ਅਰੁਣਾਚਲ ਪ੍ਰਦੇਸ਼ ਦੇ ਮੇਚੁਕਾ ‘ਚ ਗੁਰਦੁਆਰਾ ਗੁਰੂ ਨਾਨਕ ਤਪੋ ਅਸਥਾਨ ਨੂੰ ਬੋਦੀ ਅਸਥਾਨ ਵਿੱਚ ਤਬਦੀਲ ਕਰਨ ਦਾ ਮਾਮਲਾ – ਜਥੇਦਾਰ ਅਕਾਲ ਤਖ਼ਤ ਸਾਹਿਬ

navdeep kaur
4 Min Read

ਅੰਮ੍ਰਿਤਸਰ : ਪੂਰੇ ਸੰਸਾਰ ਵਿਚ ਕਈ ਧਰਮਾਂ ਦੇ ਲੋਕ ਰਹਿੰਦੇ ਹਨ। ਸਾਰੇ ਧਰਮਾਂ ਦੇ ਆਪਣੇ ਰੀਤੀ ਰਿਵਾਜ਼ ਹਨ।ਜਿਥੇ ਲੋਕਾਂ ਦਾ ਆਉਣਾ ਜਾਣਾ ਲਗਾ ਹੀ ਰਹਿੰਦਾ ਹੈ। ਪਰ ਕੋਈ ਕਿਸੇ ਦੇ ਧਰਮ ਅਸਥਾਨ ਨੂੰ ਤਬਦੀਲ ਨਹੀਂ ਕਰ ਸਕਦਾ। ਦੱਸ ਦਿੰਦੇ ਹਾਂ ਕਿ ਅਰੁਨਾਚਲ ਪ੍ਰਦੇਸ਼ ਦੇ ਮੇਚੁਕਾ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਨੂੰ ਬੋਧੀ ਅਸਥਾਨ ਵਿਚ ਤਬਦੀਲ ਕੀਤੇ ਜਾਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ। ਮੇਚੁਕਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਗੁਰੂ ਨਾਨਕ ਤਪੋ ਅਸਥਾਨ ਸਥਿਤ ਹੈ, ਜਿਸ ਨੂੰ ਹਾਲ ਹੀ ਵਿਚ ਬੁੱਧ ਧਰਮ ਦੇ ਅਸਥਾਨ ਦੇ ਰੂਪ ਵਿਚ ਬਦਲ ਦਿੱਤਾ ਗਿਆ ਹੈ। ਲੰਘੀ 8 ਅਪ੍ਰੈਲ ਨੂੰ ਅਰੁਨਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਪੇਮਾ ਖਾਂਡੂ ਨੇ ਸੋਸ਼ਲ ਮੀਡੀਆ ’ਤੇ ਆਪਣੇ ਦੌਰੇ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਹੁਣ ਇਸ ਸਿੱਖ ਅਸਥਾਨ ਨੂੰ ਬੋਧੀ ਅਸਥਾਨ ਵਜੋਂ ਤਬਦੀਲ ਕੀਤਾ ਜਾ ਚੁੱਕਾ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਹਰਕਤ ਨੂੰ ਸਿੱਖਾਂ ’ਤੇ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਕਿਸੇ ਵੀ ਧਰਮ ਅਸਥਾਨ ਨੂੰ ਹੋਰ ਧਰਮ ਦੇ ਕੇਂਦਰ ਵਿਚ ਤਬਦੀਲ ਕਰ ਦੇਣਾ ਸੰਵਿਧਾਨ ਦੀ ‘ਧਾਰਾ 25’ ਦੀ ਸਿੱਧੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਦੀ ਭਲਾਈ ਲਈ ਵੱਖ-ਵੱਖ ਦੇਸ਼ਾਂ ਦੀ ਧਾਰਮਿਕ ਯਾਤਰਾ ਕੀਤੀ ਸੀ, ਜਿਸ ਨੂੰ ਸਿੱਖ ਇਤਿਹਾਸ ਵਿਚ ਉਦਾਸੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸੇ ਤਹਿਤ ਹੀ ਗੁਰੂ ਸਾਹਿਬ ਦੇ ਮੇਚੁਕਾ ਵਿਖੇ ਵੀ ਜਾਣ ਦਾ ਹਵਾਲਾ ਮਿਲਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰੂ ਸਾਹਿਬ ਦੀ ਯਾਦ ਵਿਚ ਮੇਚੁਕਾ ਵਿਖੇ ਗੁਰਦੁਆਰਾ ਗੁਰੂ ਨਾਨਕ ਤਪੋ ਅਸਥਾਨ ਸਥਾਪਤ ਸੀ। ਗੁਰਦੁਆਰਾ ਸਾਹਿਬ ਦੇ ਵਿਕਾਸ ਲਈ ਇਤਿਹਾਸਕਾਰ ਕਰਨਲ ਦਲਵਿੰਦਰ ਸਿੰਘ ਗਰੇਵਾਲ ਨੇ ਅਹਿਮ ਯੋਗਦਾਨ ਪਾਇਆ ਸੀ। ਸ. ਗਰੇਵਾਲ ਨੇ ਭਾਰਤੀ ਫ਼ੌਜ ਦੇ ਸਹਿਯੋਗ ਨਾਲ ਮਾਰਚ 1987 ’ਚ ਇਸ ਗੁਰਦੁਆਰਾ ਸਾਹਿਬ ਨੂੰ ਸੰਗਤ ਅਰਪਣ ਕੀਤਾ ਸੀ। ਪਰੰਤੂ ਦੁੱਖ ਦੀ ਗੱਲ ਹੈ ਕਿ ਹੁਣ ਪਹਿਲੇ ਪਾਤਸ਼ਾਹ ਦੀ ਇਸ ਯਾਦਗਾਰ ਨੂੰ ਖ਼ਤਮ ਕਰਨ ਦੀ ਕੋਝੀ ਹਰਕਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਅਰੁਨਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸਿੱਖਾਂ ਦੇ ਇਸ ਇਤਿਹਾਸਕ ਅਸਥਾਨ ’ਤੇ ਜਾ ਕੇ ਇਸ ਨੂੰ ਬੋਧੀ ਅਸਥਾਨ ਵਜੋਂ ਦਿਖਾ ਰਹੇ ਹਨ। ਇਹ ਕਦਮ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲਾ ਹੈ, ਜਿਸ ਦਾ ਹਰ ਪੱਧਰ ’ਤੇ ਕਰੜਾ ਵਿਰੋਧ ਕੀਤਾ ਜਾਵੇਗਾ।

ਜਥੇਦਾਰ ਨੇ ਕਿਹਾ ਕਿ ਇਕ ਪਾਸੇ ਭਾਰਤੀ ਫੌਜ ਵਿੱਚ ਸ਼ਾਮਲ ਸਿੱਖ ਨੌਜਵਾਨ ਚੀਨ ਵੱਲੋਂ ਪਾਈ ਜਾ ਰਹੀ ਵੰਗਾਰ ਦਾ ਬਾਖੂਬੀ ਜਵਾਬ ਦੇ ਰਹੇ ਹਨ, ਤੇ ਇਧਰ ਭਾਰਤ ਅੰਦਰ ਪੂਰਬੀ ਸਟੇਟਾਂ ਵਿੱਚ ਸਿੱਖ ਕੌਮ ਦੇ ਨਿਸ਼ਾਨ ਅਤੇ ਇਤਿਹਾਸਕ ਸਥਾਨਾਂ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜੋ ਵੱਡੀ ਚਿੰਤਾ ਵਾਲੀ ਗੱਲ ਹੈ। ਕੌਣ ਲੋਕ ਹਨ ਜੋ ਸਥਾਨਕ ਲੋਕਾਂ ਨੂੰ ਭੜਕਾ ਕੇ ਸਿੱਖਾਂ ਦੇ ਅਸਥਾਨ ਖਤਮ ਕਰਾਉਣ ਦਾ ਯਤਨ ਕਰ ਰਹੇ ਹਨ। ਇਸ ਦੀ ਭਾਰਤ ਸਰਕਾਰ ਨੂੰ ਗਹਿਰਾਈ ਨਾਲ ਜਾਂਚ ਕਰਨੀ ਚਾਹੀਦੀ ਹੈ।

ਜਥੇਦਾਰ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਫੇਰ ਅਰੁਣਾਚਲ ਪ੍ਰਦੇਸ਼ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਨੂੰ ਖਤਮ ਕਰਨ ਦਾ ਕੋਝਾ ਯਤਨ ਕੀਤਾ ਗਿਆ ਹੈ, ਉਥੋਂ ਦੀ ਸਰਕਾਰ ਵੀ ਸਥਾਨਕ ਲੋਕਾਂ ਦੇ ਦਬਾਅ ਵਿਚ ਆ ਕੇ ਇਸ ਕਾਰਜ ਵਿੱਚ ਸ਼ਾਮਲ ਹੋ ਜਾਂਦੀ ਹੈ ਪਰ ਸਥਾਨਕ ਲੋਕਾਂ ਨੂੰ ਕੌਣ ਭੜਕਾ ਰਿਹਾ ਹੈ, ਇਸ ਦੀ ਭਾਰਤ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ।

ਜਥੇਦਾਰ ਨੇ ਮੰਗ ਕੀਤੀ ਕਿ ਅਰੁਣਾਚਲ ਪ੍ਰਦੇਸ਼ ਵਿੱਚ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਨੂੰ ਭਾਰਤ ਸਰਕਾਰ ਤੁਰੰਤ ਬਹਾਲ ਕਰੇ। ਜਥੇਦਾਰ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਰੁਣਾਚਲ ਪ੍ਰਦੇਸ਼ ਵਿੱਚ ਫੌਰੀ ਟੀਮ ਭੇਜ ਕੇ ਮਾਮਲੇ ਦੀ ਜਾਂਚ ਕਰਨ ਲਈ ਆਖਿਆ ਗਿਆ ਹੈ।

- Advertisement -

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment