Home / ਓਪੀਨੀਅਨ / ਤੁਰਦੀ-ਫਿਰਦੀ ਸੰਸਥਾ ਸਨ – ਗੁਰਸ਼ਰਨ ਸਿੰਘ ਭਾਅ ਜੀ

ਤੁਰਦੀ-ਫਿਰਦੀ ਸੰਸਥਾ ਸਨ – ਗੁਰਸ਼ਰਨ ਸਿੰਘ ਭਾਅ ਜੀ

-ਅਵਤਾਰ ਸਿੰਘ

 

ਗੁਰਸ਼ਰਨ ਭਾਅ ਜੀ ਉੱਘੇ ਰੰਗਕਰਮੀ, ਪੰਜਾਬ ਦੀ ਤਰਕਸ਼ੀਲ ਲਹਿਰ ਦੇ ਮੋਢੀ, ਪੰਜਾਬੀ ਲੋਕ ਰੰਗਮੰਚ ਅਤੇ ਨੁੱਕੜ ਨਾਟਕਾਂ ਦੇ ਸ਼ੇਰ-ਏ-ਪੰਜਾਬ, ਇੱਕ ਅਦਾਕਾਰ, ਇੰਜੀਨੀਅਰ, ਲੇਖਕ, ਨਾਟਕਕਾਰ, ਨਿਰਦੇਸ਼ਕ, ਪ੍ਰਕਾਸ਼ਕ, ਲੋਕਾਂ ਦੇ ਆਗੂ, ਸੰਪਾਦਕ, ਕੁਸ਼ਲ ਪ੍ਰਬੰਧਕ, ਵਕਤਾ ਅਤੇ ਸਭ ਤੋਂ ਉਪਰ ਇੱਕ ਵਧੀਆ ਇਨਸਾਨ ਸਨ। ਉਨ੍ਹਾਂ ਵਲੋਂ ਪੇਸ਼ ਕੀਤੇ ਗਏ ਟੀ ਵੀ ਸੀਰੀਅਲ ਭਾਈ ਮੰਨਾ ਸਿੰਘ ਤੋਂ ਬਾਅਦ ਉਹ ਗੁਰਸ਼ਰਨ ਭਾਅ ਜੀ ਉਰਫ ਭਾਈ ਮੰਨਾ ਸਿੰਘ ਦੇ ਨਾਂ ਨਾਲ ਪ੍ਰਸਿੱਧ ਹੋ ਗਏ।

ਉਹ ਇੱਕ ਤੁਰਦੀ-ਫਿਰਦੀ ਸੰਸਥਾ ਸਨ। ਗੁਰਸ਼ਰਨ ਸਿੰਘ ਭਾਅ ਜੀ ਦਾ ਜਨਮ 16 ਸਤੰਬਰ, 1929 ਨੂੰ ਡਾਕਟਰ ਗਿਆਨ ਸਿੰਘ ਦੇ ਘਰ ਮੁਲਤਾਨ (ਪਾਕਿਸਤਾਨ) ਵਿੱਚ ਹੋਇਆ। ਉਨ੍ਹਾਂ ਐਮ.ਐਸਸੀ. (ਆਨਰਜ਼) ਟੈਕਨੀਕਲ ਕੈਮਿਸਟਰੀ ਤਕ ਵਿੱਦਿਆ ਪ੍ਰਾਪਤ ਕੀਤੀ।

ਮੁਲਤਾਨ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਿਆਂ ਪੰਜਾਬੀ ਤੇ ਉਰਦੂ ਜ਼ੁਬਾਨਾਂ ਸਿੱਖੀਆਂ। ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪੜਾਈ ਕਰਨ ਉਪਰੰਤ 1951 ‘ਚ ਭਾਖੜਾ ਨੰਗਲ ਵਿਖੇ ਸੀਮਿੰਟ ਦੀ ਲੈਬਾਰਟਰੀ ਵਿੱਚ ਨੌਕਰੀ ਕੀਤੀ।

ਉਥੇ ਕੰਮ ਕਰਦਿਆਂ ਉਹ ਇਪਟਾ ਦੇ ਨਾਮੀ ਰੰਗਕਰਮੀ ਜੋਗਿੰਦਰ ਬਾਹਰਲਾ ਦੇ ਨਾਟਕਾਂ ਤੋਂ ਏਨੇ ਪ੍ਰਭਾਵਿਤ ਹੋਏ ਕਿ ਉਹ ਖੁਦ ਰੰਗਮੰਚ ਦੇ ਖੇਤਰ ਵਿੱਚ ਕੁੱਦ ਪਏ।

19/9/1975 ਨੂੰ ਉਨ੍ਹਾਂ ਨੂੰ ਨੌਕਰੀ ਤੋਂ ਸਸਪੈਂਡ ਕੀਤਾ ਗਿਆ। ਛੋਟੀ ਉਮਰੇ ਉਨ੍ਹਾਂ ਮਾਰਕਸੀ ਫਲਸਫੇ ਨੂੰ ਪੜਿਆ। ਨਾਟਕਾਂ ਵਿੱਚ ਆਪਣੀ ਪਤਨੀ ਕੈਲਾਸ਼ ਕੌਰ ਅਤੇ ਦੋਵਾਂ ਧੀਆਂ ਨੂੰ ਨਾਲ ਲੈ ਕੇ ਭਾਅ ਜੀ ਪਿੰਡ-ਪਿੰਡ ਲੋਕਾਂ ਨੂੰ ਜਾਗਰੂਕ ਕਰਦੇ, ਸਮਾਜਿਕ ਬਰਾਬਰੀ ਦਾ ਸੁਨੇਹਾ ਦਿੰਦੇ, ਨਾਟਕ ਖੇਡਦੇ, ਲੋਕਾਂ ਵਿੱਚ ਚੰਗਾ ਸਾਹਿਤ ਲੈ ਕੇ ਜਾਂਦੇ, ਹਜ਼ਾਰਾਂ, ਲੱਖਾਂ ਲੋਕਾਂ ਸਾਹਮਣੇ ਨਾਟਕ ਖੇਡਦੇ, ਕਿਸਾਨਾਂ, ਮਜ਼ਦੂਰਾਂ ਦੇ ਘਰਾਂ ‘ਚ ਰੁੱਖੀ-ਮਿੱਸੀ ਦਾਲ ਰੋਟੀ ਛੱਕ ਕੇ ਠੰਢਾ ਪਾਣੀ ਪੀ ਕੇ ਫੇਰ ਅਗਲੇ ਪਿੰਡ ਲੋਕਾਂ ਨੂੰ ਪ੍ਰੇਰਨ ਵਾਲਾ ਜ਼ਿੰਦਗੀ ਦਾ ਮਸੀਹਾ, ਲੱਖਾਂ ਨੌਜਵਾਨਾਂ ਨੂੰ ਪ੍ਰੇਰਦਾ।

ਉਹ ਹਮੇਸ਼ਾ ਹੀ ਬਾਬੇ ਨਾਨਕ, ਗੁਰੂ ਗੋਬਿੰਦ ਸਿੰਘ, ਸ਼ਹੀਦ ਭਗਤ ਸਿੰਘ ਤੇ ਗ਼ਦਰੀ ਬਾਬਿਆਂ ਦੇ ਰਾਹ ਨੂੰ ਆਪਣਾ ਰਾਹ ਕਹਿੰਦੇ। ਰੰਗਮੰਚ ਸਫ਼ਰ ਵਿੱਚ ਉਨ੍ਹਾਂ ਨੇ 185 ਤੋਂ ਵੱਧ ਨਾਟਕ ਲਿਖੇ, ਉਨ੍ਹਾਂ ਨਾਟਕਾਂ ਦੀਆਂ 12000 ਤੋਂ ਵੱਧ ਪੇਸ਼ਕਾਰੀਆਂ ਪੰਜਾਬ ਦੇ ਪਿੰਡਾਂ ਤੋਂ ਲੈ ਕੇ ਦੇਸ਼-ਵਿਦੇਸ਼ ਵਿੱਚ ਕੀਤੀਆਂ। ਚੰਡੀਗੜ੍ਹ ਦੇ ਸੈਕਟਰਾਂ ਵਿੱਚ ਸਮਾਜਿਕ ਬੁਰਾਈਆਂ ਨੂੰ ਦਰਸਾਉਂਦੇ ਨੁੱਕੜ ਨਾਟਕ ਪੇਸ਼ ਕੀਤੇ।

ਉਨ੍ਹਾਂ ਨੇ ਅਦਾਕਾਰੀ ਅਤੇ ਨਾਟ ਪੇਸ਼ਕਾਰੀ ਤੇ ਰੰਗਮੰਚ ਨੂੰ ਸਮਾਜਿਕ ਚੇਤਨਾ ਲਈ ਹਥਿਆਰ ਵਜੋਂ ਵਰਤਿਆ। ਉਮਰ ਦੇ ਅੱਠ ਦਹਾਕੇ ਪਾਰ ਕਰਕੇ ਵੀ ਗੁਰਸ਼ਰਨ ਸਿੰਘ ਲੋਕਾਂ ਨੂੰ ਜਗਾਉਣ ਲਈ ਹੋਕੇ ਦਿੰਦਾ ਰਿਹਾ।

ਭਾਖੜਾ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ, ਉਥੇ ਕੋਈ ਛੁੱਟੀ ਨਹੀਂ ਸੀ ਹੁੰਦੀ।

1954 ‘ਚ ਉਨ੍ਹਾਂ ਅਫ਼ਸਰਾਂ ਨੂੰ ਕਿਹਾ 8-12 ਵਾਲੀ ਸ਼ਿਫਟ ਵਿੱਚ ਜ਼ਰੂਰੀ ਕੰਮ ਚਲਾਏ ਜਾਣ ਅਤੇ ਬਾਕੀ ਛੁੱਟੀ ਕੀਤੀ ਜਾਵੇ ਪਰ ਮੈਨੇਜਮੈਂਟ ਨਾ ਮੰਨੀ। ਨਤੀਜੇ ਦੇ ਤੌਰ ‘ਤੇ ਉਥੇ ਲੋਹੜੀ ਦੀ ਬਹੁਤ ਵੱਡੀ ਹੜਤਾਲ ਹੋਈ। ਇੱਥੇ ਹੀ ਉਨ੍ਹਾਂ ਨੇ ਪਹਿਲਾ ਨਾਟਕ ‘ਲੋਹੜੀ ਦੀ ਹੜਤਾਲ’ ਲਿਖਿਆ ਅਤੇ ਖੇਡਿਆ।

1952 ਤੋਂ ਭਾਖੜਾ ਡੈਮ ’ਤੇ ਬਤੌਰ ਇੰਜੀਨੀਅਰ ਸੇਵਾ ਨਿਭਾ ਰਹੇ ਸਰਕਾਰ ਦੀਆਂ ਨਜ਼ਰਾਂ ਵਿੱਚ ਗੁਰਸ਼ਰਨ ਸਿੰਘ ਵਿਦਰੋਹੀ ਸੁਰ ਰੱਖਣ ਵਾਲਾ ਤੇ ਹੋਰਨਾਂ ਨੂੰ ਵਿਦਰੋਹ ਲਈ ਉਕਸਾਉਣ ਵਾਲਾ ਬਣ ਗਿਆ। ਸਿੱਟੇ ਵੱਜੋਂ 1981 ਵਿੱਚ ਅਸਤੀਫ਼ਾ ਦੇ ਕੇ ਨਾਟਕ ਖੇਤਰ ਵਿੱਚ ਆ ਡਟੇ।

ਉਨ੍ਹਾਂ ਨੇ ਨਾਟਕ ਵਰਗੀ ਕਲਾ ਦੀ ਨਬਜ਼ ਪਛਾਣ ਲਈ ਕਿ ਇਹ ਲੋਕਾਂ ‘ਤੇ ਜਾਦੂ ਵਰਗਾ ਅਸਰ ਕਰਦੀ ਹੈ। ਉਨ੍ਹਾਂ ਬਿਨਾਂ ਸਟੇਜ ਰਿਹਰਸਲ, ਲਾਈਟਾਂ ਅਤੇ ਮਿਊਜ਼ਿਕ ਦੇ ਨੁੱਕੜ ਨਾਟਕਾਂ ਦੀ ਨੀਂਹ ਰੱਖੀ।

ਅੰਮ੍ਰਿਤਸਰ ਸਕੂਲ ਆਫ ਡਰਾਮਾ ਰਾਹੀਂ ਨਵੇਂ ਮੁੰਡੇ-ਕੁੜੀਆਂ ਨੂੰ ਨਾਟਕ ਨਾਲ ਜੋੜਿਆ। ਇਹ ਮੁੰਡੇ ਖੁਦ ਵੱਡੇ ਕਲਾਕਾਰ ਅਤੇ ਨਿਰਦੇਸ਼ਕ ਬਣ ਗਏ।ਡਾ.ਸਾਹਿਬ ਸਿੰਘ ਅਤੇ ਕੇਵਲ ਧਾਲੀਵਾਲ ਵਰਗੇ ਨਾਮਵਰ ਕਲਾਕਾਰ ਹੁਣ ਗੁਰਸ਼ਰਨ ਸਿੰਘ ਦੀ ਸੋਚ ਨੂੰ ਹਰ ਆਦਮੀ ਤਕ ਲਿਜਾਣ ਲਈ ਪ੍ਰਤੀਬੱਧ ਹਨ।

1964 ਵਿੱਚ ਭਾਅ ਜੀ ਨੇ ਅੰਮ੍ਰਿਤਸਰ ਵਿਖੇ ਦੋਸਤਾਂ ਨਾਲ ਰਲ ਕੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੀ ਨੀਂਹ ਰੱਖੀ। ਅੱਜ ਇਹ ਸੰਸਥਾ ਨਾਟਕਾਂ ਦੀ ਉੱਘੀ ਸੰਸਥਾ ਹੈ। ਇਸ ਸੰਸਥਾ ਦਾ ਉਦੇਸ਼ ਸੀ ਕਿ ਚੰਗੇ, ਅਗਾਂਹਵਧੂ ਨਾਟਕਾਂ ਦੀ ਪੇਸ਼ਕਾਰੀ ਰਾਹੀਂ ਲੋਕਾਂ ਨੂੰ ਜਾਗ੍ਰਿਤ ਕਰਨਾ ਤਾਂ ਜੋ ਸਰਮਾਏਦਾਰੀ ਤਾਕਤਾਂ ਦੇ ਖ਼ਿਲਾਫ ਲੋਕ ਨੂੰ ਲਾਮਬੰਦ ਕੀਤਾ ਜਾ ਸਕੇ।

ਨਾਟਕਾਂ ਦੇ ਅੰਤ ਤੇ। ਅਗਾਂਹ-ਵਧੂ ਕਿਤਾਬਾਂ ਤੇ ਸਰਦਲ ਅਤੇ ਸਮਤਾ ਮੈਗਜੀਨ ਆਪ ਕੱਢ ਕੇ ਸਸਤੇ ਮੁੱਲ ਤੇ ਦਿੰਦੇ ਸਨ। ਉਨ੍ਹਾਂ ਨੂੰ ਬਹੁਤ ਸਾਰੇ ਮਾਣ ਸਨਮਾਨ ਮਿਲੇ। 2004 ਵਿੱਚ ਉਨ੍ਹਾਂ ਨੂੰ ਕਾਲੀਦਾਸ ਅਵਾਰਡ ਨਾਲ ਸਨਮਾਨਤ ਕੀਤਾ ਗਿਆ। 27 ਸਤੰਬਰ 2011 ਵਿੱਚ ਸਾਡੇ ਤੋਂ ਸਦਾ ਲਈ ਵਿਛੜ ਗਏ।

Check Also

ਗਿਆਨੀ ਦਿੱਤ ਸਿੰਘ – ਅੰਧਵਿਸ਼ਵਾਸ ਤੇ ਵਹਿਮਾਂ ਭਰਮਾਂ ਖਿਲਾਫ ਜਹਾਦ ਛੇੜਨ ਵਾਲੇ ਪੰਥ ਰਤਨ

-ਅਵਤਾਰ ਸਿੰਘ ਕਰਮਕਾਂਡ, ਅੰਧਵਿਸ਼ਵਾਸ ਤੇ ਵਹਿਮਾਂ ਭਰਮਾਂ ਖਿਲਾਫ ਜਹਾਦ ਛੇੜਨ ਵਾਲੇ ਪੰਥ ਰਤਨ ਗਿਆਨੀ ਦਿੱਤ …

Leave a Reply

Your email address will not be published. Required fields are marked *