ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ 1,000 ਕਿੱਲੋ ਤੋਂ ਵੱਧ ਨਾਜਾਇਜ਼ ਨਸ਼ੇ ਅਤੇ ਗੋਲੀਆਂ ਬਰਾਮਦ ਅਤੇ ਕਈ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ । ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਛੇ ਮਹੀਨਿਆਂ ਦੀ ਪੜਤਾਲ, ਜਿਸ ਨੂੰ “ਪ੍ਰੋਜੈਕਟ ਬ੍ਰਿਸਾ” ਦਾ ਨਾਂ ਦਿਤਾ ਗਿਆ, ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੀ ਰਿੰਗ ‘ਤੇ ਧਿਆਨ ਕੇਂਦਰਤ ਕੀਤਾ। ਜਿਸ ਵਿਚ ਦੇਖਿਆ ਗਿਆ ਕਿ ਕੋਕੀਨ ਅਤੇ ਕ੍ਰਿਸਟਲ ਮਿਥ ਸਮੇਤ 1000 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਮੈਕਸੀਕੋ ਤੋਂ ਕੈਲੀਫੋਰਨੀਆ ਅਤੇ ਫਿਰ ਕੈਨੇਡਾ ਵਿੱਚ ਤਬਦੀਲ ਕੀਤੇ ਗਏ। ਜਿੰਨ੍ਹਾਂ ਨੂੰ ਟਰੈਕਟਰ ਟਰੇਲਰਜ਼ ਰਾਹੀ ਲਿਜਾਇਆ ਗਿਆ।
ਪੁਲਿਸ ਨੇ ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦਿਆਂ 20 ਜਣਿਆਂ ਨੂੰ ਨਸ਼ੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਚ ਜ਼ਿਆਦਾਤਰ ਪੰਜਾਬੀ ਹਨ। ਪੁਲਿਸ ਨੇ ਇਨ੍ਹਾਂ ਕੋਲੋਂ 444 ਕਿੱਲੋ ਕੋਕੀਨ, 182 ਕਿੱਲੋ ਕ੍ਰਿਸਟਲ ਮਿਥ, 427 ਕਿੱਲੋ ਭੰਗ, 9,66,020 ਕੈਨੇਡੀਅਨ ਡਾਲਰ, ਇੱਕ ਗਨ, 21 ਵ੍ਹੀਕਲ ਜਿਸ ਵਿੱਚ 5 ਟ੍ਰੈਕਟਰ ਟਰੈਲਰ ਸ਼ਾਮਲ ਹਨ। ਪੁਲਿਸ ਨੇ ਕੁਲ 182 ਚਾਰਜ ਲਾਏ ਹਨ।
ਗ੍ਰਿਫਤਾਰ ਕੀਤੇ ਜਾਣ ਵਾਲਿਆਂ ਵਿੱਚ ਬਰੈਂਪਟਨ ਤੋਂ ਗੁਰਬਖਸ਼ ਸਿੰਘ ਗਰੇਵਾਲ(37), ਕੈਲੇਡਨ ਤੋਂ ਹਰਬਲਜੀਤ ਸਿੰਘ ਤੂਰ, ਕੈਲੇਡਨ ਤੋਂ ਅਮਰਬੀਰ ਸਿੰਘ ਸਰਕਾਰੀਆ (25), ਕੈਲੇਡਨ ਤੋਂ ਹਰਬਿੰਦਰ ਭੁੱਲਰ (43, ਔਰਤ), ਕਿਚਨਰ ਤੋਂ ਸਰਜੰਟ ਸਿੰਘ ਧਾਲੀਵਾਲ(37), ਕਿਚਨਰ ਤੋਂ ਹਰਬੀਰ ਧਾਲੀਵਾਲ(26), ਕਿਚਨਰ ਤੋਂ ਗੁਰਮਨਰਪ੍ਰੀਤ ਗਰੇਵਾਲ(26), ਬਰੈਂਪਟਨ ਤੋਂ ਸੁਖਵੰਤ ਬਰਾੜ (37), ਬਰੈਂਪਟਨ ਤੋਂ ਪਰਮਿੰਦਰ ਗਿੱਲ(33), ਸਰੀ ਤੋਂ ਜੈਸਨ ਹਿਲ(43), ਟੋਰਾਂਟੋ ਤੋਂ ਰਿਆਨ(28), ਟੋਰਾਂਟੋ ਤੋਂ ਜਾ ਮਿਨ (23), ਟੋਰਾਂਟੋ ਤੋਂ ਡੈਮੋ ਸਰਚਵਿਲ(24), ਵਾੱਨ ਤੋਂ ਸੈਮੇਤ ਹਾਈਸਾ(28), ਟੋਰਾਂਟੋ ਤੋਂ ਹਨੀਫ ਜਮਾਲ(43), ਟੋਰਾਂਟੋ ਤੋਂ ਵੀ ਜੀ ਹੁੰਗ(28), ਟੋਰਾਂਟੋ ਤੋਂ ਨਦੀਮ ਲੀਲਾ(35), ਟੋਰਾਂਟੋ ਤੋਂ ਯੂਸਫ ਲੀਲਾ(65), ਟੋਰਾਂਟੋ ਤੋ ਐਂਡਰੇ ਵਿਲਿਅਮ(35) ਸ਼ਾਮਿਲ ਹਨ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਦੋ ਜਣੇ ਅਜੇ ਵੀ ਫਰਾਰ ਹਨ ।
ਚੀਫ James Ramer ਨੇ ਮੰਗਲਵਾਰ ਨੂੰ ਓਨਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ, ਯੌਰਕ ਰੀਜਨਲ ਪੁਲਿਸ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਪ੍ਰਤੀਨਿਧੀਆਂ ਦੇ ਨਾਲ ਕਾਨਫਰੰਸ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦਾ ਮੰਨਣਾ ਹੈ ਕਿ ਨਸ਼ਿਆਂ ਦੀ ਸ਼ੁਰੂਆਤ ਮੈਕਸੀਕੋ ਤੋਂ ਹੋਈ ਸੀ ਅਤੇ ਇਹ ਸੰਯੁਕਤ ਰਾਜ ਰਾਹੀਂ ਇਥੇ ਪਹੁੰਚੇ ਸਨ। ਪੁਲਿਸ ਦਾ ਅਨੁਮਾਨ ਹੈ ਕਿ ਜ਼ਬਤ ਕੀਤੇ ਨਸ਼ਿਆਂ ਦੀ ਕੀਮਤ 61 ਮਿਲੀਅਨ ਡਾਲਰ ਤੋਂ ਵੀ ਵੱਧ ਹੈ।