ਕਿਸਾਨ ਮੇਲੇ ਜਾਣ ਦਾ ਚਾਅ, ਲੈ ਆਇਆ ਜ਼ਿੰਦਗੀ ਵਿੱਚ ਬਦਲਾਅ

TeamGlobalPunjab
6 Min Read

-ਬੀ ਐੱਸ ਸੇਖੋਂ;

ਪੰਜਾਬ ਮੇਲਿਆਂ ਦੀ ਧਰਤੀ ਹੈ ਅਤੇ ਮੇਲੇ ਜਾਣ ਦਾ ਚਾਅ ਕਿਸ ਨੂੰ ਨਹੀ ਹੁੰਦਾ? ਛੋਟੇ ਤੋਂ ਛੋਟੇ, ਅੱਲੜ੍ਹ ਉਮਰ ਦੇ ਨੌਜਵਾਨ ਅਤੇ ਬਜ਼ੁਰਗ ਮੇਲਿਆਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ। ਪੰਜਾਬ ਦੇ ਜ਼ਿਆਦਾਤਰ ਮੇਲੇ ਮਨੋਰੰਜਨ ਜਾਂ ਫਿਰ ਧਾਰਮਿਕ ਪੱਖ ਨਾਲ ਤਾਲਮੇਲ ਰੱਖਦੇ ਹਨ। ਪਰ ਸੰਨ 1967 ਵਿੱਚ ਪੰਜਾਬ ਐਗੀਕਲਚਰਲ ਯੂਨੀਵਰਸਿਟਿੀ ਦੇ ਪਸਾਰ ਸਿੱਖਿਆ ਵਿਭਾਗ ਨੇ ਇੱਕ ਅਜਿਹੇ ਕਿਸਾਨ ਮੇਲੇ ਦੀ ਸ਼ੁਰੂਆਤ ਕੀਤੀ ਜੋ ਸਿਰਫ ਮਨੋਰੰਜਨ ਦਾ ਸਾਧਨ ਹੀ ਨਹੀਂ ਸੀ ਬਲਕਿ ਲੱਖਾਂ ਕਿਸਾਨਾਂ ਦੀ ਜ਼ਿੰਦਗੀ ਨੂੰ ਸੇਧ ਦੇਣ ਵਾਲਾ ਵੀ ਹੋ ਨਿੱਬੜਿਆ। ਇਸ ਮੇਲੇ ਦਾ ਮੁੱਖ ਮੰਤਵ ਮਨੋਰੰਜਨ ਦੇ ਨਾਲ-ਨਾਲ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ, ਸੁਧਰੇ ਬੀਜ ਅਤੇ ਖੇਤੀਬਾੜੀ ਸਬੰਧੀ ਹੋ ਰਹੇ ਖੋਜ ਕਾਰਜਾਂ ਨੂੰ ਕਿਸਾਨਾਂ ਦੇ ਸਨਮੁਖ ਰੱਖਣਾ ਸੀ। ਹਜਾਰਾਂ ਦੀ ਗਿਣਤੀ ਤੋਂ ਸ਼ੁਰੂ ਹੋ ਕੇ ਅੱਜ ਲੱਖਾਂ ਕਿਸਾਨਾਂ ਦੇ ਦਿਲ ਦੀ ਧੜਕਣ ਬਣਨ ਚੁੱਕੇ ਕਿਸਾਨ ਮੇਲਿਆਂ ਨੇ ਕਈ ਕਿਸਾਨਾਂ ਦੀ ਜ਼ਿੰਦਗੀ ਵਿਚ ਬਦਲਾਅ ਪੈਦਾ ਕੀਤਾ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਇਆ।

ਸ਼. ਮਨਜੀਤ ਸਿੰਘ ਉਨ੍ਹਾਂ ਕਿਸਾਨਾਂ ਵਿਚੋਂ ਇਕ ਹਨ ਜੋ ਪੀਏਯੂ ਕਿਸਾਨ ਮੇਲੇ ਦੇ ਦੌਰੇ ਤੋਂ ਬਾਅਦ ਪ੍ਰੇਰਿਤ ਹੋਏ ਅਤੇ ਉਸ ਦੀ ਜ਼ਿੰਦਗੀ ਨੇ ਇਕ ਨਵਾਂ ਮੋੜ ਲਿਆ। ਉਸ ਦੇ ਪਰਿਵਾਰ ਦਾ ਮੁੱਖ ਕਿੱਤਾ ਖੇਤੀਬਾੜੀ ਹੋਣ ਕਰਕੇ ਰੁਝਾਨ ਕਿਸਾਨ ਮੇਲਿਆਂ ਵੱਲ ਹੋ ਤੁਰਿਆ ਬਜ਼ੁਰਗਾਂ ਦੇ ਮੋਢਿਆਂ ‘ਤੇ ਬੈਠ ਉਸ ਨੇ ਪਹਿਲਾ ਕਿਸਾਨ ਮੇਲਾ 1998 ਵਿਚ ਦੇਖਿਆ। ਉਹ ਦੱਸਦਾ ਹੈ ਕਿ ਉਹਨਾਂ ਦੇ ਬਜ਼ੁਰਗ ਰਵਾਈਤੀ ਫ਼ਸਲਾਂ ਉਗਾਉਂਦੇ ਸਨ, ਜਿਸ ਵਿਚ ੳਸ ਦਾ ਦਿਲ ਨਹੀਂ ਸੀ ਲੱਗਦਾ ਕਿਸਾਨ ਮੇਲਿਆਂ ਉਪਰ ਲੱਗੀਆਂ ਸਟਾਲਾਂ ਅਤੇ ਪ੍ਰਦਰਸ਼ਰਨੀਆਂ ਉਹਨਾਂ ਨੂੰ ਕੁਝ ਨਵਾਂ ਕਰਨ ਲਈ ਪ੍ਰੇਰਿਤ ਕਰਦੀਆਂ ਰਹਿੰਦੀਆਂ ਸਨ। ਉਸਦਾ ਵੀ ਮਨ ਕਰਦਾ ਕਿ ਉਹ ਕੁਝ ਨਵੇਕਲਾ ਕੰਮ ਕਰੇ ਅਤੇ ਮੇਲੇ ਵਿਚ ਉਸਦੀ ਸਟਾਲ ਲੱਗੇ ਅਤੇ ਪੰਜਾਬ ਭਰ ਵਿਚ ਉਸਦਾ ਨਾਮ ਹੋਵੇ।

ਕਿਸਾਨ ਮੇਲਿਆਂ ਉਪਰ ਸਾਇੰਸਦਾਨਾਂ ਅਤੇ ਹੋਰ ਕਿਸਾਨਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਸਾਲ 2012-13 ਵਿਚ ਮਨਜੀਤ ਸਿੰਘ ਨੇ ਨਰਸਰੀ ਤਿਆਰ ਕਰਨ ਦਾ ਉੱਦਮ ਸ਼ੁਰੂ ਕੀਤਾ। ਮਨਜੀਤ ਸਿੰਘ ਆਪਣੇ ਉੱਦਮ ਨੂੰ ਸਫਲਤਾਪੂਰਵਕ ਸਥਾਪਤ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਦੇ ਵਿਗਿਆਨੀਆਂ ਕੋਲੋਂ ਸਮੇਂ ਸਮੇਂ ਤੇ ਸਲਾਹ-ਮਸ਼ਵਰੇ ਅਤੇ ਮਾਰਗ ਦਰਸ਼ਨ ਲੈਂਦਾ ਰਿਹਾ। ਸ਼ੁਰੂਆਤ ਵਿੱਚ ਸਿਰਫ ਸਿੱਖਣ ਦੇ ਮਨੋਰਥ ਨਾਲ ਸ਼. ਮਨਜੀਤ ਸਿੰਘ ਨੇ, ਸਾਲ 2012-13 ਵਿੱਚ ਮਿਰਚ ਦੀ ਨਰਸਰੀ 0.5 ਮਰਲੇ ਉਪਰ ਉਗਾਈ।ਮੁਢਲੇ ਸਮੇਂ ਦੌਰਾਨ ਉਸਨੂੰ ਜਿਹੜੀਆਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਸਨੇ ਕੇਵੀਕੇ ਮਾਹਰਾਂ ਨਾਲ ਵਿਚਾਰ ਵਟਾਂਦਰਾ ਸ਼ੁਰੂ ਕੀਤੇ ਅਤੇ ਆਪਣਾ ਆਤਮ-ਵਿਸ਼ਵਾਸ ਦ੍ਰਿੜ੍ਹ ਕੀਤਾ। ਫਿਰ ਉਸਨੇ ਨਰਸਰੀ ਅਧੀਨ ਰਕਬੇ ਨੂੰ 1000 ਵਰਗ ਮੀਟਰ ਦੇ ਖੇਤਰ ਤੱਕ ਵਧਾ ਦਿੱਤਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਖੋੋੋਖਰ ਖੁਰਦ, ਮਾਨਸਾ ਦੁਆਰਾ ਸਾਲ 2018 ਵਿਚ ਆਯੋਜਿਤ ਕੀਤੇ ਗਏ ਮੇਲੇ ਵਿਚ ਆਪਣੀ ਸਟਾਲ ਲਗਾਉਣ ਦਾ ਸੁਪਨਾ ਪੂਰਾ ਕਰ ਲਿਆ। ਪਹਿਲੇ ਸਾਲ ਦੇ ਉਦਮ ਦੌਰਾਨ ਹੀ ਉਸਨੇ ਨਰਸਰੀ ਦੇ ਕਿੱਤੇ ਵਿੱਚੋਂ ਇੱਕ ਲੱਖ ਰੁਪਏ ਦਾ ਮੁਨਾਫਾ ਕਮਾਇਆ।

ਤਜ਼ਰਬੇ ਦੌਰਾਨ ਉਸ ਨੁੰ ਇਹ ਵੀ ਪਤਾ ਲੱਗਾ ਕਿ ਉਸ ਨੂੰ ਨਰਸਰੀ ਉਪਤਾਦਨ ਰਾਹੀਂ ਵਧੇਰੇ ਮੁਨਾਫਾ ਕਮਾਉਣ ਲਈ ਮਹਿੰਗੇ ਬੀਜ਼ਾਂ ਉੱਪਰ ਖ਼ਰਚ ਘਟਾਉਣ ਦੀ ਜ਼ਰੁਰਤ ਹੈ। ਉਹ ਨਿੱਜੀ ਕੰਪਨੀਆਂ ਤੋਂ ਬੀਜ ਸਮੱਗਰੀ ਦੀ ਵਰਤੋਂ ਵਧੇਰੇ ਖਰਚਿਆਂ ਤੇ ਕਰ ਰਿਹਾ ਸੀ ਕੇ.ਵੀ.ਕੇ. ਦੁਆਰਾ ਮੁਹੱਈਆ ਕਰਵਾਏ ਘੱਟ ਰੇਟਾਂ ਤੇ ਕੁਆਲਿਟੀ ਬੀਜ ਉਸ ਲਈ ਵਰਦਾਨ ਸਾਬਿਤ ਹੋਏ ਇਸ ਨਾਲ ਹੋਈ ਬੱਚਤ ਨੂੰ ਉਸਨੇ ਹੋਰ ਵਿਕਾਸ ਲਈ ਵਰਤਣਾ ਸ਼ੁਰੂ ਕੀਤਾ। ਕੇ.ਵੀ.ਕੇ., ਮਾਨਸਾ ਨੇ ਜੈਿਵਕ ਖੇਤੀ ਨੂੰ ਉਤਸ਼ਾਹਤ ਕਰਨ ਅਤੇ ਕਾਸ਼ਤ ਦੀ ਲਾਗਤ ਘਟਾਉਣ ਲਈ ਉਸਨੂੰ ਇੱਕ ਵਰਮੀ-ਕੰਪੋਸਟ ਯੂਿਨਟ ਪ੍ਰਦਰਸ਼ਨੀ ਦੇ ਤੌਰ ਤੇ ਦਿੱਤਾ।ਤਜ਼ਰਬੇ ਦੇ ਨਾਲ-ਨਾਲ ਅਤੇ ਮੇਲਿਆਂ ਤੇ ਲਗਦੀਆਂ ਪ੍ਰਦਰਸ਼ਨੀਆਂ ਤੋਂ ਪ੍ਰਭਾਵਿਤ ਹੋ ਕੇ, ਉਸਨੇ ਸ਼ੁਰੂਆਤੀ ਸਾਲਾਂ ਤੋਂ ਕੀਤੀ ਕਮਾਈ ਨਾਲ ਸੁਰੰਗ ਵਿਧੀ ਦਾ ਢਾਂਚਾ ਤਿਆਰ ਕੀਤਾ ਅਤੇ ਪ੍ਰੋ-ਟਰੇ ਨਰਸਰੀ ਵਿਚ ਟਮਾਟਰ, ਮਿਰਚ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਉਗਾਉਣ ਦੀ ਸ਼ੁਰੂਆਤ ਕੀਤੀ ਅਤੇ ਜਲਦੀ ਹੀ ਇਸ ਕੰਮ ਵਿਚ ਮਹਾਰਤ ਹਾਸਲ ਕਰ ਲਈ ਅਤੇ ਉਸਦੀ ਕਮਾਈ ਵਿਚ 80,000 ਰੁਪਏ ਦਾ ਵਾਧਾ ਹੋਇਆ।ਸਬਜ਼ੀਆਂ ਦੀ ਨਰਸਰੀ ਹੇਠ ਰਕਬਾ ਵਧਾਉਣ ਤੋਂ ਇਲਾਵਾ, ਹੁਣ ਮਨਜੀਤ ਸਿੰਘ ਝੋਨੇ ਅਤੇ ਸਾਉਣੀ ਪਿਆਜ਼ ਦੀ ਪੌਦ ਅਤੇ ਪਿਆਜ਼ ਦੀ ਬੀਜ ਦੀ ਫਸਲ ਵੀ ਤਿਆਰ ਕਰ ਰਹੇ ਹਨ।ਇਸ ਤੋਂ ਇਲਾਵਾ, ਉਹ ਪਿਆਜ਼ ਦੀ ਫਸਲ (ਪਿਆਜ਼ ਦੀ ਨਰਸਰੀ ਵਾਲੀ ਜਗ੍ਹਾ ਤੋਂ ਤਿਆਰ ਹੋਏ ਪਿਆਜ਼) ਲਈ ਸਟੋਰੇਜ ਢਾਂਚਾ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ।ਸ਼. ਮਨਜੀਤ ਸਿੰਘ ਨੇ ਆਪਣੇ ਪਿੰਡ ਦੇ ਹੋਰ ਕਿਸਾਨਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਮਨਜੀਤ ਸਿੰਘ ਦੇ ਨਰਸਰੀ ਦੇ ਕਿੱਤੇ ਦੀ ਸ਼ਫਲਤਾ ਤੋਂ ਪ੍ਰੇਰਿਤ ਹੋ ਕੇ ਉਸਦੇ ਆਪਣੇ ਪਿੰਡ ਦੇ ਚਾਰ ਨੌਜਵਾਨ ਕਿਸਾਨਾਂ ਨੇ ਸਬਜ਼ੀਆਂ ਦੀ ਕਾਸ਼ਤ ਅਪਣਾ ਲਈ ਹੈ। ਉਹ ਲਾਗਤ ਮੁੱਲ ਨੂੰ ਘੱਟ ਕਰਨ ਅਤੇ ਆਮਦਨੀ ਨੂੰ ਵਧਾਉਣ ਲਈ ਪੀਏਯੂ ਦੀਆਂ ਸਿਫਾਰਸ਼ਾਂ ਅਪਣਾਉਂਦੇ ਹਨ।ਉਨ੍ਹਾਂ ਦੀ ਆਮਦਨੀ ਦਾ ਪੱਧਰ 60,000 ਪ੍ਰਤੀ ਏਕੜ ਤੋਂ ਵਧ ਕੇ 3 ਲੱਖ ਪ੍ਰਤੀ ਏਕੜ ਹੋ ਗਿਆ ਹੈ ਜੋ ਉਨ੍ਹਾਂ ਦੀ ਸ਼ੁਰੂਆਤੀ ਆਮਦਨ ਦੇ ਮੁਕਾਬਲੇ ਲਗਭਗ 5 ਗੁਣਾ ਹੈ।

ਸ਼. ਮਨਜੀਤ ਸਿੰਘ ਕਹਿੰਦੇ ਹਨ ਕਿ ਕਿਸਾਨ ਮੇਲਿਆਂ ਨੇ ਉਹਨਾਂ ਨੂੰ ਜ਼ਿੰਦਗੀ ਦਾ ਰਾਹ ਦਿਖਾਇਆ ਅਤੇ ਅੱਜ ਉਹ ਮੁਨਾਫੇ ਦੇ ਨਾਲ ਨਾਲ ਆਪਣੇ ਕੰਮ ਵਿੱਚ ਆਨੰਦ ਵੀ ਮਹਿਸੂਸ ਕਰ ਰਿਹਾ ਹੈ।ਉਹਨਾਂ ਨੂੰ ਖਦਸ਼ਾ ਸੀ ਕਿ ਕਰੋਨਾ ਮਹਾਂਮਾਰੀ ਦੇ ਕਾਰਨ ਕਿਸਾਨ ਮੇਲੇ ਬੰਦ ਹੋ ਸਕਦੇ ਨੇ ਪਰ ਯੂਨੀਵਰਸਿਟੀ ਦੇ ਔਨਲਾਈਨ ਮੇਲਿਆਂ ਤੇ ਕਿਸਾਨਾਂ ਨੂੰ ਸਟਾਲ ਲਾਉਣ ਦੇ ਮਿਲੇ ਅਵਸਰਾਂ ਨੇ ਉਹਨਾਂ ਵਿਚ ਉਤਸ਼ਾਹ ਕਾਇਮ ਕੀਤਾ ਹੈ।ਉਹ ਕਾਮਨਾ ਕਰਦੇ ਹਨ ਕਿ ਜਲਦੀ ਹੀ ਹਾਲਾਤ ਠੀਕ ਹੋ ਜਾਣ ਅਤੇ ਪਹਿਲਾਂ ਵਾਂਗ ਕਿਸਾਨ ਮੇਲਿਆਂ ਵਿਚ ਵਿਚਰ ਕੇ ਉਹ ਆਪਣਾ ਗਿਆਨ ਵਧਾਉਂਦੇ ਰਹਿਣ।

Share This Article
Leave a Comment