ਚੰਡੀਗੜ੍ਹ ਕਿਵੇਂ ਵੱਸਿਆ ? (ਭਾਗ-13), ਪਿੰਡ ਗੁਰਦਾਸਪੁਰਾ (ਜਿਥੇ ਹੁਣ ਸੈਕਟਰ 28 ਦੀ ITI ਹੈ)

TeamGlobalPunjab
8 Min Read

-ਅਵਤਾਰ ਸਿੰਘ

ਦੇਸ਼ ਦੀ ਵੰਡ ਹੋਣ ਤੋਂ ਬਾਅਦ ਪੰਜਾਬ ਦੋ ਹਿੱਸਿਆ ਵਿੱਚ ਵੰਡਿਆ ਗਿਆ। ਹਿੰਦੋਸਤਾਨ ਵਾਲੇ ਹਿੱਸੇ ਆਏ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਚੰਡੀਗੜ੍ਹ ਵਸਾਉਣਾ ਪਿਆ, ਜਿਸ ਨੂੰ ਸਿਟੀ ਬਿਊਟੀਫੁੱਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸ਼ਹਿਰ ਦੀ ਨੀਂਹ 2 ਅਪ੍ਰੈਲ 1952 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਰੱਖੀ ਗਈ। ਲੀ-ਕਾਰਬੂਜ਼ੀਅਰ ਵੱਲੋਂ ਤਿਆਰ ਕੀਤੇ ਪਲਾਨ ਮੁਤਾਬਿਕ ਤਕਰੀਬਨ 50 ਪਿੰਡਾਂ ਉੱਤੇ ਚੰਡੀਗੜ੍ਹ ਵਸਾਉਣ ਦੀ ਲੀਕ ਖਿੱਚੀ ਗਈ, ਜਿਹਨਾਂ ਵਿੱਚ 28 ਪਿੰਡਾਂ ਦਾ ਬਿਲਕੁਲ ਨਾਮੋ ਨਿਸ਼ਾਨ ਖਤਮ ਹੋ ਚੁੱਕਾ ਹੈ ਅਤੇ 22 ਪਿੰਡ ਇਸ ਸਮੇਂ ਵੀ ਚੰਡੀਗੜ੍ਹ ਵਿੱਚ ਮੌਜੂਦ ਹਨ। ਉੱਜੜ ਚੁੱਕੇ ਇਹਨਾਂ ਪਿੰਡਾਂ ਦੀ ਲੜੀ ਦੇ ਤੇਰਵੇਂ ਭਾਗ ਵਿੱਚ ਅੱਜ ਚੰਡੀਗੜ ਦੇ ਸੈਕਟਰ 28 ਦੀ ITI ਹੇਠ ਆ ਚੁੱਕੇ ਪਿੰਡ ਗੁਰਦਾਸਪੁਰੇ ਦੀ ਗੱਲ ਕਰਾਂਗੇ। ਇਸ ਲੜੀ ਤਹਿਤ ਸੈਕਟਰ ਵਾਈਜ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਬਾਰੇ ਸ੍. ਮਲਕੀਤ ਸਿੰਘ ਔਜਲਾ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਐਤਵਾਰ ਨੂੰ ਪਾਠਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ‌। ਅੱਜ ਪੜੋ ਕਿਵੇਂ , Village Gurdaspura ਨੂੰ ਉਠਾ ਕੇ Sector 28 Chandigarh ਬਣਾਇਆ ਗਿਆ।

ਚੰਡੀਗੜ ਦੀ ITI ਨੇ ਦੱਬ ਲਿਆ ਗੁਰਦਾਸਪੁਰਾ
(ਹੁਣ ਸੈਕਟਰ 28 ਅਤੇ 29)

Real story of Village Gurdaspura under Sector 28 Chandigarh

- Advertisement -

*ਪੰਜਾਬ ਦੇ ਅੰਬਾਲਾ ਜਿਲ੍ਹੇ ਦੀ ਤਹਿਸੀਲ ਖਰੜ ਵਿੱਚ ਇੱਕ ਪਿੰਡ ਗੁਰਦਾਸਪੁਰਾ ਹੁੰਦਾ ਸੀ। ਪੁਆਧ ਇਲਾਕੇ ਦਾ ਪੁਆਧੀ ਬੋਲਦਾ ਇਹ ਪਿੰਡ ਨਗਲਾ, ਦਲਹੇੜੀ, ਜੈਪੁਰਾ, ਕੰਥਾਲਾ ਅਤੇ ਖੇੜੀ ਦੇ ਐਨ ਵਿਚਕਾਰ ਵੱਸਦਾ ਸੀ ਜਿਸ ਨੂੰ 1950 ਦੇ ਪਹਿਲੇ ਉਠਾਲੇ ਸਮੇਂ ਉਜਾੜਿਆ ਗਿਆ। ਗੁਰਦਾਸਪੁਰੇ ਦੀ ਜਮੀਨ ਉਪਰ ਹੁਣ ਸੈਕਟਰ 28 (ਸੀ ਅਤੇ ਡੀ) ਅਤੇ ਸੈਕਟਰ 29 (ਏ ਅਤੇ ਬੀ) ਬਣਿਆ ਹੋਇਆ ਹੈ। ਚੰਡੀਗੜ ਦੀ ਆਈ.ਟੀ.ਆਈ. ਗੁਰਦਾਸਪੁਰੇ ਦੇ ਐਨ ਉਪਰ ਬਣੀ ਹੋਈ ਹੈ। ਗੁਰਦਾਸਪੁਰੇ ਦੀ ਗੁੱਗਾ ਮਾੜੀ ਅਤੇ ਮਾਤਾ ਦੇ ਥਾਨ ਅੱਜ ਵੀ ਆਈ.ਟੀ.ਆਈ. ਦੀ ਚਾਰਦੀਵਾਰੀ ਦੇ ਅੰਦਰ ਚੜਦੇ ਪਾਸੇ ਗੇਟ ਦੇ ਸੱਜੇ ਹੱਥ ਵੇਰਕਾ ਬੂਥ ਕੋਲ ਦੇਖੇ ਜਾ ਸਕਦੇ ਹਨ। ਇਥੇ ਦਰੱਖਤ ਵੀ ਖੜੇ ਹਨ। ਆਈ.ਟੀ.ਆਈ. ਦੇ ਅੰਦਰ ਵੀ ਗੁਰਦਾਸਪੁਰੇ ਦਾ ਇੱਕ ਬਹੁਤ ਵੱਡਾ ਬਰੋਟਾ ਅਤੇ ਪਿੱਪਲ ਖੜਾ ਹੈ। ਇਸ ਦੇ ਨਾਲ ਹੀ ਚਾਰਦੀਵਾਰੀ ਤੋਂ ਬਾਹਰ, ਸੜਕ ਦੈ ਦੂਜੇ ਹੱਥ ਪ੍ਰਾਚੀਨ ਖੇੜਾ ਮੰਦਰ ਬਣਿਆ ਹੋਇਆ ਹੈ ਜਿਸ ਵਿੱਚ ਗੁਰਦਾਸਪੁਰੇ ਦਾ ਪੁਰਾਤਨ ਖੇੜਾ ਅੱਜ ਵੀ ਦੇਖਿਆ ਜਾ ਸਕਦਾ ਹੈ। ਇਥੇ ਵੀ ਪੁਰਾਤਨ ਬਰੋਟਾ ਅਤੇ ਪਿੱਪਲ ਖੜਾ ਹੈ।

 

*ਇਹ ਖੇੜਾ ਮੰਦਰ ਜਦੋਂ ਸੈਕਟਰ 29 ਵਾਲੇ ਪਾਸਿਓਂ ਸੈਕਟਰ 28 ਵਿੱਚ ਐਂਟਰੀ ਕਰੀਏ ਤਾਂ ਖੱਬੇ ਹੱਥ ਮੋੜ ਤੇ ਹੀ ਹੈ। ਖੇੜਾ ਮੰਦਰ ਦੇ ਪੁਜਾਰੀ ਪੰਡਤ ਸ਼ੁਭਾਸ਼ ਮੁਤਾਬਿਕ ਗੁਰਦਾਸਪੁਰੇ ਦੇ ਲੋਕ ਅੱਜ ਵੀ ਆਪਣੇ ਖੇੜੇ ਤੇ ਮੱਥਾ ਟੇਕਣ ਆਉਂਦੇ ਹਨ। ਹਰੇਕ ਤਿੱਥ ਤਿਉਹਾਰ ਮੌਕੇ ਦੀਵਾ ਬਾਲਣ ਅਤੇ ਨਵੇਂ ਵਿਆਹੇ ਜੋੜਿਆਂ ਨੂੰ ਮੱਥਾ ਟਿਕਾਉਣ ਇਥੇ ਆਉਂਦੇ ਹਨ। ਪੰਡਤ ਜੀ ਦੱਸਦੇ ਹਨ ਕਿ ਉਹ ਇਥੇ 30 ਸਾਲ ਤੋਂ ਸੇਵਾ ਕਰ ਰਿਹਾ ਹੈ ਅਤੇ ਗੁਰਦਾਸਪੁਰੇ ਦੇ ਲੋਕਾਂ ਨੂੰ ਮਿਲਦਾ ਆ ਰਿਹਾ ਹੈ ਜੋ ਕਿ ਬਹੁਤ ਹੀ ਸਾਊ ਤੇ ਦਇਆਵਾਨ ਹਨ। ਇਸ ਪਿੰਡ ਦੇ ਲੋਕ ਇਥੇ ਆ ਕੇ ਆਪਣੇ ਪੁਰਖਿਆਂ ਨੂੰ ਯਾਦ ਕਰਕੇ ਅੱਖਾਂ ਭਰ ਆਉਂਦੇ ਹਨ ਅਤੇ ਦਿਲ ਹੌਲ਼ਾ ਕਰਕੇ ਚਲੇ ਜਾਂਦੇ ਹਨ। ਪਿੰਡ ਦਾ ਖੇੜਾ ਉਦਾਸ ਹੈ ਅਤੇ ਮੋੜੀ ਗੱਡਣ ਵਾਲਿਆਂ ਦੀਆਂ ਹਰ ਵੇਲੇ ਰਾਹਾਂ ਤੱਕਦਾ ਹੈ।

*ਆਈ.ਟੀ.ਆਈ. ਦੇ ਗੇਟ ਦੇ ਸਾਹਮਣੇ ਅਤੇ ਮੋਟਰ ਮਾਰਕੀਟ ਦੇ ਵਿਚਾਕਰ ਬਣੇ ਆਰਮੀ ਦੇ ਕੁਆਟਰਾਂ ਵਿੱਚ ਪੁਰਾਣੇ ਅੰਬਾਂ ਦੇ ਦਰੱਖਤ ਖੜੇ ਹਨ ਅਤੇ ਇਥੇ ਹੀ ਕੁਆਟਰਾਂ ਦੀ ਚਾਰਦੀਵਾਰੀ ਵਿੱਚ ਘਿਰਿਆ ਇੱਕ ਬਹੁਤ ਵੱਡਾ ਪਿੱਪਲ ਵੀ ਆਪਣਾ ਇਤਿਹਾਸ ਸਾਂਭੀ ਖੜਾ ਹੈ। ਇਹ ਪਿੰਡ ਦਾ ਚੜਦਾ ਪਾਸਾ ਸੀ ਅਤੇ ਇਸ ਪਾਸੇ ਪਿੰਡ ਦੀਆਂ ਮੜੀਆਂ ਹੁੰਦੀਆਂ ਸਨ।

 

- Advertisement -

*ਸੈਕਟਰ 29-ਬੀ ਦੇ ਇੰਡਸਟਰੀਅਲ ਏਰੀਆ-1 ਵਾਲੇ ਖੂੰਜੇ ਵਿੱਚ ਐਮ.ਸੀ. ਦੀ ਨਰਸਰੀ ਵਿੱਚ ਵੀ ਗੁਰਦਾਸਪਰੇ ਦੇ ਪਿੱਪਲ ਖੜੇ ਦੇਖੇ ਜਾ ਸਕਦੇ ਹਨ। ਸੈਕਟਰ 29-ਏ ਦੇ ਰਾਮਲੀਲਾ ਗਰਾਊਂਡ ਦੇ ਨੇੜੇ ਅੰਕੁਰ ਵਿਦਿਆ ਭਵਨ ਦੇ ਸਾਹਮਣੇ ਇੱਕ ਸਰਕਾਰੀ ਬਿਲਡਿੰਗ ਵਿੱਚ ਪੁਰਾਣਾ ਪਿੱਪਲ ਖੜਾ ਹੈ ਇਸ ਦੇ ਨਾਲ ਹੀ ਜਨ ਸਿਹਤ ਵਿਭਾਗ ਵਾਲੇ ਪਾਸੇ ਵੀ ਪਿੰਡ ਦੇ ਪਿੱਪਲ ਅਤੇ ਅੰਬ ਖੜੇ ਹਨ। ਸੈਕਟਰ 29-ਏ ਦੇ ਸਰਕਾਰੀ ਮਾਡਲ ਹਾਈ ਸਕੂਲ ਦੇ ਅੰਦਰ ਅਤੇ ਨਾਲ ਪਾਰਕ ਵਿੱਚ ਵੀ ਗੁਰਦਾਸਪੁਰੇ ਦੇ ਅੰਬਾਂ ਦੇ ਦਰੱਖਤ ਦੇਖੇ ਜਾ ਸਕਦੇ ਹਨ।
*ਗੁਰਦਾਸਪੁਰਾ ਬਾਰੇ ਕਿਹਾ ਜਾਂਦਾ ਹੈ ਕਿ ਮਨੀਮਾਜਰਾ ਦੇ ਰਾਜੇ ਨੇ ਡੇਰਾਬਸੀ ਨੇੜੇ ਦੇ ਪਿੰਡ ਕਕਰੌਲੀ ਦੇ ਹਰਦਾਸ ਅਤੇ ਗੁਰਦਾਸ ਦੋ ਭਰਾਵਾਂ ਨੂੰ ਇਥੇ ਜਮੀਨ ਦਿੱਤੀ ਸੀ ਅਤੇ ਗੁਰਦਾਸ ਦੇ ਨਾਮ ਤੇ ਗੁਰਦਾਸਪੁਰਾ ਵਸ ਗਿਆ। ਇਸ ਪਿੰਡ ਦੇ ਜਿਆਦਾਤਰ ਘਰ ਕੱਚੇ ਸਨ ਅਤੇ ਪਿੰਡ ਵਿੱਚ ਜਿਮੀਂਦਾਰ, ਤਰਖਾਣ, ਲੁਹਾਰ, ਕਹਾਰ, ਰਾਮਦਾਸੀਏ ਤੇ ਵਾਲਮੀਕ ਭਾਈਚਾਰੇ ਦੇ ਲੋਕ ਬੜੇ ਪਿਆਰ ਨਾਲ ਰਹਿੰਦੇ ਸਨ। ਜਿਮੀਂਦਾਰਾਂ ਦਾ ਗੋਤ ਛੜਾਣ, ਬੈਨੀਵਾਲ ਤੇ ਜਸਪਾਲ ਸੀ। ਪਿੰਡ ਵਿੱਚ ਦੋ ਖੂਹ ਸੀ ਅਤੇ ਦੋ ਟੋਭੇ ਸੀ। ਪਿੰਡ ਵਿੱਚ ਇੱਕ ਧਰਮਸ਼ਾਲਾ ਵੀ ਸੀ ਜਿਥੇ ਸੀਤਲ ਸਿੰਘ, ਸਾਧੂ ਸਿੰਘ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਗੁਰਦੁਆਰਾ ਵੀ ਬਣਾਇਆ ਸੀ। ਪ੍ਰੰਤੂ ਹੁਣ ਇਹ ਨਹੀਂ ਰਿਹਾ‌। ਪਿੰਡ ਦੇ ਕਈ ਬੰਦੇ ਫੌਜ ਵਿੱਚ ਵੀ ਸਨ ਅਤੇ ਕਾਲਾ ਸਿੰਘ ਪੁਲਿਸ ਵਿੱਚ ਸੀ। ਸ੍. ਲਖਮੀਰ ਸਿੰਘ ਬੈਨੀਪਾਲ ਏਅਰਫੋਰਸ ਵਿੱਚ ਸਨ, ਉਹਨਾਂ ਦਾ ਪਰਿਵਾਰ ਇਥੋਂ ਉਠ ਕੇ ਪਹਿਲਾਂ ਬੁੱਢਣਪੁਰ ਗਿਆ ਫੇਰ ਅੱਗੇ ਜਾ ਕੇ ਕਿਤੇ ਹੋਰ ਵਸਿਆ। ਬੁੱਢਣਪੁਰ ਰਹਿੰਦੇ ਦਰਸ਼ਨ ਸਿੰਘ ਦੇ ਦਾਦਾ ਦਿਆਲ ਸਿੰਘ (ਹਕੀਮ ਜੀ) ਨੇ ਅਜਾਦੀ ਲਈ ਮਿੰਟਗੁਮਰੀ ਵਿੱਚ ਜੇਲ ਕੱਟੀ।

*ਛੜਾਨ ਗੋਤ ਦੇ ਵਿੱਚੋਂ ਇੱਕ ਮਹਿਤਾਬ ਸਿੰਘ ਦਾ ਪਰਿਵਾਰ ਵੀ ਗੁਰਦਾਸਪਰੇ ਵਿੱਚ ਵੱਸਦਾ ਸੀ ਜਿਸ ਦੇ ਅੱਗੇ ਤਿੰਨ ਪੁੱਤ ਹੋਏ ਹਰਨਾਮ ਸਿੰਘ, ਟਹਿਲ ਸਿੰਘ ਅਤੇ ਜੈਮਲ ਸਿੰਘ। ਜੈਮਲ ਸਿੰਘ ਦੇ ਅੱਗੇ ਪੁੱਤ ਹੋਇਆ ਨਰਾਤਾ ਸਿੰਘ ਅਤੇ ਨਰਾਤਾ ਸਿੰਘ ਦਾ ਵੰਸ ਵਿੱਚੋਂ ਅੱਗੇ ਕੇਸਰ ਸਿੰਘ, ਗੁਰਮੇਲ ਸਿੰਘ ਅਤੇ ਗੁਰਪ੍ਰੀਤ ਸਿੰਘ ਹੈ ਜੋ ਇਸ ਵੇਲੇ ਮੁੱਲਾਂਪੁਰ ਗਰੀਬਦਾਸ ਵਿੱਚ ਰਹਿ ਰਹੇ ਹਨ। ਇਸ ਤੋਂ ਇਲਾਵਾ ਗੁਰਦਾਸਪੁਰਾ ਪਿੰਡ ਦੇ ਲੋਕ ਬੁੱਢਣਪੁਰ, ਮਨੀਮਾਜਰਾ, ਪੰਚਕੂਲਾ, ਚਤਾਮਲੀ, ਸੈਦਪੁਰ, ਸੁਆੜਾ, ਪੱਤੋ ਪਵਾਲਾ, ਤੰਗੌਰੀ ਅਤੇ ਕਈ ਹੋਰ ਪਿੰਡਾਂ ਵਿੱਚ ਵੀ ਜਾ ਕੇ ਵਸੇ ਅਤੇ ਕਈਆਂ ਨੂੰ ਅੱਗੇ ਜਾ ਕੇ ਵੀ ਉਜਾੜਿਆਂ ਦੀਆਂ ਮਾਰਾਂ ਝੱਲਣੀਆਂ ਪਈਆਂ।

*ਗੁਰਦਾਸਪੁਰੇ ਵਿੱਚ 40 ਕੁ ਘਰ ਸਨ ਅਤੇ ਪਿੰਡ ਦੀ ਆਬਾਦੀ ਪੰਜ ਕੁ ਸੌ ਦੇ ਕਰੀਬ ਸੀ। ਇਸ ਪਿੰਡ ਦੀ ਹੱਦਬਸਤ ਨੰ: 221 ਸੀ। 3 ਅਪਰੈਲ 1951 ਨੂੰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਗੁਰਦਾਸਪੁਰੇ ਦੀ 210 ਏਕੜ ਜਮੀਨ ਅਤੇ ਲਾਲ ਡੋਰੇ ਅੰਦਰਲਾ ਰਕਬਾ ਐਕੁਆਇਰ ਕਰਨ ਦਾ ਫੁਰਮਾਨ ਜਾਰੀ ਹੋਇਆ ਜਿਸ ਦਾ ਪਿੰਡ ਵਾਸੀਆਂ ਨੇ ਵਿਰੋਧ ਵੀ ਕੀਤਾ। ਪਿੰਡ ਦੇ ਪ੍ਰਮੁੱਖ ਵਿਅਕਤੀਆਂ ਵਿੱਚ ਮਾਸਟਰ ਅਮੀ ਸਿੰਘ, ਗੁਰਨਾਮ ਸਿੰਘ, ਸੰਤ ਸਿੰਘ, ਸੰਪੂਰਨ ਸਿੰਘ, ਸੰਤ ਰਾਮ, ਹਜਾਰਾ ਸਿੰਘ, ਰੂਪ ਚੰਦ, ਨਸੀਬ ਸਿੰਘ, ਇੰਦਰ ਸਿੰਘ, ਨਿੱਕਾ ਸਿੰਘ, ਗੋਪਾ ਸਿੰਘ, ਜੁਗਲ ਸਿੰਘ, ਗੁਰਦਿਆਲ ਸਿੰਘ, ਰਾਮ ਸਿੰਘ, ਬਲਵੰਤ ਸਿੰਘ, ਅਮਰੀਕ ਸਿੰਘ, ਕਿ੍ਪਾਲ ਸਿੰਘ ਅਤੇ ਭਾਨ ਸਿੰਘ ਸਨ। ਇਹਨਾਂ ਨੇ ਅਤੇ ਇਹਨਾਂ ਦੇ ਪੁਰਖਿਆਂ ਨੇ ਬੜਾ ਜੋਰ ਲਾਇਆ ਕਿ ਗੁਰਦਾਸਪੁਰਾ ਨਾ ਉਜੜੇ ਪਰ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਦੀ ਇੱਕ ਨਾ ਸੁਣੀ ਅਤੇ ਗੁਰਦਸਪੁਰਾ ਉਜਾੜ ਦਿੱਤਾ।

*ਚੰਡੀਗੜ ਲਈ ਕੁਰਬਾਨ ਹੋ ਚੁੱਕੇ ਪਿੰਡ ਗੁਰਦਾਸਪੁਰਾ ਦੀ ਯਾਦ ਵਿੱਚ ਚੰਡੀਗੜ ਪ੍ਰਸ਼ਾਸ਼ਨ ਨੂੰ ਸੈਕਟਰ 27-28-29-30 ਦੇ ਗੋਲ ਚੌਂਕ ਦਾ ਨਾਮ ਗੁਰਦਾਸਪੁਰਾ ਚੌਕ ਅਤੇ ਸੈਕਟਰ 28-29 ਨੂੰ ਵੰਡਦੀ ਸੜਕ ਦਾ ਨਾਮ ਗੁਰਦਾਸਪੁਰਾ ਰੋਡ ਰੱਖਣ ਬਾਰੇ ਫੈਸਲਾ ਲੋਕ ਹਿੱਤ ਵਿੱਚ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਪਿੰਡ ਬਾਰੇ ਜਾਣਕਾਰੀ ਮਿਲਦੀ ਰਹੇ।

ਲੇਖਕ: ਮਲਕੀਤ ਸਿੰਘ ਔਜਲਾ
ਪਿੰਡ ਮੁੱਲਾਂਪੁਰ ਗਰੀਬਦਾਸ, ਨੇੜੇ ਚੰਡੀਗੜ੍ਹ। ਸੰਪਰਕ 9914992424

Share this Article
Leave a comment