ਵਿਰੋਧੀਆਂ ਨੂੰ ਹਊਆ ਬਣ ਕੇ ਡਰਾ ਰਹੀ ਹੈ ਨਵਜੋਤ ਸਿੰਘ ਸਿੱਧੂ ਦੀ ਚੁੱਪੀ! ਖੂਫੀਆ ਏਜੰਸੀਆਂ ਤੇ ਵਿਰੋਧੀਆਂ ਦੀ ਸਿੱਧੂ ਦੇ ਅਗਲੇ ਕਦਮ ‘ਤੇ ਨਜ਼ਰ

TeamGlobalPunjab
4 Min Read

ਚੰਡੀਗੜ੍ਹ : ਇੰਨੀ ਦਿਨੀਂ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਵਾਦ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਬੀਤੀ 6 ਜੂਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀਆਂ ਦੇ ਵਿਭਾਗਾਂ ‘ਚ ਫੇਰਬਦਲ ਕਰਨ ਤੋਂ ਪਹਿਲਾਂ ਇਹ ਦੋਸ਼ ਲਾਇਆ ਸੀ ਕਿ ਕਾਂਗਰਸ ਪਾਰਟੀ ਦੀ ਸ਼ਹਿਰਾਂ ਅੰਦਰ ਹਾਰ ਨਵਜੋਤ ਸਿੰਘ ਸਿੱਧੂ ਦੇ ਸਥਾਨਕ ਸਰਕਾਰਾਂ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਕਾਰਨ ਹੋਈ ਹੈ। ਜਿਸ ਤੋਂ ਬਾਅਦ ਸਿੱਧੂ ਨੇ ਭਾਵੇਂ ਆਪਣੀ ਸਫਾਈ ਦਿੰਦਿਆਂ ਮੀਡੀਆ ਸਾਹਮਣੇ ਸਬੂਤ ਵੀ ਦਿੱਤੇ ਸਨ, ਪਰ ਫਿਰ ਵੀ ਸਿੱਧੂ ਦਾ ਸਥਾਨਕ ਸਰਕਾਰਾਂ ਵਿਭਾਗ ਬਦਲ ਦਿੱਤਾ ਗਿਆ। ਇਹ ਵਿਭਾਗ ਬਦਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਲਗਭਗ ਡੇਢ ਮਹੀਨੇ ਤੱਕ ਚੁੱਪੀ ਧਾਰੀ ਰੱਖੀ ਤੇ ਫਿਰ ਆਖਰਕਾਰ ਆਪਣਾ ਉਹ ਅਸਤੀਫਾ ਜਨਤਕ ਕਰ ਦਿੱਤਾ ਜਿਹੜਾ ਉਨ੍ਹਾਂ ਨੇ 10 ਜੂਨ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜਿਆ ਸੀ। ਇਸ ਉਪਰੰਤ ਸਿੱਧੂ ਨੇ ਆਪਣੀ ਸਰਕਾਰੀ ਕੋਠੀ ਵੀ ਖਾਲੀ ਕਰ ਦਿੱਤੀ ਤੇ ਹੁਣ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਲਗਾਤਾਰ ਰਾਬਤੇ ਵਿੱਚ ਹਨ। ਇਸ ਦੌਰਾਨ ਜਿੱਥੇ ਸੂਬਾ ਸਰਕਾਰ ਦੀਆਂ ਸੂਹੀਆ ਏਜੰਸੀਆਂ ਸਿੱਧੂ ‘ਤੇ ਬਾਜ਼ ਅੱਖ ਰੱਖੀ ਬੈਠੀਆਂ ਹਨ ਉੱਥੇ ਕੈਪਟਨ ਧੜ੍ਹੇ ਦੇ ਕਾਂਗਰਸੀਆਂ ਵੱਲੋਂ ਵੀ ਨਵਜੋਤ ਸਿੰਘ ਸਿੱਧੂ ਦੇ ਨੇੜਲੇ ਲੋਕਾਂ ਤੋਂ ਉਨ੍ਹਾਂ ਦੇ ਅਗਲੇ ਕਦਮ ਦੀ ਉੱਘ-ਸੁੱਗ ਲਈ ਜਾ ਰਹੀ ਹੈ। ਅਜਿਹੇ ਵਿੱਚ ਇਨ੍ਹਾਂ ਦੋਹਾਂ ਧੜਿਆਂ ਦੀ ਆਪਸੀ ਖਿੱਚ ਤਾਣ ਨੂੰ ਦੂਰੋਂ ਦੇਖ ਰਹੇ ਨਿਰਪੱਖ ਲੋਕ ਟਿੱਪਣੀ ਕਰਦੇ ਹਨ ਕਿ ਸਿੱਧੂ ਵਿਰੋਧੀਆਂ ਦਾ ਇਸ ਵੇਲੇ ਉਸ ਵਿਅਕਤੀ ਵਾਲਾ ਹਾਲ ਹੈ ਜਿਹੜਾ ਛਾਲ ਮਾਰ ਕੇ ਸ਼ੇਰ ‘ਤੇ ਚੜ੍ਹ ਤਾਂ ਗਿਆ, ਪਰ ਹੁਣ ਉਸ ਨੂੰ ਇਹ ਸੋਚ ਕੇ ਡਰ ਲੱਗ ਰਿਹਾ ਹੈ ਕਿ ਜੇਕਰ ਉਹ ਥੱਲੇ ਉਤਰਿਆ ਤਾਂ ਸ਼ੇਰ ਉਸ ਨੂੰ ਖਾ ਜਾਵੇਗਾ। ਇਹੋ ਕਾਰਨ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਚੁੱਪੀ ਸਿੱਧੂ ਵਿਰੋਧੀਆਂ ਨੂੰ ਹਊਆ ਬਣ ਕੇ ਡਰਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸ ਅੰਦਰ ਸਿੱਧੂ ਵਿਰੋਧੀਆਂ ਨੂੰ ਹੁਣ ਇਹ ਡਰ ਹੈ ਕਿ ਕਿਤੇ ਸਿੱਧੂ ਵਿਧਾਨ ਸਭਾ ਇਜਲਾਸ਼ ਦੌਰਾਨ ਵਿਰੋਧੀਆਂ ਦੀ ਬਜਾਏ ਆਪਣਿਆਂ ਦੀਆਂ ਹੀ ਪੋਲਾਂ ਨਾ ਖੋਲ੍ਹਣ ਲੱਗ ਪਵੇ।

ਦੱਸ ਦਈਏ ਕਿ ਵਿਧਾਨ ਸਭਾ ਇਜਲਾਸ਼ ਦੌਰਾਨ ਨਿਯਮ ਮੁਤਾਬਿਕ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੋਲਣ ਦਾ ਮੌਕਾ ਮਿਲਦਾ ਹੈ, ਪਰ ਇਸ ਦੌਰਾਨ ਬਾਕੀ ਲੋਕ ਜਿੱਥੇ ਮੁੱਦੇ ਦੀ ਗੱਲ ਸੁਣਨ ਲਈ ਉੱਥੇ ਖਾਸ ਵਰਗ ਸਿਰਫ ਇਸ ਗੱਲ ‘ਤੇ ਨਜ਼ਰਾਂ ਗੱਡੀ ਬੈਠਾ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਕੀ ਬੋਲਦੇ ਹਨ। ਕੀ ਉਹ ਜਨਤਾ ਦੇ ਪੱਖ ‘ਚ ਚੁੱਕੇ ਜਾਣ ਵਾਲੇ ਮੁੱਦਿਆਂ ‘ਤੇ ਵਿਰੋਧੀਆਂ ਦਾ ਸਾਥ ਦਿੰਦੇ ਹਨ? ਜਾਂ ਫਿਰ ਪਾਰਟੀ ਅਨੁਸਾਸ਼ਨ ਦਾ ਧਿਆਨ ਰੱਖਦਿਆਂ ਸਰਕਾਰ ਦਾ ਸਾਥ ਦੇਣਾ ਉਨ੍ਹਾਂ ਦੀ ਮਜ਼ਬੂਰੀ ਹੋਵੇਗਾ। ਚਰਚਾ ਇਹ ਵੀ ਛਿੜ ਗਈ ਹੈ ਕਿ ਵਿਧਾਨ ਸਭਾ ਅੰਦਰ 2 ਅਗਸਤ ਨੂੰ ਹੋਣ ਵਾਲੇ ਇਜਲਾਸ਼ ਦੌਰਾਨ ਨਵਜੋਤ ਸਿੰਘ ਸਿੱਧੂ ਆਪਣੇ ਹਲਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਰਕਾਰ ਵਿਰੁੱਧ ਭੜ੍ਹਕ ਸਕਦੇ ਹਨ। ਜਿਸ ਕਾਰਨ ਵਿਰੋਧੀ ਵੀ ਇਸ ਗੱਲ ਦਾ ਇੰਤਜਾਰ ਕਰਨਗੇ ਕਿ ਸਿੱਧੂ ਕਿਹੜਾ ਮੁੱਦਾ ਕਿਸ ਢੰਗ ਨਾਲ ਚੁੱਕਦੇ ਹਨ ਤਾਂ ਕਿ ਉਹ ਉਸ ਨੂੰ ਮੁੱਦਾ ਬਣਾ ਕੇ ਸਰਕਾਰ ਨੂੰ ਘੇਰ ਸਕਣ।

ਸੂਤਰ ਦੱਸਦੇ ਹਨ ਕਿ ਕਾਂਗਰਸ ਪਾਰਟੀ ਦੇ ਇੱਕ ਖਾਸ ਵਰਗ ਨੂੰ ਦੋ ਚਿੰਤਾਂਵਾ ਸਤਾ ਰਹੀਆਂ ਹਨ, ਇੱਕ ਇਹ ਕਿ ਜਦੋਂ ਬੀਤੇ ਦਿਨੀਂ ਬ੍ਰਹਮ  ਮਹਿੰਦਰਾ ਵੱਲੋਂ ਅੰਮ੍ਰਿਤਸਰ ‘ਚ ਵਿਧਾਇਕਾਂ ਦੀ ਮੀਟਿੰਗ ਸੱਦੀ ਗਈ ਸੀ ਉਸ ਮੀਟਿੰਗ ‘ਚ ਨਵਜੋਤ ਸਿੰਘ ਸਿੱਧੂ ਨੇ ਹਿੱਸਾ ਨਹੀਂ ਲਿਆ ਸੀ ਅਤੇ ਦੂਸਰਾ ਇਹ ਕਿ ਸਿੱਧੂ ਅਸਤੀਫਾ ਦੇਣ ਤੋਂ ਬਾਅਦ ਚੁੱਪ ਨਹੀਂ ਬੈਠੇ ਬਲਕਿ ਆਪਣੇ ਹਲਕੇ ‘ਚ ਜੋਰਾਂ-ਸ਼ੋਰਾਂ ਨਾਲ ਸਰਗਰਮ ਹੋ ਕੇ ਲਗਾਤਾਰ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ। ਜਿਸ ਕਾਰਨ ਪਾਰਟੀ ਅੰਦਰ ਉਨ੍ਹਾਂ ਦੇ ਵਿਰੋਧੀਆਂ ਦਾ ਡਰ ਦਿਨ-ਬ-ਦਿਨ ਹਊਆ ਬਣਦਾ ਜਾ ਰਿਹਾ ਹੈ।

Share this Article
Leave a comment