ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੀ ਮੀਟਿੰਗ ਬੇਸਿੱਟਾ ਰਹੀ, 24 ਨੂੰ ਮੁੜ ਮਾਰਚ ਦਾ ਐਲਾਨ

TeamGlobalPunjab
3 Min Read

ਚੰਡੀਗੜ੍ਹ  : (ਦਰਸ਼ਨ ਸਿੰਘ ਖੋਖਰ) :   ਲੰਮੇ ਸੰਘਰਸ਼ ਉਪਰੰਤ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਅਤੇ ਸਿੱਖਿਆ ਮੰਤਰੀ ਵਿਜੈਇੰਦਰ  ਸਿੰਗਲਾ ਵਿਚਕਾਰ ਪੰਜਾਬ ਸਕੱਤਰੇਤ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਬੇਸਿੱਟਾ ਰਹੀ । ਸਿੱਖਿਆ ਮੰਤਰੀ ਨੇ ਫਿਲਹਾਲ ਅਧਿਆਪਕ ਭਰਤੀ ਲਈ ਲਾਗੂ ਕੀਤੇ ਜਾ ਰਹੇ 55 ਪ੍ਰਤੀਸ਼ਤ ਵਾਲੇ ਨਿਯਮ ਨੂੰ ਵਾਪਿਸ ਲੈਣ ਤੋ ਟਾਲ਼ਾ ਵੱਟ ਲਿਆ ਹੈ, ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਐਲਾਨ ਕੀਤਾ ਕਿ 17 ਨਵੰਬਰ ਨੂੰ ਹੋਏ ਫੈਸਲੇ ਅਨੁਸਾਰ ਹੁਣ ਮੁੜ 24 ਨਵੰਬਰ ਨੂੰ ਲਾਮਿਸਾਲ ਇਕੱਠ ਨਾਲ ਸਿੱਖਿਆ ਮੰਤਰੀ ਦੀ ਕੋਠੀ ਵੱਲ ਮਾਰਚ ਕੀਤਾ ਜਾਵੇਗਾ ।

ਵਫ਼ਦ ‘ਚ ਸ਼ਾਮਲ ਮੀਤ ਪ੍ਰਧਾਨ ਨਿੱਕਾ ਸਿੰਘ, ਸੂਬਾ ਕਮੇਟੀ ਮੈਂਬਰ ਯੁੱਧਜੀਤ ਸਿੰਘ ਬਠਿੰਡਾ, ਅਮਨ ਸੇਖ਼ਾ , ਬਲਕਾਰ ਸਿੰਘ ਮਾਨਸਾ ਅਤੇ ਨਵਜੀਵਨ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਿਰਫ਼ ਇੱਕ ਮੰਗ ਸਬੰਧੀ ਹੀ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੇ 55 ਪ੍ਰਤੀਸ਼ਤ ਵਾਲੀ ਸ਼ਰਤ ਵਿੱਚ ਸੋਧ ਕੀਤੇ ਜਾਣ ਤੱਕ ਅੰਗਹੀਣ ਦੀਆ ਅਪਾਹਿਜ ਦੀਆਂ ਆਸਾਮੀਆਂ ਦੀ ਅੰਤਿਮ ਤਾਰੀਖ ਵਿੱਚ ਵਾਧਾ ਕਰਨ ਵਰਗੇ ਸੁਝਾਓ ਉੱਪਰ ਵੀ ਸਹਿਮਤੀ ਨਹੀਂ ਦਿੱਤੀ। ਜਦੋਂਕਿ ਨਵੀਂ ਭਰਤੀ ਬਾਰੇ ਸਿੰਗਲਾ ਨੇ ਕਿਹਾ ਕਿ 31 ਦਸੰਬਰ ਤੱਕ ਪਹਿਲਾਂ ਹੀ ਵਿਭਾਗ ‘ਚ ਕੰਮ ਕਰ ਰਹੇ ਅਧਿਆਪਕਾਂ ਦੀ ਰੈਸ਼ਨੇਲਾਈਜੇਸ਼ਨ ਕੀਤੀ ਜਾਵੇਗੀ, ਉਸ ਉਪਰੰਤ 31 ਮਾਰਚ ਤੱਕ ਹੀ ਨਵੀਂ ਭਰਤੀ ‘ਤੇ ਵਿਚਾਰ ਕੀਤਾ ਜਾਵੇਗਾ।

ਮੰਤਰੀ ਵੱਲੋਂ ਸ਼ਰਤ ਰੱਦ ਕਰਨ ਅਤੇ ਨਵੀਂ ਭਰਤੀ ਦਾ ਟਾਲਾ ਵੱਟਣ ਤੋਂ ਭੜਕੇ ਯੂਨੀਅਨ ਆਗੂਆਂ ਨੇ ਅਗਲੇ ਐਕਸਨ ਦਾ ਐਲਾਨ ਕੀਤਾ ਹੈ।ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਸੰਘਰਸ਼ ਨੂੰ ਤੇਜ਼ ਕਰਨ ਲਈ ਸਮੁੱਚੇ ਪੰਜਾਬ ਦੇ ਅਤੇ ਵੱਖ ਵੱਖ ਜੱਥੇਬੰਦੀਆਂ ਤੱਕ ਪਹੁੰਚ ਕਰਨਗੇ। ਉਨ੍ਹਾਂ ਦਸਿਆ ਕਿ ਯੂਨੀਅਨ ਵੱਲੋਂ 8 ਸਤੰਬਰ ਤੋਂ ਪੱਕਾ ਮੋਰਚਾ ਸੰਗਰੂਰ ਵਿਖੇ ਚੱਲ ਰਿਹਾ । ਉਨ੍ਹਾਂ ਕਿਹਾ ਕਿ ਖ਼ੁਦਕੁਸ਼ੀ ਕਰ ਗਏ ਉੱਚ ਯੋਗਤਾ ਪਾਸ ਬੇਰੁਜ਼ਗਾਰ ਅਧਿਆਪਕ ਜਗਸੀਰ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਮਿਲੇ, ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਉਮੀਦਵਾਰਾਂ ਨੂੰ ਭਰਤੀ ਕਰਨ ਲਈ ਘੱਟੋ-ਘੱਟ 15 ਹਜ਼ਾਰ ਅਸਾਮੀਆਂ ਦੀ ਭਰਤੀ ਦਾ ਇਸ਼ਤਿਹਾਰ ਤੁਰੰਤ ਜਾਰੀ ਕਰਨ, ਮਾਸਟਰ ਕਾਡਰ ਦੀ ਭਰਤੀ ਲਈ ਗ੍ਰੈਜੂਏਸ਼ਨ ‘ਚੋਂ 55 ਫੀਸਦੀ ਅੰਕਾਂ ਦੀ ਸ਼ਰਤ ਖ਼ਤਮ ਕਰਕੇ ਨੈਸ਼ਨਲ ਕੌਂਸਲ ਆਫ਼ ਟੀਚਰਜ਼ ਐਜੂਕੇਸ਼ਨ ਦੀਆਂ ਹਦਾਇਤਾਂ ਰਾਹੀਂ ਭਰਤੀ ਕੀਤੇ ਜਾਣ , ਨੌਕਰੀ ਉਡੀਕਦਿਆਂ ਆਪਣੀ ਉਮਰ-ਹੱਦ ਲੰਘਾ ਚੁੱਕੇ ਉਮੀਦਵਾਰਾਂ ਪ੍ਰਤੀ ਵਿਚਾਰ ਕਰਦਿਆਂ ਉਮਰ ਹੱਦ 42 ਸਾਲ ਕੀਤੇ ਜਾਣ ਅਤੇ 2 ਸਾਲ ਐਕਸ਼ਟੈਨਸ਼ਨ ‘ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਤੁਰੰਤ ਸੇਵਾਮੁਕਤ ਕਰਕੇ ਨਵੇਂ ਉਮੀਦਵਾਰਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਮੰਗ ਸ਼ਾਮਲ ਸੀ।

Share this Article
Leave a comment