ਕਾਰਗਿਲ ਵਿਜੈ ਦਿਵਸ : ਸੈਨਿਕਾਂ ਦੇ ਆਖਰੀ ਸਾਹ ਨਾਲ ਲਹਿਰਾਉਂਦਾ ਹੈ ਕੌਮੀ ਝੰਡਾ 

TeamGlobalPunjab
7 Min Read
-ਰਮੇਸ਼ ਪੋਖਰਿਯਾਲ ‘ਨਿਸ਼ੰਕ’
ਇੰਡੀਅਨ ਮਿਲਟਰੀ ਅਕੈਡਮੀ ਤੋਂ ਹਰ ਸਾਲ ਯੁਵਾ ਅਫ਼ਸਰ ਇਸ ਆਦਰਸ਼ ਵਾਕ‍ ਦੇ ਨਾਲ ਪਾਸ ਆਊਟ ਹੁੰਦੇ ਹਨ ਕਿ ‘ਹਮੇਸ਼ਾ ਅਤੇ ਹਰ ਵਾਰ ਦੇਸ਼ ਦੀ ਸੁਰੱਖਿਆ, ਸਨਮਾਨ ਅਤੇ ਭਲਾਈ ਸਭ ਤੋਂ ਮਹੱਤਵਪੂਰਣ ਹੈ। ਉਸ ਦੇ ਬਾਅਦ ਤੁਸੀਂ ਜਿਨ੍ਹਾਂ ਲੋਕਾਂ ਨੂੰ ਕਮਾਂਡ ਕਰਦੇ ਹੋ ਉਨ੍ਹਾਂ ਦੇ  ਸਨਮਾਨ, ਭਲਾਈ ਅਤੇ ਅਰਾਮ ਦੀ ਵਾਰੀ ਆਉਂਦੀ ਹੈ। ਤੁਹਾਡੇ ਆਪਣੇ ਅਰਾਮ ਅਤੇ ਸੁਰੱਖਿਆ ਦੀ ਵਾਰੀ ਹਮੇਸ਼ਾ ਅਤੇ ਹਰ ਵਾਰ ਸਭ ਤੋਂ ਅੰਤ ਵਿੱਚ ਆਉਂਦੀ ਹੈ।
ਇਸੇ ਬੁਨਿਆਦੀ ਦ੍ਰਿੜ੍ਹਤਾ ਦੇ ਨਾਲ ਭਾਰਤੀ ਸੈਨਾ ਦੇ ਯੁਵਾ ਅਫ਼ਸਰਾਂ ਨੇ ਕਾਰਗਿਲ ਦੀ ਲੜਾਈ ਲੜੀ ਸੀ ਅਤੇ ਦੇਸ਼ ਦੇ ਮਿਲਟਰੀ ਇਤਿਹਾਸ ਵਿੱਚ ਇੱਕ ਸ਼ਾਨਦਾਰ ਅਧਿਆਇ ਜੋੜਿਆ ਸੀ। ਅਸਲ ਵਿੱਚ ਇਹ ਇੱਕ ਅਨੋਖੀ ਲੜਾਈ ਸੀ ਜੋ ਇਤਨੀ ਉਚਾਈ ’ਤੇ, ਕਾਫ਼ੀ ਦੁਰਗਮ ਇਲਾਕੇ ਵਿੱਚ ਅਤੇ ਪੂਰੀ ਤਰ੍ਹਾਂ ਨਾਲ ਮੋਰਚਾ ਸੰਭਾਲ਼ ਚੁੱਕੇ ਦੁਸ਼ਮਣ ਦੇ ਖ਼ਿਲਾਫ਼ ਲੜੀ ਗਈ। ਸਾਡੇ ਯੁਵਾ ਅਫ਼ਸਰਾਂ ਅਤੇ ਸੈਨਿਕਾਂ ਨੇ ਹਮਲੇ ਦੀ ਅਗਵਾਈ ਕੀਤੀ ਅਤੇ ਉਨ੍ਹਾਂ ਨੂੰ ਸਖ਼ਤੀ ਨਾਲ ਦਬੋਚ ਲਿਆ। ਉਨ੍ਹਾਂ ਵਿੱਚੋਂ ਕਈ ਨੇ ਤਾਂ ਆਪਣੀ ਮਾਤ੍ਭੂਮੀ ਦੀ ਰੱਖਿਆ ਲਈ ਸਰਬਉੱਚ ਬਲੀਦਾਨ ਦੇ ਦਿੱਤਾ। ‘ਯੇ ਦਿਲ ਮਾਂਗੇ ਮੋਰ’ ਤੋਂ ਲੈ ਕੇ ‘ਮੈਂ ਤੁਮਹੇਂ ਸਿਤਾਰੋਂ ਸੇ ਨਿਹਾਰੂੰਗਾ’ ਵਰਗੇ ਉਨ੍ਹਾਂ ਦੇ ਤਕੀਆ ਕਲਾਮ ਹਰ ਭਾਰਤੀ ਦੇ ਦਿਲੋ-ਦਿਮਾਗ ਵਿੱਚ ਹੁਣ ਵੀ ਗੂੰਜ ਰਹੇ ਹਨ।
ਉਨ੍ਹਾਂ ਯੁੱਧ ਵੀਰਾਂ ਵਿੱਚੋਂ ਇੱਕ ਨੇ ਕਿਹਾ ਸੀ –‘ਜਾਂ ਤਾਂ ਮੈਂ ਤਿਰੰਗਾ ਲਹਿਰਾਉਣ ਦੇ ਬਾਅਦ ਵਾਪਸ ਆਵਾਂਗਾ ਜਾਂ ਫਿਰ ਮੈਂ ਉਸ ਵਿੱਚ ਲਿਪਟਿਆ ਹੋਇਆ ਵਾਪਸ ਆਵਾਂਗਾ, ਲੇਕਿਨ ਮੈਂ ਵਾਪਸ ਜ਼ਰੂਰ ਆਵਾਂਗਾ। ਉਨ੍ਹਾਂ ਵਿੱਚੋਂ ਕੁਝ ਸਦੀਵੀ ਨੀਂਦ ਵਿੱਚ-ਤਿਰੰਗੇ ਵਿੱਚ ਲਿਪਟੇ ਹੋਏ ਘਰ ਵਾਪਸ ਆਏ। ਇਨ੍ਹਾਂ ਨੌਜਵਾਨਾਂ ਦੀ ਵੀਰਤਾ ਅਤੇ ਬਲੀਦਾਨ ਨੇ ਦੇਸ਼ ਦਾ ਕੱਦ ਉੱਚਾ ਕਰ ਦਿੱਤਾ। ਹਥਿਆਰਬੰਦ ਬਲਾਂ ਤੋਂ ਲੈ ਕੇ ਸੰਸਦ ਤੱਕ ਸਾਰੇ ਪੱਧਰਾਂ ’ਤੇ ਅਗਵਾਈ ਨੇ ਅਸਲ  ਵਿੱਚ ਉਸ ਦੌਰਾਨ ਕਠਿਨ ਪ੍ਰੀਖਿਆ ਦਾ ਸਾਹਮਣਾ ਕੀਤਾ।
ਹਥਿਆਰਬੰਦ ਬਲਾਂ ਵਿੱਚ ਅੱਗੇ ਵਧ ਕੇ ਮੋਰਚਾ ਸੰਭਾਲਣ ਅਤੇ ਉਦਾਹਰਣ ਪੇਸ਼ ਕਰਨ ਦੀ ਪਰੰਪਰਾ ਰਹੀ ਹੈ। ਲੜਾਈ ਵਿੱਚ ਸ਼ਾਮਲ ਮਿਲਟਰੀ ਟੁਕੜੀ ਦੀ ਅਗਵਾਈ ਤੋਂ ਲੈ ਕੇ ਸਿਖਰਲੀ ਅਗਵਾਈ ਤੱਕ ਨੇ ਉਸ ਮੁਹਿੰਮ ਨੂੰ ਸ਼ਾਨਦਾਰ ਅਤੇ ਪ੍ਰੇਰਣਾਦਾਇਕ ਤਰੀਕੇ ਨਾਲ ਅੱਗੇ ਵਧਾਇਆ ਸੀ। ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਯੁੱਧ ਦੇ ਦੌਰਾਨ ਅਗਲੇ ਮੋਰਚੇ ਦਾ ਦੌਰਾ ਕੀਤਾ ਅਤੇ ਸੈਨਾ ਦਾ ਮਨੋਬਲ ਵਧਾਇਆ। ਉਸ ਸਮੇਂ ਦੇਸ਼ ਤਮਾਮ ਵਿਚਾਰਕ ਅਤੇ ਰਾਜਨੀਤਕ ਮਤਭੇਦਾਂ ਨੂੰ ਭੁਲਾ ਕੇ ਆਪਣੇ ਹਥਿਆਰਬੰਦ ਬਲਾਂ ਦੇ ਪਿੱਛੇ ਇਕਜੁੱਟ ਖੜ੍ਹਾ ਸੀ।
ਸਾਲ 1999 ਵਿੱਚ ਉੱਤਰ ਪ੍ਰਦੇਸ਼ ਦੀ ਤਤਕਾਲੀ ਸਰਕਾਰ ਨੇ ਮੈਨੂੰ ਨੋਡਲ ਮੰਤਰੀ  ਬਣਾਇਆ ਸੀ। ਮੈਨੂੰ ਸਾਰੇ ਸ਼ਹੀਦਾਂ ਦਾ ਪੂਰੇ ਸਰਕਾਰੀ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕਰਨ ਦੀ ਵਿਵਸਥਾ ਕਰਨ ਦਾ ਕੰਮ ਸੌਂਪਿਆ ਗਿਆ ਸੀ। ਅਜਿਹਾ ਪਹਿਲੀ ਵਾਰ ਹੋਇਆ ਸੀ ਕਿ ਸਾਰੇ ਸ਼ਹੀਦਾਂ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨ ਦੇ ਨਾਲ ਕੀਤਾ ਗਿਆ ਅਤੇ ਉਹ ਪਰੰਪਰਾ ਅੱਜ ਤੱਕ ਜਾਰੀ ਹੈ।
ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦਾ ਦ੍ਰਿੜ੍ਹ ਵਿਸ਼ਵਾਸ ਸੀ ਕਿ ਰਾਸ਼ਟਰ ਦੇ ਨਾਇਕਾਂ ਦਾ ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਪੂਰੇ ਸਰਕਾਰੀ ਸਨਮਾਨ ਦੇ ਨਾਲ ਸੁਆਗਤ ਕੀਤਾ ਜਾਣਾ ਚਾਹੀਦਾ ਹੈ। ਇਸ ਨੇ ਵਿਭਿੰਨ ਦਲਾਂ ਅਤੇ ਸਮਾਜਿਕ ਧਿਰਾਂ ਦਰਮਿਆਨ ਪੂਰੇ ਦੇਸ਼ ਨੂੰ ਇਕਜੁੱਟ ਕੀਤਾ। ਲੇਕਿਨ ਉਹ ਮੇਰੇ ਲਈ ਬੇਹੱਦ ਦਰਦ ਅਤੇ ਮਾਣ ਦਾ ਪਲ ਸੀ। ਮੈਂ ਉਨ੍ਹਾਂ ਵੀਰ ਨਾਰੀਆਂ, ਬੱਚਿਆਂ, ਮਾਤਾਵਾਂ, ਭੈਣਾਂ ਅਤੇ ਪਿਤਾ ਦੇ ਦੁਖ ਨੂੰ ਮਹਿਸੂਸ ਕੀਤਾ, ਜਿਨ੍ਹਾਂ ਨੇ ਬਦਲੇ ਵਿੱਚ ਕੁਝ ਵੀ ਉਮੀਦ ਕੀਤੇ ਬਿਨਾ ਆਪਣੇ ਯੁਵਾ ਲੜਕਿਆਂ ਨੂੰ ਇਸ ਦੇਸ਼ ਲਈ ‍ਕੁਰਬਾਨ ਕਰ ਦਿੱਤਾ।
ਲਗਭਗ ਦੋ ਦਹਾਕੇ ਬਾਅਦ ਅੱਜ, ਗਲਵਾਨ ਘਾਟੀ ਵਿੱਚ ਸਾਡੇ ਬਹਾਦਰ ਸੈਨਿਕਾਂ ਦੇ ਸਾਹਮਣੇ ਫਿਰ ਉਹੋ ਜਿਹੀ ਹੀ ਪਰਿਸਥਿਤੀ ਸਾਹਮਣੇ ਖੜ੍ਹੀ ਹੋ ਗਈ ਅਤੇ ਉਨ੍ਹਾਂ ਨੇ ਦੁਸ਼ਮਣ ਨੂੰ ਕਰਾਰਾ ਜਵਾਬ ਦਿੱਤਾ। ਦੇਸ਼ ਨੂੰ ਉਨ੍ਹਾਂ ਦੀ ਬਹਾਦਰੀ ’ਤੇ ਮਾਣ ਹੈ। ਸਾਡੇ ਪ੍ਰਧਾਨ ਮੰਤਰੀ ਦੀ ਲੇਹ ਅਤੇ ਸੀਮਾਵਰਤੀ ਖੇਤਰਾਂ ਦੀ ਯਾਤਰਾ ਸਪਸ਼ਟ ਸੰਕੇਤ ਅਤੇ ਸਖ਼ਤ ਸੰਦੇਸ਼ ਦਿੰਦੀ ਹੈ ਕਿ 130 ਕਰੋੜ ਲੋਕਾਂ ਦਾ ਨਿਰਵਿਵਾਦ ਨੇਤਾ ਇਹ ਵਿਸ਼ਵਾਸ ਕਰਨ ਲਈ ਉੱਥੇ ਮੌਜੂਦ ਸੀ ਕਿ ਪੂਰਾ ਦੇਸ਼ ਸੈਨਾ ਦੇ ਪਿੱਛੇ ਇਕਜੁੱਟ ਹੋ ਕੇ ਖੜ੍ਹਾ ਹੈ।
ਇਹ ਦੇਖਕੇ ਅਤਿਅੰਤ ਖੁਸ਼ੀ ਹੁੰਦੀ ਹੈ ਕਿ ਜਦੋਂ ਪੂਰਾ ਦੇਸ਼ ਆਪਣੇ ਪਰਿਵਾਰਾਂ ਦੇ ਨਾਲ ਘਰ ’ਚ ਦੀਵਾਲੀ ਮਨਾ ਰਿਹਾ ਹੁੰਦਾ ਹੈ ਤਾਂ ਸਾਡੇ ਪ੍ਰਧਾਨ ਮੰਤਰੀ ਸੀਮਾਵਰਤੀ ਖੇਤਰਾਂ ਵਿੱਚ ਸਾਡੇ ਸੈਨਿਕਾਂ ਦੇ ਨਾਲ ਦੀਵਾਲੀ ਮਨਾਉਂਦੇ ਹਨ। ਉਨ੍ਹਾਂ ਨੇ ਪਿਛਲੇ ਛੇ ਵਰ੍ਹਿਆਂ ਦੇ ਦੌਰਾਨ ਲਗਾਤਾਰ ਹਰ ਸਾਲ ਅਜਿਹਾ ਕੀਤਾ ਅਤੇ ਹਥਿਆਰਬੰਦ ਬਲਾਂ ਦੇ ਬਹਾਦਰ ਸੈਨਿਕਾਂ ਨੂੰ ਆਪਣਾ ਪਰਿਵਾਰ ਬਣਾਇਆ। ਇਸ ਲਈ ਸਾਡੀ ਲੀਡਰਸ਼ਿਪ ਜੋ ਕਹਿੰਦੀ ਹੈ ਉਹ ਕਰਦੀ ਹੈ।
ਸਾਡੇ ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਅਗਵਾਈ ਦੇ ਤਹਿਤ ਸੈਨਾ ਦਾ ਆਧੁਨਿਕੀਕਰਨ ਅਤੇ ਅਪਰੇਸ਼ਨ ਸਬੰਧੀ ਉਸ ਦੀ ਤਿਆਰੀ ਨਵੀਆਂ ਉਚਾਈਆਂ ’ਤੇ ਹੈ। ਹਥਿਆਰਬੰਦ ਬਲਾਂ ਅਤੇ ਉਨ੍ਹਾਂ ਦੀਆਂ ਮੰਗਾਂ ’ਤੇ ਸਰਕਾਰ ਪ੍ਰਮੁੱਖਤਾ ਨਾਲ ਧਿਆਨ ਦੇ ਰਹੀ ਹੈ। ਸਾਡੇ ਹਥਿਆਰਬੰਦ ਬਲਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਵਿੱਚ ਕੋਈ ਦੇਰੀ ਜਾਂ ਮਨਾਹੀ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕੁਝ ਦਲਾਂ ਦੇ ਗਲਤ ਅਤੇ ਦੁਰਭਾਵਨਾਪੂਰਨ ਰਾਜਨੀਤਕ ਪ੍ਰਚਾਰ ਦਰਮਿਆਨ ਆਪਣੀ ਪੂਰੀ ਰਾਜਨੀਤਕ ਪੂੰਜੀ ਦਾਅ ’ਤੇ ਲਗਾ ਦਿੱਤੀ ਲੇਕਿਨ ਹਥਿਆਰਬੰਦ ਬਲਾਂ ਦੇ ਅਸਲਾਖ਼ਾਨੇ ਵਿੱਚ ਰਾਫੇਲ ਨੂੰ ਸ਼ਾਮਲ ਕਰਨ ਦੀ ਆਪਣੀ ਪ੍ਰਤੀਬੱਧਤਾ ਤੋਂ ਉਹ ਪਿੱਛੇ ਨਹੀਂ ਹਟੇ।
ਮੈਂ ਇਸ ਕਰਗਿਲ ਦਿਵਸ ਦੇ ਅਵਸਰ ’ਤੇ ਦੇਸ਼ ਦੇ ਮੌਜੂਦਾ ਅਤੇ 1999 ਦੀ ਪ੍ਰਤੀਬੱਧ ਲੀਡਰਸ਼ਿਪ ਵਿੱਚ ਕਾਫ਼ੀ ਸਮਾਨਤਾਵਾਂ ਦੇਖ ਸਕਦਾ ਹਾਂ। ਬਦਲਦੇ ਗਲੋਬਲ ਪਰਿਪੇਖ ਵਿੱਚ ਭਾਰਤ ਇੱਕ ਪ੍ਰਮੁੱਖ ਸ਼ਕਤੀ ਦੇ ਰੂਪ ਵਿੱਚ ਉੱਭਰ ਰਿਹਾ ਹੈ ਅਤੇ ਰੱਖਿਆ ਬਲ ਵਿਆਪਕ ਰਾਸ਼ਟਰੀ ਸ਼ਕਤੀ (ਸੀਐੱਨਪੀ) ਦਾ ਸਭ ਤੋਂ ਮਹੱਤਵਪੂਰਨ ਤੱਤ ਹੈ। ‘ਇੰਡੀਆ ਯਾਨੀ ਭਾਰਤ’ ਹੁਣ ਦਇਆ, ਯੁੱਧ ਵਿਰਾਮ ਅਤੇ ਯੁੱਧ ਲੜਨ ਲਈ ਵਿਦੇਸ਼ੀ ਸਹਾਇਤਾ ਦੀ ਬੇਨਤੀ ਕਰਨ ਵਾਲਾ ਦੇਸ਼ ਨਹੀਂ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸੂਝਵਾਨ ਲੀਡਰਸ਼ਿਪ ਵਿੱਚ ਅਸੀਂ ਨਵੀਂ ਵਿਸ਼ਵ ਵਿਵਸਥਾ ਅਤੇ ਆਲਮੀ ਮਾਰਕ ਸਮਰੱਥਾ ਸੂਚਕ ਅੰਕ ਵਿੱਚ ਆਪਣੀ ਥਾਂ ਬਣਾ ਰਹੇ ਹਾਂ। ਨਿਰਸੰਦੇਹ ਅਸੀਂ ਸ਼ਾਂਤੀ, ਸਮ੍ਰਿੱਧੀ ਅਤੇ ਸਹਿ-ਹੋਂਦ ਦੇ ਪੈਰੋਕਾਰ ਹਾਂ ਲੇਕਿਨ ਅਸੀਂ ਆਪਣੀ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ ਕਰ ਸਕਦੇ।
ਕੇਂਦਰ ਸਰਕਾਰ ਰਾਸ਼ਟਰ ਹਿਤ ਵਿੱਚ ਸਾਹਸਿਕ ਫ਼ੈਸਲੇ ਲੈਣ ਲਈ ਪ੍ਰਤੀਬੱਧ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਅਸੀਂ ਕੋਈ ਫ਼ੈਸਲਾ ਲੈਂਦੇ ਹਾਂ ਤਾਂ ਸਾਡਾ ਝੰਡਾ ਹਵਾ ਨਾਲ ਨਹੀਂ ਬਲਕਿ ਉਨ੍ਹਾਂ ਸੈਨਿਕਾਂ ਦੇ ਆਖਰੀ ਸਾਹ ਨਾਲ ਲਹਿਰਾਉਂਦਾ ਹੈ ਜੋ ਇਸ ਨੂੰ ਬਚਾਉਣ ਲਈ ਸ਼ਹੀਦ ਹੋ ਗਏ। ਰਾਸ਼ਟਰ ਦੇ ਉਨ੍ਹਾਂ ਨਾਇਕਾਂ ਨੂੰ ਮੇਰਾ ਸਲਾਮ! ਅੱਜ ਅਸੀਂ ਆਪਣੇ ਉਨ੍ਹਾਂ ਨਾਇਕਾਂ ਨੂੰ ਯਾਦ ਕਰਦੇ ਹਾਂ ਜੋ ਸਾਡੇ ਪਿੱਛੇ ਖੜ੍ਹੇ ਹਨ ਤਾਕਿ ਅਸੀਂ ਮੁਸਕਰਾ ਸਕੀਏ।
(ਲੇਖਕ ਭਾਰਤ ਸਰਕਾਰ ਦੇ ਮਾਨਵ ਸੰਸਾਧਨ ਵਿਕਾਸ ਮੰਤਰੀ ਹਨ।)

Share this Article
Leave a comment