁਧਿਆਣਾ ਅਤੇ ਨਵਾਂ ਸ਼ਹਿਰ ਸ਼ਾਮਿਲ ਹਨ। ਨਵਾਂਸ਼ਹਿਰ ਵਿੱਚ 5 ਸੈਂਟਰ ਬਣਾਏ ਗਏ ਹਨ। ਕੋਰੋਨਾ ਵੈਕਸੀਨ ਦੇ ਟ੍ਰਾਇਲ ਦੌਰਾਨ ਟੀਕਾਕਰਨ, ਦਵਾਈ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਣ ਅਤੇ ਵੈਕਸੀਨ ਦੀ ਸਟੋਰੇਜ਼ ਕਿਵੇਂ ਕੀਤੇ ਜਾਵੇਗੀ ਇਸ ਸਬੰਧੀ ਅਧਿਕਾਰੀ ਤਿਆਰੀ ਕਰਨਗੇ।
ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਲਈ 4 ਸ਼ਹਿਰਾਂ ਵਿੱਚ ਮੁੱਖ ਸੈਂਟਰ ਬਣਾਏ ਹਨ। ਚੰਡੀਗੜ੍ਹ, ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ‘ਚ ਕੋਰੋਨਾ ਵੈਕਸੀਨ ਦੀ ਸਟੋਰੇਜ਼ ਲਈ ਸੈਂਟਰ ਬਣਾਏ ਗਏ ਹਨ। ਇਹਨਾਂ ਤੋਂ ਇਲਾਵਾ ਸਬਡਿਵੀਜ਼ਨ ਅਤੇ ਬਲੌਕ ਪੱਧਰ ‘ਤੇ ਵੀ ਵੈਕਸੀਨ ਨੂੰ ਸਟੋਰ ਕੀਤਾ ਜਾਵੇਗਾ।
ਪੰਜਾਬ ਵਿੱਚ ਸਭ ਤੋਂ ਪਹਿਲਾਂ ਟੀਕਾਕਰਨ ਸਿਹਤ ਵਿਭਾਗ ਦੇ ਮੁਲਾਜ਼ਮਾਂ ‘ਤੇ ਹੋਵੇਗਾ। ਜਿਹਨਾਂ ਦੀ ਗਿਣਤੀ 1.25 ਲੱਖ ਹੈ। ਇਹਨਾਂ ਵਿੱਚ 80 ਹਜ਼ਾਰ ਸਰਕਾਰੀ ਅਤੇ 45 ਹਜ਼ਾਰ ਮੁਲਾਜ਼ਮ ਪ੍ਰਾਈਵੇਟ ਹਨ। ਦੂਸਰੇ ਨੰਬਰ ‘ਤੇ ਫਰੰਟਲਾਈਨ ਵੌਰੀਅਰ ਨੂੰ ਟੀਕਾ ਲਗਾਇਆ ਜਾਵੇਗਾ। ਅਤੇ ਤੀਸਰੇ ਗੇੜ ਵਿੱਚ 50 ਸਾਲ ਤੋਂ ਵੱਧ ਉਮਰ ਵਾਲੇ ਅਤੇ ਜਿਹੜੇ ਹੋਰ ਬਿਮਾਰੀਆਂ ਨਾਲ ਲੋਕ ਪੀੜਤ ਹਨ ਉਹਨਾਂ ਨੂੰ ਟੀਕਾ ਲਾਇਆ ਜਾਵੇਗਾ।