ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਐਲਾਨ ਤੋਂ ਬਾਅਦ ਅੱਜ ਤੋਂ ਕੈਨੇਡਾ ਅਤੇ ਮੈਕਸੀਕੋ ‘ਤੇ 25 ਫੀਸਦ ਟੈਰਿਫ਼ ਲਾਗੂ ਹੋਵੇਗਾ। ਉਨ੍ਹਾਂ ਨੇ ਸਾਫ਼ ਕੀਤਾ ਕਿ ਹੁਣ ਇਸ ਵਿੱਚ ਕੋਈ ਦੇਰੀ ਨਹੀਂ ਹੋਵੇਗੀ। ਇਸ ਐਲਾਨ ਨਾਲ ਉੱਤਰੀ ਅਮਰੀਕਾ ਵਿੱਚ ਵਪਾਰਕ ਸੰਕਟ ਵਧਣ ਦੀ ਸੰਭਾਵਨਾ ਹੈ।
ਟਰੰਪ ਨੇ ਟੈਰਿਫ਼ ਦਾ ਕਾਰਨ ਦੱਸਦਿਆਂ ਕਿਹਾ ਕਿ ਇਹ ਕੈਨੇਡਾ ਅਤੇ ਮੈਕਸੀਕੋ ਨੂੰ ਨਸ਼ਾ ਤਸਕਰੀ ਅਤੇ ਗੈਰਕਾਨੂੰਨੀ ਇਮੀਗ੍ਰੇਸ਼ਨ ‘ਤੇ ਨਕੇਲ ਕਸਣ ਲਈ ਮਜਬੂਰ ਕਰੇਗਾ। ਉਨ੍ਹਾਂ ਨੇ ਦੋਵੇਂ ਦੇਸ਼ਾਂ ਨਾਲ ਵਪਾਰ ਸੰਤੁਲਨ ਲੈ ਕੇ ਆਉਣ ਅਤੇ ਵਧੇਰੇ ਫੈਕਟਰੀਆਂ ਨੂੰ ਅਮਰੀਕਾ ‘ਚ ਸ਼ਿਫ਼ਟ ਕਰਨ ਲਈ ਉਨ੍ਹਾਂ ਨੂੰ ਉਤਸ਼ਾਹਤ ਕਰਨ ਦੀ ਇੱਛਾ ਵੀ ਜਤਾਈ।
ਟੈਰਿਫ਼ ਐਲਾਨ ਨਾਲ ਹਿੱਲਿਆ ਸ਼ੇਅਰ ਬਾਜ਼ਾਰ
ਟਰੰਪ ਦੇ ਐਲਾਨ ਨਾਲ ਅਮਰੀਕਾ ਦੇ ਸ਼ੇਅਰ ਬਾਜ਼ਾਰ ‘ਚ ਗਿਰਾਵਟ ਆਈ, S&P 500 ਇੰਡੈਕਸ 2 ਫੀਸਦ ਘੱਟ ਗਿਆ। ਇਹ ਉਨ੍ਹਾਂ ਆਰਥਿਕ ਅਤੇ ਰਾਜਨੀਤਿਕ ਚੁਣੌਤੀਆਂ ਨੂੰ ਦਰਸਾਉਂਦਾ ਹੈ, ਜਿਨ੍ਹਾਂ ਦਾ ਟਰੰਪ ਨੂੰ ਉੱਚ ਮਹਿੰਗਾਈ, ਮੈਕਸੀਕੋ-ਕੈਨੇਡਾ ਨਾਲ ਲੰਬੇ ਸਮੇਂ ਤੋਂ ਚੱਲ ਰਹੀ ਵਪਾਰਕ ਸਾਂਝ ਅਤੇ ਨਵੇਂ ਵਪਾਰਕ ਸੰਕਟ ਨੂੰ ਦੇਖਦੇ ਹੋਏ ਸਾਹਮਣਾ ਕਰਨਾ ਪੈ ਸਕਦਾ ਹੈ।
ਟਰੰਪ ਪ੍ਰਸ਼ਾਸਨ ਨੂੰ ਪੂਰਾ ਯਕੀਨ ਹੈ ਕਿ ਇਹ ਟੈਰਿਫ਼ ਅਮਰੀਕਾ ਦੀ ਮੈਨੂਫੈਕਚਰਿੰਗ ਨੂੰ ਮਜ਼ਬੂਤ ਕਰੇਗਾ ਅਤੇ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰੇਗਾ। ਵਪਾਰ ਮੰਤਰੀ ਹੋਵਰਡ ਲੁਟਨਿਕ ਨੇ ਦੱਸਿਆ ਕਿ ਟੈਰਿਫ਼ ਦੀ ਚਿੰਤਾ ਕਰਕੇ ਕੰਪਿਊਟਰ ਚਿਪ ਨਿਰਮਾਤਾ TSMC ਨੇ ਅਮਰੀਕਾ ‘ਚ ਆਪਣੀ ਨਿਵੇਸ਼ ਯੋਜਨਾ ਦਾ ਵਿਸਥਾਰ ਕੀਤਾ।
ਚੀਨ ‘ਤੇ ਵੀ ਵਧਿਆ ਟੈਰਿਫ਼
ਟਰੰਪ ਨੇ ਚੀਨ ਤੋਂ ਆਉਣ ਵਾਲੇ ਉਤਪਾਦਾਂ ‘ਤੇ ਫਰਵਰੀ ਮਹੀਨੇ 10 ਫੀਸਦ ਟੈਰਿਫ਼ ਲਗਾਇਆ ਸੀ, ਜੋ ਹੁਣ 20 ਫੀਸਦ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਕਸੀਕੋ ਅਤੇ ਕੈਨੇਡਾ ਨੇ ਕੁਝ ਛੋਟ ਲੈਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਕੋਈ ਮੌਕਾ ਨਹੀਂ ਬਚਿਆ। ਇਸ ਵਿੱਚ ਕੈਨੇਡਾ ਦੇ ਤੇਲ ਅਤੇ ਬਿਜਲੀ ਉਤਪਾਦਾਂ ‘ਤੇ 10 ਫੀਸਦ ਦਾ ਟੈਰਿਫ਼ ਵੀ ਸ਼ਾਮਲ ਹੈ।
ਕੈਨੇਡਾ ਦੀ ਮਜ਼ਬੂਤ ਯੋਜਨਾ
ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਾਨੀ ਜੋਲੀ ਨੇ ਕਿਹਾ ਕਿ “ਅਸੀਂ 155 ਅਰਬ ਡਾਲਰ ਦਾ ਟੈਰਿਫ਼ ਲਗਾਉਣ ਲਈ ਤਿਆਰ ਹਾਂ।” ਉਨ੍ਹਾਂ ਕਿਹਾ ਕਿ ਕੈਨੇਡਾ ਕੋਲ ਇੱਕ ਪੱਕੀ ਯੋਜਨਾ ਹੈ ਅਤੇ ਅਸੀਂ ਟਰੰਪ ਪ੍ਰਸ਼ਾਸਨ ਨੂੰ ਇਸ ਬਾਰੇ ਪਿਛਲੇ ਹਫ਼ਤੇ ਹੀ ਜਾਣਕਾਰੀ ਦੇ ਚੁੱਕੇ ਹਾਂ।
ਮੈਕਸੀਕੋ ਦੀ ਪ੍ਰਤੀਕਿਰਿਆ
ਟਰੰਪ ਦੇ ਐਲਾਨ ਤੋਂ ਪਹਿਲਾਂ, ਮੈਕਸੀਕੋ ਦੇ ਰਾਸ਼ਟਰਪਤੀ ਨੇ ਕਿਹਾ ਕਿ “ਅਸੀਂ ਆਪਣਾ ਫੈਸਲਾ ਆਪ ਕਰਾਂਗੇ।” ਉਨ੍ਹਾਂ ਨੇ ਨਸ਼ਾ ਤਸਕਰੀ ਅਤੇ ਗੈਰਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ 10,000 ਨੈਸ਼ਨਲ ਗਾਰਡ ਤਾਇਨਾਤ ਕਰ ਦਿੱਤੇ ਹਨ।