ਵਿਸ਼ਵ ਬਾਲ ਦਿਵਸ – ਬੱਚਿਆਂ ਨੂੰ ਦਿਓ ਉਹ ਬਚਪਨ ਜਿਸ ਦੇ ਹਨ ਉਹ ਅਸਲ ਹੱਕਦਾਰ

TeamGlobalPunjab
8 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ;

ਕਿਸੇ ਵਿਦਵਾਨ ਦੇ ਬੋਲ ਹਨ- ‘‘ਬੱਚੇ ਪਰਮਾਤਮਾ ਦੀ ਉਹ ਖ਼ੂਬਸੂਰਤ ਰਚਨਾ ਹਨ ਜੋ ਹਰ ਰੁੱਤੇ ਖ਼ੁਸ਼ੀਆਂ-ਖੇੜੇ ਵੰਡਦੇ ਹਨ।’ ਇਹ ਕਥਨ ਅੱਖਰ ਅੱਖਰ ਸੱਚ ਹੈ ਕਿਉਂਕਿ ਨੰਨ੍ਹੇ-ਮੁੰਨ੍ਹੇ ਤੇ ਅਣਭੋਲ ਜਿਹੇ ਬੱਚਿਆਂ ਦੀ ਮੁਸਕਰਾਹਟ ਦੁਖੀ ਮਨੁੱਖ ਦਾ ਹਿਰਦਾ ਵੀ ਠਾਰ ਦਿੰਦੀ ਹੈ ਤੇ ਸਾਨੂੰ ਅਹਿਸਾਸ ਕਰਵਾਉਂਦੀ ਹੈ ਕਿ ਵੱਡੀਆਂ ਵੱਡੀਆਂ ਚੀਜ਼ਾਂ ‘ਚ ਖ਼ੁਸ਼ੀ ਤਲਾਸ਼ਦਿਆਂ ਸਾਰੀ ਉਮਰ ਭਟਕਣ ਦੀ ਥਾਂ ਜੇ ਬੱਚਿਆਂ ਵਾਂਗ ਨਿੱਕੀਆਂ ਨਿੱਕੀਆਂ ਚੀਜ਼ਾਂ ‘ਚ ਖ਼ੁਸ਼ੀ ਤਲਾਸ਼ ਲਈਏ ਤਾਂ ਜ਼ਿੰਦਗੀ ਕਿੰਨੀ ਸੌਖੀ ਤੇ ਖ਼ੁਸ਼ਗਵਾਰ ਹੋ ਸਕਦੀ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਅਤੇ ਬੱਚਿਆਂ ਦੇ ‘ਚਾਚਾ ਨਹਿਰੂ ’ ਸ੍ਰੀ ਜਵਾਹਰ ਲਾਲ ਨਹਿਰੂ ਨੇ ਵੀ ਕਿਹਾ ਸੀ – ‘‘ਬੱਚੇ ਤਾਂ ਕਿਸੇ ਰਾਸ਼ਟਰ ਦੀ ਤਾਕਤ ਹਨ ਤੇ ਸਮਾਜ ਦੀ ਨੀਂਹ ਹਨ।’’ ਭਾਵ ਬੱਚਿਆਂ ਨੂੰ ਜੇਕਰ ਚੰਗਾ ਬਚਪਨ,ਚੰਗੀ ਸਿੱਖਿਆ ਤੇ ਚੰਗੇ ਸੰਸਕਾਰ ਦੇ ਦਿੱਤੇ ਜਾਣ ਤਾਂ ਕਿਸੇ ਵੀ ਕੌਮ ਜਾਂ ਰਾਸ਼ਟਰ ਦੀ ਨਾ ਕੇਵਲ ਨੀਂਹ ਮਜ਼ਬੂਤ ਹੋਵੇਗੀ ਸਗੋਂ ਉਸ ਮੁਲਕ ਦਾ ਭਵਿੱਖ ਵੀ ਉੱਜਲ ਹੋਵੇਗਾ।

ਬੇਸ਼ੱਕ ਭਾਰਤ ਵਿੱਚ ਬਾਲ ਦਿਵਸ 14 ਨਵੰਬਰ ਨੂੰ ਪੂਰੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਪਰ ਦੁਨੀਆ ਦੇ ਅਧਿਕਤਰ ਮੁਲਕਾਂ ਵਿੱਚ ਵਿਸ਼ਵ ਬਾਲ ਦਿਵਸ 20 ਨਵੰਬਰ ਦੇ ਦਿਨ ਮਨਾਇਆ ਜਾਂਦਾ ਹੈ। ਇਹ ਦਿਨ ਪੂਰੀ ਦੁਨੀਆ ਵਿੱਚ ਬੱਚਿਆਂ ਦੇ ਹੱਕਾਂ ਪ੍ਰਤੀ ਜਾਗਰੂਕਤਾ ਅਤੇ ਹੱਕਾਂ ਦੀ ਰਾਖੀ ਪ੍ਰਤੀ ਆਵਾਜ਼ ਬੁਲੰਦ ਕਰਨ ਹਿਤ ਮਨਾਇਆ ਜਾਂਦਾ ਹੈ। ਸੰਨ 1954 ਵਿੱਚ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਹੋਈ ਸੀ ਤੇ ਇਸ ਦਿਨ ਬੱਚਿਆਂ ਦੇ ਹੱਕਾਂ ਸਬੰਧੀ ਐਲਾਨਨਾਮਾ ਸੰਯੁਕਤ ਰਾਸ਼ਟਰ ਸੰਘ ਦੀ ਜਨਰਲ ਅਸੈਂਬਲੀ ਵੱਲੋਂ ਅਪਣਾਇਆ ਗਿਆ ਸੀ। ਇਹ ਐਲਾਨਨਾਮਾ ਵਿਸ਼ਵ ਪੱਧਰ ‘ਤੇ ਬੱਚਿਆਂ ਨੂੰ ਮਿਆਰੀ ਵਿੱਦਿਅਕ ਅਤੇ ਸਿਹਤ ਸਹੂਲਤਾਂ ਦਾ ਹੱਕ ਦੁਆਉਣ ਦੇ ਨਾਲ ਨਾਲ ਉਨ੍ਹਾ ਨਾਲ ਕਿਸੇ ਕਿਸਮ ਦੇ ਵਿਤਕਰੇ ਜਾਂ ਹਿੰਸਾ ਤੋਂ ਬਚਾਉਣ ਦੀ ਪੁਰਜ਼ੋਰ ਵਕਾਲਤ ਕਰਦਾ ਹੈ।

ਕੌਮਾਂਤਰੀ ਬਾਲ ਦਿਵਸ ਦੇ ਇਤਿਹਾਸ ਅਨੁਸਾਰ ਸੰਨ 1857 ਦੇ ਜੂਨ ਮਹੀਨੇ ਦੇ ਦੂਜੇ ਹਫ਼ਤੇ ਵਿੱਚ ਮੈਸਾਚੂਸੈਟਸ ਦੇ ਇੱਕ ਪਾਦਰੀ ਡਾ. ਚਾਰਲਸ ਨੇ ਚਰਚ ਵਿੱਚ ਬੱਚਿਆਂ ਲਈ ਤੇ ਉਨ੍ਹਾ ਦੇ ਮੂਲ ਹੱਕਾਂ ਲਈ ਇੱਕ ਵਿਸ਼ੇਸ਼ ਪ੍ਰਾਥਨਾ ਸਭਾ ਆਯੋਜਿਤ ਕੀਤੀ ਸੀ ਜਦੋਂ ਕਿ ਇਸ ਦਿਵਸ ਦੀ ਸਰਕਾਰੀ ਛੁੱਟੀ ਪਹਿਲੀ ਵਾਰ ਤੁਰਕੀ ਵਿੱਚ 23 ਅਪ੍ਰੈਲ,1920 ਦੇ ਦਿਨ ਕੀਤੀ ਗਈ ਸੀ। ਵਿਸ਼ਵ ਵਿੱਚ ਕੁਝ ਦੇਸ਼ ਅਜਿਹੇ ਹਨ ਜਿੱਥੇ ਸੰਨ 1950 ਤੋਂ ਲੈ ਕੇ ਹੁਣ ਤੱਕ 1 ਜੂਨ ਵਾਲੇ ਦਿਨ ਨੂੰ ਬੱਚਿਆਂ ਦੇ ਹੱਕਾਂ ਦੀ ਰਾਖੀ ਦੇ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਪਰ ਸੰਯੁਕਤ ਰਾਸ਼ਟਰ ਦੇ ਗਠਨ ਤੋਂ ਬਾਅਦ ਵਿਸ਼ਵ ਦੇ ਅਧਿਕਤਰ ਮੁਲਕਾਂ ਵਿੱਚ ਇਹ ਦਿਵਸ 20 ਨਵੰਬਰ ਦੇ ਦਿਨ ਹੀ ਮਨਾਇਆ ਜਾਂਦਾ ਹੈ।

- Advertisement -

ਵਿਦਵਾਨ ਚਾਣਕਯ ਨੇ ਕਿਹਾ ਸੀ – ‘‘ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਵਿੱਦਿਆ ਨਹੀਂ ਦਿਵਾਉਂਦੇ ਹਨ, ਉਹ ਬੱਚਿਆਂ ਦੇ ਦੁਸ਼ਮਣ ਦੇ ਸਮਾਨ ਹਨ ਕਿਉਂਕਿ ਵਿਦਿਆ ਤੋਂ ਰਹਿਤ ਵਿਅਕਤੀ ਨੂੰ ਵਿਦਵਾਨਾਂ ਦੀ ਸਭਾ ‘ਚ ਉਸੇ ਤਰ੍ਹਾਂ ਤਿਰਸਕਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਹੰਸਾਂ ਦੀ ਸਭਾ ਵਿੱਚ ਬਗਲੇ ਤਿਰਸਕਾਰ ਦਾ ਪਾਤਰ ਬਣਦੇ ਹਨ।’’ ਇਸ ਲਈ ਬੱਚਿਆਂ ਦਾ ਸਿੱਖਿਅਤ ਹੋਣਾ ਬੇਹੱਦ ਜ਼ਰੂਰੀ ਹੈ। ਭਾਰਤ ਵਿੱਚ ‘ ਸਿੱਖਿਆ ਦਾ ਅਧਿਕਾਰ ’ ਕਾਇਮ ਕਰਕੇ 6 ਤੋਂ 14 ਸਾਲ ਦੇ ਬੱਚਿਆਂ ਲਈ ਮੁਫ਼ਤ ਤੇ ਲਾਜ਼ਮੀ ਸਿੱਖਿਆ ਨੂੰ ਯਕੀਨੀ ਬਣਾਉਣ ਦਾ ਯਤਨ ਕੀਤਾ ਗਿਆ ਹੈ ਪਰ ਕੌੜਾ ਸੱਚ ਇਹ ਵੀ ਹੈ ਕਿ ਸਾਲ 2020 ਦੇ ਅੰਕਿੜਆਂ ਅਨੁਸਾਰ ਅਜੇ ਵੀ 3 ਲੱਖ ਬੱਚੇ ਪ੍ਰਾਇਮਰੀ ਪੱਧਰ ‘ਤੇ ਅਤੇ 2.5 ਲੱਖ ਬੱਚੇ ਅੱਪਰ-ਪ੍ਰਾਇਮਰੀ ਪੱਧਰ ‘ਤੇ ਪੜ੍ਹਾਈ ਵਿਚਾਲੇ ਹੀ ਛੱਡ ਜਾਂਦੇ ਹਨ ਜਦੋਂ ਕਿ 30 ਲੱਖ ਬੱਚੇ ਬੇਘਰੇ ਹਨ ਤੇ ਵੱਡੀ ਸੰਖਿਆ ਵਿੱਚ ਬੱਚੇ ਸਕੂਲ ਜਾਂਦੇ ਹੀ ਨਹੀਂ ਹਨ। ਅੱਜ ਬਾਲ ਦਿਵਸ ਮੌਕੇ ਸਿੱਖਿਆ ਵਿਹੂਣੇ ਇਨ੍ਹਾ ਬੱਚਿਆਂ ਦੀ ਬਾਂਹ ਫੜ੍ਹਨ ਦੀ ਲੋੜ ਹੈ। ਵਿਕਟਰ ਹਿਊਗੋ ਨੇ ਸਹੀ ਕਿਹਾ ਸੀ – ‘‘ਜੋ ਸਕੂਲ ਦੇ ਦਰਵਾਜ਼ੇ ਖੋਲ੍ਹ ਦਿੰਦਾ ਹੈ, ਉਹ ਜੇਲ੍ਹ ਦੇ ਦਰਵਾਜ਼ੇ ਬੰਦ ਕਰ ਦਿੰਦਾ ਹੈ।’’

ਭਾਰਤ ਵਿੱਚ ਬੱਚਿਆਂ ਨੂੰ ਮਿਲਣ ਵਾਲੀ ਪੌਸ਼ਟਿਕ ਖ਼ੁਰਾਕ ਦੀ ਹਾਲਤ ਇਹ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਵਿੱਚ ਮੌਤ ਦੇ ਮੂੰਹ ‘ਚ ਜਾ ਪੈਣ ਵਾਲੇ ਹਰੇਕ ਤਿੰਨ ਬੱਚਿਆਂ ਵਿੱਚੋਂ ਦੋ ਦੀ ਮੌਤ ਭਰਪੇਟ ਭੋਜਨ ਜਾਂ ਪੌਸ਼ਟਿਕ ਭੋਜਨ ਨਾ ਮਿਲਣ ਕਰਕੇ ਹੁੰਦੀ ਹੈ। ਭਾਰਤ ਵਿੱਚ ਹਰੇਕ 2 ਸਕਿੰਟ ਵਿੱਚ ਇੱਕ ਬੱਚੀ ਨੂੰ ਨਾਬਾਲਿਗ ਉਮਰ ਵਿੱਚ ਵਿਆਹ ਦਿੱਤਾ ਜਾਂਦਾ ਹੈ। ‘ਬੇਟੀ ਬਚਾਓ ਸੰਸਥਾ ’ ਵੱਲੋਂ ਜਾਰੀ ਅਕੰੜਿਆਂ ਅਨੁਸਾਰ ਭਾਰਤ ਵਿੱਚ ਹਰ ਸਾਲ ਜਨਮ ਲੈਣ ਵਾਲੀਆਂ 1 ਕਰੋੜ 20 ਲੱਖ ਬਾਲੜੀਆਂ ਵਿੱਚੋਂ 10 ਲੱਖ ਬਾਲੜੀਆਂ ਆਪਣੀ ਉਮਰ ਦਾ ਪਹਿਲਾ ਵਰ੍ਹਾ ਖ਼ਤਮ ਹੋਣ ਤੋਂ ਪਹਿਲਾਂ ਇਸ ਜਹਾਨ ਤੋਂ ਟੁਰ ਜਾਂਦੀਆਂ ਹਨ ਅਤੇ 50 ਲੱਖ ਤੋਂ ਵੱਧ ਬਾਲੜੀਆਂ ਕੁਪੋਸ਼ਣ ਦੀਆਂ ਸ਼ਿਕਾਰ ਹੋ ਨਿੱਬੜਦੀਆਂ ਹਨ। ਭਾਰਤ ਵਿੱਚ ਜੁਰਮਾਂ ਸਬੰਧੀ ਸਾਲ 2020 ਵਿੱਚ ਜਾਰੀ ਰਿਪੋਰਟ ਅਨੁਸਾਰ ਬੱਚਿਆਂ ਸਬੰਧੀ ਜੁਰਮਾਂ ਦੇ 1.28 ਲੱਖ ਮਾਮਲੇ ਸਾਹਮਣੇ ਆਏ ਸਨ ਜਿਨ੍ਹਾ ਵਿੱਚ 1.34 ਲੱਖ ਬੱਚੇ ਸ਼ਿਕਾਰ ਬਣੇ ਸਨ ਭਾਵ ਹਰ ਰੋਜ਼ ਬੱਚਿਆਂ ਨਾਲ ਕੁਕਰਮ ਜਾਂ ਜੁਰਮ ਕੀਤੇ ਜਾਣ ਦੇ 350 ਮਾਮਲੇ ਸਾਹਮਣੇ ਆਉਂਦੇ ਸਨ। ਚੇਤੇ ਰਹੇ ਕਿ ਸਾਲ 2015 ਵਿੱਚ ਬੱਚਿਆਂ ਸਬੰਧੀ ਜੁਰਮਾਂ ਦਾ ਅੰਕੜਾ 94 ਹਜ਼ਾਰ ਦੇ ਕਰੀਬ ਸੀ। ਸਾਲ 2020 ਵਿੱਚ ਨਾਬਾਲਿਗ ਬੱਚੀਆਂ ਨਾਲ ਬਲਾਤਕਾਰ ਦੇ ਸਭ ਤੋਂ ਵੱਧ 3529 ਮਾਮਲੇ ਮੱਧ ਪ੍ਰਦੇਸ਼ ਤੋਂ ਆਏ ਸਨ ਜਦੋਂ ਕਿ ੳੁੱਤਰ ਪ੍ਰਦੇਸ਼ ਵਿੱਚ ਇਨ੍ਹਾ ਮਾਮਲਿਆਂ ਦੀ ਸੰਖਿਆ 2630 ਅਤੇ ਮਹਾਂਰਾਸ਼ਟਰ ਵਿੱਚ 2785 ਸੀ। ਅੰਕੜੇ ਦੱਸਦੇ ਹਨ ਬਾਲ ਵਿਆਹ ਅਤੇ ਬਾਲ ਮਜ਼ਦੂਰੀ ਦੇ ਮਾਮਲਿਆਂ ਵਿੱਚ ਸਖ਼ਤੀ ਵਧਣ ਕਰਕੇ ਕੁਝ ਗਿਰਾਵਟ ਜ਼ਰੂਰ ਆਈ ਹੈ ਪਰ ਇਹ ਕੁਪ੍ਰਥਾਵਾਂ 21 ਵੀਂ ਸਦੀ ਵਿੱਚ ਵੀ ਅਜੇ ਤੱਕ ਖ਼ਤਮ ਨਹੀਂ ਹੋ ਸਕੀਆਂ ਹਨ। ਸਾਲ 2019 ਵਿੱਚ ਬਾਲ ਮਜ਼ਦੂਰਾਂ ਦੀ ਸੰਖਿਆ ਪੌਣੇ ਅੱਠ ਕਰੋੜ ਸੀ ਜੋ ਕਿ ਸਾਲ 2020 ਵਿੱਚ ਘਟ ਕੇ ਪੌਣੇ ਪੰਜ ਕਰੋੜ ਰਹਿ ਗਈ ਹੈ ਜੋ ਕਿ ਆਪਣੇ ਆਪ ਵਿੱਚ ਘੱਟ ਨਹੀਂ ਹੈ ਕਿਉਂਕਿ ਅਜੇ ਵੀ ਇੰਨੀ ਵੱਡੀ ਸੰਖਿਆ ਵਿੱਚ ਬੱਚਿਆਂ ਤੋਂ ਉਨ੍ਹਾ ਦਾ ਬਚਪਨ ਖੋਹਿਆ ਜਾ ਰਿਹਾ ਹੈ ਤੇ ਉਨ੍ਹਾ ਦੇ ਹੱਥਾਂ ‘ਚ ਕਿਤਾਬਾਂ ਜਾਂ ਖਿਡੌਣਿਆਂ ਦੀ ਥਾਂ ਔਜ਼ਾਰ ਦਿੱਤੇ ਜਾ ਰਹੇ ਹਨ। ਬਾਲ ਵਿਆਹ ਦੇ ਮਾਮਲੇ ਵੀ ਪੌਣੇ ਅੱਠ ਲੱਖ ਤੋਂ ਘਟ ਕੇ ਸਵਾ ਪੰਜ ਲੱਖ ਹੋ ਗਏ ਹਨ।

ਸੁਆਮੀ ਵਿਵੇਕਾਨੰਦ ਦੇ ਬਚਨ ਹਨ- ‘‘ਬੱਚਿਆਂ ‘ਤੇ ਜੇਕਰ ਕੁਝ ਨਿਵੇਸ਼ ਕਰਨਾ ਹੈ ਤਾਂ ਆਪਣੇ ਸਮੇਂ ਅਤੇ ਸੰਸਕਾਰਾਂ ਦਾ ਕਰੋ। ਧਿਆਨ ਰੱਖੋ ਕਿ ਇੱਕ ਸ੍ਰੇਸ਼ਟ ਬਾਲਕ ਦਾ ਨਿਰਮਾਣ ਕਰਨਾ ਸੌ ਵਿੱਦਿਅਕ ਸੰਸਥਾਵਾਂ ਬਣਾਉਣ ਨਾਲੋਂ ਚੰਗਾ ਹੈ।’’ ਸੋ ਅੱਜ ਲੋੜ ਹੈ ਕਿ ਬਾਲ ਦਿਵਸ ਮੌਕੇ ਇਹ ਅਹਿਦ ਕੀਤਾ ਜਾਵੇ ਕਿ ਬੱਚਿਆਂ ਸਬੰਧੀ ਜੁਰਮਾਂ,ਕੁਪ੍ਰਥਾਵਾਂ ਅਤੇ ਬੇਧਿਆਨੀ ਦਾ ਖ਼ਾਤਮਾ ਕੀਤਾ ਜਾਵੇ ਤੇ ਬੱਚਿਆਂ ਨੂੰ ਉਨ੍ਹਾ ਦਾ ਉਹ ਬੇਹਤਰੀਹਨ ਬਚਪਨ ਦਿੱਤਾ ਜਾਵੇ ਜਿਸਦੇ ਕਿ ਉਹ ਅਸਲ ਵਿੱਚ ਹੱਕਦਾਰ ਹਨ।

ਗਲੋਬਲ ਪਿੰਡ ਬਣਦੀ ਜਾ ਰਹੀ ਸਾਡੀ ਦੁਨੀਆ ਵਿੱਚ ਬੱਚਿਆਂ ਦੇ ਹੱਕ ਉਨ੍ਹਾ ਨੂੰ ਪੂਰੇ ਦੇ ਪੂਰੇ ਮਿਲਣੇ ਚਾਹੀਦੇ ਹਨ ਤੇ ਹਰ ਪ੍ਰਕਾਰ ਦੀ ਹਿੰਸਾ ਤੇ ਅਪਰਾਧ ਤੋਂ ਉਨ੍ਹਾ ਦੀ ਰਾਖੀ ਹਰ ਰੂਪ ਵਿੱਚ ਤੇ ਹਰ ਕੀਮਤ ‘ਤੇ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਵਿਸ਼ਵ ਨੂੰ ਤੰਦਰੁਸਤ ਜੁੱਸੇ,ਤੇਜ਼ ਦਿਮਾਗ ਅਤੇ ਉੱਚੇ ਚਰਿੱਤਰ ਵਾਲੇ ਨੌਜਵਾਨ ਹਾਸਿਲ ਹੋ ਸਕਣ ਜੋ ਆਉਣ ਵਾਲੇ ਸਮੇਂ ਵਿੱਚ ਦੁਨੀਆ ਨੂੰ ਇੱਕ ਸ੍ਰੇਸ਼ਠ ਸਥਾਨ ਬਣਾ ਦੇਣ।

ਸੰਪਰਕ: 97816-46008

- Advertisement -
Share this Article
Leave a comment