ਫਰਿਜ਼ਨੋ ਦੇ ਟਰੱਕ ਡਰਾਈਵਰ ਦੀ ਭੇਦ ਭਰੀ ਹਾਲਤ ਵਿੱਚ ਮੌਤ

TeamGlobalPunjab
2 Min Read

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ): ਆਏ ਦਿਨ ਅਮਰੀਕਾ ਵਿੱਚੋਂ ਪੰਜਾਬੀ ਭਾਈਚਾਰੇ ਲਈ ਮੰਦ ਭਾਗੀਆ ਖ਼ਬਰਾਂ ਆ ਰਹੀਆ ਹਨ। ਹਾਲੇ ਟਰੱਕ ਡਰਾਈਵਰ ਪਰਮਜੀਤ ਦੀ ਐਕਸੀਡੈਂਟ ਵਿੱਚ ਹੋਈ ਮੌਤ ਦੀ ਸਿਆਹੀ ਨਹੀਂ ਸੀ ਸੁੱਕੀ ਕਿ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਬਚਿੱਤਰ ਸਿੰਘ ਦੀ ਭੇਦ ਭਰੀ ਹਾਲਤ  ਵਿੱਚ ਹੋਈ ਮੌਤ ਨੇ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਅੰਦਰ ਸਨਸਨੀ ਫੈਲਾ ਦਿੱਤੀ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਕਿ ਸਵ. ਬਚਿੱਤਰ ਸਿੰਘ ਉਮਰ 23 ਸਾਲ, 3 ਸਾਲ ਪਹਿਲਾ ਅਮਰੀਕਾ ਆਇਆ ਸੀ ‘ਤੇ ਬਹੁਤ ਸਾਊ ਸੁਭਾ ਦਾ ਗੱਭਰੂ ਸੀ ਅਤੇ ਫਰਿਜ਼ਨੋ ਵਿਖੇ ਰਹਿਕੇ ਆਪਣੇ ਸੁਪਨੇ ਸਾਕਾਰ ਕਰਨ ਲਈ ਟਰੱਕ ਚਲਾ ਰਿਹਾ ਸੀ। ਕੁਝ ਦਿਨ ਪਹਿਲਾ ਇਹ ਟਰੱਕ ਲੈਕੇ ਲਾਸ ਏਂਜਲਸ ਤੋਂ ਫਰਿਜ਼ਨੋ ਸਵੇਰੇ ਪੰਜ ਕੁ ਵਜੇ ਟਰੱਕ ਯਾਰਡ ਵਿੱਚ ਪਹੁੰਚਿਆ। ਜਦੋਂ ਸ਼ਾਮ ਤੱਕ ਘਰ ਨਹੀਂ ਪਹੁੰਚਿਆ ਤਾਂ ਇਸ ਦੇ ਯਾਰਾਂ ਮਿੱਤਰਾ ਨੇ ਫ਼ੋਨ ਐਪ ਦੇ ਜ਼ਰੀਏ ਇਸ ਦੀ ਲੋਕੇਸ਼ਨ ਟ੍ਰੈਕ ਕਰਕੇ ਟਰੱਕ ਯਾਰਡ ਵਿੱਚ ਪਹੁੰਚਕੇ ਟਰੱਕ ਦਾ ਸਾਈਡ ਵਾਲਾ ਸ਼ੀਸ਼ਾ ਭੰਨਕੇ ਟਰੱਕ ਵਿੱਚ ਪਰਨੇ ਨਾਲ ਲਮਕਦੀ ਸਵ. ਬਚਿੱਤਰ ਸਿੰਘ ਦੀ ਲਾਸ਼ ਬਰਾਮਦ ਕੀਤੀ।

ਉਪਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚਕੇ ਲਾਸ਼ ਆਪਣੇ ਕਬਜ਼ੇ ਵਿੱਚ ਲੈਕੇ ਤਹਿਕੀਕਾਤ ਅਰੰਭ ਦਿੱਤੀ ਹੈ। ਪੁਲਿਸ ਲਾਸ਼ ਦਾ ਮੁਲਾਹਜਾ ਕਰਵਾਕੇ ਮੌਤ ਸਬੰਧੀ ਜਾਣਕਾਰੀ ਪਬਲਿਕ ਕਰੇਗੀ। ਸਵ. ਬਚਿੱਤਰ ਸਿੰਘ ਦਾ ਪਿਛਲਾ ਪਿੰਡ ਖੋਜੇਵਾਲ ਜ਼ਿਲ੍ਹਾ ਕਪੂਰਥਲਾ ਵਿੱਚ ਪੈਦਾ ਹੈ। ਟਰੱਕ ਯਾਰਡ ਮਾਲਕ ਨੇ ਕਿਹਾ ਕਿ ਸਵ. ਬਚਿੱਤਰ ਸਿੰਘ ਦੀ ਮੌਤ ਸਬੰਧੀ ਬਹੁਤ ਤਰਾਂ ਦੀਆਂ ਅਫ਼ਵਾਹਾਂ ਸ਼ੋਸ਼ਲ ਮੀਡੀਏ ਤੇ ਸਰਗਰਮ ਨੇ, ਉਹਨਾਂ ਕਿਹਾ ਕਿ ਸਵ. ਬਚਿੱਤਰ ਸਿੰਘ ਦੀ ਇਸ ਤਰਾਂ ਹੋਈ ਮੌਤ ਬਹੁਤ ਦੁਖਦਾਇਕ ਹੈ। ਸਾਨੂੰ ਆਪਣੇ ਡਸੀਜਨ ਦੇਣ ਤੋਂ ਪਹਿਲਾਂ ਪੁਲਿਸ ਰਿਪੋਰਟ ਦੀ ਉਡੀਕ ਕਰਨੀ ਚਾਹੀਦੀ ਹੈ। ਸਵ. ਬਚਿੱਤਰ ਸਿੰਘ ਦੀ ਮੌਤ ਦੇ ਜੋ ਵੀ ਕਾਰਨ ਹੋਣਗੇ ਪੁਲਿਸ ਦੁੱਧੋਂ ਪਾਣੀ ਛਾਣ ਦੇਵੇਗੀ। ਉਹਨਾਂ ਕਿਹਾ ਕਿ ਇਹ ਅਮਰੀਕਾ ਦੀ ਪੁਲਿਸ ਦੀ ਜਾਂਚ ਹੈ, ਜੀਹਦੇ ‘ਤੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਬਹੁਤ ਜਲਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਡੇ ਸਾਹਮਣੇ ਹੋਵੇਗਾ।

Share this Article
Leave a comment