ਫਿਲਮ “ਏਸ ਜਹਾਨੋ ਦੂਰ ਕਿਤੇ-ਚੱਲ ਜਿੰਦੀਏ” 24 ਮਾਰਚ 2023 ਨੂੰ ਹੋਵੇਗੀ ਰਿਲੀਜ਼

Rajneet Kaur
4 Min Read

ਚੰਡੀਗੜ੍ਹ: ਫਿਲਮ “ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ” ਵਿਚਲੀਆਂ ਪੰਜ ਜ਼ਿੰਦਗੀਆਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦੇ ਅਸਲ ਹਾਲਾਤਾਂ ਨੂੰ ਬਿਆਨ ਕਰਦੀ ਹੈ ਜੋ ਹਰ ਇੱਕ ਦਾ ਦਿਲ ਛੂਹ ਰਹੀ ਹੈ। ਕਹਾਣੀ ਦੋਸਤੀ ਅਤੇ ਪਰਿਵਾਰਿਕ ਸਾਂਝ ਦੇ ਰਿਸ਼ਤੇ ਨੂੰ ਦਰਸਾਉਂਦੀ ਹੈ। ਫਿਲਮ ਘੈਂਟ ਬੁਆਏਜ਼ ਐਂਟਰਟੇਨਮੈਂਟ ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੁਆਰਾ ਪ੍ਰਸਤੁਤ ਤੇ ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ, ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਤ ਹੈ। 24 ਮਾਰਚ 2023 ਨੂੰ ਰਿਲੀਜ਼ ਹੋਣ ਵਾਲੀ ਫਿਲਮ ਵਿੱਚ ਕੁਲਵਿੰਦਰ ਬਿੱਲਾ,ਆਦਿਤੀ ਸ਼ਰਮਾ, ਨੀਰੂ ਬਾਜਵਾ, ਜੱਸ ਬਾਜਵਾ, ਗੁਰਪ੍ਰੀਤ ਘੁੱਗੀ ਅਤੇ ਰੁਪਿੰਦਰ ਰੂਪੀ ਮੁੱਖ ਭੂਮਿਕਾਵਾਂ ਵਿੱਚ ਦਿਖਾਈ ਦੇਣਗੇ।

ਫਿਲਮ ਦੀ ਸਾਰੀ ਸਟਾਰਕਾਸਟ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਫਿਲਮ ਬਾਰੇ ਖੁੱਲ ਕੇ ਗੱਲ ਕੀਤੀ। ਇਹ ਫ਼ਿਲਮ ਉਦੈ ਪ੍ਰਤਾਪ ਸਿੰਘ ਦੁਆਰਾ ਨਿਰਦੇਸ਼ਤ ਅਤੇ ਜਗਦੀਪ ਵੜਿੰਗ ਦੁਆਰਾ ਲਿਖੀ ਗਈ ਹੈ। ਫ਼ਿਲਮ ਦਾ ਸੰਗੀਤ ਵਿਹਲੀ ਜਨਤਾ ਰਿਕਾਰਡਜ਼ ਦੇ ਲੇਬਲ ਹੇਠ ਪੇਸ਼ ਕੀਤਾ ਗਿਆ ਹੈ ਅਤੇ ਫ਼ਿਲਮ ਦਾ ਬੈਕਗ੍ਰਾਊਂਡ ਸਕੋਰ ਰਾਜੂ ਸਿੰਘ ਨੇ ਦਿੱਤਾ ਹੈ। ਫਿਲਮ ਨੂੰ ਓਮਜੀ ਸਟਾਰ ਸਟੂਡੀਓਜ਼ ਦੁਆਰਾ ਵਿਸ਼ਵ ਭਰ ਵਿੱਚ ਡਿਸਟ੍ਰਿਬਿਊਟ ਕੀਤਾ ਜਾਵੇਗਾ।ਆਪਣੀ ਆਉਣ ਵਾਲੀ ਫਿਲਮ ਲਈ ਖੁਸ਼ੀ ਜਾਹਿਰ ਕਰਦਿਆਂ ਨਿਰਮਾਤਾ ਕੁਲਵਿੰਦਰ ਬਿੱਲਾ, ਹੈਰੀ ਕਾਹਲੋਂ ਅਤੇ ਸੰਤੋਸ਼ ਕੁਮਾਰ ਥੀਟੇ ਨੇ ਕਿਹਾ, “ਇਸ ਫਿਲਮ ਦੇ ਰਾਹੀਂ ਅਸੀਂ ਦਰਸ਼ਕਾਂ ਨੂੰ ਦੋਸਤੀ, ਪਿਆਰ ਅਤੇ ਪਰਿਵਾਰ ਦੇ ਰਿਸ਼ਤੇ ਦੀ ਇੱਕ ਸੱਚੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਇਹ ਕੋਸ਼ਿਸ਼ ਜ਼ਰੂਰ ਪਸੰਦ ਆਵੇਗੀ ਅਤੇ ਫਿਲਮ ਨੂੰ ਰਿਲੀਜ਼ ਹੁੰਦੇ ਸਾਰ ਹੀ ਆਪਣਾ ਭਰਪੂਰ ਪਿਆਰ ਦੇਣਗੇ।”

ਅਦਾਕਾਰਾ ਨੀਰੂ ਬਾਜਵਾ ਨੇ ਫਿਲਮ “ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ” ਦੇ ਲਈ ਉਤਸ਼ਾਹ ਸਾਂਝਾ ਕਰਦੇ ਹੋਏ ਕਿਹਾ, “ਮੇਰੀ ਪਹਿਲਾਂ ਤੋਂ ਹੀ ਕੋਸ਼ਿਸ਼ ਰਹੀ ਹੈ ਕਿ ਮੈਂ ਹਮੇਸ਼ਾਂ ਪ੍ਰੇਰਨਾਦਾਇਕ ਫ਼ਿਲਮਾਂ ਦਰਸ਼ਕਾਂ ਅੱਗੇ ਪੇਸ਼ ਕਰਾਂ ਅਤੇ ਇਹ ਫਿਲਮ ਪ੍ਰੇਰਨਾਦਾਇਕ ਫਿਲਮ ਹੋਣ ਦੇ ਨਾਲ-ਨਾਲ ਮਨੋਰੰਜਨਦਾਇਕ ਅਤੇ ਭਾਵਨਾਤਮਕ ਹੈ। ਮੈਨੂੰ ਉਮੀਦ ਹੈ ਕਿ ਦਰਸ਼ਕ ਪਹਿਲਾਂ ਵਾਂਗ ਹੀ ਮੇਰੀ ਇਸ ਫਿਲਮ ਨੂੰ ਵੀ ਆਪਣਾ ਭਰਪੂਰ ਪਿਆਰ ਦੇਣਗੇ।”ਗੁਰਪ੍ਰੀਤ ਘੁੱਗੀ ਨੇ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਕਿਹਾ, ” ਮੈਨੂੰ ਆਸ ਹੈ ਅਸੀਂ ਇਸ ਵਿਲੱਖਣ ਕਹਾਣੀ ਨਾਲ ਸਾਰਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਵਿੱਚ ਕਾਮਯਾਬ ਹੋਵਾਂਗੇ, ਮੈਨੂੰ ਉਮੀਦ ਹੈ ਕਿ ਹਰ ਕੋਈ ਫਿਲਮ ਦਾ ਆਨੰਦ ਮਾਣੇਗਾ ਅਤੇ ਫਿਲਮ ਦੇਖਣ ਲਈ ਉਤਸ਼ਾਹਿਤ ਹੋਵੇਗਾ।”

ਫਿਲਮ ਬਾਰੇ ਗੱਲ ਕਰਦੇ ਹੋਏ ਅਦਾਕਾਰ ਜੱਸ ਬਾਜਵਾ ਨੇ ਕਿਹਾ, “ਜਿਵੇਂ ਹੀ ਮੈਂ ਇਸ ਫਿਲਮ ਦੀ ਕਹਾਣੀ ਸੁਣੀ, ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਨੂੰ ਇਸ ਫਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਮੈਂ ਹਾਂ ਕਰ ਦਿੱਤੀ। ਇਸ ਫਿਲਮ ਵਿੱਚ ਜਿਨ੍ਹਾਂ ਮੁੱਦਿਆਂ ‘ਤੇ ਰੌਸ਼ਨੀ ਪਾਈ ਗਈ ਹੈ ਉਹ ਹਰ ਇੱਕ ਦੇ ਲਈ ਜਾਨਣੇ ਜ਼ਰੂਰੀ ਹਨ। ਦਰਸ਼ਕ ਇਸ ਨੂੰ ਦੇਖਣ ਤੋਂ ਬਾਅਦ ਯਕੀਨਨ ਫਿਲਮ ਦੀ ਗਹਿਰਾਈ ਨੂੰ ਸਮਝਣਗੇ।”ਅਦਾਕਾਰਾ ਅਦਿਤੀ ਸ਼ਰਮਾ ਨੇ ਕਿਹਾ, “ਮੈਂ ਬਹੁਤ ਮਾਣ ਮਹਿਸੂਸ ਕਰਦੀ ਹਾਂ ਕਿ ਮੈਨੂੰ ਇੰਨੀ ਮਿਹਨਤੀ ਸਟਾਰਕਾਸਟ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਆਧੁਨਿਕ ਯੁੱਗ ਦੀ ਪੀੜੀ ਦੇ ਨੌਜਵਾਨ ਆਪਣੇ ਦੇਸ਼ ਨੂੰ ਛੱਡ ਬਾਹਰ ਵਿਦੇਸ਼ਾਂ ਵੱਲ ਜਾ ਰਹੇ ਹਨ, ਅਸੀਂ ਇਸ ਫਿਲਮ ਦੇ ਰਾਹੀਂ ਉੱਥੇ ਰਹਿੰਦੇ ਪੰਜਾਬੀਆਂ ਦੇ ਹਾਲਾਤਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੀ ਹਾਂ ਕਿ ਦਰਸ਼ਕਾਂ ਨੂੰ ਸਾਡੀ ਕੀਤੀ ਮਿਹਨਤ ਪਸੰਦ ਆਵੇਗੀ।”ਰੁਪਿੰਦਰ ਰੂਪੀ ਨੇ ਵੀ ਆਪਣਾ ਉਤਸ਼ਾਹ ਸਾਂਝਾ ਕੀਤਾ, ” ਮੈਨੂੰ ਬੇਮਿਸਾਲ ਟੀਮ ਦੇ ਨਾਲ ਕੰਮ ਕਰਕੇ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ, ਮੈਂ ਫਿਲਮ ਦੇਖਣ ਤੋਂ ਬਾਅਦ ਹਰ ਕਿਸੇ ਦੇ ਪ੍ਰਤੀਕਰਮਾਂ ਨੂੰ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੀ।”

- Advertisement -

Share this Article
Leave a comment