ਵਾਸ਼ਿੰਗਟਨ: ਅਮਰੀਕਾ ‘ਚ ਹੁਣ ਉਨ੍ਹਾਂ ਪ੍ਰਵਾਸੀਆਂ ਨੂੰ ਇੱਥੇ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜੋ ਆਪਣੇ ਸਿਹਤ ਬੀਮੇ ਤੇ ਡਾਕਟਰੀ ਖਰਚਿਆਂ ਨੂੰ ਚੱਕ ਨਹੀਂ ਕਰ ਸਕਦੇ। ਜਾਣਕਾਰੀ ਦੇ ਅਨੁਸਾਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਇੱਕ ਐਲਾਨ ‘ਤੇ ਮੌਹਰ ਲਗਾ ਦਿੱਤੀ ਹੈ।
ਇਸ ਦੇ ਅਨੁਸਾਰ, ਪ੍ਰਵਾਸੀਆਂ ਕੋਲ ਇੱਥੇ ਦਾਖਲ ਹੋਣ ਦੇ 30 ਦਿਨਾਂ ਦੇ ਅੰਦਰ ਸਿਹਤ ਬੀਮਾ ਹੋਣਾ ਲਾਜ਼ਮੀ ਹੈ। ਵ੍ਹਾਈਟ ਹਾਊਸ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ਰਨਾਰਥੀ ਵਜੋਂ ਸ਼ਰਣ ਦੀ ਮੰਗ ਕਰਨ ਵਾਲਾ ਕੋਈ ਵੀ ਵਿਅਕਤੀ ਇਸ ਨਾਲ ਪ੍ਰਭਾਵਤ ਨਹੀਂ ਹੋਵੇਗਾ। ਇਹ ਨਿਯਮ ਅਗਲੇ ਮਹੀਨੇ ਦੀ 3 ਨਵੰਬਰ ਤੋਂ ਲਾਗੂ ਹੋਣਗੇ।
ਕਾਨੂੰਨੀ ਅਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ‘ਚ ਕਟੌਤੀ ਟਰੰਪ ਦੇ ਸ਼ਾਸਨਕਾਲ ਦਾ ਮੁੱਖ ਟੀਚਾ ਰਿਹਾ ਹੈ। ਟਰੰਪ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਸਨੇ ਵਿੱਤੀ ਸਾਲ 2020 ‘ਚ ਸਿਰਫ 18,000 ਸ਼ਰਨਾਰਥੀਆਂ ਨੂੰ ਅਮਰੀਕਾ ‘ਚ ਰਹਿਣ ਦੀ ਆਗਿਆ ਦੇਣ ਦੀ ਯੋਜਨਾ ਬਣਾਈ ਸੀ, ਜੋ ਕਿ ਆਧੁਨਿਕ ਸ਼ਰਨਾਰਥੀ ਪ੍ਰੋਗਰਾਮ ਦੇ ਇਤਿਹਾਸ ਵਿਚ ਸਭ ਤੋਂ ਘੱਟ ਸੰਖਿਆ ਹੈ।
ਚੁਣੌਤੀਆਂ ਦਾ ਸਾਹਮਣਾ ਕਰ ਰਹੀ ਸਿਹਤ ਸੰਭਾਲ ਪ੍ਰਣਾਲੀ
ਟਰੰਪ ਨੇ ਇਕ ਐਲਾਨ ‘ਚ ਕਿਹਾ, ‘ਸਾਡੀ ਸਿਹਤ ਸੰਭਾਲ ਪ੍ਰਣਾਲੀ ਡਾਕਟਰੀ ਖਰਚਿਆਂ ਨੂੰ ਸਹਿਣ ਕਰਨ ਦੇ ਯੋਗ ਨਾ ਹੋਣ ਕਾਰਨ ਚੁਣੌਤੀਆਂ ਨਾਲ ਜੂਝ ਰਹੀ ਹੈ। ਅਮਰੀਕੀ ਸਰਕਾਰ ਅਜਿਹੇ ਹਜ਼ਾਰਾਂ ਪ੍ਰਵਾਸੀਆਂ ਨੂੰ ਸਵੀਕਾਰ ਕਰਦੇ ਹੋਏ ਇਸ ਸਮਸਿਆ ਨੂੰ ਹੋਰ ਵਿਗਾੜ ਰਹੀ ਹੈ ਜਿਹੜੇ ਆਪਣੀ ਸਿਹਤ ਸੇਵਾ ਦੀ ਲਾਗਤਾਂ ਦਾ ਭੁਗਤਾਨ ਨਹੀਂ ਕਰ ਸਕਦੇ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਸਿਰਫ ਉਨ੍ਹਾਂ ਲੋਕਾਂ ‘ਤੇ ਲਾਗੂ ਹੋਵੇਗਾ ਜਿਹੜੇ ਪ੍ਰਵਾਸੀ ਵੀਜ਼ਾ ਨਾਲ ਅਮਰੀਕਾ ਦਾਖਲ ਹੋਣ ਦੇ ਚਾਹਵਾਨ ਹਨ।