Home / ਓਪੀਨੀਅਨ / ਸੱਚ ਕੀ ਬੇਲਾ: ਘੱਲੂਘਾਰਾ ਤੀਜਾ ਜਾਂ ਸਾਕਾ ਨੀਲਾ ਤਾਰਾ

ਸੱਚ ਕੀ ਬੇਲਾ: ਘੱਲੂਘਾਰਾ ਤੀਜਾ ਜਾਂ ਸਾਕਾ ਨੀਲਾ ਤਾਰਾ

-ਇਕਬਾਲ ਸਿੰਘ ਲਾਲਪੁਰਾ

5 ਜੂਨ 1984, ਦਿਨ ਮੰਗਲ਼ਵਾਰ ਸਵੇਰੇ ਤੋਂ ਫੌਜ, ਸੀ ਆਰ ਪੀ ਤੇ ਬੀ ਐਸ ਐਫ ਵੱਲੋਂ ਦਰਬਾਰ ਸਾਹਿਬ ਦੇ ਨੇੜੇ ਅੰਦਰ ਤੇ ਬਾਹਰਲੀਆਂ ਇਮਾਰਤਾਂ ਵੱਲ ਫਾਇਰਿੰਗ ਕੀਤੀ ਜਾ ਰਹੀ, 25 ਪਾਊਂਡਰ ਮੋਰਟਾਰ ਗੰਨਾਂ ਤੇ ਮਸ਼ੀਨਗੰਨਾਂ ਵੀ ਚਲ ਰਹੀਆਂ ਸਨ।

ਇਸ ਜ਼ਬਰਦਸਤ ਹਮਲੇ ਨਾਲ ਬ੍ਰਹਮਬੂਟਾ ਅਖਾੜਾ ਜੋ ਸ਼੍ਰੀ ਗੁਰੂ ਰਾਮ ਦਾਸ ਲੰਗਰ ਦੇ ਨੇੜੇ ਹੈ ਤੇ ਟੈਮਪਲਵਿਊ ਹੋਟਲ ‘ਤੇ ਫੌਜ ਦਾ ਕਬਜ਼ਾ ਹੋ ਗਿਆ, ਖਾੜਕੂ ਜਾਂ ਤਾਂ ਮਾਰੇ ਗਏ ਜਾਂ ਪਰਿਕਰਮਾ ਵੱਲ ਲੁਕ ਛੁਪ ਕੇ ਨਿਕਲ ਗਏ।

ਪਾਣੀ ਵਾਲੀ ਟੈਂਕੀ ਵਾਲਾ ਤੇ ਬੂੰਗਾ ਰਾਮਗੜ੍ਹੀਆ ਦਾ ਮੋਰਚਾ ਵੀ ਟੁੱਟ ਚੁੱਕਾ ਸੀ।

ਸ਼੍ਰੀ ਹਰਿਮੰਦਰ ਸਾਹਿਬ ਅੰਦਿਰ ਦੇ ਗ੍ਰੰਥੀ ਸਿੰਘ ਭੁੱਖੇ ਭਾਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਨਿਭਾ ਰਹੇ ਸਨ, ਸ਼ਰਧਾਲੂ ਕੋਈ ਵੀ ਉੱਥੇ ਪੁੱਜ ਨਹੀਂ ਸੀ ਸਕਦਾ। ਧਰਮ-ਯੁੱਧ ਮੋਰਚੇ ਵਿੱਚ ਗ੍ਰਿਫਤਾਰੀ ਦੇਣ ਲਈ ਇਕ ਜਥਾ ਮਾਲਵੇ ਤੋਂ ਗੁਰੂ ਰਾਮ ਦਾਸ ਸਰਾਂ ਵਿੱਚ ਠਹਿਰਾਇਆ ਹੋਇਆ ਸੀ। ਬਹੁਤ ਸਾਰੇ ਸ਼ਰਧਾਲੂ ਵੀ ਸਰਾਵਾਂ ਵਿੱਚ ਸਨ। ਫੌਜ ਦੀਆ ਗੋਲ਼ੀਆਂ ਨਾਲ ਮਰਨ ਵਾਲ਼ਿਆਂ ਵਿੱਚ ਵੱਡੀ ਗਿਣਤੀ ਉਨ੍ਹਾਂ ਦੀ ਹੀ ਸੀ।

ਸਭ ਤੋਂ ਵੱਡੀ ਸਮੱਸਿਆ ਰੋਟੀ ਪਾਣੀ ਦੀ ਸੀ, ਜੂਨ ਦੀ ਤਪਦੀ ਗਰਮੀ ਵਿੱਚ ਪਿਆਸ ਨਾਲ ਹਰ ਵਿਅਕਤੀ ਔਖਾ ਸੀ। ਜਥੇਦਾਰ ਟੌਹੜਾ, ਸੰਤ ਹਰਚੰਦ ਸਿੰਘ ਲੋੰਗੋਵਾਲ ਤੇ ਉਨ੍ਹਾਂ ਦੇ ਸਾਥੀ ਵੀ ਪਾਣੀ ਲਈ ਤੜਪ ਰਹੇ ਸਨ। ਸ਼ਰਧਾਲੂਆ ਨਾਲ ਆਏ ਛੋਟੇ ਬੱਚਿਆਂ ਦੀ ਹਾਲਤ ਬਹੁਤ ਮਾੜੀ ਸੀ, ਭੁੱਖਿਆਂ ਨੂੰ ਵੀ ਦੋ ਦਿਨ ਹੋ ਗਏ ਸਨ।

ਹੁਣ ਲੜਾਈ ਆਰ ਪਾਰ ਦੀ ਹੋ ਰਹੀ ਸੀ। ਪਰਿਕਰਮਾ ਵਿੱਚ ਰਾਤ ਦੇ ਹਨੇਰੇ ਵਿੱਚ ਦਾਖਲ ਹੋ ਰਹੇ ਕਮਾੰਡੋ ਕਮਰਿਆਂ ਵਿੱਚ ਬੈਠੇ ਖਾੜਕੂਆ ਦੀ ਗੋਲੀ ਦਾ ਸ਼ਿਕਾਰ ਹੋ ਰਹੇ ਸਨ !!

ਦੁਪਹਿਰ ਤੋਂ ਬਾਅਦ ਸੰਤ ਜਰਨੈਲ ਸਿੰਘ ਵੱਲੋਂ ਭੇਜੇ ਚਾਰ ਸਿੰਘ ਸੰਤ ਲੌਂਗੋਵਾਲ ਤੇ ਜਥੇਦਾਰ ਟੌਹੜਾ ਦੇ ਕਮਰੇ ਵਿੱਚ ਪੁੱਜੇ ਤੇ ਉਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਸੁਨੇਹਾ ਦਿੱਤਾ ਕਿ ਸੰਤਾਂ ਨੇ ਆਖਿਆ ਹੈ ਕਿ ”ਅਕਾਲੀ ਆਗੂ ਖਾਲਿਸਤਾਨ ਦਾ ਐਲਾਨ ਕਰ ਦੇਣ, ਫੇਰ ਪਾਕਿਸਤਾਨ ਮਦਦ ‘ਤੇ ਆ ਜਾਵੇਗਾ“ ਸੰਤ ਲੋਗੋਵਾਲ ਤਾਂ ਚੁੱਪ ਰਹੇ, ਪਰ ਜਥੇਦਾਰ ਟੌਹੜਾ ਨੇ ਜਬਾਬ ਦਿੱਤਾ ਕਿ “ਟੈਲੀਫੂਨ ਕੱਟ ਦਿੱਤੇ ਗਏ ਹਨ, ਪ੍ਰੈਸ ਨਾਲ ਤਿੰਨ ਦਿਨ ਦਾ ਸੰਪਰਕ ਨਹੀਂ ਹੋ ਰਿਹਾ ਹੈ, ਅਸੀਂ ਇਹ ਬਿਆਨ ਦੇਣ ਵਿੱਚ ਅਸਮਰਥ ਹਾਂ, ਸੰਤਾਂ ਨੂੰ ਸੁਨੇਹਾ ਦੇ ਦਿਉ ਕਿ ਉਹ ਖਾਲਿਸਤਾਨ ਦਾ ਐਲਾਨ ਕਰ ਦੇਣ ਅਕਾਲੀ ਦਲ ਤੁਹਾਡੇ ਨਾਲ ਹੈ” ਨੌਜਵਾਨ ਵਾਪਸ ਚਲੇ ਗਏ।

ਦੋਵੇਂ ਵੱਡੇ ਲੀਡਰ ਤਾਂ ਇਸ ਸੰਸਾਰ ਵਿੱਚ ਨਹੀਂ ਪਰ, ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਤੇ ਸਰਦਾਰ ਮਨਜੀਤ ਸਿੰਘ ਤਰਨਤਾਰਨੀ ਤੇ ਬੀਬੀ ਅਮਰਜੀਤ ਕੌਰ ਤੇ ਹੋਰ ਇਸਦੇ ਗਵਾਹ ਅਜੇ ਮੌਜੂਦ ਹਨ।

ਘਰਾਂ ਵਿੱਚ ਕੈਦ ਪੰਜਾਬ ਫੌਜ ਦੀ ਗੋਲ਼ੀ ਤੋਂ ਡਰਦਾ ਸਹਿਮਿਆ ਹੋਇਆ ਬੈਠਾ ਸੀ।

ਇਸ ਸਾਰੇ ਘਟਨਾਕ੍ਰਮ ਲਈ ਕੌਣ ਜ਼ੁੰਮੇਵਾਰ ਸੀ, ਕੇਂਦਰ ਦੀ ਉਸ ਸਮੇਂ ਦੀ ਸਰਕਾਰ, ਮੌਕਾਪ੍ਰਸਤ ਰਾਜਸੀ ਆਗੂ ਕਿ ਵਿਦੇਸ਼ੀ ਤਾਕਤਾਂ ? ਇਹ ਸਵਾਲਾਂ ਦੇ ਜਵਾਬ ਇਤਿਹਾਸ ਤੇ ਆਉਣ ਵਾਲ਼ੀਆਂ ਨਸਲਾਂ ਜ਼ਰੂਰ ਮੰਗਣਗੀਆਂ। ਗੱਲ ਇਹ ਵੀ ਹੋਵੇਗੀ ਕਿ ਇਸ ਦੀ ਭਰਪਾਈ ਲਈ ਕੌਮੀ ਆਗੂਆਂ ਨੇ ਕੀ ਉੱਦਮ ਕੀਤਾ ? ਇਸ ਦਾ ਜਵਾਬ ਵੀ ਮੰਗੇਗੀ ਆਉਣ ਵਾਲੀ ਪੀੜ੍ਹੀ।

ਵਾਹਿਗੁਰੂ ਜੀ ਕੀ ਫ਼ਤਿਹ !!

ਸੰਪਰਕ: 9780003333

(ਇਹ ਲੇਖ ਲੜੀ ਹਰ ਰੋਜ਼ ਓਪੀਨੀਅਨ ਪੇਜ ‘ਤੇ ਪੜ੍ਹੋ)

Check Also

ਮਾਨਵੀ ਸੇਵਾ ਦੇ ਮਹਾਨ ਪੁੰਜ ਸਨ – ਭਗਤ ਪੂਰਨ ਸਿੰਘ

-ਅਵਤਾਰ ਸਿੰਘ   ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਦਾ ਜਨਮ 4-6-1904 ਨੂੰ ਪਿੰਡ …

Leave a Reply

Your email address will not be published. Required fields are marked *