ਮੁੱਖ ਸਕੱਤਰ ਵੱਲੋਂ ਕੋਵਿਡ ਦੀ ਤੀਜੀ ਸੰਭਾਵੀ ਲਹਿਰ ਨੂੰ ਠੱਲ੍ਹਣ ਲਈ ਮਾਹਿਰਾਂ ਨਾਲ ਵਿਚਾਰ ਵਟਾਂਦਰਾ

TeamGlobalPunjab
2 Min Read

ਚੰਡੀਗੜ੍ਹ : ਕੋਵਿਡ ਦੀ ਸੰਭਾਵੀ ਤੀਜੀ ਲਹਿਰ ਨਾਲ ਨਜਿੱਠਣ ਲਈ ਸੂਬੇ ਨੂੰ ਤਿਆਰ ਕਰਨ ਅਤੇ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਸੋਮਵਾਰ ਨੂੰ ਉੱਘੇ ਵਾਇਰੋਲੌਜਿਸਟ ਅਤੇ ਇੰਡੀਅਨ ਸਾਰਸ-ਕੋਵ -2 ਜੀਨੋਮਿਕਸ ਕੰਸੋਰਟੀਆ ਦੇ ਸਲਾਹਕਾਰ ਗਰੁੱਪ ਦੇ ਸਾਬਕਾ ਮੁਖੀ ਡਾ. ਸ਼ਾਹਿਦ ਜਮੀਲ ਨਾਲ ਵਿਚਾਰ ਵਟਾਂਦਰਾ ਕੀਤਾ ।

ਕੋਵਿਡ ਦੇ ਚਿੰਤਾਜਨਕ ਵੱਖ ਵੱਖ ਵੇਰੀਐਂਟਜ਼ ਬਾਰੇ ਗੱਲ ਕਰਦਿਆਂ ਡਾ ਸ਼ਾਹਿਦ ਜਮੀਲ ਨੇ ਕਿਹਾ ਕਿ ਦੁਨੀਆ ਭਰ ਵਿੱਚ ਭਾਰਤ ਕੋਵਿਡ ਦੀ ਲਾਗ ਲੱਗਣ ਵਿੱਚ ਦੂਸਰੇ ਅਤੇ ਮੌਤਾਂ ਤੇ ਟੀਕਾਕਰਣ ਵਿੱਚ ਤੀਜੇ ਸਥਾਨ ’ਤੇ ਹੈ। ਉਨ੍ਹਾਂ ਭਾਰਤ ਵਿਚ ਡੈਲਟਾ ਵੇਰੀਐਂਟ ਦੀ ਮੌਜੂਦਗੀ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਡੈਲਟਾ ਪਲੱਸ ਵੇਰੀਐਂਟ, ਜੋ ਕਿ ਡੈਲਟਾ ਅਤੇ ਬੀਟਾ ਵੇਰੀਐਂਟ ਦਾ ਸੁਮੇਲ ਹੈ, ਨੇ ਵੀ ਭਾਰਤ ਵਿਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ 7 ਅਜਿਹੇ ਕੇਸ ਪਹਿਲਾਂ ਹੀ ਸਾਹਮਣੇ ਆ ਚੁੱਕੇ ਹਨ।

ਟੀਕਾਕਰਨ ਦੀ ਮਹੱਤਤਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਮਹਾਂਮਾਰੀ ਨੂੰ ਰੋਕਣ ਲਈ ਟੀਕਾ (ਕੋਵਿਡ ਵੈਕਸੀਨ) ਇਕੋ- ਇਕ ਉਪਾਅ ਹੈ ਅਤੇ ਇਹ ਕੋਵਿਡ ਦੀ ਗੰਭੀਰਤਾ ਨੂੰ ਵੀ ਘਟਾਉਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਵਿਡ ਟੀਕਾਕਰਨ ਮਾਰੂ ਵਾਇਰਸ ਤੋਂ ਬਚਾਉਣ ਦਾ ਸਭ ਤੋਂ ਕਾਰਗਰ ਢੰਗ ਹੈ।

ਡਾ. ਜਮੀਲ ਦਾ ਨਿੱਘਾ ਸਵਾਗਤ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਹਿਰਾਂ ਨਾਲ ਹਫਤਾਵਾਰੀ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਡਾਕਟਰਾਂ ਨੂੰ ਕੋਵਿਡ ਮਹਾਂਮਾਰੀ ਦੇ ਹਰ ਪਹਿਲੂ ਅਤੇ ਨਵੀਂ ਚੁਣੌਤੀਆਂ ਬਾਰੇ ਜਾਣੂ ਕਰਵਾਇਆ ਜਾ ਸਕੇ। ਅੱਜ ਦੀ ਵਿਚਾਰ-ਚਰਚਾ ਵੀ ਇਸੇ ਲੜੀ ਦਾ ਹਿੱਸਾ ਸੀ।
ਡਾ: ਜਮੀਲ ਨੇ ਪੰਜਾਬ ਸਰਕਾਰ ਦੀ ਇਸ ਅਤਿ-ਲੋੜੀਂਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਾਰਿਆਂ ਨੂੰ ਕੋਵਿਡ ਤੋਂ ਬਚਾਅ ਲਈ ਸੁਚੇਤ ਰਹਿਣ, ਮਾਸਕ ਪਹਿਨਣ, ਹੱਥ ਧੋਣ ਅਤੇ ਸਮਾਜਿਕ ਦੂਰੀ ਕਾਇਮ ਰੱਖਣ ਦੀ ਸਲਾਹ ਦਿੱਤੀ।

- Advertisement -

ਇਸ ਵਿਚਾਰ ਚਰਚਾ ਵਿੱਚ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਹੁਸਨ ਲਾਲ, ਸਿਹਤ ਸਲਾਹਕਾਰ ਡਾ.ਕੇ.ਕੇ. ਤਲਵਾੜ, ਪੀ.ਜੀ.ਆਈ.ਐਮ.ਈ.ਆਰ, ਚੰਡੀਗੜ੍ਹ ਤੋਂ ਡਾ. ਪੱਲਭ ਰੇਅ ਅਤੇ ਹੋਰ ਸਿਹਤ ਅਧਿਕਾਰੀਆਂ ਨੇ ਹਿੱਸਾ ਲਿਆ।

Share this Article
Leave a comment