ਨਵਜੋਤ ਸਿੱਧੂ ਦੇ ਸਵਾਗਤ ਲਈ ਤਿਆਰ ਕੀਤਾ ਗਿਆ ਸੀ ਡੇਢ ਕੁਇੰਟਲ ਦਾ ਹਾਰ

TeamGlobalPunjab
2 Min Read

-ਅਵਤਾਰ ਸਿੰਘ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘੇ ਦੇ ਸਮਾਗਮਾਂ ਤੋਂ ਬਾਅਦ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਬੇਰ ਸਾਹਿਬ ਵਿੱਚ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਧ ਤੋਂ ਵੱਧ ਸੰਗਤ ਦੀ ਹਾਜ਼ਰੀ ਲਈ ਲੱਖਾਂ ਰੁਪਏ ਖਰਚ ਕੇ ਪੰਡਾਲ ਤਿਆਰ ਕਰਵਾਏ ਗਏ ਸਨ। ਇਹਨਾਂ ਵਿਚ ਲਗਪਗ ਸਾਰੇ ਮੰਤਰੀਆਂ ਤੇ ਅਕਾਲੀ ਲੀਡਰਾਂ ਨੇ ਹਾਜ਼ਰੀ ਭਰੀ।ਨਵਜੋਤ ਸਿੱਧੂ ਦੇ ਸਵਾਗਤ ਲਈ ਤਿਆਰ ਕੀਤਾ ਗਿਆ ਸੀ ਡੇਢ ਕੁਇੰਟਲ ਦਾ ਹਾਰ।

ਸੰਗਤ ਦੀ ਭਰਵੀਂ ਹਾਜ਼ਰੀ ਕਾਰਨ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀਆਂ ਸੜਕਾਂ ਤੋਂ ਲੰਘਣਾ ਮੁਸ਼ਕਲ ਹੋ ਗਿਆ ਸੀ। ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਦੇ ਪੰਡਾਲਾਂ ਵਿਚ ਲੋਕਾਂ ਨੂੰ ਲਿਆਉਣ ਲਈ ਰਾਜਨੀਤਕ ਰੈਲੀਆਂ ਵਾਂਗ ਪ੍ਰਬੰਧ ਕੀਤੇ ਗਏ। ਸੂਬਾ ਸਰਕਾਰ ਨੇ ਪੰਡਾਲ ਵਿਚ ਜਿਥੇ ਸਰਕਾਰੀ ਮੁਲਾਜ਼ਮਾਂ ਤੇ ਮਨਰੇਗਾ ਵਰਕਰਾਂ ਨੂੰ ਹਾਜ਼ਰ ਹੋਣ ਦੀਆਂ ਹਦਾਇਤਾਂ ਕੀਤੀਆਂ, ਉਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਨੇ ਵੀ ਆਪਣੇ ਮੁਲਾਜ਼ਮਾਂ, ਸਕੂਲਾਂ ਕਾਲਜਾਂ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਸਮਾਗਮ ਵਿਚ ਹਾਜ਼ਿਰ ਹੋਣ ਦੀਆਂ ਨਸੀਹਤਾਂ ਸਨ। ਪਰ ਇਨ੍ਹਾਂ ਪੰਡਾਲਾਂ ਦੇ ਅੰਦਰ ਜਾ ਕੇ ਰਾਜਸੀ ਆਗੂਆਂ ਦੇ ਭਾਸ਼ਣ ਸੁਣਨ ਵਿਚ ਕੋਈ ਵੀ ਦਿਲਚਸਪੀ ਨਹੀਂ ਸੀ ਲੈ ਰਿਹਾ।

ਉਧਰ ਪੰਜਾਬ ਸਰਕਾਰ ਦੇ ਸਰਕਾਰੀ ਸਮਾਗਮ ਦੀ ਪ੍ਰਵਾਹ ਨਾ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਆਪਣੇ ਵਿਧਾਨ ਸਭਾ ਹਲਕੇ ਪੂਰਬੀ (ਅੰਮ੍ਰਿਤਸਰ) ਵਿਚ ਲੋਕਾਂ ਨੂੰ ਮਿਲਣ ਲਈ ਜਾਣ ਵਿੱਚ ਬੇਹਤਰੀ ਸਮਝੀ ਜਿਥੇ ਉਹਨਾਂ ਦੇ ਸਨਮਾਨ ਵਿੱਚ ਬਹੁਤ ਵੱਡਾ ਸਮਾਗਮ ਰਚਾਇਆ ਗਿਆ ਸੀ।

- Advertisement -

ਇਸ ਮੌਕੇ ਸੰਗਤ ਨੇ ਕਰਤਾਰਪੁਰ ਲਾਂਘਾ ਖੁੱਲ੍ਹਣ ਦਾ ਸਿਹਰਾ ਸ੍ਰੀ ਸਿੱਧੂ ਨੂੰ ਦਿੱਤਾ। ਸ੍ਰੀ ਸਿੱਧੂ ਨੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਸ਼ਮੂਲੀਅਤ ਦੀ ਥਾਂ ਆਪਣੇ ਹਲਕੇ ਪੂਰਬੀ ਵਿਧਾਨ ਸਭਾ ਹਲਕੇ ਦੇ ਵੇਰਕਾ ਸਥਿਤ ਗੁਰਦੁਆਰਾ ਨਾਨਕਸਰ ਵਿਚ ਮੱਥਾ ਟੇਕਿਆ। ਗੁਰਦੁਆਰੇ ਦੇ ਬਾਹਰ ਸਮਰਥਕਾਂ ਤੇ ਸੰਗਤ ਨੇ ਉਹਨਾਂ ਦੇ ਸਵਾਗਤ ਲਈ ਡੇਢ ਕੁਇੰਟਲ ਫੁੱਲਾਂ ਦਾ ਹਾਰ ਤਿਆਰ ਕੀਤਾ ਹੋਇਆ ਸੀ। ਸ੍ਰੀ ਸਿੱਧੂ ਨੇ ਲਗਪਗ ਡੇਢ ਘੰਟਾ ਗੁਰਦੁਆਰੇ ਵਿਚ ਬਾਣੀ ਦਾ ਸਰਵਣ ਕੀਤਾ।

ਸਮਰਥਕਾਂ ਨੇ ਕਰਤਾਰਪੁਰ ਲਾਂਘਾ ਖੁੱਲ੍ਹਣ ਦਾ ਸਮੁੱਚਾ ਸਿਹਰਾ ਸ੍ਰੀ ਸਿੱਧੂ ਸਿਰ ਬੰਨ੍ਹਦਿਆਂ ਉਨ੍ਹਾਂ ਨੂੰ ਭਵਿੱਖ ਦਾ ਪੰਜਾਬ ਦਾ ਮੁੱਖ ਮੰਤਰੀ ਤਕ ਕਹਿ ਦਿੱਤਾ। ਵੇਰਕਾ ਹਲਕੇ ਵਿਚ ਵੱਖ-ਵੱਖ ਥਾਵਾਂ ‘ਤੇ ਕਰਤਾਰਪੁਰ ਲਾਂਘੇ ਦਾ ਅਸਲੀ ਹੀਰੋ ਨਵਜੋਤ ਸਿੰਘ ਸਿੱਧੂ ਤੇ ਇਮਰਾਨ ਖਾਨ ਸਬੰਧੀ ਫਲੈਕਸ ਵੀ ਲਾਏ ਗਏ ਸਨ।

Share this Article
Leave a comment