ਲੰਡਨ : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਆਈਸੀਯੂ ’ਚ ਉਨ੍ਹਾਂ ਦੀ ਸੰਭਾਲ ਕਰਨ ਵਾਲੀ ਨਰਸ ਜੈੱਨੀ ਮੈੱਕਗੀ ਨੇ ਇਸ ਜਾਨਲੇਵਾ ਮਹਾਮਾਰੀ ਨਾਲ ਨਜਿੱਠਣ ਦੇ ਸਰਕਾਰ ਦੇ ਢੰਗ ਦੀ ਆਲੋਚਨਾ ਕਰਦਿਆਂ ਅਸਤੀਫ਼ਾ ਦੇ ਦਿੱਤਾ ਹੈ। ਨਰਸ ਦਾ ਕਹਿਣਾ ਹੈ ਕਿ ਸਰਕਾਰ ਇਸ ਡਰਾਉਣੀ ਜਾਨਲੇਵਾ ਮਹਾਮਾਰੀ ‘ਚ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ। ਉਸ ਨੇ ਨਾਲ ਹੀ ਕਿਹਾ ਕਿ ਨਰਸਾਂ ਨੂੰ ਉਹ ਸਨਮਾਨ ਤੇ ਤਨਖ਼ਾਹ ਨਹੀਂ ਮਿਲ ਰਹੀ ਜਿਸ ਦਾ ਉਨ੍ਹਾਂ ਨੂੰ ਹੱਕ ਹੈ।
ਮੂਲ ਰੂਪ ’ਚ ਨਿਊਜ਼ੀਲੈਂਡ ਦੀ ਰਹਿਣ ਵਾਲੀ ਜੈੱਨੀ ਮੈੱਕਗੀ ਨੇ ਕਿਹਾ ਕਿ ਇਸ ਮਹਾਮਾਰੀ ਕਾਰਨ ਬਰਤਾਨੀਆ ’ਚ 1.20 ਲੱਖ ਤੋਂ ਵੱਧ ਮੌਤਾਂ ਹੋਈਆਂ ਹਨ ਅਤੇ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਿਲ ਸਾਲ ਸਾਬਤ ਹੋਇਆ ਹੈ। ਉਹਨਾਂ ਨੇ ਕਿਹਾ,”ਅਸੀਂ ਆਪਣੀ ਜਾਨ ਲਗਾ ਦਿੱਤੀ ਅਤੇ ਸਖ਼ਤ ਮਿਹਨਤ ਨਾਲ ਕੰਮ ਕੀਤਾ ਅਤੇ ਇਸ ਬਾਰੇ ਵਿਚ ਕਾਫੀ ਗੱਲਾਂ ਹੋਈਆਂ ਕਿ ਕਿਵੇਂ ਅਸੀਂ ਸਾਰੇ ਹੀਰੋ ਹਾਂ। ਪਰ ਅਜਿਹੇ ਹੀ ਸਮੇਂ ‘ਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਹੁਣ ਸਾਡੇ ਕੋਲ ਹੋਰ ਕੀ ਬਚਿਆ ਹੈ ਰਾਸ਼ਟਰੀ ਸਿਹਤ ਸੇਵਾ ਨੂੰ ਦੇਣ ਲਈ। ਸਾਨੂੰ ਉਹ ਸਨਮਾਨ ਤੇ ਹੁਣ ਓਨੀ ਤਨਖ਼ਾਹ ਨਹੀਂ ਮਿਲ ਰਹੀ ਜਿਹੜੀ ਮਿਲਣੀ ਚਾਹੀਦੀ ਹੈ। ਇਨ੍ਹਾਂ ਸਾਰੀਆਂ ਗੱਲਾਂ ਤੋਂ ਪਰੇਸ਼ਾਨ ਹੋ ਕੇ ਮੈਂ ਅਸਤੀਫ਼ਾ ਦੇ ਦਿੱਤਾ ਹੈ। ਸਰਕਾਰ ਨੇ ਇਸ ਸਾਲ ਐੱਨ.ਐੱਚ.ਐੱਸ. ਕਰਮੀਆਂ ਲਈ ਇਕ ਫੀਸਦੀ ਦੇ ਤਨਖ਼ਾਹ ਵਾਧੇ ਦਾ ਪ੍ਰਸਤਾਵ ਦਿੱਤਾ ਹੈ। ਮੈਕਗੀ ਨੇ ਕਿਹਾ ਕਿ ਕਈ ਨਰਸਾਂ ਦਾ ਮੰਨਣਾ ਹੈ ਕਿ ਸਰਕਾਰ ਨੇ ਬਹੁਤ ਪ੍ਰਭਾਵੀ ਕਦਮ ਨਹੀਂ ਚੁੱਕੇ ਅਤੇ ਅਨਿਸ਼ਚਿਤਤਾ ਦੀ ਸਥਿਤੀ ਰਹੀ।