ਜਥੇਦਾਰ ਦੇ ਬਿਆਨ ਨਾਲ ਮਚੀ ਹਲਚਲ 

Global Team
4 Min Read

ਜਗਤਾਰ ਸਿੰਘ ਸਿੱਧੂ

ਮੈਨੇਜਿੰਗ ਐਡੀਟਰ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹੋਲਾ-ਮਹੱਲਾ ਦੇ ਸਮਾਗਮਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੋ-ਫਾੜ ਕਰਨ ਦੇ ਮਾਮਲੇ ਸੰਬੰਧੀ ਕੇਂਦਰ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਬਾਰੇ ਦਿੱਤੇ ਬਿਆਨ ਨੇ ਰਾਜਸੀ ਅਤੇ ਧਾਰਮਿਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਬਣਾ ਕੇ ਸਮੇਂ ਦੀ ਹਕੂਮਤ ਨੇ ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਿਆ ਹੈ। ਇਸ ਕਾਰਵਾਈ ਨਾਲ ਸਿੱਖ ਹਿਰਦਿਆਂ ਨੂੰ ਡੂੰਘੀ ਠੇਸ ਪਹੁੰਚੀ ਹੈ। ਜਥੇਦਾਰ ਦਾ ਕਹਿਣਾ ਹੈ ਕਿ ਪੰਥ ਵੱਲੋਂ ਬਦ-ਦੁਆ ਦਿੱਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਹਕੂਮਤ ਨੇ ਸਿੱਖਾਂ ਦੀ ਪਾਰਲੀਮੈਂਟ ਤੋੜੀ ਹੈ, ਇਸੇ ਤਰ੍ਹਾਂ ਹਕੂਮਤਾਂ ਦੀ ਪਾਰਲੀਮੈਂਟ ਦੇ ਵੀ ਟੋਟੇ ਹੋਣਗੇ। ਜਥੇਦਾਰ ਵੱਲੋਂ ਦਿੱਤੇ ਇਸ ਬਿਆਨ ਦੀ ਅਹਿਮੀਅਤ ਇਸ ਕਰਕੇ ਹੋਰ ਵੀ ਵਧੇਰੇ ਹੈ ਕਿਉਂ ਜੋ ਇਹ ਬਿਆਨ ਖ਼ਾਲਸਾ ਦੀ ਸਾਜਣਾ ਵਾਲੀ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮੁਹੱਲੇ ਦੇ ਮੌਕੇ ਉੱਪਰ ਦਿੱਤਾ ਗਿਆ ਹੈ। ਬੇਸ਼ੱਕ ਪਹਿਲਾਂ ਵੀ ਕੇਂਦਰ ਦੀ ਦਿੱਲੀ ਸਰਕਾਰ ਅਤੇ ਸਿੱਖ ਸੰਸਥਾਵਾਂ ਵਿਚਕਾਰ ਕਈ ਮੌਕਿਆਂ ’ਤੇ ਟਕਰਾ ਰਿਹਾ ਹੈ ਪਰ ਅਜਿਹਾ ਪਹਿਲਾ ਮੌਕਾ ਹੈ ਜਦੋਂ ਜਥੇਦਾਰ ਵੱਲੋਂ ਸ਼੍ਰੋਮਣੀ ਕਮੇਟੀ ਤੋੜਨ ਦੇ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਬਹੁਤ ਸਖ਼ਤ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਵੱਖਰੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਜਥੇਦਾਰ ਦੇ ਬਿਆਨ ਦੀ ਨਿਖੇਧੀ ਕੀਤੀ ਗਈ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜਥੇਦਾਰ ਦਾ ਬਿਆਨ ਅਕਾਲੀ ਆਗੂਆਂ ਦੀ ਲੀਡਰਸ਼ਿੱਪ ਤੋਂ ਪ੍ਰੇਰਿਤ ਰਾਜਸੀ ਬਿਆਨ ਹੈ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਦੇਸ਼ ਅੰਦਰ ਘੱਟ ਗਿਣਤੀਆਂ ਨਾਲ ਹੋਰ ਵੀ ਧੱਕੇਸ਼ਾਹੀ ਦਾ ਸੰਕੇਤ ਦਿੰਦਾ ਹੈ। ਖ਼ਾਸ ਤੌਰ ਤੇ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਉਣ ਦੇ ਮਾਮਲੇ ਵਿੱਚ ਸਰਕਾਰ ਦੇ ਦਖ਼ਲ ਉੱਪਰ ਸਿੱਧੇ ਤੌਰ ਤੇ ਸਵਾਲ ਉੱਠ ਰਹੇ ਹਨ। ਇਹ ਕਿਹਾ ਜਾ ਰਿਹਾ ਹੈ ਕਿ ਪਾਰਲੀਮੈਂਟ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣਾਏ ਐਕਟ ਨੂੰ ਹਰਿਆਣਾ ਦੇ ਸੂਬੇ ਦੀ ਸਰਕਾਰ ਕਿਵੇਂ ਤੋੜ ਸਕਦੀ ਹੈ। ਆਉਣ ਵਾਲੇ ਦਿਨਾਂ ਵਿੱਚ ਕੇਂਦਰ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ ਟਕਰਾ ਵਧਣ ਦੇ ਆਸਾਰ ਹਨ। ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਵੀ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਜਾ ਰਹੀ ਹੈ ਪਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਬਿਆਨ ਨਾਲ ਇਹ ਟਕਰਾ ਨਵੀਂ ਦਿਸ਼ਾ ਧਾਰਨ ਕਰਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਅਕਾਲੀ ਦਲ ਅਤੇ ਭਾਜਪਾ ਦੇ ਗੱਠ-ਜੋੜ ਮੌਕੇ ਅਜਿਹਾ ਟਕਰਾ ਕਿਧਰੇ ਨਜ਼ਰ ਨਹੀਂ ਆਇਆ ਪਰ ਹੁਣ ਗੱਠ-ਜੋੜ ਟੁੱਟਣ ਬਾਅਦ ਸਥਿਤੀ ਬਦਲੀ ਹੋਈ ਨਜ਼ਰ ਆ ਰਹੀ ਹੈ। ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਵੇਲੇ ਕਮੇਟੀ ਵੱਲੋਂ ਕਿਸਾਨਾਂ ਦੀ ਮਦਦ ਕਰਨ ਨਾਲ ਕੇਂਦਰ ਸਰਕਾਰ ਦੀ ਨਾਰਾਜ਼ਗੀ ਵਧੇਰੇ ਝਲਕ ਰਹੀ ਹੈ। ਦੂਜੇ ਪਾਸੇ ਕੁੱਝ ਹੋਰ ਸਿੱਖ ਜਥੇਬੰਦੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਉੱਪਰ ਇੱਕ ਪਰਿਵਾਰ ਦਾ ਕਬਜ਼ਾ ਹੋਣ ਕਾਰਨ ਪੰਥਕ ਜਥੇਬੰਦੀਆਂ ਦੀ ਸ਼ਾਖ਼ ਨੂੰ ਲਗਾਤਾਰ ਧੱਕਾ ਲੱਗਾ ਹੈ। ਹੁਣ ਮੌਜੂਦਾ ਪ੍ਰਸਥਿਤੀਆਂ ਵਿੱਚ ਵੇਖਣਾ ਹੋਵੇਗਾ ਕਿ ਪੰਥਕ ਲੀਡਰਸ਼ਿੱਪ ਕੇਂਦਰ ਨਾਲ ਜੁੜੇ ਵੱਡੇ ਮੁੱਦਿਆਂ ਉੱਪਰ ਕੀ ਰੁਖ਼ ਅਖ਼ਤਿਆਰ ਕਰਦੀ ਹੈ?

- Advertisement -

Share this Article
Leave a comment