Breaking News

ਪਾਕਿਸਤਾਨ ਦਾ ਭਗਤ ਪੂਰਨ ਸਿੰਘ ਕਿਸ ਨੂੰ ਕਹਿੰਦੇ ! – ਇਕ ਅਭੁੱਲ ਸਖਸ਼ੀਅਤ

-ਅਵਤਾਰ ਸਿੰਘ

ਪਾਕਿਸਤਾਨ ਦੇ ਭਗਤ ਪੂਰਨ ਸਿੰਘ, ਈਦੀ ਫਾਂਊਂਡੇਸ਼ਨ ਦੇ ਸੰਸਥਾਪਕ ਅਬਦੁੱਲ ਸਤਾਰ ਇਦੀ ਦੀ 8 ਜੁਲਾਈ 2016 ਦੀ ਤਾਰੀਖ ਇਸ ਦੁਨੀਆਂ ਲਈ ਆਖਰੀ ਸੀ,ਪਰ ਉਸ ਦੁਆਰਾ ਕੀਤੇ ਕੰਮ ਰਹਿੰਦੀ ਦੁਨੀਆਂ ਤੱਕ ਯਾਦ ਕੀਤੇ ਜਾਣਗੇ। 1928 ਵਿੱਚ ਪੈਦਾ ਹੋਏ ਇਦੀ ਨੇ ਪੜ੍ਹਾਈ ਵਿੱਚ ਠੀਕ ਠਾਕ ਹੋਣ ਕਰਕੇ ਪੰਜ ਜਮਾਤਾਂ ਪਾਸ ਹੀ ਕੀਤੀਆ। ਬਚਪਨ ਵਿੱਚ ਇਦੀ ਦਾ ਸੁਪਨਾ ਸੀ ਕਿ ਉਹ ਵੱਡਾ ਹੋ ਕੇ ਬਹੁਤ ਵੱਡਾ ਹਸਪਤਾਲ ਉਸਾਰੇਗਾ ਅਤੇ ਅੰਗਹੀਣਾਂ ਵਾਸਤੇ ਵੱਖਰਾ ਪਿੰਡ ਬਣਾਵਾਂਗਾ ਤਾਂ ਸਾਰੇ ਹੱਸਦੇ।

ਪਹਿਲਾਂ ਇਦੀ ਨੇ ਕੱਪੜਿਆਂ ਵਾਲ਼ੀ ਦੁਕਾਨ ‘ਤੇ ਮਜਦੂਰੀ ਕੀਤੀ ਫਿਰ ਰੇਹੜੀ ‘ਤੇ ਸਾਮਾਨ ਵੇਚਣ ਲੱਗ ਪਿਆ, ਉਸ ਤੋਂ ਬਾਅਦ ਪਾਨ ਦੀ ਛੋਟੀ ਜਿਹੀ ਦੁਕਾਨ ਖੋਲ੍ਹ ਲਈ। 1948 ਵਿੱਚ ਜਦੋਂ ਮੈਮਨਾ ਨੇ ਡਿਸਪੈਂਸਰੀ ਖੋਲੀ ਤਾਂ ਉਹ ਉੱਥੇ ਨੌਕਰੀ ਕਰਨ ਲੱਗ ਗਿਆ ਪਿਆ ਅਤੇ ਦਿਨ ਰਾਤ ਬਿਮਾਰਾਂ ਦੀ ਸੇਵਾ ਕਰਦਾ। ਇੱਕ ਵਾਰੀ ਉਸ ਨੇ ਐਕਸ-ਰੇਅ ਕਰਨ ਵਾਲੇ ਇਕ ਕਰਮਚਾਰੀ ਨੂੰ ਰਿਸ਼ਵਤ ਲੈਂਦੇ ਦੇਖ ਲਿਆ ਤਾਂ ਉਸ ਖਿਲਾਫ ਆਵਾਜ਼ ਉਠਾਈ ਤਾਂ ਬਾਕੀ ਰਿਸ਼ਵਤਖੋਰਾਂ ਅਤੇ ਅਮੀਰਾਂ ਨੇ ਉਸਨੂੰ ਨੌਕਰੀ ਤੋਂ ਕਢਵਾ ਦਿੱਤਾ। 1951 ‘ਚ ਉਸਨੇ 2300 ਰੁਪਏ ਦੀ ਬੱਚਤ ਕਰਕੇ ਖੁਦ ਡਿਸਪੈਂਸਰੀ ਖੋਲੀ ਅਤੇ ਇੱਕ ਡਾਕਟਰ ਰੱਖ ਲਿਆ ਬਾਕੀ ਸਾਰਾ ਕੰਮ ਆਪ ਕਰਦਾ ਅਤੇ ਖੁਦ ਵੀ ਫਾਰਮੇਸੀ ਦੀ ਸਿਖਲਾਈ ਲੈਂਦਾ ਰਹਿੰਦਾ, ਰਾਤ ਨੂੰ ਡਿਸਪੈਂਸਰੀ ਦੇ ਬਾਹਰ ਪੱਥਰ ‘ਤੇ ਸੌਂ ਜਾਂਦਾ ਅਤੇ ਜੇ ਕੋਈ ਮਰੀਜ਼ ਆਉਂਦਾ ਤਾਂ ਦਵਾਈ ਦੇ ਦਿੰਦਾ। ਜਦੋਂ ਉਹ ਕਿਸੇ ਕੰਮ ਲਈ ਹੋਰ ਜਗ੍ਹਾ ਜਾਂਦਾ ਤਾਂ ਉਸਦੀ ਗੈਰ-ਹਾਜ਼ਰੀ ਵਿੱਚ ਅਮੀਰ ਅਫਵਾਹਾਂ ਉਠਾਉਂਦੇ ਕਿ ਉਹ ਦਾਨ ਦੇ ਪੈਸੇ ਖਾ ਗਿਆ ਹੈ ਜਾਂ ਵਿਦੇਸ਼ ਭੱਜ ਗਿਆ ਹੈ।

ਡਿਸਪੈਂਸਰੀ ਤੋਂ ਬਾਅਦ ਉਸਨੇ ਜੱਚਾ-ਬੱਚਾ ਸਿਖਲਾਈ ਕੇਂਦਰ ਖੋਲ੍ਹਿਆ ਅਤੇ ਉੱਥੇ ਕੁੜੀਆਂ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਫਿਰ ਇਲਜਾਮ ਲੱਗੇ ਕਿ ਇਦੀ ਕੁੜੀਆਂ ਦਾ ਵਪਾਰ ਕਰਦਾ। ਇੱਕ ਵਪਾਰੀ ਨੇ ਉਸਦੇ ਕੰਮ ਦੇਖ ਕੇ ਉਸਨੂੰ ਵੀਹ ਹਜ਼ਾਰ ਰੁਪਏ ਦਾਨ ਵਜੋਂ ਦਿੱਤੇ ਤਾਂ ਉਸੇ ਵਕਤ ਸੱਤ ਹਜਾਰ ਦੀ ਵੈਨ ਲੈ ਕੇ ਉਸ ਉੱਪਰ ਲਿਖਾ ਦਿੱਤਾ ‘ਗਰੀਬ ਦੀ ਮੋਟਰ’।

ਇਸ ਤੋਂ ਬਾਅਦ ਦਾਨ ਦੀ ਕਦੇ ਕਮੀ ਨਹੀਂ ਹੋਈ। ਅਬੁਦਲ ਸਤਾਰ ਇਦੀ ਫੁੱਟਪਾਥਾਂ ‘ਤੇ ਪਏ ਗਰੀਬ ਲੋਕਾਂ ਨੂੰ ਛੱਤ ਹੇਠ ਲਿਆਉਂਦਾ ਅਤੇ ਉਹਨਾਂ ਨੂੰ ਆਪ ਨਹਾ ਕੇ ਉਹਨਾਂ ਦੇ ਕੱਪੜੇ ਧੋਂਦਾ ਤਾਂ ਅਮੀਰ ਚੀਕਦੇ ਦੇਖੋ, ਇਦੀ ਬਿਮਾਰਾਂ ਨੂੰ ਕਿੰਨੀ ਘਟੀਆ ਖ਼ੁਰਾਕ ਦਿੰਦਾ। ਉਹ ਕਹਿੰਦਾ, ਤੁਸੀ ਇਹਨਾਂ ਨੂੰ ਆਪਣੇ ਮਹਿਲਾਂ ਵਿੱਚ ਲੈ ਜਾਓ, ਸੇਵਾ ਕਰੋ, ਅੱਲ੍ਹਾ ਖੁਸ਼ ਹੋਵੇਗਾ। ਫਿਰ ਇਦੀ ਨੇ ਲਾਸ਼ਾਂ ਦੇ ਸੰਸਕਾਰ ਦਾ ਕੰਮ ਸ਼ੁਰੂ ਕਰ ਦਿੱਤਾ। ਖੂਹਾਂ, ਸਮੁੰਦਰਾਂ, ਸੀਵਰੇਜਾਂ ਵਿੱਚ ਗਲ੍ਹਦੀਆਂ ਲਾਸ਼ਾਂ ਨੂੰ ਉਹ ਆਪ ਚੁੱਕਦਾ ਅਤੇ ਸੰਸਕਾਰ ਕਰਦਾ। ਜੋ ਕੋਈ ਦਾਨ ਦਿੰਦਾ ਉਸਨੂੰ ਉਹ ਰਸੀਦ ਦਿੰਦਾ ਅਤੇ ਕਹਿੰਦਾ ਕਿ ਜੇਕਰ ਕਦੇ ਵੀ ਇਹ ਲੱਗੇ ਕਿ ਤੁਸੀਂ ਦਾਨ ਦੇ ਕੇ ਗਲਤੀ ਕੀਤੀ ਹੈ ਤਾਂ ਰਸੀਦ ਲੈ ਆਇਓ ਅਤੇ ਆਪਣੇ ਪੈਸੇ ਵਾਪਿਸ ਲੈ ਜਾਇਓ। ਜਦੋਂ ਚੌਰਾਹੇ ਵਿੱਚ ਠੂਠਾ ਲੈ ਕੇ ਬੈਠ ਜਾਂਦਾ ਤਾਂ ਦਾਨ ਦੇਣ ਵਾਲਿਆ ਦੀ ਭੀੜ ਲੱਗ ਜਾਂਦੀ। ਕਈ ਵਾਰ ਉਸਨੂੰ ਪੱਤਰਕਾਰ ਪੁੱਛਦੇ ਕਿ, “ਕੀ ਤੁਹਾਡੇ ਕੋਲ ਪੈਸੇ ਦੀ ਘਾਟ ਹੈ ਜੋ ਠੂਠਾ ਫੜ ਕੇ ਮੰਗ ਰਹੇ ਹੋ?” ਤਾਂ ਇਦੀ ਕਹਿੰਦਾ, “ਨਹੀਂ ਮੇਰੇ ਕੋਲ ਪੈਸੇ ਲੋੜ ਜਿੰਨ੍ਹੇ ਹਨ,ਪਰ ਇਹ ਠੂਠਾ ਮੈਨੂੰ ਯਾਦ ਦਿਵਾਉਂਦਾ ਹੈ ਕਿ ਇਦੀ ਤੂੰ ਇੱਕ ਮੰਗਤਾ ਹੈ ਅਤੇ ਇਹੀ ਤੇਰੀ ਔਕਾਤ ਹੈ।” ਜਦੋਂ ਉਸਨੂੰ ਪਤਾ ਲੱਗਿਆ ਕਿ ਲੋਕ ਨਾਜਾਇਜ਼ ਬੱਚਿਆਂ ਨੂੰ ਇੱਧਰ ਉੱਧਰ ਸੁੱਟ ਜਾਂਦੇ ਹਨ ਤਾਂ ਉਸਨੇ ਨਰਸਿੰਗ ਹੋਮਾਂ ਦੇ ਸਾਹਮਣੇ ਪੰਘੂੜੇ ਲਟਕਾ ਦਿੱਤੇ ਅਤੇ ਕਿਹਾ ਅਪਣਾ ਅਣਚਾਹਿਆ ਬੱਚਾ ਇੱਥੇ ਰੱਖ ਜਾਉ ਤਾਂ ਇਸ ਗੱਲ ਤੇ ਮੌਲਵੀਆਂ ਨੇ ਫਤਵਾ ਦਿੱਤਾ ਕਿ ਨਜ਼ਾਇਜ ਔਲਾਦ ਨੂੰ ਪੱਥਰ ਮਾਰ ਕੇ ਮਾਰ ਦਿਉ! ਉਸਨੇ ਐਲਾਨ ਕੀਤਾ, ”ਆਓ, ਮੇਰੇ ਪੰਘੂੜੇ ਵਿੱਚ ਪਏ ਬੱਚੇ ਨੂੰ ਕੋਈ ਮਾਰ ਕੇ ਦਿਖਾਵੇ”। ਉਹ ਫਾਲਤੂ ਦੇ ਸਮਾਗਮਾਂ ਵਿੱਚ ਜਾਣ ਨੂੰ ਸਮੇਂ ਦੀ ਬਰਬਾਦੀ ਦੱਸਦਾ ਸੀ ਉਸਨੂੰ ਲੱਗਦਾ ਸੀ ਲੱਛੇਦਾਰ ਭਾਸ਼ਣ ਸੁਣਨ ਜਾਂ ਦੇਣ ਦੀ ਬਜਾਏ ਉਹ ਉਸ ਸਮੇਂ ਕਿਸੇ ਦੀ ਮਦਦ ਕਰ ਸਕਦਾ ਹੈ।

ਅਬਦੁੱਲ ਸਤਾਰ ਇਦੀ ਨੂੰ ਜਦੋਂ ਪਤਾ ਲੱਗਦਾ ਸੀ ਕਿ ਕਿਸੇ ਥਾਂ ਪੁਲਿਸ ਮੁਕਾਬਲਾ ਹੈ ਗੋਲ਼ੀਬਾਰੀ ਹੋ ਰਹੀ ਹੈ ਤਾਂ ਉਹ ਉਸੇ ਸਮੇਂ ਵੈਨ ਲੈ ਕੇ ਪਹੁੰਚ ਜਾਂਦਾ ਅਤੇ ਲਾਊਡ-ਸਪੀਕਰ ‘ਤੇ ਕਹਿ ਦਿੰਦਾ ਕਿ ਇਦੀ ਲਾਸ਼ਾਂ ਲੈਣ ਆਇਆ ਹੈ ਤਾਂ ਗੋਲੇਬਾਰੀ ਬੰਦ ਹੋ ਜਾਂਦੀ ਅਤੇ ਇਦੀ ਦੋਵੇਂ ਪਾਸਿਆਂ ਦੀਆਂ ਲਾਸ਼ਾਂ ਅਤੇ ਜਖ਼ਮੀਆਂ ਨੂੰ ਲੈ ਕੇ ਵਾਪਸ ਤੁਰ ਪੈਦਾ। ਉਸਦੀ ਪਤਨੀ ਬਿਲਕਿਸ ਪੁੱਛਦੀ “ਗਲ੍ਹੀਆਂ ਹੋਈਆਂ ਲਾਸ਼ਾਂ ਚੁੱਕਣ ਵੇਲ਼ੇ ਅਸੀਂ ਸਭ ਨੱਕ ਬੰਦ ਕਰ ਲੈਂਦੇ ਹਾਂ ਪਰ ਤੁਸੀਂ ਨਹੀਂ ਕਰਦੇ, ਤੁਹਾਨੂੰ ਬਦਬੂ ਕਿਉਂ ਨਹੀਂ ਆਉਦੀ?” ਤਾਂ ਉਹ ਕਹਿੰਦਾ, ”ਮੈਂ ਸਮਝਦਾ ਹਾਂ ਕਿ ਇਹ ਲਾਸ਼ ਮੇਰੀ ਜਾਂ ਤੇਰੀ ਵੀ ਹੋ ਸਕਦੀ ਹੈ, ਜਦੋਂ ਝੁੱਗੀਆਂ ਝੌਪੜੀਆਂ ਵਿੱਚ ਜਾਂਦਾ ਹਾਂ ਤਾਂ ਨੰਗੇ ਬੱਚੇ ਉਸ ਵੱਲ ਦੌੜ ਕੇ ਆਉਂਦੇ। ਉਹ ਕਹਿੰਦਾ ਸ਼ਹਿਰੀ ਲੋਕਾਂ ਨੂੰ ਮੇਰੇ ਕੱਪੜੇ ਪਸੰਦ ਨਹੀਂ ਆਉਂਦੇ ਪਰ ਇਹਨਾਂ ਨੂੰ ਕਿੰਨੇ ਸੋਹਣੇ ਲੱਗਦੇ ਹੋਣਗੇ।” 1990 ਤੱਕ ”ਇਦੀ ਫਾਂਊਡੇਸ਼ਨ” ਕੋਲ 500 ਐਬੂਲੈਂਸਾਂ ਹੋ ਗਈਆਂ,ਆਉਣ ਵਾਲੇ ਪੰਜ ਸਾਲਾਂ ਵਿੱਚ 800 ਐਬੂਲੈਂਸਾਂ,ਪੰਜ ਜਹਾਜ਼, ਪੰਜ ਹੈਲੀਕਾਪਟਰ ਲੈਣ ਦੀ ਯੋਜਨਾ ਸੀ। ਤੇਲ ਕੰਪਨੀਆਂ ਮੁਫ਼ਤ ਤੇਲ ਦੀ ਪੇਸ਼ਕਸ ਕਰ ਰਹੀਆਂ ਸਨ। ਹਵਾਈ ਮਹਿਕਮੇ ਨੇ ਜਹਾਜ਼ਾਂ ਦੇ ਸਾਰੇ ਟੈਕਸ ਮਾਫ ਕਰ ਦਿੱਤੇ। ਅਮਰੀਕਾ ਨੇ 911 ਐਮਰਜੈਂਸੀ ਲਾਇਨਾਂ ਵਾਲ਼ੀ ਟੈਲੀਫੋਨ ਐਕਸਚੇਂਜ ਦਿੱਤੀ। 1988 ਵਿੱਚ ਲਾਸ਼ਾਂ ਲਿਜਾਣ ਲਈ ਅਮਰੀਕਾ ਦੇ ਰਾਜਦੂਤ ਨੇ ਜਹਾਜ਼ ਦਿੱਤਾ ਸੀ। “ਇਦੀ ਫਾਂਊਡੇਸ਼ਨ” ਵੱਲੋਂ 30 ਲੱਖ ਬੱਚਿਆਂ ਨੂੰ ਮੁੜ ਵਸਾਇਆ ਗਿਆ, 80 ਹਜ਼ਾਰ ਮਨੋਰੋਗੀਆਂ ਅਤੇ ਨਸ਼ੇੜੀਆਂ ਦਾ ਇਲਾਜ ਕਰਕੇ ਉਹਨਾਂ ਨੂੰ ਘਰ ਭੇਜਿਆਂ ਗਿਆ,10 ਲੱਖ ਬੱਚੇ ਇਦੀ ਮੈਟਰਨਿਟੀ ਕੇਂਦਰਾਂ ਵਿੱਚ ਪੈਦਾ ਹੋਏ, 20 ਹਜ਼ਾਰ ਅਨਾਥ ਬੱਚੇ ਪਾਲ੍ਹੇ ਜਿਹਨਾਂ ਨੂੰ ਲੋਕ ਸੁੱਟ ਜਾਂਦੇ ਸਨ। 40,000 ਕੁੜੀਆਂ ਨੇ ਦਾਈ ਦਾ ਕੰਮ ਸਿੱਖ ਕੇ ਰੁਜ਼ਗਾਰ ਤੇ ਲੱਗੀਆਂ। ਲਾਵਾਰਿਸ ਦੋ ਲੱਖ ਲਾਸ਼ਾਂ ਦਫਨ ਕੀਤੀਆਂ। ਈਦੀ ਫੈਡਰੇਸ਼ਨ ਕੋਲ 1800 ਐਂਬੂਲੈਸਾਂ ਤੇ 28 ਕਿਸ਼ਤੀ ਜਹਾਜ਼ ਹਨ ਰੋਜ਼ਾਨਾ ਐਂਬੂਲੈਂਸਾਂ ਲਈ ਛੇ ਹਜ਼ਾਰ ਫੋਨ ਆਉਦੇ ਹਨ। ਅਬਦੁੱਲ ਸਤਾਰ ਇਦੀ ਦੀ ਮੌਤ 8 ਜੁਲਾਈ 2016 ਤੋਂ ਬਾਅਦ ਉਸਦੀ ਪਤਨੀ ਬਿਲਕਿਸ ਸੰਸਥਾ ਦੀ ਮੁਖੀ ਹੈ। ਅਜਿਹੀ ਸ਼ਖਸੀਅਤ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ, ਇਤਿਹਾਸ ਵਿੱਚ ਉਸਦਾ ਨਾਮ ਹਮੇਸ਼ਾਂ ਚਮਕਦਾ ਰਹੇਗਾ। ਈਦੀ ਦਾ ਜਨਮ ਗੁਜਰਾਤ ਸ਼ਹਿਰ (ਭਾਰਤ) ਵਿੱਚ ਹੋਇਆ ਸੀ।

Check Also

ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਦੇ ’ਤੇ ਵੱਡੀ ਹਲਚਲ

ਜਗਤਾਰ ਸਿੰਘ ਸਿੱਧੂ ਮੈਨੇਜਿੰਗ ਐਡੀਟਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੀ ਗ੍ਰਿਫ਼ਤਾਰੀ ਦੇ ਮਾਮਲੇ …

Leave a Reply

Your email address will not be published. Required fields are marked *