ਅੰਤਰਰਾਸ਼ਟਰੀ ਮਨੁੱਖੀ ਪੁਲਾੜ ਉਡਾਨ ਦਿਵਸ

TeamGlobalPunjab
4 Min Read

-ਅਵਤਾਰ ਸਿੰਘ

7 ਅਪ੍ਰੈਲ 2011 ਨੂੰ ਯੂ ਐਨ ਉ ਵੱਲੋਂ ਹਰ ਸਾਲ 12 ਅਪ੍ਰੈਲ ਨੂੰ ਮਨਾਉਣ ਦਾ ਐਲਾਨ ਕੀਤਾ ਗਿਆ। 60 ਸਾਲ ਪਹਿਲਾਂ ਰੂਸ ਦਾ ਜੰਮਪਲ ਪਾਇਲਟ ਮੇਜਰ ਯੂਰੀ ਗਾਗਰਿਨ 12 ਅਪ੍ਰੈਲ 1961 ਨੂੰ ਵੋਸਟੋਕ 1 ਨਾਂ ਦੇ ਸਪੇਸ ਕਰਾਫਟ ‘ਚ ਪੁਲਾੜ ਅੰਦਰ ਜਾਣ ਵਾਲਾ ਪਹਿਲਾ ਵਿਅਕਤੀ ਬਣਿਆ ਸੀ ਜੋ ਸਹੀ ਸਲਾਮਤ ਧਰਤੀ ਤੇ ਵਾਪਸ ਪਰਤਿਆ।

ਉਸਨੇ ਧਰਤੀ ਦੇ ਆਲੇ-ਦੁਆਲੇ 108 ਘੰਟੇ ਪੁਲਾੜ ਵਿੱਚ ਬਤੀਤ ਕੀਤੇ। ਵਿਗਿਆਨ ਦੇ ਪੁਲਾੜੀ ਖੇਤਰ ਵਿੱਚ ਪਹਿਲੀ ਘਟਨਾ ਸੀ ਜਿਸਨੇ ਮਨੁੱਖਤਾ ਦੇ ਹਿਤ ਵਿੱਚ ਪੁਲਾੜੀ ਖੋਜ ਲਈ ਨਿਵੇਕਲਾ ਰਾਹ ਖੋਲ੍ਹ ਦਿੱਤਾ।

ਉਸ ਵੇਲੇ ਦੇ ਯੂ ਐਨ ਉ ਦੇ ਸਕੱਤਰ ਬੈਨ ਕੀ ਮੂਨ ਨੇ ਕਿਹਾ, “ਮੈਨੂੰ ਭਰੋਸਾ ਹੈ ਕਿ ਅੰਤਰਰਾਸ਼ਟਰੀ ਮਨੁੱਖੀ ਪੁਲਾੜ ਉਡਾਨ ਦਿਵਸ ਸਾਨੂੰ ਮਨੁੱਖਤਾ ਦੀ ਸਾਂਝੀਵਾਲਤਾ ਅਤੇ ਸਾਂਝੀਆਂ ਚੁਣੌਤੀਆਂ ਨੂੰ ਸਰ ਕਰਨ ਲਈ ਸਾਡੀ ਇਕਠਿਆਂ ਕੰਮ ਕਰਨ ਦੀ ਲੋੜ ਦਾ ਚੇਤਾ ਕਰਵਾਏਗਾ।ਖਾਸ ਕਰਕੇ ਨੌਜਵਾਨਾ ਨੂੰ ਆਪਣੇ ਸੁਫਨੇ ਸਾਕਾਰ ਕਰਨ ਅਤੇ ਸੰਸਾਰ ਨੂੰ ਗਿਆਨ ਅਤੇ ਸੋਝੀ ਦੇ ਨਵੇਂ ਦਸਹੱਦਿਆਂ ਵੱਲ ਤੋਰਨ ਲਈ ਪ੍ਰੇਰਨਾਂ ਦੇਵੇਗਾ।”

- Advertisement -

ਸਭ ਤੋਂ ਪਹਿਲਾਂ 4 ਅਕਤੂਬਰ 1957 ਨੂੰ ਸੋਵੀਅਤ ਯੂਨੀਅਨ ਨੇ ਆਪਣਾ ਪਹਿਲਾ ਬਣਾਉਟੀ ਉਪ ਗ੍ਰਹਿ ਸਪੂਤਨਿਕ -1 ਪੁਲਾੜ ਵਿੱਚ ਭੇਜ ਕੇ ਸਫਲਤਾ ਹਾਸਲ ਕੀਤੀ ਸੀ।

ਇਹ 84 ਕਿਲੋਗ੍ਰਾਮ ਭਾਰ ਦਾ ਤੇ 58 ਸੈਂਟੀਮੀਟਰ ਅਕਾਰ ਦਾ ਸੀ ਜੋ ਧਰਤੀ ਦੇ ਦੁਆਲੇ ਤਿੰਨ ਮਹੀਨੇ ਚੱਕਰ ਲਾਉਦਾ ਰਿਹਾ। ਸੋਵੀਅਤ ਸੰਘ ਨੇ 3 ਨਵੰਬਰ 1957 ਨੂੰ 508 ਕਿਲੋਗ੍ਰਾਮ ਭਾਰ ਦਾ ਦੂਜਾ ਸਪੂਤਨਿਕ-2 ਭੇਜਿਆ, ਜਿਸਨੇ 200 ਦਿਨ ਧਰਤੀ ਦੀ ਪ੍ਰਕਰਮਾ ਕੀਤੀ।

ਇਸ ਵਿੱਚ ਲਾਇਕਾ ਨਾਂ ਦੀ ਕੁੱਤੀ ਵੀ ਭੇਜੀ ਗਈ ਜੋ ਉਪ ਗ੍ਰਹਿ ਛੱਡਣ ਦੇ ਕੁਝ ਸਮੇਂ ਬਾਅਦ ਮਰ ਗਈ।27 ਸਾਲਾ ਯੂਰੀ ਗਾਗਰਿਨ ਵੋਸਟੋਕ 1 ਵਿੱਚ 327 ਕਿਲੋਮੀਟਰ ਦੀ ਉਚਾਈ ਤੱਕ ਪਹੁੰਚਾ ਸੀ।ਵਾਪਸੀ ਤੇ ਯੂਰੀ ਗਾਗਰਿਨ ਸੱਤ ਕਿਲੋਮੀਟਰ ਦੀ ਉਚਾਈ ਤੋਂ ਪੈਰਾਸ਼ੂਟ ਰਾਂਹੀ ਵੋਲਗਾ ਨਦੀ ਦੇ ਕਿਨਾਰੇ ਉਤਰ ਗਿਆ।

2015 ਤੱਕ 40 ਤੋਂ ਵੱਧ ਦੇਸ਼ਾਂ ਦੇ 550 ਦੇ ਕਰੀਬ ਪੁਲਾੜ ਯਾਤਰੀ ਪੁਲਾੜ ਉਡਾਨਾਂ ਦਾ ਤਜਰਬਾ ਹਾਸਲ ਕਰ ਚੁਕੇ ਹਨ। ਚੰਨ ਤਕ ਪਹੁੰਚਣ ਵਾਲੇ 12 ਤੋਂ ਵੱਧ ਪੁਲਾੜ ਯਾਤਰੀ ਹਨ।ਰੂਸ ਦੇ ਸ਼ਹਿਰ ਕੁਲਸ਼ੀਨੋ ਵਿੱਚ ਮੇਜਰ ਯੂਰੀ ਗਾਗਰਿਨ 9 ਮਾਰਚ 1934 ਨੂੰ ਪੈਦਾ ਹੋਇਆ।

ਵਿਸ਼ਵ ਦਾ ਪਹਿਲਾ ਪੁਲਾੜ ਯਾਤਰੀ ਯੂਰੀ ਗਾਗਰਿਨ ਪੁਲਾੜ ਵਿਚ ਹੋਏ ਹਵਾਈ ਜਹਾਜ ਦੇ ਹਾਦਸੇ ਕਾਰਨ 27 ਮਾਰਚ 1968 ਨੂੰ ਪੁਲਾੜ ਵਿਚ ਹਮੇਸ਼ਾਂ ਲਈ ਅਲੋਪ ਹੋ ਗਿਆ।ਰੂਸ ਦੇ ਸ਼ਹਿਰ ਸਾਰਾਤੋਵ ਵਿੱਚ ਉਸਦਾ ਬੁਤ ਸਥਾਪਤ ਕੀਤਾ ਗਿਆ ਹੈ।

- Advertisement -

ਪੁਲਾੜ ਪਰੀਆਂ 16 ਜੂਨ 1963 ਵਿੱਚ ਪੁਲਾੜ ਵਿੱਚ ਉਡਾਰੀ ਭਰਨ ਵਾਲੀ ਪਹਿਲੀ ਔਰਤ ਵੈਲਨਤੀਨਾ ਤੈਰਿਸ਼ਕੋਵਾ ਰੂਸ ਦੀ ਸੀ। 1984 ਵਿੱਚ ਹੀ ਇਸੇ ਦੇਸ਼ ਦੀ ਪੁਲਾੜ ਵਿੱਚ ਤੁਰਨ ਵਾਲੀ ਪਹਿਲੀ ਔਰਤ ਸਵੇਤਲਾਨਾ ਸੀ।2014 ਵਿੱਚ ਯੇਲੀਨਾ ਕੋਂਡਿਕੋਵਾ ਪਹਿਲੀ ਮੁਟਿਆਰ ਸੀ ਜੋ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਵਿੱਚ ਗਈ।

ਪੁਲਾੜ ਵਿੱਚ ਜਾਣ ਵਾਲੀਆਂ ਔਰਤਾਂ ਦੇ ਪੱਖੋਂ ਅਮਰੀਕਾ ਨੇ ਪਹਿਲਾ ਕਦਮ ਰੂਸ ਤੋਂ 20 ਸਾਲ ਪਿਛੋਂ ਚੁੱਕਿਆ।ਜਦੋਂ ਸ਼ੈਲੀ ਰਾਈਡ 1983 ਵਿੱਚ ਪੁਲਾੜ ਵਿੱਚ ਗਈ। ਇਸ ਪਿੱਛੋਂ ਅਮਰੀਕਾ ਦੀਆ 40 ਤੋਂ ਵੱਧ ਔਰਤਾਂ ਪੁਲਾੜ ਵਿੱਚ ਉਡਾਰੀ ਭਰ ਚੁੱਕੀਆਂ ਹਨ।

ਇਨ੍ਹਾਂ ਤੋਂ ਇਲਾਵਾ ਕਨੇਡਾ ਦੀਆਂ ਰਾਬਰਟ ਬੋਦਾਰ(1992), ਜੂਲੀ ਪਾਏਟ (1999), ਭਾਰਤ ਦੀ ਕਲਪਨਾ ਚਾਵਲਾ (1997-2003), ਜਪਾਨ ਦੀਆਂ ਚਿਆਕੀ ਮੁਕੇਈ (1994-98) ਤੇ ਨਾਉਕੋ ਯਾਮਾਜਾਕੀ (2010) ਪੁਲਾੜ ਵਿੱਚ ਗਈਆਂ।

1986 ਵਿੱਚ ਪਹਿਲੀ ਵਾਰ ਹਾਦਸੇ ਵਿੱਚ ਅਮਰੀਕਨ ਪੁਲਾੜੀ ਔਰਤਾਂ ਜੁਡਿਥ ਏ ਰੈਸਨੀਕ ਤੇ ਕਰਿਸਟਾ ਮੈਕਾਲਿਫ ਦੀ ਮੌਤ ਹੋਈ। 2003 ਵਿੱਚ ਪੰਜਾਬ ਦੀ ਧੀ ਕਲਪਨਾ ਚਾਵਲਾ ਪੰਜ ਪੁਲਾੜ ਮਰਦ ਯਾਤਰੀਆਂ ਸਮੇਤ ਕੋਲੰਬੀਆ ਸ਼ਟਲ ਦੀ ਵਾਪਸੀ ਤੇ ਹਾਦਸੇ ਵਿਚ ਮੌਤ ਦੇ ਮੂੰਹ ਜਾ ਪਈ।2012 ਵਿੱਚ ਚੀਨ ਦੀ ਪਹਿਲੀ ਔਰਤ ਲਿਊ ਯਾਂਗ ਸ਼ਾਦੀਸ਼ੁਦਾ ਸੀ ਜੋ ਪੁਲਾੜ ਵਿੱਚ ਗਈ।

ਇੰਗਲੈਂਡ ਦੀ ਰਸਾਇਣ ਵਿਗਿਆਨੀ ਹੈਲਨ ਸ਼ਰਮਨ,ਫਰਾਂਸ ਦੀ ਕਲਾਦ ਹੈਗਨੈਅਰ, ਦੱਖਣੀ ਕੋਰੀਆ ਦੀ ਯੀਸੋ ਯੀਅਨ,ਇਟਲੀ ਦੀ ਸਾਮੰਥਾ ਕਰਿਸਟੋਫੋਰੇਟੀ ਆਪਣੇ ਆਪਣੇ ਦੇਸ਼ ਦੀਆਂ ਪਹਿਲੀਆਂ ਉਡਣ ਪਰੀਆਂ ਜਿਨ੍ਹਾਂ ਪੁਲਾੜ ਵਿੱਚ ਉਡਾਰੀਆਂ ਭਰੀਆਂ। ਹਰਿਆਣਾ ਦੀ ਜਸਲੀਨ ਕੌਰ ਮੰਗਲ ਮਿਸ਼ਨ ਦੀ ਦੌੜ ਵਿੱਚ ਆਪਣਾ ਨਾਮ ਲਿਖਾਉਣ ਵਿੱਚ ਕਾਮਯਾਬ ਹੋ ਚੁੱਕੀ ਹੈ।

Share this Article
Leave a comment