ਸਰੀ: ਕੈਨੇਡਾ ਦੇ ਸਰੀ ਸ਼ਹਿਰ ਵਿੱਚ ਗੋਲੀਬਾਰੀ ਅਤੇ ਵਿਸਫੋਟਕ ਪਦਾਰਥ ਸੁੱਟਣ ਦੇ ਮਾਮਲੇ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ। ਤਿੰਨਾਂ ਨੇ ਆਪਣੇ ‘ਤੇ ਲੱਗੇ ਦੋਸ਼ ਕਬੂਲ ਕਰ ਲਏ ਹਨ।
ਇਹ ਘਟਨਾ 1 ਫਰਵਰੀ 2026 ਨੂੰ ਸਵੇਰੇ ਕਰੀਬ 3:50 ਵਜੇ ਸਰੀ ਦੇ ਕ੍ਰੈਸੈਂਟ ਰੋਡ ਅਤੇ 132 ਸਟ੍ਰੀਟ ਨੇੜੇ ਵਾਪਰੀ ਸੀ। ਜਾਣਕਾਰੀ ਮੁਤਾਬਕ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ ਸੀ ਅਤੇ ਵਿਸਫੋਟਕ ਪਦਾਰਥ ਵਰਤਣ ਦੀ ਘਟਨਾ ਵੀ ਸਾਹਮਣੇ ਆਈ ਸੀ।
ਪੁਲਿਸ ਨੇ ਤਿੰਨਾਂ ਨੂੰ ਕੀਤਾ ਸੀ ਗ੍ਰਿਫ਼ਤਾਰ
ਘਟਨਾ ਤੋਂ ਬਾਅਦ ਸਰੀ ਪੁਲਿਸ ਸਰਵਿਸ ਦੇ ਅਧਿਕਾਰੀਆਂ ਨੇ ਕਾਰਵਾਈ ਕਰਦਿਆਂ ਤਿੰਨਾਂ ਮੁਲਜ਼ਮਾਂ ਨੂੰ 28 ਐਵੇਨਿਊ ਅਤੇ 140 ਸਟ੍ਰੀਟ ਨੇੜੇ ਕਾਬੂ ਕਰ ਲਿਆ ਸੀ। ਪੁਲਿਸ ਦੇ ਮੁਤਾਬਕ ਇਹ ਮਾਮਲਾ ਸਰੀ ਵਿੱਚ ਚੱਲ ਰਹੀਆਂ ਐਕਸਟੌਰਸ਼ਨ ਨਾਲ ਜੁੜੀਆਂ ਘਟਨਾਵਾਂ ਨਾਲ ਸਬੰਧਤ ਮੰਨਿਆ ਜਾ ਰਿਹਾ ਸੀ।
ਅਦਾਲਤ ਨੇ ਸੁਣਾਈ ਵੱਖ-ਵੱਖ ਸਜ਼ਾਵਾਂ
9 ਜੂਨ 2026 ਨੂੰ ਸਰੀ ਦੀ ਸੂਬਾਈ ਅਦਾਲਤ ਵਿੱਚ ਸੁਣਵਾਈ ਦੌਰਾਨ ਤਿੰਨਾਂ ਨੇ ਆਪਣੇ ਦੋਸ਼ ਮੰਨ ਲਏ।
ਤਰਨਵੀਰ ਸਿੰਘ ਨੇ ਲਾਪਰਵਾਹੀ ਨਾਲ ਗੋਲੀ ਚਲਾਉਣ ਦਾ ਦੋਸ਼ ਕਬੂਲ ਕੀਤਾ। ਅਦਾਲਤ ਨੇ ਉਸ ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਦਿਆਜੀਤ ਸਿੰਘ ਬਿਲਿੰਗ ਨੇ ਵਿਸਫੋਟਕ ਪਦਾਰਥ ਸੁੱਟਣ ਦਾ ਦੋਸ਼ ਮੰਨਿਆ, ਜਿਸ ਤੋਂ ਬਾਅਦ ਉਸ ਨੂੰ 27 ਮਹੀਨਿਆਂ ਦੀ ਕੈਦ ਦੀ ਸਜ਼ਾ ਹੋਈ ਹੈ।
ਹਰਜੋਤ ਸਿੰਘ ਨੇ ਵੀ ਵਿਸਫੋਟਕ ਪਦਾਰਥ ਸੁੱਟਣ ਦਾ ਦੋਸ਼ ਕਬੂਲ ਕੀਤਾ ਅਤੇ ਉਸ ਨੂੰ 25 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਸਜ਼ਾ ਪੂਰੀ ਹੋਣ ਤੋਂ ਬਾਅਦ ਹੋਣਗੇ ਡਿਪੋਰਟ
ਅਦਾਲਤੀ ਜਾਣਕਾਰੀ ਮੁਤਾਬਕ ਤਿੰਨਾਂ ਨੌਜਵਾਨਾਂ ਨੂੰ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਭਾਰਤ ਡਿਪੋਰਟ ਕੀਤਾ ਜਾਵੇਗਾ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਭਾਵੇਂ ਤਿੰਨਾਂ ‘ਤੇ ਸਿੱਧੇ ਤੌਰ ‘ਤੇ ਐਕਸਟੌਰਸ਼ਨ ਨਾਲ ਜੁੜੇ ਦੋਸ਼ ਨਹੀਂ ਲਗਾਏ ਗਏ, ਪਰ ਘਟਨਾ ਨੂੰ ਉਸੇ ਲੜੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸਰੀ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਜਾਂਚ ਅਤੇ ਕਾਰਵਾਈ ਜਾਰੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

