Home / ਓਪੀਨੀਅਨ / ਸ਼ਰਧਾਂਜਲੀ: ਮਿਲਖਾ ਸਿੰਘ – ਮਿਹਨਤ, ਸੰਘਰਸ਼ ਤੇ ਸਿਰੜ ਦਾ ਪ੍ਰਤੱਖ ਪ੍ਰਮਾਣ

ਸ਼ਰਧਾਂਜਲੀ: ਮਿਲਖਾ ਸਿੰਘ – ਮਿਹਨਤ, ਸੰਘਰਸ਼ ਤੇ ਸਿਰੜ ਦਾ ਪ੍ਰਤੱਖ ਪ੍ਰਮਾਣ

-ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ;

 

ਜਨਰਲ ਅਯੂਬ ਖ਼ਾਨ ਵੱਲੋਂ ਬੜੇ ਫ਼ਖ਼ਰ ਨਾਲ ਦਿੱਤੇ ਗਏ ਲਕਬ ‘ਉਡਣਾ ਸਿੱਖ’ ਵਜੋਂ ਜਾਣਿਆ ਜਾਣ ਵਾਲਾ ਮਹਾਨ ਐਥਲੀਟ ਮਿਲਖਾ ਸਿੰਘ ਅੱਜ ਸਾਡੇ ਦਰਮਿਆਨ ਨਹੀਂ ਰਿਹਾ। 18 ਜੂਨ ਦੀ ਕਾਲੀ ਰਾਤ ਨੂੰ ਕਰੋਨਾ ਰੂਪੀ ਦੈਂਤ ਨੇ ਇਸ ਮਹਾਨ ਖਿਡਾਰੀ ਨੂੰ ਸਾਡੇ ਕੋਲੋਂ ਸਦਾ ਲਈ ਖੋਹ ਲਿਆ। ਮਿਲਖਾ ਸਿੰਘ ਦਾ ਇੰਜ ਟੁਰ ਜਾਣਾ ਸਮੁੱਚੇ ਖੇਡ ਜਗਤ ਲਈ ਤੇ ਪੂਰੇ ਮੁਲਕ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਦੁਨੀਆਂ ਭਰ ਵਿੱਚ ਆਪਣੀ ਸ਼ਾਨਾਂਮੱਤੀ ਖੇਡ ਰਾਹੀਂ ਸਮੂਹ ਦੇਸ਼ਵਾਸੀਆਂ ਦਾ ਸਿਰ ਮਾਣ ਨਾਲ ਉਚਾ ਚੁੱਕਣ ਵਾਲੇ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਅੱਜ ਹਰ ਸਿਰ ਸ਼ਰਧਾਪੂਰਵਕ ਝੁਕਿਆ ਹੋਇਆ ਹੈ ਤੇ ਖੇਡਾਂ ਅਤੇ ਦੇਸ਼ ਨਾਲ ਪਿਆਰ ਕਰਨ ਵਾਲੇ ਹਰੇਕ ਸ਼ਖ਼ਸ ਦੀਆਂ ਅੱਖਾਂ ਅੱਜ ਨਮ ਹਨ।

ਮਿਲਖਾ ਸਿੰਘ ਦਾ ਸਮੁੱਚਾ ਜੀਵਨ ਮਿਹਨਤ,ਸੰਘਰਸ਼ ਤੇ ਸਿਰੜ ਦੀ ਉਹ ਮਿਸਾਲ ਹੈ ਜੋ ਸਦੀਆਂ ਤੱਕ ਮਨੁੱਖਤਾ ਦਾ ਰਾਹ ਰੁਸ਼ਨਾਉਂਦੀ ਰਹੇਗੀ। ਮੁਲਕਵੰਡ ਤੋਂ ਪਹਿਲਾਂ ਦੇ ਭਾਰਤ ਦੇ ਜ਼ਿਲਾ ਮੁਜ਼ੱਫ਼ਰਗੜ੍ਹ ਜੋ ਕਿ ਹੁਣ ਪਾਕਿਸਤਾਨ ਵਿਖੇ ਸਥਿਤ ਹੈ,ਤੋਂ ਦਸ ਮੀਲ ਦੂਰ ਪਿੰਡ ਗੋਵਿੰਦਪੁਰਾ ਵਿਖੇ ਜਨਮੇ ਮਿਲਖਾ ਸਿੰਘ ਨੇ ਨਿੱਕੀ ਉਮਰੇ ਹੀ ਲਹੂ ਦੀ ਹੋਲੀ ਆਪਣੀਆਂ ਅੱਖਾਂ ਸਾਹਮਣੇ ਤੱਕੀ ਸੀ ਤੇ ਧਰਮ ਦੇ ਨਾਂ ‘ਤੇ ਨਫ਼ਰਤ ਤੇ ਜ਼ੁਲਮ ਦੀ ਇੰਤਹਾ ਦਾ ਮੰਜ਼ਰ ਉਸਨੇ ਰੂਬਰੂ ਵੇਖਿਆ ਸੀ। ਮੁਲਕ ਦੇ ਬਟਵਾਰੇ ਵੇਲੇ ਸੰਪ੍ਰਦਾਇਕਤਾ ਦੇ ਜ਼ਹਿਰ ਨਾਲ ਅੰਨ੍ਹੇ ਹੋਏ ਜਨੂੰਨੀਆਂ ਨੇ ਉਸਦੇ ਮਾਪਿਆਂ ਸਣੇ ਦੋ ਭੈਣਾਂ ਅਤੇ ਇੱਕ ਭਰਾ ਨੂੰ ਕਤਲ ਕਰ ਦਿੱਤਾ ਸੀ। ਉਨ੍ਹਾ ਮਜ਼ਹਬੀ ਦੰਗਿਆਂ ਨੇ ਉਸਨੂੰ ਅਨਾਥ ਅਤੇ ਮੁਲਕ ਵੰਡ ਨੇ ਉਸਨੂੰ ਬੇਘਰ ਕਰ ਦਿੱਤਾ ਸੀ। ਰੂਹ ‘ਤੇ ਆਪਣਿਆਂ ਦੀ ਮੌਤ ਦੇ ਜ਼ਖ਼ਮ ਲੈ ਕੇ ਉਹ ਦਿੱਲੀ ਆਣ ਪੰਹੁਚਿਆ ਸੀ ਜਿੱਥੇ ਉਸਨੂੰ ਕੁਝ ਸਮਾਂ ਰਫ਼ਿਊਜੀ ਕੈਂਪ,ਰੀਸੈਟਲਮੈਂਟ ਕੈਂਪ ਅਤੇ ਆਪਣੀ ਭੈਣ ਈਸ਼ਵਰ ਕੌਰ ਦੇ ਘਰ ਰਹਿਣਾ ਪਿਆ ਸੀ। ਗ਼ਰੀਬੀ ਦੇ ਥਪੇੜੇ ਖਾਣ ਵਾਲੇ ਇਸ ਸ਼ਖ਼ਸ ਨੂੰ ਬਿਨਾ ਟਿਕਟ ਰੇਲ ਵਿੱਚ ਸਫ਼ਰ ਕਰਨ ਦੇ ਜੁਰਮ ਵਿੱਚ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ ਤੇ ਉਸਨੂੰ ਛੁਡਾਉਣ ਲਈ ਉਸਦੀ ਭੈਣ ਈਸਵਰ ਕੌਰ ਨੂੰ ਆਪਣੇ ਗਹਿਣੇ ਤੱਕ ਵੇਚਣੇ ਪਏ ਸਨ।

ਗ਼ਰੀਬੀ ਅਤੇ ਬੇਕਾਰੀ ਨੇ ਉਸਨੂੰ ਇਸ ਹੱਦ ਤੱਕ ਮਾਯੂਸ ਕਰ ਦਿੱਤਾ ਸੀ ਕਿ ਸੰਨ 1951 ਵਿੱਚ ਉਸਨੇ ਸਭ ਕੁਝ ਛੱਡ ਕੇ ਡਾਕੂ ਬਣਨ ਦਾ ਫ਼ੈਸਲਾ ਕਰ ਲਿਆ ਸੀ ਪਰ ਪਰਮਾਤਮਾ ਦੀ ਕਰਨੀ ਕੁਝ ਇੰਜ ਵਾਪਰੀ ਕਿ ਆਪਣੇ ਭਰਾ ਦੇ ਸਮਝਾਉਣ ‘ਤੇ ਉਸਨੂੰ ਫ਼ੌਜ ਵਿੱਚ ਭਰਤੀ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ ਤੇ ਆਪਣੀ ਬੇਮਿਸਾਲ ਮਿਹਨਤ ਤੇ ਸਿਰੜ ਦੀ ਬਦੌਲਤ ਚੌਥੀ ਕੋਸ਼ਿਸ਼ ਵਿੱਚ ਫ਼ੌਜ ਵਿੱਚ ਭਰਤੀ ਹੋਣ ਦਾ ਆਪਣਾ ਮਿਸ਼ਨ ਪੂਰਾ ਕਰ ਹੀ ਲਿਆ। ਰੱਬ ਦੀ ਕਰਨੀ ਕੁਝ ਇੰਜ ਵਾਪਰੀ ਕਿ ਮਿਲਖਾ ਸਿੰਘ ਦੀ ਪੋਸਟਿੰਗ ‘ਇਲੈਕਟ੍ਰੀਕਲ ਐਂਡ ਮਕੈਨੀਕਲ ਸੈਂਟਰ ਸਿਕੰਦਰਾਬਾਦ’ ਵਿਖੇ ਹੋ ਗਈ ਤੇ ਇੱਥੇ ਉਸਦਾ ਵਾਹ ਅਥਲੈਟਿਕਸ ਨਾਲ ਪੈ ਗਿਆ ਜਿਸਦੇ ਬਾਰੇ ਵਿੱਚ ਕਿ ਉਹ ਉਸ ਵਕਤ ਕੁਝ ਵੀ ਨਹੀਂ ਜਾਣਦਾ ਸੀ। ਦੁੱਧ ਅਤੇ ਅੰਡਿਆਂ ਦੀ ਖ਼ੁਰਾਕ ਮਿਲਣ ਦੇ ਲਾਲਚ ਵਿੱਚ ਉਸਨੇ ਦੌੜਾਂ ਵਿੱਚ ਹਿੱਸਾ ਲੈਣ ਦੀ ਸ਼ੁਰੂਆਤ ਕਰ ਦਿੱਤੀ ਪਰ ਛੇਤੀ ਹੀ ਦੌੜਨਾ ਉਸ ਲਈ ਮਜਬੂਰੀ ਦੀ ਥਾਂ ਸ਼ੌਕ ਜਾਂ ਜਨੂੰਨ ਬਣ ਗਿਆ ਤੇ ਉਸਦੀ ਖੇਡ ਦਿਨੋ ਦਿਨ ਨਿੱਖਰਦੀ ਗਈ। ਇੱਕ ਦਿਨ ਉਸਨੇ ‘ ਕਰਾਸ ਕੰਟਰੀ ਰੇਸ’ ਵਿੱਚ ਭਾਗ ਲੈਂਦਿਆਂ ਛੇਵਾਂ ਸਥਾਨ ਹਾਸਿਲ ਕਰ ਲਿਆ ਜਿਸ ਕਰਕੇ ਉਸਦੀ ਚੋਣ ਵਿਸ਼ੇਸ਼ ਸਿਖਲਾਈ ਹਿੱਤ ਕਰ ਲਈ ਗਈ। ਮਿਲਖਾ ਸਿੰਘ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਇੱਕ ਵਾਰ ਕਿਹਾ ਸੀ-‘‘ ਮੈਂ ਇੱਕ ਦੂਰ-ਦੁਰਾਡੇ ਦੇ ਪਿੰਡ ਤੋਂ ਆਇਆ ਪੇਂਡੂ ਮੁੰਡਾ ਸਾਂ ਤੇ ਮੈਨੂੰ ਅਥਲੈਟਿਕਸ ਜਾਂ ਓਲੰਪਿਕ ਬਾਰੇ ਕੁਝ ਵੀ ਨਹੀਂ ਪਤਾ ਸੀ।’’ ਪਰ ਕੌਣ ਜਾਣਦਾ ਸੀ ਕਿ ਅਥਲੈਟਿਕਸ ਬਾਰੇ ਕੁਝ ਵੀ ਨਾ ਜਾਣਨ ਵਾਲਾ ਇਹ ਹਿੰਮਤੀ ਸ਼ਖ਼ਸ ਇੱਕ ਦਿਨ ਅਥਲੈਟਿਕਸ ਰਾਹੀਂ ਹੀ ਦੇਸ਼ ਦਾ ਨਾਂ ੳੁੱਚਾ ਕਰ ਦੇਵੇਗਾ।

ਸੰਨ 1956 ਵਿੱਚ ਓਲੰਪਿਕ ਖੇਡਾਂ ਦੇ 200 ਤੇ 400 ਮੀਟਰ ਦੇ ਦੌੜ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ ਮਿਲਖਾ ਸਿੰਘ ਦੀ ਮੁਲਾਕਾਤ ਪ੍ਰਸਿੱਧ ਦੌੜਾਕ ਚਾਰਲਸ ਜੈਨਕਿਨਸ ਨਾਲ ਹੋਈ ਜਿਸਨੇ ਉਸਨੂੰ ਵਧੀਆ ਸਿਖਲਾਈ ਲੈਣ ਲਈ ਪ੍ਰੇਰਿਆ ਤੇ ਵਧੀਆ ਐਥਲੀਟ ਬਣਨ ਦੇ ਕੁਝ ਗੁਰ ਵੀ ਦੱਸੇ। ਉਸਦੇ ਸੁਝਾਵਾਂ ਨੂੰ ਪੱਲੇ ਬੰਨ੍ਹ ਕੇ ਮਿਲਖਾ ਸਿੰਘ ਨੇ ਰੱਜਵੀਂ ਮਿਹਨਤ ਕੀਤੀ ਤੇ ਸਿੱਟਾ ਇਹ ਨਿੱਕਲਿਆ ਕਿ ਸੰਨ 1958 ਦੀਆਂ ਕੋਮੀ ਖੇਡਾਂ ਵਿੱਚ ਉਸਨੇ ਕੌਮੀ ਰਿਕਾਰਡ ਕਾਇਮ ਕਰ ਦਿੱਤਾ। ਇਸ ਤੋਂ ਬਾਅਦ ਉਸਦਾ ਜਿੱਤਾਂ ਦਾ ਸੁਨਿਹਰੀ ਸਫ਼ਰ ਲਗਾਤਾਰ ਚੱਲਦਾ ਰਿਹਾ। ਸੰਨ 1958 ਦੀਆਂ ਏਸ਼ੀਆਈ ਖੇਡਾਂ ਵਿੱਚ 200 ਤੇ 400 ਮੀਟਰ ਦੌੜ ਮੁਕਾਬਲਿਆਂ ਵਿੱਚ ਉਸਨੇ ਸੋਨ ਤਗ਼ਮੇ ਹਾਸਿਲ ਕੀਤੇ ਤੇ ਉਪਰੰਤ ਉਸੇ ਸਾਲ ਦੀਆਂ ਕਾਮਨਵੈਲਥ ਖੇਡਾਂ ਵਿੱਚ ਵੀ ਸੋਨੇ ਦਾ ਤਗ਼ਮਾ ਹਾਸਿਲ ਕੀਤਾ। ਸਾਲ 1962 ਦੀਆਂ ਏਸ਼ੀਆਈ ਖੇਡਾਂ ਵਿੱਚ ਚਾਰ ਸੌ ਮੀਟਰ ਅਤੇ ਚਾਰ ਸੌ ਮੀਟਰ ਰਿਲੇਅ ਰੇਸ ਵਿੱਚ ਉਸਨੇ ਸੋਨ ਤਗ਼ਮੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ। ਸੰਨ 1964 ਦੀਆਂ ਕੌਮੀ ਖੇਡਾਂ ਵਿੱਚ ਵੀ ਉਹ ਚਾਂਦੀ ਦਾ ਤਗ਼ਮਾ ਹਾਸਿਲ ਕਰਨ ‘ਚ ਸਫ਼ਲ ਰਿਹਾ ਸੀ। ਲਗਪਗ 40 ਸਾਲ ਤੱਕ ਉਹ ਆਜ਼ਾਦ ਭਾਰਤ ਵਿੱਚੋਂ ਕਾਮਨਵੈਲਥ ਖੇਡਾਂ ਵਿੱਚ ਸੋਨ ਤਗ਼ਮਾ ਹਾਸਿਲ ਕਰਨ ਵਾਲਾ ਇੱਕਲੌਤਾ ਸ਼ਖ਼ਸ ਰਿਹਾ ਸੀ। ਸੰਨ 2014 ਵਿੱਚ ਵਿਕਾਸ ਗੌੜਾ ਨੇ ਸੋਨ ਤਮਗਾ ਹਾਸਿਲ ਕਰਕੇ ਉਸਦੀ ਬਰਾਬਰੀ ਕੀਤੀ ਸੀ। ਸੰਨ 1960 ਦੀਆਂ ਓਲੰਪਿਕ ਖੇਡਾਂ ਵਿੱਚ ਮਿਲਖਾ ਸਿੰਘ ਇੱਕ ਬਹੁਤ ਹੀ ਫ਼ਸਵੇਂ ਮੁਕਾਬਲੇ ਵਿੱਚ ਚੌਥੇ ਨੰਬਰ ਦਾ ਜੇਤੂ ਰਿਹਾ ਸੀ ਜਦੋਂ ਕਿ ਪਹਿਲਾ ਸਥਾਨ ਹਾਸਿਲ ਕਰਨ ਵਾਲਾ ਓਟਿਸ ਡੇਵਿਸ ਜਰਮਨੀ ਦੇ ਕਾਰਲ ਕੌਫ਼ਮੈਨ ਤੋਂ ਇੱਕ ਸਕਿੰਟ ਦੇ ਸੌਵੇਂ ਹਿੱਸੇ ਵਿੱਚ ਜੇਤੂ ਹੋ ਨਿੱਬੜਿਆ ਸੀ।

ਮਹਾਨ ਐਥਲੀਟ ਮਿਲਖਾ ਸਿੰਘ ਦੀ ਸ਼ਾਦੀ ਸੰਨ 1962 ਵਿੱਚ ਵਾਲੀਬਾਲ ਚੈਂਪੀਅਨ ਨਿਰਮਲ ਕੌਰ ਨਾਲ ਹੋਈ ਸੀ ਤੇ ਉਨ੍ਹਾ ਦੇ ਘਰ ਤਿੰਨ ਧੀਆਂ ਤੇ ਇੱਕ ਪੁੱਤਰ ਨੇ ਜਨਮ ਲਿਆ ਸੀ। ਮਿਲਖਾ ਦਾ ਪੁੱਤਰ ਜੀਵ ਮਿਲਖਾ ਸਿੰਘ ਗੌਲਫ਼ ਦਾ ਇੱਕ ਸੰਸਾਰ ਪਸਿੱਧ ਖਿਡਾਰੀ ਹੈ। ਸੰਨ 1958 ਵਿੱਚ ਭਾਰਤੀ ਫ਼ੌਜ ਵੱਲੋਂ ਉਸਨੂੰ ਸਿਪਾਹੀ ਦੇ ਅਹੁਦੇ ਤੋਂ ਪਦੳੁੱਨਤ ਕਰਕੇ ਜੇ.ਸੀ.ਓ.ਬਣਾ ਦਿੱਤਾ ਗਿਆ ਸੀ ਤੇ ਫ਼ੌਜ ਦੀ ਨੌਕਰੀ ਉਪਰੰਤ ਉਸਨੂੰ ਪੰਜਾਬ ਸਰਕਾਰ ਨੇ ਖੇਡ ਨਿਰਦੇਸ਼ਕ ਦਾ ਅਹੁਦਾ ਦੇ ਕੇ ਨਿਵਾਜਿਆ ਸੀ ਜਿੱਥੋਂ ਉਹ ਸੰਨ 1998 ਵਿੱਚ ਸੇਵਾਮੁਕਤ ਹੋ ਗਿਆ ਸੀ। ਸੰਨ 1958 ਵਿੱਚ ਭਾਰਤ ਸਰਕਾਰ ਨੇ ਉਸਨੂੰ ਪਦਮ ਸ਼੍ਰੀ ਜਿਹੇ ਵੱਕਾਰੀ ਸਨਮਾਨ ਨਾਲ ਸਨਮਾਨਿਤ ਕੀਤਾ ਸੀ ਪਰ ਕੁਝ ਨਿੱਜੀ ਕਾਰਨਾਂ ਕਰਕੇ ਸੰਨ 2001 ਵਿੱਚ ਭਾਰਤ ਸਰਕਾਰ ਵੱਲੋਂ ਉਸਨੂੰ ਦਿੱਤੇ ਗਏ ‘ ਅਰਜੁਨ ਐਵਾਰਡ’ ਨੂੰ ਲੈਣ ਤੋਂ ਉਸਨੇ ਮਨ੍ਹਾ ਕਰ ਦਿੱਤਾ ਸੀ। ਸੰਨ 2013 ਵਿੱਚ ਉਸਨੇ ਆਪਣੀ ਧੀ ਨਾਲ ਰਲ੍ਹ ਕੇ ਆਪਣੀ ਸਵੈਜੀਵਨੀ ‘ ਦਿ ਰੇਸ ਆਫ਼ ਆਈ ਲਾਈਫ਼’ ਲਿਖੀ ਸੀ ਜਿਸਨੂੰ ਆਧਾਰ ਬਣਾ ਕੇ ਬਾਲੀਵੁੱਡ ਦੇ ਨਾਮਵਰ ਫ਼ਿਲਮਕਾਰ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਨੇ ਫ਼ਰਹਾਨ ਅਖ਼ਤਰ ਨੂੰ ਮੁੱਖ ਭੂਮਿਕਾ ‘ਚ ਲੈ ਕੇ ਫ਼ਿਲਮ ‘ ਭਾਗ ਮਿਲਖਾ ਭਾਗ’ ਬਣਾਈ ਸੀ ਜੋ ਕਿ ਸਫ਼ਲਤਾ ਦੇ ਰਿਕਾਰਡ ਕਾਇਮ ਕਰਦੀ ਹੋਈ ਸੌ ਕਰੋੜ ਰੁਪਏ ਕਮਾਉਣ ਵਿੱਚ ਕਾਮਯਾਬ ਰਹੀ ਸੀ। ਇਸ ਫ਼ਿਲਮ ਨੂੰ ‘ ਸਭ ਤੋਂ ਲੋਕਪ੍ਰਿਅ ਫ਼ਿਲਮ’ ਹੋਣ ਦਾ ਕੌਮੀ ਐਵਾਰਡ ਹਾਸਿਲ ਹੋਣ ਦੇ ਨਾਲ ਨਾਲ ਆਈ.ਆਈ.ਐਫ਼.ਏ.ਨਾਮਕ ਸੰਸਥਾ ਵੱਲੋਂ ਸੰਨ 2014 ਵਿੱਚ ਪੰਜ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਮਸ਼ਹੂਰ ਬੁੱਤ ਅਜਾਇਬ ਘਰ ‘ ਮੈਡਮ ਤੁਸਾਦ ਮਿਊਜ਼ੀਅਮ’ ਵਿੱਚ ਉਸਦਾ ਇੱਕ ਮੋਮ ਦਹ ਪੁਤਲਾ ਵੀ ਸਥਾਪਿਤ ਕੀਤਾ ਗਿਆ ਸੀ।

ਬੜੇ ਦੁੱਖ ਦੀ ਗੱਲ ਹੈ ਕਿ ਕਰੋਨਾ ਵਾਇਰਸ ਦਾ ਸ਼ਿਕਾਰ ਹੋ ਕੇ ਮਿਲਖਾ ਸਿੰਘ ਗੰਭੀਰ ਬਿਮਾਰ ਪੈ ਗਿਆ ਤੇ 24 ਮਈ,2021 ਨੂੰ ਉਸਨੂੰ ਫ਼ੋਰਟਿਸ ਹਸਪਤਾਲ ਮੁਹਾਲੀ ਵਿਖੇ ਦਾਖ਼ਲ ਕਰਵਾ ਦਿੱਤਾ ਗਿਆ ਜਿੱਥੇ ਉਸਦੀ ਸਿਹਤ ਵਿੱਚ ਸੁਧਾਰ ਦਰਜ ਕੀਤਾ ਗਿਆ ਪਰ ਬਦਕਿਸਮਤੀ ਨਾਲ ਇਸ ਦੌਰਾਨ ਉਸਦੀ ਧਰਮਪਤਨੀ ਨਿਰਮਲ ਕੌਰ ਵੀ ਕਰੋਨਾ ਦਾ ਸਿਕਾਰ ਹੋ ਗਈ ਤੇ 13 ਜੂਨ ਨੂੰ ਇਸ ਜਹਾਨ ਤੋਂ ਚੱਲ ਵੱਸੀ। ਉਸਦੇ ਜਾਣ ਤੋਂ ਠੀਕ ਪੰਜ ਦਿਨ ਬਾਅਦ 18 ਜੂਨ, 2021 ਦੀ ਰਾਤ ਨੂੰ ਮਿਲਖਾ ਸਿੰਘ ਵੀ ਸਮੂਹ ਖੇਡ ਪ੍ਰੇਮੀਆਂ ਨੂੰ ਸਦੀਵੀ ਵਿਛੋੜਾ ਦਿੰਦਿਆਂ ਹੋਇਆਂ ਇਸ ਜਹਾਨ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਉਸਦੇ ਪਰਿਵਾਰ ਲਈ ਇਹ ਦੋਵੇਂ ਸਦਮੇ ਅਕਹਿ ਤੇ ਅਸਹਿ ਹਨ ਪਰ ਹਕੀਕਤ ਇਹ ਹੈ ਕਿ ਇਹ ਮਹਾਨ ਖਿਡਾਰੀ ਸਾਡੇ ਸਭਨਾਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹੇਗਾ ਤੇ ਉਸਦੇ ਅਕੀਦੇ ‘ਚ ਹਰੇਕ ਖੇਡ ਪ੍ਰੇਮੀ ਦਾ ਸਿਰ ਸਦਾ ਝੁਕਿਆ ਰਹੇਗਾ। ਨਿਰਸੰਦੇਹ ਉਹ ਇੱਕ ਯੁਗਪੁਰਸ਼ ਸੀ।

Check Also

ਸਿਆਸੀ ਦਾਅ ਪੇਚ ‘ਚ ਗਵਾਚਦੇ ਲੋਕਾਂ ਦੇ ਮਸਲੇ

 ਬਿੰਦੁੂ ਸਿੰਘ ਇੰਝ ਜਾਪਦਾ ਹੈ  ਕਿ ਪੰਜਾਬ ‘ਚ ਰੈਲੀਆਂ ਤੇ ਰੋਕ ਲੱਗਣ ਦੇ ਨਾਲ ਨਾਲ  …

Leave a Reply

Your email address will not be published. Required fields are marked *