ਨਿਊਜ਼ ਡੈਸਕ :ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਦਾ ਪੁੱਤਰ ਅਸਦ ਵੀਰਵਾਰ ਨੂੰ ਝਾਂਸੀ ਵਿੱਚ ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨਾਲ ਮੁਕਾਬਲੇ ਵਿੱਚ ਮਾਰਿਆ ਗਿਆ।
ਯੂਪੀ ਐਸਟੀਐਫ ਦੇ ਇੱਕ ਬਿਆਨ ਅਨੁਸਾਰ ਅਸਦ ਪ੍ਰਯਾਗਰਾਜ ਦੇ ਉਮੇਸ਼ ਪਾਲ ਕਤਲ ਕੇਸ ਵਿੱਚ ਲੋੜੀਂਦਾ ਸੀ। ਉਸ ‘ਤੇ 5-5 ਲੱਖ ਰੁਪਏ ਦਾ ਇਨਾਮ ਸੀ।ਐਸਟੀਐਫ ਨੇ ਦੱਸਿਆ ਕਿ ਮਕਸੂਦਨ ਦਾ ਪੁੱਤਰ ਗੁਲਾਮ ਵੀ ਮੁਕਾਬਲੇ ਵਿੱਚ ਮਾਰਿਆ ਗਿਆ।
ਝਾਂਸੀ ਵਿਖੇ ਪੁਲਿਸ ਦੇ ਡਿਪਟੀ ਸੁਪਰਡੈਂਟ ਨਵੇਂਦੂ ਅਤੇ ਪੁਲਿਸ ਡਿਪਟੀ ਸੁਪਰਡੈਂਟ ਵਿਮਲ ਦੀ ਅਗਵਾਈ ਵਾਲੀ ਯੂਪੀ ਐਸਟੀਐਫ ਟੀਮ ਨਾਲ ਮੁਕਾਬਲੇ ਵਿੱਚ ਦੋਵੇਂ ਮਾਰੇ ਗਏ ਸਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਮ੍ਰਿਤਕਾਂ ਕੋਲੋਂ ਆਧੁਨਿਕ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਗਏ ਹਨ।
ਇਸ ਕਾਰਵਾਈ ਲਈ ਯੂਪੀ ਐਸਟੀਐਫ ਨੂੰ ਵਧਾਈ ਦਿੰਦੇ ਹੋਏ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ, “ਪੁਲਿਸ ਵੱਲੋਂ ਉਨ੍ਹਾਂ ‘ਤੇ ਗੋਲੀਬਾਰੀ ਕਰਨ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਗੋਲੀਬਾਰੀ ਕੀਤੀ ਗਈ। ਇਹ ਅਪਰਾਧੀਆਂ ਨੂੰ ਸੰਦੇਸ਼ ਹੈ ਕਿ ਇਹ ਨਵਾਂ ਭਾਰਤ ਹੈ। ਉੱਤਰ ਪ੍ਰਦੇਸ਼ ਵਿੱਚ ਯੋਗੀ ਦੀ ਸਰਕਾਰ ਹੈ। ਸੱਤਾ ਵਿੱਚ ਸਮਾਜਵਾਦੀ ਪਾਰਟੀ ਨਹੀਂ ਜਿਸ ਨੇ ਅਪਰਾਧੀਆਂ ਨੂੰ ਸੁਰੱਖਿਆ ਦਿੱਤੀ।
ਅਸਦ 24 ਫਰਵਰੀ ਨੂੰ ਪ੍ਰਯਾਗਰਾਜ ਦੇ ਧੂਮਨਗੰਜ ‘ਚ ਉਮੇਸ਼ ਪਾਲ ‘ਤੇ ਫਾਇਰਿੰਗ ਕਰਦੇ ਕੈਮਰੇ ‘ਚ ਕੈਦ ਹੋ ਗਿਆ ਸੀ। ਇਹ ਮੁਕਾਬਲਾ ਉਸ ਦਿਨ ਹੋਇਆ ਜਦੋਂ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਨੂੰ ਪ੍ਰਯਾਗਰਾਜ ਦੀ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਸੀ।
ਅਸਦ ਅਤੇ ਐਸਟੀਐਫ ਟੀਮ ਵਿਚਾਲੇ ਮੁਕਾਬਲਾ :
ਦੱਸਿਆ ਜਾ ਰਿਹਾ ਹੈ ਕਿ ਅਸਦ ਅਤੇ ਮੁਹੰਮਦ ਗੁਲਾਮ ਅੱਜ ਝਾਂਸੀ ਦੇ ਪਿੰਡ ਬਾਡਾ ਅਤੇ ਚਿਰਗਾਂਵ ਥਾਣਾ ਖੇਤਰ ਦੇ ਵਿਚਕਾਰ ਪਰੀਚਾ ਡੈਮ ਦੇ ਖੇਤਰ ਵਿੱਚ ਲੁਕੇ ਹੋਏ ਸਨ। ਯੂਪੀ ਐਸਟੀਐਫ ਦੇ ਏਡੀਜੀ ਅਮਿਤਾਭ ਯਸ਼ ਨੇ ਕਿਹਾ ਕਿ ਅਸਦ ਅਤੇ ਗੁਲਾਮ ਨੂੰ ਜ਼ਿੰਦਾ ਫੜਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਨ੍ਹਾਂ ਨੇ ਐਸਟੀਐਫ ਦੀ ਟੀਮ ‘ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਉਹ ਇੱਕ ਮੁਕਾਬਲੇ ਵਿੱਚ ਮਾਰੇ ਗਏ।
40 ਰਾਊਂਡ ਫਾਇਰਿੰਗ :
- Advertisement -
ਅਸਦ ਅਤੇ ਮੁਹੰਮਦ ਗੁਲਾਮ ਮੋਟਰਸਾਈਕਲ ‘ਤੇ ਜਾ ਰਹੇ ਸਨ। ਜਿਸ ਕਾਰਨ ਪੁਲਿਸ ਅਤੇ ਯੂਪੀ ਸਟੈਪ ਟੀਮ ਨੇ ਦੋਵਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਅਸਦ ਅਤੇ ਮੁਹੰਮਦ ਗੁਲਾਮ ਨੇ ਪੁਲਿਸ ਟੀਮ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੋਵਾਂ ਪਾਸਿਆਂ ਤੋਂ ਕਰੀਬ 40 ਰਾਉਂਡ ਗੋਲੀਬਾਰੀ ਹੋਈ ਅਤੇ ਦੋਵੇਂ ਸ਼ੂਟਰ ਅਸਦ ਅਤੇ ਗੁਲਾਮ ਮਾਰੇ ਗਏ। ਇਨ੍ਹਾਂ ਕੋਲੋਂ ਇੱਕ ਬ੍ਰਿਟਿਸ਼ ਬੁੱਲਡੌਗ ਰਿਵਾਲਵਰ ਅਤੇ ਵਾਲਥਰ ਪਿਸਤੌਲ ਬਰਾਮਦ ਹੋਇਆ ਹੈ।
ਉਮੇਸ਼ ਪਾਲ ਕਤਲ ਕੇਸ ਦੇ ਮੁਲਜ਼ਮ ਅਸਦ ,ਅਤੀਕ ਅਹਿਮਦ ਦੇ ਪੰਜ ਪੁੱਤਰਾਂ ਵਿੱਚੋਂ ਤੀਜਾ ਹੈ। ਅਸਦ ‘ਤੇ ਪੰਜ ਲੱਖ ਰੁਪਏ ਦਾ ਇਨਾਮ ਸੀ। ਉਮੇਸ਼ਪਾਲ ਕਤਲ ਕੇਸ ਦੇ 48 ਦਿਨਾਂ ਬਾਅਦ ਅਸਦ ਦਾ ਐਨਕਾਊਂਟਰ ਹੋਇਆ ਹੈ। ਦੱਸ ਦੇਈਏ ਕਿ 24 ਫਰਵਰੀ ਨੂੰ ਪ੍ਰਯਾਗਰਾਜ ਵਿੱਚ ਉਮੇਸ਼ ਪਾਲ ਅਤੇ ਉਸਦੇ ਦੋ ਬੰਦੂਕਧਾਰੀਆਂ ਦੀ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਗਈ ਸੀ।