ਇਨਕਲਾਬੀ ਕਵੀ ਪਾਸ਼

TeamGlobalPunjab
7 Min Read

– ਅਵਤਾਰ ਸਿੰਘ

 

9 ਸਤੰਬਰ 1950 ਨੂੰ ਇਨਕਲਾਬੀ ਕਵੀ ਅਵਤਾਰ ਸਿੰਘ ਪਾਸ਼ ਦਾ ਜਨਮ ਤਲਵੰਡੀ ਸਲੇਮ, ਕਪੂਰਥਲਾ ਵਿਖੇ ਹੋਇਆ। ਉਸਨੂੰ ਇਕ ਕਵੀ ਦੇ ਤੌਰ ‘ਤੇ ਸਾਰੇ ਜਾਣਦੇ ਹਨ। ਉਸਦੀ ਕਵਿਤਾ ਨੇ ਪੰਜਾਬੀ ਕਾਵਿ ਨੂੰ ਇਕ ਨਵਾਂ ਮੁਹਾਂਦਰਾ ਦਿੱਤਾ, ਜਿਸ ਦੀਆਂ ਖੂਬੀਆਂ ਬਾਰੇ ਸੈਂਕੜੇ ਲੇਖ ਲਿਖੇ ਗਏ ਤੇ ਹੋਰ ਲਿਖੇ ਜਾ ਸਕਦੇ ਹਨ।

ਉਸਨੇ ‘ਲੋਹ ਕਥਾ’ ‘ਉਡਦੇ ਬਾਜ਼ਾਂ ਮਗਰ’ ‘ਸਾਡੇ ਸਮਿਆਂ ਵਿਚ’ ਤੇ ‘ਖਿਲਰੇ ਵਰਕੇ’ ਕਾਵਿ ਸੰਗ੍ਰਿਹ ਰਚਨਾ ਕੀਤੀ। ਉਸ ਨੇ ਕਵਿਤਾ ਰਚਣ ਦੇ ਨਾਲ ਨਾਲ ਗਿਆਨ ਵਿਗਿਆਨ ਦੇ ਵੱਖ ਵੱਖ ਖੇਤਰਾਂ ਦਾ ਵੀ ਅਧਿਐਨ ਕੀਤਾ। ਉਸਨੇ ਆਪਣੇ ਦੋਸਤਾਂ ਨਾਲ ਰਲ ਕੇ ਹਰਦਿਆਲ ਸਟੱਡੀ ਸੈਂਟਰ ਬਣਾਇਆ, ਅਧਿਐਨ ਕਰਨ ਲਈ ਕਿਤਾਬਾਂ ਇਕੱਠੀਆਂ ਕੀਤੀਆਂ ਅਤੇ ਕਈ ਵਿਸ਼ਿਆਂ ਤੇ ਵਿਚਾਰ ਗੋਸ਼ਟੀਆਂ ਰਚਾਈਆਂ।

- Advertisement -

ਉਸ ਵੱਲੋਂ ਲਿਖੇ ਲੇਖਾਂ ਵਿੱਚ ਸਾਹਿਤ, ਸੱਭਿਆਚਾਰ, ਵਿਗਿਆਨ ਅਤੇ ਸਮਕਾਲੀ/ਰਾਜਨੀਤਿਕ ਸਥਿਤੀ ਦੇ ਅਨੇਕਾਂ ਵਿਸ਼ਿਆਂ ਬਾਰੇ ਬਹੁਮਲੇ ਵਿਚਾਰ ਪੇਸ਼ ਕੀਤੇ। ਇਨ੍ਹਾਂ ਲੇਖਾਂ ਵਿੱਚੋਂ ਨਿਕਲਦੀ ਸਮਝ ਤੇ ਜਾਣਕਾਰੀ ਨੂੰ ਇਲਾਕੇ ‘ਚ ਸਾਈਕਲੋਸਟਾਈਲ ਕਰਕੇ 1980 ਤੋਂ 85 ਤੱਕ ਕੱਢੇ ਜਾਂਦੇ ਪਰਚੇ “ਹਾਕ”, “ਸਿਆੜ” ਅਤੇ “ਰੋਹਲੇਬਾਣ” ਰਾਹੀਂ ਵੰਡਿਆ।

23-3-1988 ਨੂੰ ਸ਼ਹਾਦਤ ਤੋਂ ਬਾਅਦ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਉਸਦੇ ਲੇਖਾਂ ਦੀ ਪੁਸਤਕ “ਤੁਹਾਡੀ ਰਾਸ਼ੀ ਕੀ ਕਹਿੰਦੀ ਹੈ”,ਉਸ ਦੇ ਪਿਤਾ ਸ: ਸੋਹਣ ਸਿੰਘ ਵਲੋਂ ਉਸ ਦੀਆਂ ਲਿਖਤਾਂ “ਤਲਵੰਡੀ ਸਲੇਮ ਨੂੰ ਜਾਂਦੀ ਸੜਕ” ਤੇ ਸ਼ਮਸ਼ੇਰ ਸੰਧੂ ਵਲੋਂ “ਇਕ ਪਾਸ਼ ਇਹ ਵੀ” ਛਪਵਾਈਆਂ ਗਈਆਂ।

ਪਾਸ਼ ਨੇ ਬ੍ਰਹਿਮੰਡ ਬਾਰੇ ਦੋ ਸੁਆਲ ਉਠਾਏ, ਪਹਿਲਾ ਬ੍ਰਹਿਮੰਡ ਦਾ ਅਕਾਰ ਤੇ ਸਰੂਪ ਕੀ ਹੈ ? ਦੂਜਾ ਬ੍ਰਹਿਮੰਡ ਦੀ ਉਤਪਤੀ ਕਿਵੇਂ ਹੋਈ ? ਜੋ ਹੇਠਾਂ ਦਿਤੇ ਗਏ ਹਨ। “ਤੁਹਾਡੀ ਰਾਸ਼ੀ ਕੀ ਕਹਿੰਦੀ ਹੈ” ਵਿੱਚ ਭਾਰਤੀ ਜੋਤਿਸ਼ ਪ੍ਰਣਾਲੀ ਤੇ ਰਾਸ਼ੀਆਂ ਕੀ ਹਨ ਆਦਿ ਨੁਕਤਿਆਂ ਬਾਰੇ ਦੱਸਿਆ ਹੈ।

ਦਸਵੀਂ ਪਾਸ ਗਿਆਨੀ ਪੇਂਡੂ ਮੁੰਡੇ ਨੇ ਜੀਵ ਵਿਕਾਸ ਤੇ ਵਿਗਿਆਨ ਦੀ ਥਿਉਰੀ ਨੂੰ ਵੀ ਵਿਸਥਾਰ ਨਾਲ ਪੇਸ਼ ਕੀਤਾ। ਪਾਸ਼ ਨੇ ਲਿਖਿਆ ਹੈ “ਲੋਕੀ ਧਰਮ ਨੂੰ ਇਸ ਲਈ ਮੰਨਦੇ ਹਨ ਕਿ ਉਨ੍ਹਾਂ ਦਾ ਟੱਬਰ ਰਾਜ਼ੀ ਬਾਜ਼ੀ ਰਹੇ ਅਤੇ ਆਰਥਿਕ ਹਾਲਤ ਚੰਗੀ ਹੋ ਜਾਵੇ ਇਸ ਲਈ ਨਹੀਂ ਕਿ ਉਹਨਾਂ ਅੰਦਰ ਬ੍ਰਹਿਮੰਡ ਸ੍ਰਿਸ਼ਟੀ ਅਤੇ ਜਿੰਦਗੀ ਦੇ ਮੂਲ ਅਧਾਰਾਂ ਅਤੇ ਕਾਰਨ ਨੂੰ ਜਾਨਣ ਦੀ ਕੋਈ ਦਾਰਸ਼ਨਿਕ ਜਗਿਆਸਾ ਹੈ।

ਲੋਕਾਂ ਦੇ ਮਨਾਂ ਵਿੱਚ ਗੁਰੂ ਪੀਰ ਅਤੇ ਰੱਬ ਦਾ ਸੰਕਲਪ ਅਸਲ ਵਿੱਚ ਕਿਸੇ ਯੋਗ ਡਾਕਟਰ, ਬੈਂਕ ਜਾਂ ਥਾਣੇ ਵਰਗਾ ਹੀ ਹੈ ਤੇ ਉਸ ਤੋਂ ਉਸੇ ਤਰ੍ਹਾਂ ਦੀਆਂ ਲੋੜਾਂ ਪੂਰੀਆਂ ਕਰਾਉਣਾ ਲੋਚਦੇ ਹਨ। ਉਸਦੀ ਲਿਖਤ’ ਅੰਧਵਿਸ਼ਵਾਸਾਂ ਤੇ ਅਸੀਂ ਲੋਕ’ ਵੱਖ ਵੱਖ ਪ੍ਰਚਲਿਤ ਵਹਿਮਾਂ ਬਾਰੇ ਪਾਸ਼ ਦੇ ਡੂੰਘੇ ਵਿਸ਼ਲੇਸ਼ਣ ਨੂੰ ਦਰਸਾਉਦੀ ਹੈ,ਇਸ ਲੇਖ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ ਕਿਉਕਿ ਇਹ ਤਰਕਸ਼ੀਲ ਸੁਸਾਇਟੀ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਲਿਖੀ ਹੈ।

- Advertisement -

‘ਤੁਹਾਡੀ ਰਾਸ਼ੀ ਕੀ ਕਹਿੰਦੀ ਹੈ’ ਲੇਖ ਵਿੱਚ ਰਾਸ਼ੀ ਤੋਂ ਵਿਅਕਤੀ ਦੇ ਭੂਤ, ਭਵਿੱਖ ਬਾਰੇ ਦੱਸਣ ਦੇ ਢਕਵੰਜ ਦਾ ਵਿਰੋਧ ਕੀਤਾ ਗਿਆ ਹੈ। ‘ਫਿਰਕਾਪ੍ਰਸਤੀ ਦੀਆਂ ਜੜਾਂ’ ਲੇਖ ਵਿਚ ਫਿਰਕਾਪ੍ਰਸਤੀ ਦੇ ਵੱਖ ਵੱਖ ਪੱਖਾਂ ਆਰਥਿਕ, ਸਮਾਜਿਕ ਅਤੇ ਮਨੋਵਿਗਿਆਨਿਕ ਕਾਰਨਾਂ ਦਾ ਵਿਸ਼ਲੇਸਣ ਕੀਤਾ ਗਿਆ ਹੈ।

ਪੇਸ਼ ਹੈ ਪਾਸ਼ ਦੀ ਇਕ ਕਵਿਤਾ :
ਇਨਕਾਰ;

ਮੇਰੇ ਤੋਂ ਆਸ ਨ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ,
ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ,
ਜਿਨ੍ਹਾਂ ਦੇ ਹੜ੍ਹ ‘ਚ ਰੁੜ੍ਹ ਜਾਂਦੀ ਹੈ,
ਸਾਡੇ ਬੱਚਿਆਂ ਦੀ ਤੋਤਲੀ ਕਵਿਤਾ,
ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ,
ਮੈਂ ਤਾਂ ਜਦ ਵੀ ਕੀਤੀ-ਖਾਦ ਦੇ ਘਾਟੇ,
ਕਿਸੇ ਗਰੀਬੜੀ ਦੀ ਹਿੱਕ ਵਾਂਗੂ ਪਿਚਕ ਗਏ ਗੰਨਿਆਂ ਦੀ ਗੱਲ ਹੀ ਕਰਾਂਗਾ,
ਮੈਂ ਦਲਾਨ ਦੇ ਖੂੰਜੇ ‘ਚ ਪਈ ਸੌਣੀ ਦੀ ਫਸਲ,
ਤੇ ਦਲਾਨ ਦੇ ਬੂਹੇ ‘ਤੇ ਖੜੇ ਸਿਆਲ ਦੀ ਹੀ ਗੱਲ ਕਰਾਂਗਾ।

ਮੇਰੇ ਤੋਂ ਆਸ ਨ ਕਰਿਓ ਕਿ ਮੈਂ ਸਰਦੀ ਦੀ ਰੁੱਤੇ ਖਿੜਨ ਵਾਲੇ,

ਫੁੱਲਾਂ ਦੀਆਂ ਕਿਸਮਾਂ ਦੇ ਨਾਂ ‘ਤੇ,
ਪਿੰਡ ਦੀਆਂ ਕੁੜੀਆਂ ਦੇ ਨਾਂ ਕੁਨਾਂ ਧਰਾਂਗਾ,

ਮੈਂ ਬੈਂਕ ਦੇ ਸੈਕਟਰੀ ਦੀਆਂ ਖਚਰੀਆਂ ਮੁੱਛਾਂ,
ਸਰਪੰਚ ਦੀ ਥਾਣੇ ਤੱਕ ਲੰਮੀ ਪੂਛ ਦੀ,
ਤੇ ਉਸ ਪੂਰੇ ਚਿੜੀਆ-ਘਰ ਦੀ,
ਜੋ ਮੈਂ ਆਪਣੀ ਹਿੱਕ ਉੱਤੇ ਪਾਲ ਰੱਖਿਆ ਹੈ,
ਜਾਂ ਉਸ ਅਜਾਇਬ ਘਰ ਦੀ,
ਜੋ ਮੈਂ ਅਪਣੀ ਹਿੱਕ ਅੰਦਰ ਸਾਂਭ ਰੱਖਿਆ ਹੈ,
ਜਾਂ ਏਦਾਂ ਦੀ ਹੀ ਕੋਈ ਕਰੜ ਬਰੜੀ ਗੱਲ ਕਰਾਂਗਾ,
ਮੇਰੇ ਲਈ ਦਿਲ ਤਾਂ ਬੱਸ ਇਕ ਪਾਨ ਦੇ ਪੱਤੇ ਵਰਗਾ ਲੋਥੜਾ ਹੈ,
ਮੇਰੇ ਲਈ ਹੁਸਨ ਕੋਈ ਮੱਕੀ ਦੀ ਲੂਣ ਭੁੱਕੀ ਹੋਈ ਰੋਟੀ ਜਿਹੀ ਲੱਜ਼ਤ ਹੈ,
ਮੇਰੇ ਲਈ ਜ਼ਿੰਦਗੀ ਘਰ ਦੀ ਸ਼ਰਾਬ ਵਾਂਗ,
ਲੁਕ ਲੁਕ ਪੀਣ ਦੀ ਕੋਈ ਸ਼ੈਅ ਹੈ,
ਮੇਰੇ ਤੋਂ ਆਸ ਨ ਕਰਿਓ ਕਿ ਮੈਂ ਖਰਗੋਸ਼ ਵਾਂਗ,
ਰੋਹੀਆਂ ਦੀ ਕੂਲੀ ਮਹਿਕ ਨੂੰ ਪੋਲੇ ਜਹੇ ਸੁੰਘਾਂ,
ਮੈਂ ਹਰ ਕਾਸੇ ਨੂੰ ਜੋਤਾ ਲੱਗੇ ਹੋਏ ਬਲਦਾਂ ਦੇ ਵਾਂਗ,
ਖੁਰਲੀ ਉੱਤੇ ਸਿੱਧਾ ਹੋ ਕੇ ਟੱਕਰਿਆ ਹਾਂ ,

ਮੈਂ ਜੱਟਾਂ ਦੇ ਸਾਧ ਹੋਣ ਤੋਂ ਉਰ੍ਹਾਂ ਦਾ ਸਫਰ ਹਾਂ,
ਮੈਂ ਬੁੱਢੇ ਮੋਚੀ ਦੀ ਗੁੰਮੀ ਹੋਈ ਅੱਖਾਂ ਦੀ ਲੋਅ ਹਾਂ,
ਮੈਂ ਟੁੰਡੇ ਹੌਲਦਾਰ ਦੇ ਸੱਜੇ ਹੱਥ ਦੀ ਯਾਦ ਹਾਂ ਕੇਵਲ,
ਮੈਂ ਪਿੰਡੇ ਵਕਤ ਦੇ, ਚੱਪਾ ਸਦੀ ਦਾ ਦਾਗ ਹਾਂ ਕੇਵਲ,
ਤੇ ਮੇਰੀ ਕਲਪਣਾ, ਉਸ ਲੁਹਾਰ ਦੇ ਥਾਂ ਥਾਂ ਤੋਂ ਲੂਸੇ ਮਾਸ ਵਰਗੀ ਹੈ,
ਜੋ ਬੇਰਹਿਮ ਅਸਮਾਨ ਤੇ ਖਿਝਿਆ ਰਹੇ, ਇਕ ਹਵਾ ਦੇ ਬੁੱਲੇ ਲਈ,
ਜੀਹਦੇ ਹੱਥ ਵਿਚਲਾ ਚਊ ਦਾ ਫਾਲਾ,
ਕਦੀ ਤਲਵਾਰ ਬਣ ਜਾਵੇ, ਕਦੀ ਬੱਸ ਪੱਠਿਆਂ ਦੀ ਪੰਡ ਰਹਿ ਜਾਵੇ,
ਮੈਂ ਹੁਣ ਤੁਹਾਡੇ ਲਈ ਹਾਰਮੋਨੀਅਮ ਦਾ ਪੱਖਾ ਨਹੀਂ ਹੋ ਸਕਦਾ,
ਮੈਂ ਭਾਂਡੇ ਮਾਂਜਦੀ ਝੀਰੀ ਦੀਆਂ ਉਂਗਲਾਂ ‘ਚੋਂ ਸਿੰਮਦਾ ਰਾਗ ਹਾਂ ਕੇਵਲ,
ਮੇਰੇ ਕੋਲ ਸੁਹਜ ਦੀ ਉਸ ਸੁਪਨ ਸੀਮਾ ਤੋਂ ਉਰ੍ਹੇ,
ਹਾਲਾਂ ਕਰਨ ਨੂੰ ਬਹੁਤ ਗੱਲਾਂ ਹਨ,
ਅਜੇ ਮੈਂ ਧਰਤ ਤੇ ਚਾਈ,
ਕਿਸੇ ਸੀਰੀ ਦੇ ਕਾਲੇ-ਸ਼ਾਹ ਬੁੱਲ੍ਹਾਂ ਜਹੀ ਰਾਤ ਦੀ ਹੀ ਗੱਲ ਕਰਾਂਗਾ,
ਉਸ ਇਤਿਹਾਸ ਦੀ,
ਜੋ ਮੇਰੇ ਬਾਪ ਦੇ ਧੁੱਪ ਨਾਲ ਲੂਸੇ ਮੌਰਾਂ ਉੱਤੇ ਉੱਕਰਿਆ ਹੈ,
ਜਾਂ ਅਪਣੀ ਮਾਂ ਦੇ ਪੈਰੀਂ ਪਾਟੀਆਂ ਬਿਆਈਆਂ ਦੇ ਭੂਗੋਲ ਦੀ ਹੀ ਗੱਲ ਕਰਾਂਗਾ,
ਮੇਰੇ ਤੋਂ ਆਸ ਨ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ,
ਤੁਹਾਡੇ ਚਗਲੇ ਹੋਏ ਸਵਾਦਾਂ ਦੀ ਕੋਈ ਗੱਲ ਕਰਾਂਗਾ,
ਜਿਨ੍ਹਾਂ ਦੇ ਹੜ੍ਹ ‘ਚ ਰੁੜ੍ਹ ਜਾਂਦੀ ਹੈ ਸਾਡੇ ਬੱਚਿਆਂ ਦੀ ਤੋਤਲੀ ਕਵਿਤਾ,
ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ।*

Share this Article
Leave a comment