ਸਿਸੋਦੀਆ ਦੀ ਗ੍ਰਿਫ਼ਤਾਰੀ ਦਾ ਮੁੱਦਾ

Global Team
4 Min Read

ਜਗਤਾਰ ਸਿੰਘ ਸਿੱਧੂ

ਮੈਨੇਜਿੰਗ ਐਡੀਟਰ

ਸੀ ਬੀ ਆਈ ਵੱਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਰਾਜਸੀ ਹਲਕਿਆਂ ਵਿੱਚ ਤੱਕੜੀ ਹਲਚਲ ਹੈ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅਤੇ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਜਪਾ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਗਏ। ਆਪ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਨੇ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਰਾਹੀਂ ਮਨੀਸ਼ ਸਿਸੋਦੀਆ ਨੂੰ ਪਰੇਸ਼ਾਨ ਕਰਨ ਦੀ ਨੀਤੀ ਅਪਣਾਈ ਹੋਈ ਹੈ। ਆਪ ਦਾ ਕਹਿਣਾ ਹੈ ਕਿ ਸਿਸੋਦੀਆ ਇੱਕ ਇਮਾਨਦਾਰ ਆਗੂ ਹੈ ਅਤੇ ਦਿੱਲੀ ਦੇ ਕਰੋੜਾਂ ਸਕੂਲੀ ਬੱਚਿਆਂ ਦਾ ਭਵਿੱਖ ਸਵਾਰਨ ਲਈ ਉਸ ਦਾ ਅਹਿਮ ਯੋਗਦਾਨ ਹੈ। ਆਪ ਦਾ ਦਾਅਵਾ ਹੈ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਅਸਥਿਰ ਕਰਨ ਲਈ ਇਹ ਸਾਰਾ ਕੁੱਝ ਜਾਣ-ਬੁਝ ਕੇ ਕੀਤਾ ਗਿਆ ਹੈ। ਇੱਥੇ ਇਹ ਦੱਸਣਯੋਗ ਹੈ ਕਿ ਦਿੱਲੀ ਸਰਕਾਰ ਦੇ ਮੁੱਖ ਸਕੱਤਰ ਵੱਲੋਂ ਆਬਕਾਰੀ ਨੀਤੀ ਵਿੱਚ ਖ਼ਾਮੀਆਂ ਬਾਰੇ ਲੈਫ਼ਟੀਨੈਂਟ ਗਵਰਨਰ ਨੂੰ 8 ਜੁਲਾਈ ਨੂੰ ਰਿਪੋਰਟ ਪੇਸ਼ ਕੀਤੀ ਸੀ। ਲੈਫ਼ਟੀਨੈਂਟ ਗਵਰਨਰ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਲੈਂਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੀ ਬੀ ਆਈ ਤੋਂ ਮਾਮਲੇ ਦੀ ਜਾਂਚ ਲਈ ਸਿਫ਼ਾਰਿਸ਼ ਕੀਤੀ ਸੀ। ਉਸ ਤੋਂ ਬਾਅਦ ਸੀ ਬੀ ਆਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਛਾਪੇਮਾਰੀ ਕਰ ਕੇ ਮਾਮਲੇ ਦੀ ਪੜਤਾਲ ਕਰ ਰਹੀ ਸੀ। ਅਕਤੂਬਰ ਮਹੀਨੇ ਵਿੱਚ ਮਨੀਸ਼ ਸਿਸੋਦੀਆ ਕੋਲੋਂ ਵੀ ਸੀ ਬੀ ਆਈ ਵੱਲੋਂ ਪੁੱਛਗਿੱਛ ਕੀਤੀ ਗਈ ਸੀ। ਉਸ ਤੋਂ ਬਾਅਦ ਸਿਸੋਦੀਆ ਨੂੰ ਮੁੜ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਤਾਂ ਸਿਸੋਦੀਆ ਨੇ ਉਨ੍ਹਾਂ ਦਿਨਾਂ ਵਿੱਚ ਦਿੱਲੀ ਦਾ ਅਸੈਂਬਲੀ ਸੈਸ਼ਨ ਹੋਣ ਕਾਰਨ ਪੇਸ਼ ਹੋਣ ਤੋਂ ਅਸਮਰਥਾ ਪ੍ਰਗਟ ਕੀਤੀ ਸੀ। ਹੁਣ ਬੀਤੇ ਕਲ ਸੀ ਬੀ ਆਈ ਨੇ ਅੱਠ ਘੰਟੇ ਦੀ ਪੁੱਛ ਪੜਤਾਲ ਮਗਰੋਂ ਸਿਸੋਦੀਆ ਨੂੰ ਗ੍ਰਿਫ਼ਤਾਰ ਕਰ ਲਿਆ। ਸੀ ਬੀ ਆਈ ਦਾ ਦੋਸ਼ ਹੈ ਕਿ ਪੁੱਛ ਪੜਤਾਲ ਸਮੇਂ ਸਿਸੋਦੀਆ ਸਹਿਯੋਗ ਨਹੀਂ ਕਰ ਰਿਹਾ ਸੀ ਜਿਸ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰਨਾ ਪਿਆ। ਸੀ ਬੀ ਆਈ ਨੇ ਅੱਜ ਦਿੱਲੀ ਦੀ ਇੱਕ ਅਦਾਲਤ ਵਿੱਚ ਸਿਸੋਦੀਆ ਨੂੰ ਪੇਸ਼ ਕੀਤਾ ਅਤੇ ਅਗਲੇ ਕੁੱਝ ਦਿਨ ਲਈ ਰਿਮਾਂਡ ਲੈ ਲਿਆ। ਭਾਜਪਾ ਦੇ ਹਲਕਿਆਂ ਦਾ ਦੋਸ਼ ਹੈ ਕਿ ਸ਼ਰਾਬ ਘੋਟਾਲੇ ਵਿੱਚ ਵਰਤੇ ਗਏ ਮੋਬਾਈਲ ਨਸ਼ਟ ਕਰ ਦਿੱਤੇ ਗਏ ਹਨ ਤਾਂ ਜੋ ਸਬੂਤ ਨਾ ਮਿਲ ਸਕਣ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੀ ਆਬਕਾਰੀ ਨੀਤੀ ਸ਼ਰਾਬ ਦੇ ਕਾਰੋਬਾਰੀਆਂ ਨੂੰ ਰਿਆਇਤਾਂ ਦੇਣ ਲਈ ਤਿਆਰ ਕੀਤੀ ਗਈ ਸੀ।

ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਸ ਮੁੱਦੇ ਉੱਪਰ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਸਿਸੋਦੀਆ ਖ਼ਿਲਾਫ਼ ਕਾਰਵਾਈ ਕਰ ਕੇ ਘੋਰ ਅਨਿਆਂ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਕਰੋੜਾਂ ਲੋਕਾਂ ਦੇ ਦਿਲਾਂ ਅੰਦਰ ਸਿਸੋਦੀਆ ਵਿਰੁੱਧ ਕੀਤੀ ਕਾਰਵਾਈ ਬਾਰੇ ਰੋਸ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਆਪ ਨੂੰ ਡਰਾਉਣ ਲਈ ਇਹ ਕਾਰਵਾਈ ਕੀਤੀ ਹੈ, ਪਰ ਆਪ ਭਾਜਪਾ ਦੀਆਂ ਨੀਤੀਆਂ ਅੱਗੇ ਝੁਕਣ ਵਾਲੀ ਨਹੀਂ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਿਸੋਦੀਆ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਗਈ। ਜਿੱਥੇ ਦਿੱਲੀ ਦੀ ਸਰਕਾਰ ਵੱਲੋਂ ਲੈਫ਼ਟੀਨੈਂਟ ਗਵਰਨਰ ਉੱਪਰ ਸਰਕਾਰ ਅੰਦਰ ਦਖ਼ਲ ਦੇ ਦੋਸ਼ ਲਗਾਏ ਜਾ ਰਹੇ ਹਨ। ਓਥੇ ਭਗਵੰਤ ਮਾਨ ਸਰਕਾਰ ਵੀ ਪੰਜਾਬ ਦੇ ਰਾਜਪਾਲ ਨਾਲ ਟਕਰਾ ਦੀ ਸਥਿਤੀ ਵਿੱਚ ਆਹਮੋ-ਸਾਹਮਣੇ ਖੜੀ ਹੈ।

- Advertisement -

Share this Article
Leave a comment