ਛੇੜਛਾੜ ਦੇ ਗੰਭੀਰ ਦੋਸ਼ਾਂ ‘ਚ ਘਿਰੇ ਗੁਰਪ੍ਰੀਤ ਢਿੱਲੋਂ ਨੂੰ ਕੀਤਾ ਗਿਆ ਮੁਅੱਤਲ

TeamGlobalPunjab
2 Min Read

ਬਰੈਂਪਟਨ: ਮਹਿਲਾ ਨਾਲ ਛੇੜਛਾੜ ਦੇ ਗੰਭੀਰ ਦੋਸ਼ਾਂ ‘ਚ ਘਿਰੇ ਬਰੈਂਪਟਨ ਸਿਟੀ ਕਾਊਂਸਲਰ ਗੁਰਪ੍ਰੀਤ ਢਿੱਲੋਂ ਨੂੰ ਤਿੰਨ ਮਹੀਨੇ ਲਈ ਬਗ਼ੈਰ ਤਨਖਾਹ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਬਰੈਂਪਟਨ ਸਿਟੀ ਕਾਊਂਸਲ ਵੱਲੋਂ ਸਰਬਸੰਮਤੀ ਨਾਲ ਪਾਸ ਮਤੇ ਤਹਿਤ ਆਮ ਲੋਕਾਂ ਨਾਲ ਮੁਲਾਕਾਤ ਅਤੇ ਸਿਟੀ ਹਾਲ ਵਿਚ ਦਾਖ਼ਲ ਹੋਣ ‘ਤੇ ਸਖ਼ਤੀ ਨਾਲ ਰੋਕ ਲਗਾ ਦਿੱਤੀ ਹੈ।

ਦੱਸ ਦੇਈਏ ਕਿ ਕੈਨੇਡੀਅਨ ਟਰੇਡ ਮਿਸ਼ਨ ਦੀ ਮੈਂਬਰ ਵੱਲੋਂ ਗੁਰਪ੍ਰੀਤ ਸਿੰਘ ਢਿੱਲੋਂ ਤੇ ਦੋਸ਼ ਲਾਇਆ ਗਿਆ ਸੀ ਕਿ ਪਿਛਲੇ ਸਾਲ ਨਵੰਬਰ ਵਿਚ ਤੁਰਕੀ ਦੇ ਇਕ ਹੋਟਲ ਵਿਚ ਉਸ ਨਾਲ ਜਿਸਮਾਨੀ ਛੇੜਛਾੜ ਕੀਤੀ ਗਈ। ਬਰੈਂਪਟਨ ਦੀ ਕਾਰੋਬਾਰੀ ਮਹਿਲਾ ਅਤੇ ਗੁਰਪ੍ਰੀਤ ਸਿੰਘ ਢਿੱਲੋਂ ਉਸ ਵਫ਼ਦ ਦਾ ਹਿੱਸਾ ਸਨ ਜੋ ਕੈਨੇਡਾ ਅਤੇ ਤੁਰਕੀ ਦਰਮਿਆਨ ਕਾਰੋਬਾਰੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਅੰਕਾਰਾ ਗਿਆ ਸੀ।

ਦੂਜੇ ਪਾਸੇ ਗੁਰਪ੍ਰੀਤ ਸਿੰਘ ਢਿੱਲੋਂ ਆਪਣੇ ਵਿਰੁੱਧ ਲੱਗੇ ਦੋਸ਼ਾਂ ਨੂੰ ਕੋਰਾ ਝੂਠ ਦੱਸ ਚੁੱਕੇ ਹਨ। ਉਨ੍ਹਾਂ ਕਿਹਾ, “ਮੈਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਜ ਕਰਦਾ ਹਾਂ ਅਤੇ ਇਸ ਬਾਰੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਹੈ।” ਗੁਰਪ੍ਰੀਤ ਢਿੱਲੋਂ ਵੱਲੋਂ ਬਰੈਂਪਟਨ ਸਿਟੀ ਕੌਂਸਲ ਦੀ ਮੀਟਿੰਗ ਵਿਚ 5 ਅਗਸਤ ਨੂੰ ਪੇਸ਼ ਰਿਪੋਰਟ ਦੀ ਨਿਆਂਇਕ ਸਮੀਖਿਆ ਕਰਵਾਉਣ ਦੀ ਪ੍ਰਕਿਰਿਆ ਆਰੰਭੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਜਾਂਚ ਬਿਨ੍ਹਾਂ ਰਸਮੀ ਸ਼ਿਕਾਇਤ ਤੋਂ ਸ਼ੁਰੂ ਕੀਤੀ ਗਈ ਅਤੇ ਸ਼ੁਰੂ ਤੋਂ ਹੀ ਪੜਤਾਲ ਦੇ ਤੌਰ-ਤਰੀਕੇ ਗ਼ੈਰਵਾਜਬ ਮਹਿਸੂਸ ਹੋ ਰਹੇ ਸਨ। ਸ਼ਿਕਾਇਤਕਰਤਾ ਦੀ ਕਹਾਣੀ ਵਿਚ ਕਈ ਕਮੀਆਂ ਹਨ ਅਤੇ ਇਕ ਗੱਲ, ਦੂਜੀ ਨਾਲ ਬਿਲਕੁਲ ਨਹੀਂ ਜੁੜਦੀ।

- Advertisement -

 

 ਗੁਰਪ੍ਰੀਤ ਸਿੰਘ ਢਿੱਲੋਂ ਨੂੰ 90 ਦਿਨਾਂ ਲਈ ਮੁਅੱਤਲ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਪੀੜਤ ਤੋਂ ਮੁਆਫ਼ੀ ਮੰਗਣ ਦਾ ਹੁਕਮ ਦਿਤਾ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ਦੀ ਆਰਥਿਕ ਵਿਕਾਸ ਅਤੇ ਸਭਿਆਚਾਰਕ ਕਮੇਟੀ ਦੇ ਮੁਖੀ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ ਹੈ।

ਦਸਣਯੋਗ ਹੈ ਕਿ ਪਿਛਲੇ ਸਾਲ ਵੀ ਦੋਸ਼ਾਂ ਦਾ ਖੰਡਨ ਕਰਦੇ ਹੋਏ ਗੁਰਪ੍ਰੀਤ ਢਿੱਲੋਂ ਨੇ ਫੇਸਬੁੱਕ ‘ਤੇ ਪੋਸਟ ਕੀਤੀ ਸੀ ਜਿਸ ‘ਚ ਉਨ੍ਹਾਂ ਲਿਖਿਆ ਸੀ ਕਿ ਮੇਰੇ ਨਾਲ ਮਿਲਦੇ ਜੁਲਦੇ ਨਾਮ ਵਾਲੇ ਬਰੈਂਪਟਨ ਦੇ ਇੱਕ ਵਿਅਕਤੀ ‘ਤੇ ਅਪਰਾਧਿਕ ਮਾਮਲਾ ਦਰਜ ਹੋਣ ਕਾਰਨ ਇਹ ਅਫਵਾਹਾਂ ਉੱਡ ਰਹੀਆਂ ਹਨ। ਉਨ੍ਹਾਂ ਨੇ ਸਾਫ ਕਰਦੇ ਅੱਗੇ ਲਿਖਿਆ ਸੀ ਮੇਰੇ ‘ਤੇ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ ਅਤੇ ਨਾ ਹੀ ਉਨ੍ਹਾਂ ਕੋਲੋਂ ਪੁਲਿਸ ਵੱਲੋਂ ਕੋਈ ਪੁੱਛਗਿੱਛ ਕੀਤੀ ਜਾ ਰਹੀ ਹੈ।

Share this Article
Leave a comment