ਕਰਤਾਰਪੁਰ ਸਾਹਿਬ ਮਾਨਵਤਾ ਦਾ ਸੁਨੇਹਾ ! ਸਿੱਧੂ ਤੇ ਕਿਉਂ ਉੱਠੇ ਸਵਾਲ ?

TeamGlobalPunjab
7 Min Read

ਜਗਤਾਰ ਸਿੰਘ ਸਿੱਧੂ ;

ਕਰਤਾਰਪੁਰ ਸਾਹਿਬ (ਪਾਕਿਸਤਾਨ) ਗੁਰੂ ਨਾਨਕ ਦੇਵ ਜੀ ਦੇ ਕਿਰਤ ਅਤੇ ਮਾਨਵਤਾ ਦਾ ਸੁਨੇਹਾ ਦੇਣ ਵਾਲੀ ਪਵਿਤਰ ਧਰਤੀ ਉਪਰ ਬਣੇ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਲਈ ਦੁਨੀਆਂ ਭਰ ਵਿਚ ਬੈਠੇ ਪੰਜਾਬੀਆਂ ਅੰਦਰ ਇਕਤਾਂਘ ਅਤੇ ਖਿੱਚ ਸਦੀਵੀ ਹੈ।18 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਪਹਿਲੀ ਸ਼ਾਮ ਨੂੰ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਫੋਨ ਆਇਆ ਕਿ 20 ਨਵੰਬਰ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਜਾਣਾ ਹੈ।ਮੇਰੀ ਖੁਸ਼ੀ ਦਾ ਕੋਈ ਠਿਕਾਨਾ ਨਾ ਰਿਹਾ।ਫੋਨ ਤੇ ਉਹ ਅਵਾਜ਼ ਸੱਦਾ ਦੇ ਰਹੀ ਸੀ ਜਿਹੜੀ ਆਵਾਜ਼ ਨੂੰ ਪੰਜਾਬੀ ਬੇਹੱਦ ਪਿਆਰ ਕਰਦੇ ਹਨ ਕਿ ਸਖਸ਼ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਉਣ ਲਈ ਅਹਿਮ ਯੋਗਦਾਨ ਪਾਇਆ।ਬੇਸ਼ਕ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਤਕਲੀਫ ਹੋਈ ਸੀ ਕਿ ਉਨ੍ਹਾਂ ਦਾ ਨਾਂ 19 ਨਵੰਬਰ ਨੂੰ ਪ੍ਰਕਾਸ਼ ਦਿਹਾੜੇ ਦੇ ਮੋਕੇ ਤੇ ਜਾਣ ਵਾਲੇ ਜੱਥੇ ਵਿਚ ਕਿਉਂ ਨਹੀਂ ਪਾਇਆ ਗਿਆ ਜਦੋਂ ਕਿ ਪੰਜਾਬ ਸਰਕਾਰ ਵਲੋਂ ਭੇਜੀ ਸੂਚੀ ਵਿਚ ਉਨ੍ਹਾਂ ਦਾ ਨਾਂ ਲਿਸਟ ਵਿਚ ਭੇਜੇ ਗਏ ਉਪਰਲੇ ਨਾਵਾਂ ਵਿਚ ਸੀ।ਇਸ ਦੇ ਬਾਵਜੂਦ 20 ਨਵੰਬਰ ਦਾ ਦਿਹਾੜਾ ਗੁਰੁ ਦੇ ਦਰਸ਼ਨ ਲਈ ਅਹਿਮ ਮੋਕਾ ਲੈ ਕੇ ਆਇਆ।

ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਜਾਣ ਵਾਲੇ ਜਥੇ ਵਿਚ ਨਵਜੋਤ ਸਿੰਘ ਸਿੱਧੂ ਦੇ ਨਾਲ ਕੈਬਨਿਟ ਮੰਤਰੀ ਪਰਗਟ ਸਿੰਘ ਅਤੇ ਰਾਜਾ ਵੜਿੰਗ ਦੇ ਇਲਾਵਾ ਕਈ ਸੀਨੀਅਰ ਨੇਤਾ ਅਤੇ ਸਨੇਹੀ ਸਨ।ਭਾਰਤ ਵਾਲੇ ਪਾਸੇ ਜਦੋਂ ਪਾਸਪੋਰਟ ਅਤੇ ਕਾਗਜਾਂ ਲਈ ਮੈਬਰਾਂ ਦੀ ਪੜਤਾਲ ਕਰਵਾਈ ਗਈ ਤਾਂ ਉਹ ਨਜ਼ਾਰਾ ਵੀ ਵੇਖਣ ਵਾਲਾ ਸੀ। ਬੀ.ਐਸ.ਐਫ ਦੇ ਜਵਾਨ ਅਤੇ ਹੋਰ ਅਧਿਕਾਰੀ ਸਿੱਧੂ ਨਾਲ ਤਸਵੀਰਾਂ ਖਿਚਵਾਉਣ ਦਾ ਕੋਈ ਮੌਕਾ ਹਥੋਂ ਨਹੀਂ ਜਾਣ ਦੇਣਾ ਚਾਹੁੰਦੇ ਸਨ।ਸਿੱਧੂ ਹਰ ਗਰੁਪ ਨਾਲ ਮੁਸਕਰਾਉਂਦੇ ਚੇਹਰੇ ਨਾਲ ਤਸਵੀਰਾਂ ਖਿਚਵਾਉਂਦੇ ਰਹੇ।ਕਰਤਾਰਪੁਰ ਸਾਹਿਬ ਲਾਂਘੇ ਵਿਚ ਪਾਕਿਸਤਾਨ ਵਾਲੇ ਪਾਸੇ ਦਾਖਲ ਹੋਏ ਤਾਂ ਪਾਕਿਸਤਾਨ ਦੇ ਅਧਿਕਾਰੀਆਂ ਨੇ ਫੁੱਲਾਂ ਦੀ ਵਰਖਾ ਨਾਲ ਜਥੇ ਦਾ ਪੁਰਜੋਰ ਸਵਾਗਤ ਕੀਤਾ।ਆਟੋ ਰਿਕਸ਼ਾ ਵਰਗੀਆਂ ਖੁਲ੍ਹੀਆਂ ਗੱਡੀਆਂ ਵਿਚ ਬੈਠ ਕੇ ਰਵਾਨਾ ਹੋਏ ਤਾਂ ਸਾਹਮਣੇ ਗੁਰੂਦੁਆਰਾ ਸਾਹਿਬ ਨਜ਼ਰ ਆ ਰਹੇ ਸਨ।ਸਾਰਿਆਂ ਲਈ ਜਿੰਦਗੀ ਦਾ ਇਹ ਵੱਡਮੁੱਲਾ ਮੌਕਾ ਸੀ ਕਿ ਬਾਬਾ ਨਾਨਕ ਦੇ ਜੀਵਨ ਨਾਲ ਜੁੜੇ ਪਵਿਤਰ ਅਸਥਾਨ ਦੇ ਦਰਸ਼ਨ ਹੋ ਰਹੇ ਹਨ।ਸ਼ਾਂਤ ਵਾਤਾਵਰਨ ਵਿਚ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜ ਰਹੇ ਸਨ।ਪੰਜਾਬੀਆਂ ਦੀਆਂ ਸਦੀਆਂ ਦੀਆਂ ਯਾਦਾਂ ਲੈ ਕੇ ਨਿਰੰਤਰ ਵਹਿ ਰਿਹਾ ਰਾਵੀ ਇਕ ਹੋਰ ਭਾਵੁਕ ਨਜਾਰਾ ਪੇਸ਼ ਕਰ ਰਿਹਾ ਸੀ।

ਗੁਰੂਦੁਆਰਾ ਕੈਂਪਸ ਅੰਦਰ ਦਾਖਲ ਹੋਣ ਮੌਕੇ ਬੜਾ ਭਾਵੁਕ ਮਹੌਲ ਸੀ।ਨਵਜੋਤ ਸਿੱਧੂ ਅਤੇ ਜਥੇ ਦੇ ਬਾਕੀ ਮੈਂਬਰ ਪਰਿਕਰਮਾ ਰਾਹੀਂ ਗੁਰੂਦੁਆਰਾ ਸਾਹਿਬ ਅੰਦਰ ਪੁੱਜੇ।ਸਾਰੇ ਇਕ ਦੂਜੇ ਤੋਂ ਪਹਿਲਾਂ ਨਤਮਸਤਕ ਹੋਣ ਲਈ ਕਾਹਲੇ ਸਨ।ਕੀਰਤਨੀਏ ਸਿੰਘ ਅਲਾਹੀ ਬਾਣੀ ਦਾ ਕੀਰਤਨ ਕਰ ਰਹੇ ਸਨ।ਪਾਕਿਸਤਾਨ ਦੇ ਕਈ ਸ਼ਹਿਰਾਂ ਦੀ ਸੰਗਤ ਵੀ ਆਈ ਹੋਈ ਸੀ।ਨੋਜਵਾਨ ਲੜਕੇ ਅਤੇ ਲੜਕੀਆਂ ਵੀ ਕਾਫੀ ਗਿਣਤੀ ਵਿਚ ਸਨ।ਨਵਜੋਤ ਸਿੰਘ ਸਿੱਧੂ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਏ ਅਤੇ ਸੰਗਤ ਵਿਚ ਅੰਤਰ ਧਿਆਨ ਹੋਕੇ ਬੈਠ ਗਏ।ਅਰਦਾਸ ਹੋਈ ਤਾਂ ਨਵਜੋਤ ਸਿੰਘ ਸਿੱਧੂ ਵਲੋਂ ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹਣ ਲਈ ਪਾਏ ਯੋਗਦਾਨ ਦਾ ਵੀ ਭਾਈ ਸਾਹਿਬ ਨੇ ਜ਼ਿਕਰ ਕੀਤਾ।ਅਰਦਾਸ ਬਾਅਦ ਗੁਰੂਦੁਆਰਾ ਸਾਹਿਬ ਦੇ ਬਾਹਰਲੇਂ ਪਾਸੇ ਵੱਡੀ ਗਿਣਤੀ ਵਿਚ ਪਾਕਿਸਤਾਨੀ ਮੀਡੀਆ ਸਿੱਧੂ ਦੀ ਇੰਤਜ਼ਾਰ ਕਰ ਰਿਹਾ ਸੀ।

- Advertisement -

ਪਾਕਿਸਤਾਨੀ ਮੀਡੀਆ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਪਾਕਿਸਤਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀਆਂ ਦਾ ਲਾਂਘਾ ਖੋਲ੍ਹਣ ਲਈ ਤਹਿ ਦਿਲੋਂ ਧੰਨਵਾਦ ਕੀਤਾ।ਪਾਕਿਸਤਾਨ ਅੰਦਰ ਗੁਰੂਦੁਆਰਾ ਸਾਹਿਬਾਨ ਦੇ ਖੁਲ੍ਹੇ ਦਰਸ਼ਨ ਦੀਦਾਰ ਕਰਨ ਦੇ ਨਾਲ ਨਾਲ ਉਨ੍ਹਾਂ ਨੇ ਪਾਕਿਸਤਾਨ ਵਿਚ ਇਤਿਹਾਸਕ ਮੰਦਰਾਂ ਦੇ ਖੁਲ੍ਹੇ ਦਰਸ਼ਨ ਕਰਨ ਦਾ ਮੌਕਾ ਦੇਣ ਲਈ ਵੀ ਪਾਕਿਸਤਾਨ ਸਰਕਾਰ ਨੂੰ ਬੇਨਤੀ ਕੀਤੀ।ਦੋਹਾਂ ਮੁਲਕਾਂ ਅੰਦਰ ਅਮਨ ਅਤੇ ਸ਼ਾਂਤੀ ਦੀ ਲੋੜ ਉਤੇ ਜ਼ੋਰ ਦਿਤਾ।ਵਾਹਗਾ ਸਰਹੱਦ ਰਾਹੀਆਂ ਦੋਹਾਂ ਮੁਲਕਾਂ ਦਾ ਵਪਾਰ ਵਧਾਉਣ ਉੱਤੇ ਕੰਮ ਕਰਨ ਦਾ ਸੱਦਾ ਦਿਤਾ ਜਿਹੜਾ ਕਿ ਪੰਜਾਬੀਆਂ ਲਈ ਆਰਥਿਕ ਖੁਸ਼ਹਾਲੀ ਦਾ ਰਾਹ ਖੋਲਦਾ ਹੈ।ਮੈਂ ਭਾਰਤੀ ਪੱਤਰਕਾਰ ਹੋਣ ਵਜੋਂ ਹੈਰਾਨ ਸੀ ਕਿ ਜਦੋਂ ਸਿੱਧੂ ਪਾਕਿਸਤਾਨੀ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ ਤਾਂ ਇਕ ਵੀ ਪੱਤਰਕਾਰ ਨੇ ਭਾਰਤ ਵਿਰੁੱਧ ਸਵਾਲ ਨਹੀਂ ਪੁੱਛਿਆ।ਪੂਰੀ ਪ੍ਰੈਸ ਕਾਨਫਰੰਸ ਦੌਰਾਨ ਕਿਸੇ ਨੇ ਨਫਰਤ ਪੈਦਾ ਕਰਨ ਵਾਲਾ ਸਵਾਲ ਨਹੀਂ ਪੁੱਛਿਆ।ਸਿੱਧੂ ਸਾਹਮਣੇ ਵੱਡੀ ਗਿਣਤੀ ਵਿਚ ਖੜ੍ਹੇ ਪਾਕਿ ਮੀਡੀਆ ਨੇ ਸਾਹ ਰੋਕ ਕੇ ਸਿੱਧੂ ਦੇ ਵਿਚਾਰ ਸੁਣੇ।ਬਾਅਦ ਵਿਚ ਸਵਾਲ ਜਵਾਬ ਵੀ ਹੋਏ।ਕਈਆਂ ਨੇ ਸਿੱਧੂ ਦੇ ਕਪਿਲ ਸ਼ਰਮਾ ਸ਼ੋਅ ਵੇਖਣ ਦੀਆਂ ਗੱਲਾਂ ਕੀਤੀਆਂ।ਉਹ ਚਾਹੁੰਦੇ ਸਨ ਕਿ ਸਿੱਧੂ ਵਧੇਰੇ ਸਮਾਂ ਉਨ੍ਹਾਂ ਵਿਚਕਾਰ ਰਹੇ।ਇਕ ਪੱਤਰਕਾਰ ਨੇ ਮੈਨੂੰ ਬਾਪੂ ਕਹਿ ਕੇ ਆਵਾਜ਼ ਮਾਰੀ ਤਾਂ ਮੈਂ ਕਿੰਨੀ ਦੇਰ ਉਸ ਵੱਲ ਵੇਖਦਾ ਰਿਹਾ।ਅਜਿਹਾ ਰਿਸ਼ਤੇ ਦਾ ਨਿੱਘ ਪੇਸ਼ ਕਰਨ ਸ਼ਬਦ ਤਾਂ ਮੈਂ ਆਪਣੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਪਿਛਲੇ 40 ਸਾਲ ਨਹੀਂ ਸੁਣਿਆ।

ਮੈਂ ਬੇਹਦ ਹੈਰਾਨ ਹੋਇਆ ਜਦੋਂ ਵਾਪਸ ਆ ਕੇ ਆਪਣੀ ਧਰਤੀ ਤੇ ਪੈਰ ਰੱਖਿਆ ਤਾਂ ਪਤਾ ਲੱਗਾ ਕਿ ਮੀਡੀਆ ਦਾ ਇਕ ਹਿੱਸਾ ਚਿਲਾ ਚਿਲਾ ਕੇ ਆਖ ਰਿਹਾ ਹੈ ਕਿ ਨਵਜੋਤ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਵੱਡਾ ਭਰਾ ਆਖ ਦਿਤਾ।ਹਾਕਮ ਧਿਰ ਭਾਜਪਾ ਦੇ ਬੁਲਾਰੇ ਸਵਾਲ ਚੁੱਕ ਰਹੇ ਸਨ।ਹੋਰ ਤਾਂ ਹੋਰ ਅਕਾਲੀ ਦਲ ਆਗੂ ਵੀ ਸਿੱਧੂ ਬਾਰੇ ਸਵਾਲ ਚੁੱਕ ਰਹੇ ਸਨ।ਸਰਹੱਦ ਦੇ ਦੂਜੇ ਪਾਸੇ ਪੈਰ ਰੱਖਦੇ ਹੀ ਪਤਾ ਲੱਗਾ ਕਿ ਮੀਡੀਆ ਅੰਦਰ ਉਸ ਸਖਸ਼ ਬਾਰੇ ਮੁਲਕ ਨਾਲ ਜੋੜ ਕੇ ਨਫਰਤ ਫੈਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜਿਹੜਾ ਕੁਝ ਮਿੰਟ ਪਹਿਲਾਂ ਗੁਰੂ ਅੱਗੇ ਦੋਹਾਂ ਮੁਲਕਾਂ ਦੇ ਅਮਨ ਲਈ ਅਰਦਾਸ ਕਰ ਰਿਹਾ ਸੀ। ਸਾਡੇ ਲਈ ਕਿੰਨੀ ਮੰਦਭਾਗੀ ਗੱਲ ਹੈ ਕਿ ਅਸੀ ਕਰਤਾਰਪੁਰ ਸਾਹਿਬ ਦੇ ਪਵਿਤਰ ਅਸਥਾਨ ਨੂੰ ਆਪਦੀ ਸੌੜੀ ਰਾਜਨੀਤੀ ਕਰਨ ਤੋਂ ਨਹੀਂ ਬਖਸ਼ਦੇਂ।ਗੁਰੂਦੁਆਰਾ ਕਰਤਾਰਪੁਰ ਸਾਹਿਬ ਦੇ ਕੈਂਪਸ ਅੰਦਰ ਖੜ੍ਹੇ ਹੋ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਸਤਿਕਾਰ ਵਜੋਂ ਭਰਾ ਕਹਿਣਾ ਕੀ ਗੱਲਤ ਹੋ ਗਿਆ ?ਅਸੀਂ ਪੰਜਾਬੀ ਬਾਈ ਜੀ , ਵੱਡਾ ਭਰਾ ਅਕਸਰ ਹੀ ਸਤਿਕਾਰ ਵਜੋਂ ਸ਼ਬਦ ਵਰਤਦੇ ਹਾਂ।ਕੀ ਗੁਰੂ ਘਰ ਵਿਚ ਖੜ੍ਹੇ ਹੋ ਕੇ ਨਫਰਤ ਦੇ ਸ਼ਬਦਾਂ ਦੀ ਵਰਤੋਂ ਕਰਨ ਦੀ ਮੰਗ ਹੀ ਦੇਸ਼ ਭਗਤੀ ਹੈ।ਗੁਰੂ ਤਾਂ ਮਾਨਵਤਾ ਅਤੇ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹਨ।ਇਹ ਅਜਿਹਾ ਅਸਥਾਨ ਹੈ ਜਿਸ ਨੇ ਨਫਰਤ ਦੀ ਦੀਵਾਰ ਢਾਹੀ ਅਤੇ ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹਣ ਨਾਲ ਦੁਨੀਆਂ ਦੀ ਇਤਿਹਾਸਕ ਘਟਨਾ ਵਾਪਰੀ।ਇਹ ਸਾਰਾ ਕੁਝ ਛੱਡ ਕੇ ਅਸੀਂ ਇਕ ਸ਼ਬਦ (ਪੰਜਾਬੀਆਂ ਦਾ ਸਤਿਕਾਰ ਵਾਲਾ) ਚੁੱਕ ਲਿਆ।ਗੁਰੂ ਨੇ ਤਾਂ ਲੜਾਈ ਦੇ ਮੈਦਾਨ ਚ ਜਖਮੀ ਹੋਏ ਦੁਸ਼ਮਣਾਂ ਦੇ ਮੂੰਹ ਪਾਣੀ ਪਾਉਣ ਵਾਲੇ ਭਾਈ ਘਨਈਆ ਨੂੰ ਵੀ ਥਾਪੜਾ ਦਿਤਾ ਸੀ। ਇਸ ਅਸਥਾਨ ਤੋਂ ਕੁਝ ਹੀ ਦੁਰੀ ਤੇ ਰਾਵੀ ਦਰਿਆ ਵਗ ਰਿਹਾ ਹੈ ਜਿਸ ਨਾਲ ਸਾਡੇ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਫਾਂਸੀ ਬਾਅਦ ਦੀਆਂ ਅੰਤਿਮ ਯਾਦਾਂ ਜੁੜੀਆਂ ਹੋਈਆ ਹਨ।ਇਹ ਉਹ ਰਾਵੀ ਹੈ ਜਿਸ ਦੇ ਪਾਣੀਆਂ ਦਾ ਰੰਗ ਅਜ਼ਾਦੀ ਖਾਤਰ ਕੀਤੀਆਂ ਪੰਜਾਬੀਆਂ ਦੀਆਂ ਕੁਰਬਾਨੀਆਂ ਦੇ ਖੂਨ ਨਾਲ ਲਾਲ ਹੋ ਗਿਆ ਸੀ।ਇੰਨ੍ਹਾਂ ਪੰਜਾਬੀਆਂ ਦੇ ਮਹਿਜ਼ ਕਿਸੇ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਦੇਣ ਵਾਸਤੇ ਸਤਿਕਾਰ ਵਾਲੇ ਸੰਬੋਧਿਤ ਸ਼ਬਦਾਂ ਨੂੰ ਲੈਕੇ ਦੇਸ਼ ਭਗਤੀ ਉੱਤੇ ਸਵਾਲ ?

ਸੰਪਰਕ:9814002186

Share this Article
Leave a comment