ਗੁਰਦੁਆਰਾ ਲਹੂੜਾ ਸਾਹਿਬ, ਘਵਿੰਡ ਜਿਲ੍ਹਾ ਲਾਹੌਰ -ਡਾ. ਗੁਰਦੇਵ ਸਿੰਘ

TeamGlobalPunjab
4 Min Read

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -13

ਗੁਰਦੁਆਰਾ ਲਹੂੜਾ ਸਾਹਿਬ, ਘਵਿੰਡ ਜਿਲ੍ਹਾ ਲਾਹੌਰ

*ਡਾ. ਗੁਰਦੇਵ ਸਿੰਘ

ਬਾਬਾ ਗੁਰੂ ਨਾਨਕ ਨੇ ਜਗਤ ਉਧਾਰਨ ਹਿਤ ਚਾਰੋਂ ਦਿਸ਼ਾਵਾਂ ਵਿੱਚ ਲੰਮੀਆਂ ਲੰਮੀਆਂ ਯਾਤਰਾਵਾਂ ਕੀਤੀਆਂ। ਭਾਈ ਮਰਦਾਨਾ ਜੀ ਨੇ ਗੁਰੂ ਜੀ ਦਾ ਆਪਣੇ ਜੀਵਨ ਦੇ ਅੰਤਿਮ ਸਮੇਂ ਤਕ ਸਾਥ ਦਿੱਤਾ। ਅੱਜ ਅਸੀਂ ਗੁਰਦੁਆਰਾ ਸਾਹਿਬ ਦੀ ਇਤਿਹਾਸਕ ਲੜੀ ਵਿੱਚ ਜਿਸ ਗੁਰਦੁਆਰਾ ਸਾਹਿਬ ਦਾ ਜ਼ਿਕਰ ਕਰਨ ਜਾ ਰਹੇ ਹਾਂ ਉਹ ਗੁਰਦੁਆਰਾ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨੇ ਜੀ ਦੇ ਨਾਲ ਹੀ ਸੰਬੰਧਤ ਹੈ। ਆਓ ਜਾਣਦੇ ਹਾਂ ਇਸ ਪਾਵਨ ਅਸਥਾਨ ਬਾਰੇ :

ਗੁਰਦੁਆਰਾ ਲਹੂੜਾ ਸਾਹਿਬ

- Advertisement -

ਪਾਕਿਸਤਾਨ ਦੇ ਲਾਹੌਰ ਜਿਲੇ ਵਿੱਚ ਘਵਿੰਡੀ ਰੋਡ ਉੱਤੇ ਇੱਕ ਪਿੰਡ ਜਿਸ ਨੂੰ ਘਵਿੰਡ ਆਖਿਆ ਜਾਦਾ ਹੈ, ਇਹ ਪਿੰਡ ਘਵਿੰਡੀ ਤੋਂ ਕੋਈ ਦੋ ਕਿਲੋਮੀਟਰ ਦੂਰੀ ‘ਤੇ ਸਥਿਤ ਹੈ। ਇਸ ਪਿੰਡ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਅਸਥਾਨ ਲਹੂੜਾ ਸਾਹਿਬ ਹੈ। ਗੁਰੂ ਸਾਹਿਬ ਇਸ ਪਿੰਡ ਵਿੱਚ “ਜਾਹਮਣ” ਤੋਂ ਚੱਲ ਕੇ ਆਏ ਸਨ। ਉਸ ਵੇਲੇ ਇੱਥੇ ਲਹੂੜੇ ਦਾ ਦਰਖਤ ਸੀ, ਜਿਸ ਦੇ ਹੇਠਾਂ ਗੁਰੂ ਸਾਹਿਬ ਬਿਰਾਜੇ ਸਨ। ਇਸ ਬ੍ਰਿਛ ਨੂੰ ਰਹੋੜਾ ਤੇ ਰਹੀੜਾ ਵੀ ਆਖਿਆ ਜਾਂਦਾ ਹੈ। ਬਸੰਤ ਰੁੱਤੇ ਇਸ ਦਰੱਖਤ ਨੂੰ ਕੇਸਰੀ ਫੁੱਲ ਲਗਦੇ ਹਨ। ਇਸ ਦੀ ਲੱਕੜ ਦਾ ਪ੍ਰਯੋਗ ਸੰਗੀਤ ਸਾਜ਼ ਸਾਰੰਗੀ ਆਦਿ ਬਣਾਉਣ ਲਈ ਕੀਤਾ ਜਾਦਾਂ ਹੈ।

ਸਿੱਖ ਸਰੋਤਾਂ ਅਨੁਸਾਰ ਗੁਰੂ ਸਾਹਿਬ ਨੇ ਜਦੋਂ ਇਸ ਧਰਤੀ ਨੂੰ ਆਪਣੇ ਪਾਵਨ ਚਰਨ ਨਾਲ ਪਵਿੱਤਰ ਕੀਤਾ ਤਾਂ ਉਦੋਂ ਇੱਥੇ ਵਣਜਾਰਿਆਂ ਦੀ ਇੱਕ ਬਸਤੀ ਸੀ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਜੀ ਨੇ ਇਸ ਪਿੰਡ ਵਿੱਚ ਪ੍ਰਵੇਸ਼ ਕੀਤਾ ਤਾਂ ਉਸ ਵਕ਼ਤ ਪਿੰਡ ਦੇ ਇੱਕ ਵਣਜਾਰੇ ਦੇ ਘਰ ਲੜਕਾ ਪੈਦਾ ਹੋਇਆ ਸੀ। ਪਿੰਡ ਵਾਸੀ ਇਸ ਦੀਆਂ ਖੁਸ਼ੀਆਂ ਮਨਾ ਰਹੇ ਸਨ। ਭਾਈ ਮਰਦਾਨੇ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਪਾਤਿਸ਼ਾਹ! ਜੇ ਹੁਕਮ ਕਰੋ ਤਾਂ ਮੈਂ ਪਿੰਡ ਵਿੱਚੋਂ ਰੋਟੀ ਖਾ ਆਵਾਂ। ਗੁਰੂ ਸਾਹਿਬ ਨੇ ਫੁਰਮਾਇਆ ਕਿ ਮਰਦਾਨਿਆ ਚਲਾ ਭਾਂਵੇ ਜਾਹ ਪਰ ਮੂੰਹੋਂ ਮੰਗ ਕੇ ਰੋਟੀ ਨਾਂ ਖਾਵੀਂ। ਮਰਦਾਨਾ ਚਿਰ ਤੀਕਰ ਵਣਜਾਰਿਆਂ ਦੇ ਦਰ ਤੋਂ ਬੈਠਾ ਰਿਹਾ ਪਰ ਉਹ ਇਤਨੀ ਖੁਸ਼ੀ ਵਿੱਚ ਸਨ ਕਿ ਉਹਨਾਂ ਭਾਈ ਮਰਦਾਨੇ ਵੱਲ ਨਜ਼ਰ ਨਾ ਕੀਤੀ। ਕਰਤਾਰ ਦਾ ਭਾਣਾ ਇੰਨਾ ਹੋਇਆ ਕਿ ਉਹ ਲੜਕਾ ਚਲਾਣਾ ਕਰ ਗਿਆ ਅਤੇ ਸਭ ਰੋਣ ਪਿੱਟਣ ਲੱਗ ਪਏ। ਸਤਿਗੁਰੂ ਜੀ ਨੇ ਉਹਨਾ ਨੂੰ ਭਾਣਾ (ਰੱਬ ਦਾ ਹੁਕਮ) ਮੰਨਣ ਦਾ ਉਪਦੇਸ਼ ਦਿੱਤਾ ਅਤੇ ਸ੍ਰੀ ਰਾਗ ਵਿੱਚ ਸ਼ਬਦ ਉਚਾਰਨ ਕੀਤਾ, ਜਿਸ ਦਾ ਸਿਰਲੇਖ “ਪਹਰੇ” ਹੈ। ਇਸੇ ਇਤਿਹਾਸਕ ਘਟਨਾ ਨੂੰ ਦਰਸਾਉਂਦਾ ਗੁਰਦੁਆਰਾ ਲਹੂੜਾ ਸਾਹਿਬ ਸਿੱਖਾਂ ਵਲੋਂ ਬਣਾਇਆ ਗਿਆ। ਬਹੁਤ ਸਮਾਂ ਇਸ ਅਸਥਾਨ ਉੱਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਰਿਹਾ ਪਰ ਦੇਸ਼ ਵਿੱਚ ਵੀ ਘੱਟ ਗਿਣਤੀ ਦੀ ਮਾਰ ਕਾਰਨ ਇਹ ਪ੍ਰਕਾਸ਼ ਦੀ ਮਰਯਾਦਾ ਨਿਰੰਤਰਤਾ ਕਾਇਮ ਨਹੀਂ ਰੱਖ ਜਾ ਸਕੀ। ਵੈਸੇ ਇਸ ਅਸਥਾਨ ਦੇ ਨਾਮ 20 ਵਿੱਘੇ ਜ਼ਮੀਨ ਵੀ ਲੱਗੀ ਹੋਈ ਹੈ।

ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ 14ਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਉਕਤ ਜਾਣਕਾਰੀ ਦੇ ਪ੍ਰਮੁੱਖ ਸਰੋਤ ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ‘ਮਹਾਨ ਕੋਸ਼’, ਅਤੇ ‘ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ’ ਪੁਸਤਕ ਰਹੀ ਹੈ ਜੋ ਕਿ ਇਕਬਾਲ ਕੈਸਰ ਦੀ ਲਿਖੀ ਹੋਈ ਹੈ। ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਆਪਣੇ ਕੀਮਤੀ ਵਿਚਾਰਾਂ ਨਾਲ ਸਾਡਾ ਮਾਰਗ ਦਰਸ਼ਨ ਜ਼ਰੂਰ ਕਰੋ ਜੀ। ਰਹਿ ਗਈਆਂ ਕਮੀਆਂ ਲਈ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ॥

- Advertisement -

*gurdevsinghdr@gmail.com

Share this Article
Leave a comment