ਅਮਰੀਕਾ ਵਿੱਚ ਪ੍ਰਵਾਸੀਆਂ ਦੀ ਗਿਣਤੀ ‘ਚ ਆਈ ਵੱਡੀ ਕਮੀ, ਟਰੰਪ ਦੀਆਂ ਸਖ਼ਤ ਨੀਤੀਆਂ ਦਾ ਅਸਰ

Global Team
2 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਵਾਸੀਆਂ ਵਿਰੁੱਧ ਸਖ਼ਤ ਰੁਖ ਰਿਹਾ ਹੈ। ਇਸੇ ਕਾਰਨ ਟਰੰਪ ਪ੍ਰਸ਼ਾਸਨ ਨੇ ਵੱਡੇ ਪੱਧਰ ’ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਅਤੇ ਸਰਹੱਦ ’ਤੇ ਸਖ਼ਤੀ ਵਧਾਈ। ਹੁਣ ਇਹ ਨੀਤੀਆਂ ਅਸਰ ਦਿਖਾਉਣ ਲੱਗੀਆਂ ਹਨ। ਪਿਊ ਰਿਸਰਚ ਸੈਂਟਰ ਦੇ ਤਾਜ਼ਾ ਅਧਿਐਨ ਅਨੁਸਾਰ, ਜਨਵਰੀ 2025 ਤੋਂ ਜੂਨ 2025 ਦੇ ਵਿਚਾਲੇ  ਅਮਰੀਕਾ ਵਿੱਚ ਪ੍ਰਵਾਸੀਆਂ ਦੀ ਗਿਣਤੀ ਲਗਭਗ 15 ਲੱਖ ਘਟੀ ਹੈ।

ਪ੍ਰਵਾਸੀਆਂ ਦੀ ਕੁੱਲ ਗਿਣਤੀ 5.19 ਕਰੋੜ ਰਹੀ

ਰਿਪੋਰਟ ਮੁਤਾਬਕ, ਇਸ ਸਾਲ ਦੀ ਸ਼ੁਰੂਆਤ ਵਿੱਚ ਅਮਰੀਕਾ ਵਿੱਚ ਪ੍ਰਵਾਸੀਆਂ ਦੀ ਕੁੱਲ ਗਿਣਤੀ 5.33 ਕਰੋੜ ਸੀ, ਜੋ ਹੁਣ ਘਟ ਕੇ 5.19 ਕਰੋੜ ਹੋ ਗਈ ਹੈ। ਇਹ ਰਿਪੋਰਟ ਵੀਰਵਾਰ ਨੂੰ ਜਾਰੀ ਕੀਤੀ ਗਈ। ਪਿਊ ਰਿਸਰਚ ਸੈਂਟਰ ਦੇ ਸੀਨੀਅਰ ਜਨਸੰਖਿਆ ਵਿਗਿਆਨੀ ਜੈਫਰੀ ਪਾਸੇਲ ਨੇ ਕਿਹਾ ਕਿ, “ਡੇਟਾ ਇੱਕ ਨਾਟਕੀ ਬਦਲਾਅ ਦਰਸਾਉਂਦਾ ਹੈ।” ਇਸ ਗਿਰਾਵਟ ਦਾ ਅਸਰ ਅਮਰੀਕੀ ਲੇਬਰ ਬਾਜ਼ਾਰ ’ਤੇ ਵੀ ਪਿਆ ਹੈ। ਪ੍ਰਵਾਸੀਆਂ ਦੀ ਗਿਣਤੀ ਘਟਣ ਕਾਰਨ ਲੇਬਰ ਸ਼ਕਤੀ ਨੇ 7.5 ਲੱਖ ਤੋਂ ਵੱਧ ਕਰਮਚਾਰੀ ਗੁਆਏ ਹਨ।

ਅਰਥਵਿਵਸਥਾ ਲਈ ਚਿੰਤਾ

ਪਾਸੇਲ ਦੇ ਅਨੁਸਾਰ, “ਅਮਰੀਕਾ ਵਿੱਚ ਕੰਮਕਾਜੀ ਉਮਰ ਦੀ ਆਬਾਦੀ ਵਧ ਨਹੀਂ ਰਹੀ। ਇਸਦਾ ਮਤਲਬ ਹੈ ਕਿ ਲੇਬਰ ‘ਚ ਵਾਧੇ ਦਾ ਇੱਕੋ ਰਾਹ ਨਵੇਂ ਪ੍ਰਵਾਸੀਆਂ ਦਾ ਆਉਣਾ ਹੈ। ਜੇ ਲੇਬਰ ਨਹੀਂ ਵਧੇਗੀ, ਤਾਂ ਅਰਥਵਿਵਸਥਾ ਲਈ ਚੁਣੌਤੀਆਂ ਖੜ੍ਹੀਆਂ ਹੋਣਗੀਆਂ।”

ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਵੀ ਕਮੀ

ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਇਹ ਗਿਰਾਵਟ ਬੇਮਿਸਾਲ ਹੈ। ਦਿਲਚਸਪ ਗੱਲ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵੀ ਘਟ ਰਹੀ ਹੈ। 2023 ਵਿੱਚ ਇਹ ਅੰਕੜਾ 1.4 ਕਰੋੜ ਸੀ। ਹਾਲਾਂਕਿ ਪ੍ਰਵਾਸੀਆਂ ਦੀ ਗਿਣਤੀ ਘਟੀ ਹੈ, ਫਿਰ ਵੀ ਦੁਨੀਆ ਵਿੱਚ ਸਭ ਤੋਂ ਵੱਧ ਪ੍ਰਵਾਸੀ ਅਮਰੀਕਾ ਵਿੱਚ ਹੀ ਹਨ। ਅਮਰੀਕਾ ਦੀ ਕੁੱਲ ਆਬਾਦੀ ਵਿੱਚ ਪ੍ਰਵਾਸੀਆਂ ਦਾ ਹਿੱਸਾ 15.8% ਤੋਂ ਘਟ ਕੇ 15.4% ਰਹਿ ਗਿਆ ਹੈ। ਟੈਕਸਸ ਅਤੇ ਕੈਲੀਫੋਰਨੀਆ ਉਹ ਸੂਬੇ ਹਨ ਜਿੱਥੇ ਸਭ ਤੋਂ ਵੱਧ ਪ੍ਰਵਾਸੀ ਰਹਿੰਦੇ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment