ਧਮਕ ਬੇਸ ਵਾਲੇ ਮੁੱਖ ਮੰਤਰੀ’ ਦੀ ਪੁਲਿਸ ਵੱਲੋਂ ਕੁੱਟਮਾਰ, ਕੇਸਾਂ ਤੋਂ ਫੜਕੇ ਘੜੀਸਿਆ, ਵੀਡੀਓ ਵਾਇਰਲ

Global Team
3 Min Read

ਤਰਨਤਾਰਨ : ਧਮਕ ਬੇਸ ਵਾਲੇ ਮੁੱਖ ਮੰਤਰੀ ਵਜੋਂ ਚਰਚਿਤ ਧਰਮਪ੍ਰੀਤ ਸਿੰਘ ਨਾਮਕ ਨੌਜਵਾਨ ਦੀ ਪਿੰਡ ਦੀਨੇਵਾਲ ’ਚ ਪੁਲਿਸ ਵੱਲੋਂ ਕੁੱਟਮਾਰ ਕਰਦਿਆਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਨੇ ਵੱਡਾ ਕਦਮ ਚੁੱਕਦਿਆਂ ਕੁੱਟਮਾਰ ਵਿਚ ਸ਼ਾਮਿਲ ਦੋਵਾਂ ਪੁਲਿਸ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।

ਘਟਨਾ ਪਿੰਡ ਦੀਨੇਵਾਲ ਜ਼ਿਲ੍ਹਾ ਤਰਨ ਤਾਰਨ ਦੀ ਹੈ। ਮੁੱਖ ਮੰਤਰੀ ਖਿਲਾਫ਼ ਪਿੰਡ ਵਾਲਿਆਂ ਦੀ ਸ਼ਿਕਾਇਤ ਉਤੇ ਪੁਲਿਸ ਮੌਕੇ ਉਤੇ ਸੀ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਪੁਲਿਸ ਮੁੱਖ ਮੰਤਰੀ ਨੂੰ ਵਾਲਾਂ ਤੋਂ ਫੜ ਕੇ ਘੜੀਸ ਰਹੀ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਪਹਿਲਾਂ ਪੁਲਿਸ ਮੁਲਾਜ਼ਮਾਂ ਦੀ ਪੱਗ ਨੂੰ ਲਾਹੁਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਰਕੇ ਪੁਲਿਸ ਮੁਲਾਜ਼ਮ ਗੁੱਸੇ ‘ਚ ਕੁੱਟਦੇ ਨਜ਼ਰ ਆ ਰਹੇ ਹਨ।

ਹਾਲਾਂਕਿ ਵੀਡੀਓ ਵਾਇਰਲ ਹੋਣ ਦੇ ਕੁਝ ਦੇਰ ਬਾਅਦ ਹੀ ਜ਼ਿਲ੍ਹਾ ਪੁਲਿਸ ਨੇ ਕੁੱਟਮਾਰ ਕਰਨ ਵਾਲੇ ਦੋਵਾਂ ਕਰਮਚਾਰੀਆਂ ਉੱਪਰ ਕਾਰਵਾਈ ਕਰਦਿਆਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ। ਦੂਜੇ ਪਾਸੇ ਧਰਮਪ੍ਰੀਤ ਦਾ ਕਹਿਣਾ ਹੈ ਕਿ ਉਹ ਦੁੱਧ ਲੈਣ ਲਈ ਜਾ ਰਿਹਾ ਸੀ। ਇਸ ਦੌਰਾਨ ਗਵਾਂਢੀਆਂ ਦਾ ਕੁੱਤਾ ਉਨ੍ਹਾਂ ਨੂੰ ਪੈ ਗਿਆ। ਉਸਨੇ ਉਸ ਨੂੰ ਮਾਰਨਾ ਚਾਹਿਆ ਤਾਂ ਕੁੱਤੇ ਦੇ ਮਾਲਕਾਂ ਨੇ ਪੁਲਿਸ ਬੁਲਾ ਲਈ ਅਤੇ ਉਨ੍ਹਾਂ ਵੱਲੋਂ ਉਸਦੀ ਭਾਰੀ ਕੁੱਟਮਾਰ ਕਰਨ ਦੇ ਨਾਲ ਨਾਲ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ ਹੈ।

ਐੱਸਪੀ ਇਨਵੈਸਟੀਗੇਸ਼ਨ ਅਜੈਰਾਜ ਸਿੰਘ ਨੇ ਦੱਸਿਆ ਕਿ ਸ਼ੋਸ਼ਲ ਮੀਡੀਆ ’ਤੇ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਸ ਨੂੰ ਲੈ ਕੇ ਦੋਵੇਂ ਪੁਲਿਸ ਕਰਮਚਾਰੀ ਜੋ ਥਾਣਾ ਗੋਇੰਦਵਾਲ ਸਾਹਿਬ ਵਿਖੇ ਹੈਲਪਲਾਈਨ 112 ਦੀ ਵਾਹਨ ’ਤੇ ਤਾਇਨਾਤ ਸਨ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਹ ਪੂਰੀ ਨਹੀਂ ਹੈ। ਕਿਉਂਕਿ ਇਸ ਤੋਂ ਪਹਿਲਾਂ ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਨੇ ਪੁਲਿਸ ਕਰਮਚਾਰੀਆਂ ਉੱਪਰ ਹਮਲਾ ਕੀਤਾ ਸੀ ਅਤੇ ਇਕ ਕਰਮਚਾਰੀ ਦੀ ਦਸਤਾਰ ਵੀ ਲਾਹੀ ਗਈ। ਉਨ੍ਹਾਂ ਕਿਹਾ ਕਿ ਪਿੰਡ ਵਿੱਚੋਂ 112 ਹੈਲਪਲਾਈਨ ’ਤੇ ਤਿੰਨ ਸ਼ਿਕਾਇਤਾਂ ਆਈਆਂ ਸਨ ਅਤੇ ਜਦੋਂ ਪੁਲਿਸ ਪਹੁੰਚੀ ਤਾਂ ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ। ਐੱਸਪੀ ਨੇ ਕਿਹਾ ਕਿ ਡੀਐੱਸਪੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਦੀ ਅਗਵਾਈ ਹੇਠ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐੱਸਪੀ ਅਜੈਰਾਜ ਸਿੰਘ ਨੇ ਦੱਸਿਆ ਕਿ ਜਿਸ ਵਿਅਕਤੀ ਵੱਲੋਂ ਇਹ ਵੀਡੀਓ ਬਣਾਈ ਗਈ ਹੈ, ਜੇਕਰ ਉਹ ਉਕਤ ਘਟਨਾਕ੍ਰਮ ਦੀ ਪੂਰੀ ਵੀਡੀਓ ਪੇਸ਼ ਨਹੀਂ ਕਰਦਾ ਤਾਂ ਉਸਦਾ ਮੋਬਾਈਲ ਕਬਜ਼ੇ ਵਿਚ ਲੈ ਕੇ ਫੌਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment