ਮਾਨ ਅਤੇ ਸ਼ਾਹ ਦੀ ਦਿੱਲੀ ‘ਚ ਹੋਈ ਮੀਟਿੰਗ ਦੇ ਮਾਇਨੇ !

Rajneet Kaur
4 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅੱਜ ਦਿੱਲੀ ਵਿਖੇ ਅਮਨ-ਕਾਨੂੰਨ ਦੇ ਮੁੱਦੇ ਨੂੰ ਲੈ ਕੇ ਮੀਟਿੰਗ ਹੋਈ। ਬੇਸ਼ੱਕ ਕੇਂਦਰੀ ਗ੍ਰਹਿ ਮੰਤਰੀ ਨਾਲ ਕਿਸੇ ਵੀ ਸੂਬੇ ਦੇ ਮੁੱਖ ਮੰਤਰੀ ਦੀ ਮੀਟਿੰਗ ਦਾ ਨੋਟਿਸ ਲਿਆ ਜਾਣਾ ਸੁਭਾਵਿਕ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਦੀ ਮੀਟਿੰਗ ਨੂੰ ਲੈ ਕੇ ਸੂਬੇ ਦੀਆਂ ਸਾਰੀਆਂ ਵਿਰੋਧੀ ਧਿਰਾਂ ਦੀਆਂ ਨਜ਼ਰਾਂ ਇਸ ਮੀਟਿੰਗ ਉੱਪਰ ਟਿਕੀਆਂ ਹੋਈਆਂ ਸਨ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਬਾਰਡਰ ਉੱਪਰ ਆਉਂਦੇ ਡਰੋਨ ਅਤੇ ਨਸ਼ੇ ਦੇ ਮਸਲੇ ਉੱਪਰ ਚਰਚਾ ਕੀਤੀ ਗਈ ਹੈ। ਟਵੀਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਰਹੱਦ ਉੱਪਰ ਕੰਡਿਆਲੀ ਤਾਰ ਸ਼ਿਫ਼ਟ ਕਰਨ ਦਾ ਮਸਲਾ ਵੀ ਵਿਚਾਰਿਆ ਗਿਆ ਹੈ। ਪੰਜਾਬ ਦਾ ਰੁਕਿਆ ਪੇਂਡੂ ਵਿਕਾਸ ਫ਼ੰਡ ਵੀ ਜਲਦ ਜਾਰੀ ਕਰਨ ਨੂੰ ਕਿਹਾ ਗਿਆ ਹੈ। ਇਸ ਮੀਟਿੰਗ ਦੀ ਜਾਣਕਾਰੀ ਮੁਤਾਬਿਕ ਕਾਨੂੰਨ ਵਿਵਸਥਾ ਦੇ ਮਸਲੇ ਉੱਪਰ ਕੇਂਦਰ ਅਤੇ ਪੰਜਾਬ ਮਿਲ ਕੇ ਕੰਮ ਕਰੇਗਾ। ਮੁੱਖ ਮੰਤਰੀ ਭਗਵੰਤ ਮਾਨ ਦੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਤੋਂ ਵਧੇਰੇ ਅਹਿਮ ਹੈ। ਪਿਛਲੇ ਕਾਫ਼ੀ ਦਿਨਾਂ ਤੋਂ ਵਿਰੋਧੀ ਧਿਰਾਂ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਅਮਨ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਹਮਲੇ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਕੁੱਝ ਹੋਰ ਰਾਜਸੀ ਧਿਰਾਂ ਤਾਂ ਇੱਕ ਕਦਮ ਅੱਗੇ ਜਾ ਕੇ ਪੰਜਾਬ ‘ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕਰ ਰਹੀਆਂ ਹਨ। ਇਸ ਬਾਰੇ ਕੋਈ ਦੋ ਰਾਏ ਨਹੀਂ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਹੇਠ ਰੱਖਣਾ ਸੂਬੇ ਦੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਪਰ ਪੰਜਾਬ ਇੱਕ ਸਰਹੱਦੀ ਸੂਬਾ ਹੈ ਤਾਂ ਇਸ ਕਰਕੇ ਕੇਂਦਰ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਸੂਬੇ ਨੂੰ ਸਹਿਯੋਗ ਦਿੱਤਾ ਜਾਵੇ। ਮਾੜੀ ਗੱਲ ਇਹ ਹੈ ਕਿ ਪਿਛਲੇ ਸਮੇਂ ਤੋਂ ਕਈ ਮੁੱਦਿਆਂ ਉੱਪਰ ਲਗਾਤਾਰ ਕੇਂਦਰ ਅਤੇ ਪੰਜਾਬ ਸਰਕਾਰ ਦਾ ਟਕਰਾ ਬਣਿਆ ਹੋਇਆ ਹੈ। ਮਿਸਾਲ ਵਜੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕਈ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਉੱਪਰ ਸਵਾਲ ਚੁੱਕਦੇ ਰਹੇ ਹਨ। ਹੁਣ ਮੁੱਖ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਨੇ ਪੰਜਾਬ ਦੀ ਮੌਜੂਦਾ ਸਥਿਤੀ ਤੋਂ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਜਾਣੂ ਕਰਵਾਇਆ। ਬੇਸ਼ੱਕ ਅਧਿਕਾਰਤ ਤੌਰ ਤੇ ਅਜੇ ਵੇਰਵੇ ਆਉਣੇ ਬਾਕੀ ਹਨ ਪਰ ਸੂਤਰਾਂ ਅਨੁਸਾਰ ਗਰਮ ਖ਼ਿਆਲੀ ਸਿੱਖ ਆਗੂ ਅੰਮ੍ਰਿਤਪਾਲ ਸਿੰਘ ਵੱਲੋਂ ਅਜਨਾਲਾ ਦੇ ਥਾਣੇ ਵਿੱਚ ਜਾ ਕੇ ਐਫ ਆਈ ਆਰ ਰੱਦ ਕਰਵਾਉਣ ਲਈ ਕੀਤੀ ਕਾਰਵਾਈ ਦਾ ਮਾਮਲਾ ਵੀ ਮੀਟਿੰਗ ਵਿੱਚ ਵਿਚਾਰਿਆ ਗਿਆ ਹੈ। ਵਿਰੋਧੀ ਧਿਰਾਂ ਅਜਨਾਲਾ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਕਾਰਵਾਈ ਦੀ ਮੰਗ ਕਰ ਰਹੀਆਂ ਹਨ। ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਅਮਨ ਕਾਨੂੰਨ ਕਿਸੇ ਨੂੰ ਵੀ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਪਰ ਅਜਨਾਲਾ ਵਿੱਚ ਪੁਲਿਸ ਵੱਲੋਂ ਵਿਖਾਏ ਸੰਜਮ ਕਾਰਨ ਕੋਈ ਮੰਦਭਾਗੀ ਘਟਨਾ ਨਹੀਂ ਵਾਪਰੀ। ਮੁੱਖ ਮੰਤਰੀ ਮਾਨ ਦੀ ਕੇਂਦਰੀ ਗ੍ਰਹਿ ਮੰਤਰੀ ਨਾਲ ਮੀਟਿੰਗ ਇਸ ਕਰਕੇ ਵੀ ਅਹਿਮ ਮੰਨੀ ਜਾ ਰਹੀ ਹੈ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਨੂੰ ਦਿੱਲੀ ਬੁਲਾਇਆ ਗਿਆ। ਆਮ ਤੌਰ ‘ਤੇ ਸੈਸ਼ਨ ਦੇ ਮੌਕੇ ਮੁੱਖ ਮੰਤਰੀ ਚੰਡੀਗੜ੍ਹ ਹੁੰਦੇ ਹਨ ਅਤੇ ਸਦਨ ਦੇ ਨੇਤਾ ਵਜੋਂ ਸਦਨ ਦੀ ਕਾਰਵਾਈ ਨੂੰ ਚਲਾਉਣ ਲਈ ਆਪਣੇ ਸਾਥੀ ਆਗੂਆਂ ਨਾਲ ਵਿਚਾਰ-ਵਿਟਾਂਦਰਾ ਕਰਦੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਪੰਜਾਬ ਵੱਲ ਵਧੇਰੇ ਧਿਆਨ ਦੇਣ ਦਾ ਏਜੰਡਾ ਲੈ ਕੇ ਚੱਲ ਰਹੀ ਹੈ। ਇਸੇ ਏਜੰਡੇ ਦੀ ਨੀਤੀ ਅਧੀਨ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਡਰੱਗ ਵਿਰੋਧੀ ਪਦ ਯਾਤਰਾ ਨੂੰ ਸ਼ੁਰੂ ਕਰਨ ਲਈ ਪੰਜਾਬ ਆ ਰਹੇ ਹਨ। ਇਹ ਸਾਰੇ ਦੇ ਚੱਲਦਿਆਂ ਆਪ ਦੇ ਹਲਕਿਆਂ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਸਰਕਾਰ ਨੂੰ ਡੇਗਣ ਤੇ ਤੁਲੀ ਹੋਈ ਹੈ। ਇਹ ਸਾਰੇ ਦੀ ਰੌਸ਼ਨੀ ਵਿੱਚ ਮਾਨ ਅਤੇ ਸ਼ਾਹ ਦੀ ਮੀਟਿੰਗ ਦੇ ਨਿਕਲਣ ਵਾਲੇ ਰਾਜਸੀ ਮਾਇਨਿਆਂ ਦਾ ਅਰਥ ਅਗਲੇ ਦਿਨਾਂ ‘ਚ ਸਾਹਮਣੇ ਆਉਣ ਦੀ ਸੰਭਾਵਨਾ ਹੈ।

Share this Article
Leave a comment