Home / ਓਪੀਨੀਅਨ / ਕਿਸਾਨਾਂ ਲਈ ਮੁੱਲਵਾਨ ਜਾਣਕਾਰੀ: ਸੁਰੱਖਿਅਤ ਸਬਜ਼ੀਆਂ ਦੀ ਕਾਸ਼ਤ; ਰੋਗ ਤੇ ਕੀੜੇ-ਮਕੌੜਿਆਂ ਦੀ ਰੋਕਥਾਮ

ਕਿਸਾਨਾਂ ਲਈ ਮੁੱਲਵਾਨ ਜਾਣਕਾਰੀ: ਸੁਰੱਖਿਅਤ ਸਬਜ਼ੀਆਂ ਦੀ ਕਾਸ਼ਤ; ਰੋਗ ਤੇ ਕੀੜੇ-ਮਕੌੜਿਆਂ ਦੀ ਰੋਕਥਾਮ

-ਸੰਦੀਪ ਜੈਨ;

ਆਮ ਤੌਰ ‘ਤੇ ਇਹ ਦੇਖਣ ਵਿੱਚ ਆਉਂਦਾ ਹੈ ਕਿ ਸੁਰੱਖਿਅਤ ਖੇਤੀ ਵਿੱਚ ਜਿਆਦਾ ਘਣਤਾ ਹੋਣ ਕਾਰਨ ਬੂਟੇ ਵਿੱਚ ਆਮ ਤੌਰ ‘ਤੇ ਖੁੱਲੇ ਖੇਤਾਂ ਦੀਆਂ ਸਥਿਤੀਆਂ ਨਾਲੋਂ ਬਿਮਾਰੀਆਂ ਅਤੇ ਕੀੜੇ-ਮਕੌੜੇ ਦਾ ਵਧੇਰੇ ਸ਼ਿਕਾਰ ਹੁੰਦੇ ਹਨ। ਸੁਰੱਖਿਅਤ ਸਥਿਤੀਆਂ ਸਥਿਰ ਅਤੇ ਨਮੀਂ ਜਿਆਦਾ ਪ੍ਰਦਾਨ ਕਰਦੀਆਂ ਹਨ ਜੋ ਫਸਲਾਂ ਦੇ ਤੇਜੀ ਨਾਲ ਵਿਕਾਸ ਨੂੰ ਉਤਸਾਹਿਤ ਕਰਦੀਆਂ ਹਨ, ਪਰ ਇਸ ਦੇ ਨਾਲ ਹੀ ਜੀਵਾਣੂੰ ਅਤੇ ਉੱਲੀ ਤੋਂ ਲੱਗਣ ਵਾਲੀ ਬਿਮਾਰੀਆਂ ਅਤੇ ਰਸ ਚੂਸਣ ਵਾਲੇ ਕੀੜ੍ਹਿਆਂ ਦੇ ਵਾਧੇ ਲਈ ਵੀ ਅਨੁਕੂਲ ਹੈ। ਸੁਰੱਖਿਅਤ ਸਬਜੀਆਂ ਦੀ ਕਾਸ਼ਤ ਵਿੱਚ ਪਨੀਰੀ ਦੀ ਸਲ੍ਹਾਬ ਨਾਲ ਸੜਨਾ (ਡੈਪਿੰਗ ਆਫ), ਸਕਲੈਰੋਟੀਨੀਆ (ਵਾਈਟ ਰੌਟ), ਕੌਲਰ ਰੌਟ, ਉਖੇੜਾ (ਵਿਲਟ), ਜੜ੍ਹ-ਗੰਢ ਨੀਮਾਟੋਡ, ਬੈਂਗਣਾਂ ਦੇ ਫਲਾਂ ਅਤੇ ਲਗਰਾਂ ਵਿੱਚ ਮੋਰੀ ਕਰਨ ਵਾਲੀ ਸੁੰਡੀ, ਤੰਬਾਕੂ ਸੁੰਡੀ ਅਤੇ ਰਸ ਚੂਸਣ ਵਾਲੇ ਕੀੜ੍ਹਿਆਂ ਵਰਗੀਆਂ ਸਮੱਸਿਆ ਆਮ ਹੁੰਦੀਆਂ ਹਨ। ਇਸ ਤੋਂ ਇਲਾਵਾ ਨਿਰੰਤਰ ਫਸਲਾਂ, ਜੀਵਾਣੂੰ ਅਤੇ ਕੀੜ੍ਹੇ-ਮਕੌੜਿਆਂ ਨੂੰ ਇੱਕ ਫਸਲ ਤੋਂ ਅਗਲੀ ਫਸਲ ਉੱਪਰ ਚਲੇ ਜਾਣ ਦਾ ਕਾਰਨ ਬਣਦੇ ਹਨ।

ਜੇ ਸ਼ੁਰੂ ਤੋਂ ਹੀ ਅਜਿਹੀਆ ਸਮੱਸਿਆਂਵਾਂ ਦਾ ਧਿਆਨ ਨਾਲ ਨਿਪਟਾਰਾ ਨਾ ਕੀਤਾ ਜਾਵੇ, ਤਾਂ ਸਬਜੀ ਉਤਪਾਦਕਾਂ ਨੂੰ ਬਹੁਤ ਜਿਆਦਾ ਘਾਟਾ ਪੈਣ ਕਰਕੇ ਇੱਕ ਅਜਿਹੇ ਮੁਕਾਮ ਤੇ ਪਹੁੰਚਣਾ ਪੈ ਜਾਂਦਾ ਹੈ, ਜਿੱਥੇ ਪੌਲੀਹਾਊਸ ਦੀ ਕਾਸ਼ਤ ਇੱਕ ਵਿਅਰਥ ਦੀ ਗਤੀਵਿਧੀ ਜਾਪਦੀ ਹੈ।ਰੋਗਾਣੂੰ ਅਤੇ ਕੀੜ੍ਹੇ-ਮਕੌੜ੍ਹੇ, ਵੱਖ-ਵੱਖ ਸਾਧਨਾਂ ਰਾਹੀਂ ਪੌਲੀਹਾਊਸ ਵਿੱਚ ਇਕੱਠੇ ਹੁੰਦੇ ਹਨ ਜਿਵੇਂ ਕਿ ਬਿਮਾਰੀ ਵਾਲੀ ਪਨੀਰੀ, ਦੂਸ਼ਿਤ ਸੰਦ ਅਤੇ ਮਸ਼ੀਨਰੀ, ਰੋਗਾਣੂੰ ਹਵਾ ਨਾਲ ਉੱਡਣ ਵਾਲੇ ਬਿਮਾਰੀ ਵਾਲੇ ਕਣ। ਜੇਕਰ ਇੱਕ ਵਾਰ ਇਹ ਪੌਲੀਹਾਊਸ ਦੇ ਅੰਦਰ ਵਿਕਸਤ ਹੋ ਜਾਣ ਤਾਂ ਇਨ੍ਹਾਂ ਦਾ ਖਾਤਮਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਗਰੀਨ ਹਾਊਸ ਵਿੱਚ ਬਿਮਾਰੀ ਅਤੇ ਕੀੜ੍ਹੇ-ਮਕੌੜ੍ਹਿਆਂ ਦੇ ਪ੍ਰਹੇਜ਼ ਲਈ ਸਾਰੇ ਜਰੂਰੀ ਨੁਕਤੇ ਅਪਣਾਉਣੇ ਚਾਹੀਦੇ ਹਨ। ਗਰੀਨ ਹਾਊਸ ਫਸਲਾਂ ਲਈ ਕੁਆਲਿਟੀ ਇੱਕ ਉਹ ਤਰਜੀਹ ਹੈ, ਜੋ ਨਾ ਸਿਰਫ ਜਿਆਦਾ ਝਾੜ ਬਲਕਿ ਖਪਤਕਾਰਾਂ ਦੇ ਅਨੁਸਾਰ ਸੁਰੱਖਿਅਤ ਭੋਜਨ ਪੈਦਾ ਕਰਨ ਲਈ ਵੀ ਸਹਾਇਕ ਹੈ। ਬਿਮਾਰੀਆਂ ਅਤੇ ਕੀੜ੍ਹਿਆਂ ਦੇ ਪ੍ਰਕੋਪ ਨੂੰ ਰੋਕਣ ਲਈ ਸਹੀ ਜਗ੍ਹਾ ਦੀ ਚੋਣ, ਸਹੀ ਡਿਜ਼ਾਈਨ, ਰੋਗ ਮੁਕਤ ਪਨੀਰੀ, ਮਿਆਰੀ ਸਵੱਛਤਾ ਅਮਲ, ਸਹੀ ਹਵਾਦਾਰੀ ਅਤੇ ਕੁਦਰਤੀ ਤਰੀਕਿਆਂ ਦਾ ਏਕੀਕਰਨ ਲੋੜੀਂਦਾ ਹੈ। ਰਸਾਇਣ ਕੀਟਨਾਸ਼ਕਾਂ/ਉੱਲੀਨਾਸ਼ਕਾਂ ਨੂੰ ਸਿਰਫ ਆਖਰੀ ਉਪਾਅ ਵਜੋਂ ਹੀ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਤੇ ਜਦੋਂ ਸੰਭਵ ਹੋਵੇ ਇਨ੍ਹਾਂ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ।

ਸੁਰੱਖਿਅਤ ਸਬਜ਼ੀ ਉਤਪਾਦਨ ਵਿੱਚ ਬਿਮਾਰੀਆਂ ਦੀ ਰੋਕਥਾਮ ਲਈ ਨੁਕਤੇ ਹੇਠਾਂ ਦੱਸੇ ਗਏ ਹਨ:

1. ਸਹੀ ਜਗ੍ਹਾਂ ਦੀ ਚੋਣ ਅਤੇ ਮੌਸਮ ਦੀਆਂ ਸਥਿਤੀ : ਪੌਲੀ ਹਾਊਸ ਨੂੰ ਬਣਾਉਣ ਤੋਂ ਪਹਿਲਾਂ ਇਸ ਦੇ ਨਿਰਮਾਣ ਲਈ ਸਹੀ ਜਗ੍ਹਾ ਦੀ ਚੋਣ ਬਹੁਤ ਮਹੱਤਵਪੂਰਣ ਹੈ।ਜਿੱਥੇ ਪੌਲੀਹਾਊਸ ਬਣਾਇਆ ਜਾਵੇ, ਉਥੋਂ ਦੀ ਮਿੱਟੀ ਬਿਮਾਰੀ ਰਹਿਤ ਹੋਣੀ ਚਾਹੀਦੀ ਹੈ। ਨੈੱਟ ਜਾਂ ਪੌਲੀਹਾਊਸ ਨੂੰ ਝੋਨੇ ਵਾਲੇ ਖੇਤਾਂ ਵਿੱਚ ਬਣਾਇਆ ਜਾ ਸਕਦਾ ਹੈ।ਪੌਲੀਹਾਊਸ ਦਰੱਖਤਾਂ ਤੋਂ ਪਰੇ ਹੋਣੇ ਚਾਹੀਦੇ ਹਨ ਤਾਂ ਜੋ ਸੂਰਜੀ ਰੋਸ਼ਨੀ ਭਰਭੂਰ ਮਾਤਰਾ ਵਿੱਚ ਮਿਲੇ ਅਤੇ ਚਿੱਟੀ ਮੱਖੀ, ਰਸ ਚੂਸਣ ਵਾਲੇ ਕੀੜ੍ਹੇ, ਭੂੰਡੀ ਦਾ ਹਮਲਾ ਨਾ ਹੋਵੇ। ਸਮਤਲ ਖੁੱਲੇ ਖੇਤਾਂ ਦੀ ਚੋਣ ਕਰੋ ਜਿੱਥੇ ਸੂਰਜ ਦੀ ਰੋਸ਼ਨੀ ਦੀ ਤੀਬਰਤਾ ਵਧੇਰੇ ਹੋਵੇ। ਨੀਵੇਂ ਚੀਕਨੀ ਮਿੱਟੀ ਵਾਲੇ ਖੇਤਾਂ ਦੀ ਚੋਣ ਨਾ ਕਰੋ। ਜਗ੍ਹਾ ਹਮੇਸ਼ਾ ਆਲੇ-ਦੁਆਲੇ ਨਾਲੋਂ ਉੱਚੀ ਹੋਵੇ ਤਾਂ ਜੋ ਪਾਣੀ ਦਾ ਸਹੀ ਨਿਕਾਸ ਹੋ ਸਕੇ। ਪੌਲੀਹਾਊਸ ਦਾ ਨਿਰਮਾਣ ਪੂਰਬੀ-ਪੱਛਮੀ ਦਿਸ਼ਾਂ ਵਿੱਚ ਹੀ ਕਰੋ ਤਾਂ ਜੋ ਸੂਰਜ ਦੀ ਰੋਸ਼ਨੀ, ਹਵਾਦਾਰੀ ਅਤੇ ਹਵਾ ਨੂੰ ਯਕੀਨੀ ਬਣਾਇਆ ਜਾ ਸਕੇ। ਪੌਲੀਹਾਊਸ ਅੰਦਰ ਸ਼ੇਡ ਨੈੱਟ ਦੀ ਸਹੂਲਤ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਗਰਮੀ ਦੇ ਮਹੀਨਿਆਂ ਵਿੱਚ ਸਹੀ ਤਾਪਮਾਨ ਬਰਕਰਾਰ ਰਹਿ ਸਕੇ।

2. ਸੋਆਇਲ ਸੋਲਰਾਈਜ਼ੇਸ਼ਣ: ਸੋਆਇਲ ਸੋਲਰਾਈਜ਼ੇਸ਼ਣ ਦਾ ਅਰਥ ਹੈ ਸੂਰਜੀ ਗਰਮੀ ਰਾਹੀਂ ਮਿੱਟੀ ਵਿੱਚ ਬਿਮਾਰੀਆਂ ਦਾ ਖਾਤਮਾ ਕਰਨਾ। ਪੌਲੀਹਾਊਸ ਵਿੱਚ ਮਿੱਟੀ ਤੋਂ ਪੈਦਾ ਹੋਣ ਵਾਲੀ ਉੱਲੀ ਅਤੇ ਨੀਮਾਟੋਡ ਦੇ ਵਿਰੱੁਧ ਸੋਆਇਲ ਸੋਲਰਾਈਜ਼ੇਸ਼ਣ ਇੱਕ ਪ੍ਰਭਾਵਸ਼ਾਲੀ ਢੰਗ ਹੈ। ਇਹ ਨਾ ਸਿਰਫ ਮਿੱਟੀ ਨੂੰ ਗਰਮ ਕਰਕੇ, ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਘਟਾਉਂਦਾ ਹੈ ਅਤੇ ਪੌਦਿਆਂ ਦੇ ਵਾਧੇ ਵਿੱਚ ਵੀ ਸਹਾਇਕ ਹੁੰਦਾ ਹੈ। ਇਸ ਵਿਧੀ ਨੂੰ ਕਰਨ ਲਈ ਵਧੀਆ ਸਮਾਂ 15 ਮਈ ਤੋਂ 30 ਜੂਨ ਦੇ ਵਿਚਕਾਰ ਕਿਤੇ ਵੀ ਹੋ ਸਕਦੀ ਹੈ। ਪਰ ਪੰਜਾਬ ਵਿੱਚ ਫਸਲੀ ਚੱਕਰ ਨੂੰ ਧਿਆਨ ਵਿੱਚ ਰੱਖਦੇ ਹੋਏ ਜੂਨ ਸਭ ਤੋਂ ਢੁੱਕਵਾਂ ਸਮਾਂ ਹੈ। ਪੌਲੀ ਹਾਊਸ ਦੀ ਮਿੱਟੀ ਵਿੱਚ ਗਲੀ ਸੜੀ ਰੂੜੀ (ਫਸਲਾਂ ਵਿੱਚ ਦਿੱਤੀ ਹੋਈ ਮਾਤਰਾ ਅਨਸਾਰ) ਆਦਿ ਪਾ ਕੇ ਚੰਗੀ ਤਰ੍ਹਾਂ ਵਾਹੁਣ ਅਤੇ ਪੱਧਰਾ ਕਰਨ ਤੋਂ ਬਾਅਦ ਵੱਟ ਭਰਵਾਂ ਪਾਣੀ ਦਿਓ ਫਿਰ 24 ਘੰਟੇ ਬਾਅਦ ਜ਼ਮੀਨ ਉੱਪਰ 15 ਮਾਈਕ੍ਰੋਨ (200 ਗੇਜ਼) ਦੀ ਸਾਫ ਪਾਰਦਰਸ਼ੀ ਪੌਲੀਸ਼ੀਟ ਨਾਲ ਚੰਗੀ ਤਰ੍ਹਾਂ ਢੱਕ ਦਿਓ। ਫਿਰ ਪੌਲੀਹਾਊਸ ਦੇ ਸਾਰੇ ਢਾਂਚੇ ਨੂੰ ਬਾਹਰਲੇ ਪਾਸੇ ਤੋਂ 200 ਗੇਜ਼ ਦੀ ਸਾਫ ਪਾਰਦਰਸ਼ੀ ਪੌਲੀਸ਼ੀਟ ਨਾਲ ਢੱਕ ਦਿਓ। ਜੇਕਰ ਪੌਲੀਹਾਊਸ ਹੈ ਤਾਂ ਉਸਦੇ ਸਾਰੇ ਰੌਸ਼ਨਦਾਰ ਬੰਦ ਕਰਕੇ ਉਨ੍ਹਾਂ ਉੱਪਰ ਟੇਪ ਲਗਾ ਦਿਓ ਤੇ 4 ਹਫਤਿਆਂ ਲਈ ਬੰਦ ਰੱਖੋ।

3. ਬਿਮਾਰੀ ਰਹਿਤ ਬੀਜ ਅਤੇ ਪੌਦੇ: ਬੀਜ ਅਤੇ ਪੌਦੇ ਭਰੋਸੇਯੋਗ ਸਰੋਤ ਤੋਂ ਹੀ ਪ੍ਰਾਪਤ ਕੀਤੇ ਜਾਣੇ ਚਾਹੀਦੇ ਹਨ ਅਤੇ ਬੀਜਣ ਤੋਂ ਪਹਿਲਾਂ ਕੀੜ੍ਹਿਆਂ ਜਾਂ ਬਿਮਾਰੀਆਂ ਦੇ ਕਿਸੇ ਵੀ ਸੰਕੇਤ ਲਈ ਧਿਆਨ ਨਾਲ ਨਰੀਖਣ ਕੀਤਾ ਜਾਣਾ ਬਹੁਤ ਜਰੂਰੀ ਹੈ। ਅਜਿਹੇ ਪੌਦੇ ਨਾ ਲਗਾਓ ਜਿਹੜੇ ਬਿਮਾਰ ਹਨ ਜਾਂ ਕੀੜ੍ਹਿਆਂ ਨਾਲ ਪ੍ਰਭਾਵਿਤ ਹਨ। ਪੌਲੀਹਾਊਸ ਦੀ ਕਾਸ਼ਤ ਲਈ ਹਮੇਸ਼ਾਂ ਸਿਫਾਰਿਸ਼ ਕੀਤੀਆਂ ਕਿਸਮਾਂ ਦੀ ਹੀ ਬਿਜਾਈ ਕਰੋ।ਨਰਸਰੀ ਨੂੰ ਜਾਂ ਤਾਂ ਪ੍ਰੋ ਟ੍ਰੇਆਂ ਜਾਂ ਨੈੱਟ ਹਾਊਸ ਦੇ ਅੰਦਰ ਹੀ ਬੈੱਡ ਉੱਪਰ ਓਗਾਓ। ਮਿੱਟੀ ਰਹਿਤ ਕੋਕੋਪੀਟ ਵਿੱਚ ਉਗਾਏ ਗਏ ਪੌਦਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਕਿਉਂਕਿ ਇਹ ਆਮ ਤੌਰ ਤੇ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਮੁਕਤ ਹੁੰਦੇ ਹਨ।ਬੀਜਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਸਿਫਾਰਿਸ਼ਾਂ ਅਨੁਸਾਰ ਬੀਜ ਨੂੰ ਸੋਧਣ ਦੇ ਤਰੀਕਿਆਂ ਦੀ ਪਾਲਣਾ ਕਰੋ।

4. ਨਿਯਮਿਤ ਤੌਰ ਤੇ ਨਰੀਖਣ: ਫਸਲ ਦੀ ਨਿਯਮਿਤ ਤੌਰ ‘ਤੇ ਨਰੀਖਣ ਕਰਨ ਨਾਲ ਬਿਮਾਰੀਆਂ ਅਤੇ ਕੀੜ੍ਹਿਆਂ ਦਾ ਛੇਤੀ ਪਤਾ ਲੱਗ ਜਾਂਦਾ ਹੈ। ਇਨ੍ਹਾਂ ਦੇ ਫੈਲਣ ਤੋਂ ਬਚਣ ਲਈ ਮੌਸਮ ਦੇ ਸ਼ੁਰੂ ਵਿੱਚ ਲਾਗ ਵਾਲੇ ਪੌਦਿਆਂ ਨੂੰ ਉਖਾੜ ਕੇ ਨਸ਼ਟ ਕਰ ਦਿਓ।ਫਸਲ ਦੀ ਨਿਯਮਿਤ ਤੌਰ ਤੇ ਨਰੀਖਣ ਕਰਨ ਨਾਲ ਬਿਮਾਰੀ ਦੇ ਵਿਕਾਸ ਤੇ ਸ਼ੁਰੂਆਤੀ ਪੜਾਅ ਤੇ ਸਿਫਾਰਿਸ਼ ਕੀਤੇ ਉੱਲੀਨਾਸ਼ਕ ਦਵਾਈਆਂ ਨਾਲ ਬਿਮਾਰੀ ਦੇ ਸ਼ੁਰੂ ਹੋਣ ਵਾਲੇ ਕੁਝ ਹਿੱਸੇ ਵਿੱਚ ਜਿੱਥੇ ਬਿਮਾਰੀ ਸ਼ੁਰੂ ਹੋ ਰਹੀ ਹੋਵੇ ਨੂੰ “ਸਪੋਟ ਸਪਰੇਅ” ਕੀਤਾ ਜਾਵੇ ਤਾਂ ਜੋ ਪੂਰੀ ਫਸਲ ਤੇ ਬੇਲੋੜਾ ਸਪਰੇਅ ਨੂੰ ਰੋਕ ਸਕੀਏ।ਸੰਕਰਮਿਤ ਪੌਦਿਆਂ ਦੇ ਹਿੱਸਿਆ ਜਾਂ ਰਹਿੰਦ-ਖੂੰਹਦ ਨੂੰ ਕਟਾਈ ਤੋਂ ਬਾਅਦ ਜਿੰਨੀ ਛੇਤੀ ਹੋ ਸਕੇ ਨਸ਼ਟ ਕਰ ਦੇਣਾ ਚਾਹੀਦਾ ਹੈ। ਗਰੀਨ ਹਾਊਸ ਦੇ ਨੇੜੇ ਲਾਗ ਵਾਲੇ ਪੌਦਿਆਂ ਦੇ ਢੇਰ ਨਾ ਲਗਾਓ।

5. ਸੈਨੀਟਾਈਜ਼ੈਸ਼ਣ (ਸਵੱਛਤਾ): ਗਰੀਨ ਹਾਊਸ ਦੇ ਅੰਦਰ ਅਤੇ ਆਲੇ-ਦੁਆਲੇ ਨਦੀਨਾਂ ਦੀ ਰੋਕਥਾਮ ਕਰੋ।ਜਦੋਂ ਮੌਸਮ ਦਾ ਸਮਾਂ ਅਨੁਕੂਲ ਨਹੀਂ ਹੁੰਦਾ ਤਾਂ ਇਹ ਨਦੀਨ ਬਿਮਾਰੀਆਂ ਅਤੇ ਕੀੜ੍ਹਿਆਂ ਨੂੰ ਪਨਾਹ ਦਿੰਦੇ ਹਨ, ਜੇ ਸੰਭਵ ਹੋਵੇ ਤਾਂ ਆਪਣੇ ਗਰੀਨ ਹਾਊਸ ਦੇ ਸਾਰੇ ਦਰਵਾਜੇ ਜਾਂ ਖਿੜਕੀਆਂ ਤੇ ਕੀਟ ਸਕਰੀਨਾਂ ਲਗਾਓ। ਜੇਕਰ ਗਰੀਨ ਹਾਊਸ ਹਵਾਦਾਰ ਨਾ ਹੋਣ ਤਾਂ ਇਹ ਵੱਖ-ਵੱਖ ਬਿਮਾਰੀਆਂ ਜਿਵੇਂ ਬੌਟਰਾਈਟਸ (ਗਰੇਅ ਮੌਲਡ), ਅਲਟਰਨੇਰੀਆ (ਲੀਫ ਸਪਾਟ) ਅਤੇ ਸੂਡੋਪੇਰੋਨੋਸਪੋਰਾ (ਡਾਊਨੀ ਮਿਲਡਿਊ) ਵਰਗੀਆਂ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ।ਗਰੀਨ ਹਾਊਸ ਵਿੱਚ ਡਬਲ ਡੌਰ ਐਂਟਰੀ, ਫਸਲ ਵਿੱਚ ਕੀੜ੍ਹਿਆਂ ਅਤੇ ਬਿਮਾਰੀਆਂ ਦੋਵਾਂ ਨੂੰ ਘਟਾ ਦਿੰਦੀ ਹੈ।

6. ਸੰਦਾਂ ਦੀ ਸਫਾਈ: ਮਿੱਟੀ ਵਿੱਚ ਪਲਣ ਵਾਲੀ ਉੱਲੀ ਅਤੇ ਵਿਸ਼ਾਣੂੰ ਸੰਦਾਂ ਦੀ ਸਤਹਿ ਉੱਤੇ ਜਿਊਂਦੇ ਰਹਿ ਸਕਦੇ ਹਨ।ਕਟਾਈ, ਪਰਾਗਣ ਆਦਿ ਲਈ ਵਰਤੇ ਜਾਣ ਵਾਲੇ ਸਾਧਨਾਂ ਨੂੰ ਡਿਸਇੰਨਫੈਟਟੈਂਟ ਘੋਲ ਰਾਹੀਂ ਰੋਗਾਣੂੰ ਮੁਕਤ ਕੀਤਾ ਜਾਣਾ ਚਾਹੀਦਾ ਹੈ।

7.  ਹਰੀ ਖਾਦ : ਜੜ੍ਹ-ਗੰਢ ਨੀਮਾਟੋਡ ਤੋਂ ਪ੍ਰਭਾਵਿਤ ਖੇਤਾਂ ਵਿੱਚ 50 ਦਿਨ ਹਰੀ ਖਾਦ ਸਣ ਜਾਂ 60 ਦਿਨ ਪੁਰਾਣੀ ਗੈਂਦੇ ਦੀ ਫਸਲ ਬੈਂਗਣਾਂ ਵਿੱਚ ਨੀਮਾਟੋਡ ਨੂੰ ਵਧਾਉਂਦਾ ਹੈ। ਅਜਿਹੇ ਖੇਤਾਂ ਵਿੱਚ ਢੈਂਚੇ ਨਾਲ ਹਰੀ ਖਾਦ ਦੀ ਕਾਸ਼ਤ ਤੋਂ ਗੁਰੇਜ਼ ਕਰੋ ਕਿਉਂਕਿ ਇਹ ਨੀਮਾਟੋਡ ਦੀ ਘਣਤਾ ਨੂੰ ਵਧਾਉਂਦੀ ਹੈ।ਇੱਕ ਤੋਂ ਬਾਅਦ ਇੱਕ ਸੰਵੇਦਨਸ਼ੀਲ ਫਸਲਾਂ ਲਗਾਉਣ ਤੋਂ ਬਚੋ।ਨੀਮਾਟੋਡ ਨਾਲ ਪ੍ਰਭਾਵਿਤ ਟਮਾਟਰਾਂ ਅਤੇ ਖੀਰੇ ਦੀਆਂ ਫਸਲਾਂ ਦੇ ਮਾਮਲੇ ਵਿੱਚ, ਬਿਜਾਈ ਤੋਂ 10 ਦਿਨ ਪਹਿਲਾਂ, 40 ਦਿਨ ਪੁਰਾਣੀ ਤੋਰੀਆਂ ਅਤੇ ਤਾਰਮੀਰਾ ਫਸਲਾਂ ਨੂੰ ਟਮਾਟਰਾਂ ਦੀ ਨਰਸਰੀ ਵਿੱਚ ਸ਼ਾਮਿਲ ਕਰੋ ਅਤੇ ਬਿਜਾਈ ਤੋਂ ਪਹਿਲਾਂ 3-4 ਵਾਰ ਮਿੱਟੀ ਨੂੰ ਬਦਲ ਦਿਓ। ਹੋਰ ਸਬਜ਼ੀਆਂ ਦੇ ਨਾਲ-ਨਾਲ ਜੜ੍ਹਾਂ ਦੇ ਗੰਨੇ ਦੇ ਨੀਮਾਟੋਡ ਪ੍ਰਭਾਵਿਤ ਖੇਤਾਂ ਵਿੱਚ ਲਸਣ ਲਗਾਓ।

ਨੈੱਟ ਹਾਊਸ ਅਤੇ ਪੌਲੀ ਹਾਊਸ ਵਿੱਚ ਕੀੜੇ-ਮਕੋੜਿਆਂ ਦੀ ਸਰਵਪੱਖੀ ਰੋਕਥਾਮ

 ਕੀੜ੍ਹੇ-ਮਕੌੜ੍ਹਿਆਂ ਦੇ ਹਮਲੇ ਤੋਂ ਬਚਾਅ ਲਈ ਪਨੀਰੀ 40 ਮੈਸ਼ ਸਾਈਜ ਦੀ ਜਾਲੀ ਵਿੱਚ ਉਗਾਓ ।

 ਪੌਲੀਨੈੱਟ ਹਾਊਸ ਦੇ ਅੰਦਰ ਅਤੇ ਬਾਹਰ ਨਦੀਨਾਂ ਦੀ ਰੋਕਥਾਮ ਕਰੋ ।

 ਕੀੜ੍ਹਿਆਂ ਦਾ ਲਗਾਤਾਰ ਨਿਰੀਖਣ ਕਰਦੇ ਰਹੋ ਅਤੇ ਬਿਮਾਰ ਟਾਹਣੀਆਂ ਤੇ ਬੂਟਿਆਂ ਨੂੰ ਪੌਲੀਨੈੱਟ/ਪੌਲੀ ਹਾਊਸ ਚੋਂ ਬਾਹਰ ਕੱਢ ਦਿਉ। ਸਹੀ ਕੀਟਨਾਸ਼ਕ ਦਾ ਸਹੀ ਤਰੀਕੇ ਨਾਲ ਛਿੜਕਾਅ ਵਰਤੋਂ ਕਰੋ । ਕਤਾਰ ਵਿੱਚ ਲੱਗੇ ਬੂਟਿਆਂ ਉੱਪਰ ਦੋਨੋ ਪਾਸਿਆਂ ਤੋਂ ਛਿੜਕਾਅ ਕਰੋ ਅਤੇ ਸਪਰੇ ਕਰਨ ਵਾਲੀ ਲਾਂਸ ਨੂੰ ਬੂਟਿਆਂ ਦੇ ਉਪਰ ਤੋਂ ਥੱਲੇ ਦੋਨਾਂ ਪਾਸਿਆਂ ਵੱਲ ਨੂੰ ਹਿਲਾਉਂਦੇ ਹੋਏ ਛਿੜਕਾਅ ਕਰੋ।

 ਹਮੇਸ਼ਾ ਪੌਲੀਨੈੱਟ/ਪੌਲੀ ਹਾਊਸ ਵਿੱਚ ਦੂਹਰਾ ਦਰਵਾਜਾ ਲਗਾਓ ਅਤੇ ਅੰਦਰ ਜਾਣ ਲੱਗਿਆਂ ਦਰਵਾਜੇ ਨੂੰ ਲਾਜ਼ਮੀ ਬੰਦ ਕਰੋ ।

 ਇੱਕ-ਦੋ ਦਿਨ ਦੇ ਅੰਤਰ ਤੇ ਲਗਾਤਾਰ ਫ਼ਸਲ ਦਾ ਨਿਰੀਖਣ ਕਰਦੇ ਰਹੋ ਤਾਂ ਜੋ ਅਚਾਨਕ ਕੀੜ੍ਹੇ-ਮਕੌੜ੍ਹਿਆਂ ਦੇ ਹਮਲੇ ਤੋਂ ਬਚਿਆ ਜਾ ਸਕੇ। ਬੈਂਗਣਾਂ ਦੀਆਂ ਲਗਰਾਂ ਅਤੇ ਫ਼ਲਾਂ ਵਿੱਚ ਮੋਰੀ ਕਰਨ ਵਾਲੀ ਸੁੰਡੀ, ਤੰਬਾਕੂ ਸੁੰਡੀ, ਹੱਡਾ ਭੂੰਡੀ ਅਤੇ ਪੱਤਿਆਂ ਦੇ ਸੁਰੰਗੀ ਕੀੜ੍ਹੇ ਦੇ ਹਮਲੇ ਵਾਲੇ ਪੱਤੇ, ਲਗਰਾਂ ਜਾਂ ਕਾਣੇ ਫ਼ਲ ਤੋੜ੍ਹ ਕੇ ਦੱਬ ਦਿਓ। ਤੰਬਾਕੂ ਦੀ ਸੁੰਡੀ ਦੇ ਆਂਡੇ ਅਤੇ ਸੁੰਡੀਆਂ ਨੂੰ ਹੱਥਾਂ ਨਾਲ ਨਸ਼ਟ ਕਰ ਦਿਓ।

 ਚਿੱਟੀ ਮੱਖੀ ਦੀ ਰੋਕਥਾਮ ਲਈ ਹਮਲਾ ਹੋਣ ਤੇ ਇੱਕ ਤੋਂ ਦੋ ਛਿੜਕਾਅ 12 ਮਿਲੀਲਿਟਰ *ਪੀ ਏ ਯੂ ਨਿੰਮ ਦਾ ਘੋਲ ਪ੍ਰਤੀ ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ। ਪੀ ਏ ਯੂ ਨਿੰਮ ਦਾ ਘੋਲ ਤਿਆਰ ਕਰਨ ਲਈ ਚਾਰ ਕਿੱਲੋ ਨਿੰਮ ਦੀਆਂ ਕਰੂੰਬਲਾਂ (ਪੱਤੇ, ਹਰੀਆਂ ਟਹਿਣੀਆਂ ਅਤੇ ਨਿਮੋਲੀਆਂ) ਨੂੰ 10 ਲਿਟਰ ਪਾਣੀ ਵਿੱਚ 30 ਮਿੰਟ ਲਈ ਉਬਾਲੋ। ਠੰਡਾ ਹੋਣ ਤੇ ਘੋਲ ਨੂੰ ਕੱਪੜ ਛਾਣ ਕਰ ਲਓ ਅਤੇ ਤਰਲ ਨੂੰ ਸਿਫਾਰਸ਼ ਕੀਤੀ ਮਾਤਰਾ ਮੁਤਾਬਿਕ ਛਿੜਕਾਅ ਕਰੋ।

 ਸ਼ਿਮਲਾ ਮਿਰਚ ਦੀ ਮਾਈਟ ਦੀ ਰੋਕਥਾਮ ਲਈ ਪੰਜ ਪ੍ਰਤੀਸ਼ਤ ਘਰ ਦਾ ਬਣਿਆ ਨਿੰਮੋਲਿਆਂ ਦੇ ਘੋਲ (100 ਲਿਟਰ ਪਾਣੀ ਵਿਚ 5 ਕਿਲੋ ਨਿੰਮੋਲੀਆਂ) ਜਾਂ 200 ਮਿਲੀਲਿਟਰ ਓਮਾਈਟ 57 ਈ. ਸੀ. (ਪ੍ਰੋਪਰਜਾਈਟ) ਜਾਂ 100 ਮਿਲੀਲਿਟਰ ਓਬਰੇਨ 22.9 ਐਸ. ਸੀ. (ਸਪਾਈਰੋਮੈਸੀਫਿਨ) ਪ੍ਰਤੀ ਏਕੜ ਦਾ ਛਿੜਕਾਅ ਕਰੋ।

 ਕੀੜ੍ਹੇ-ਮਕੌੜ੍ਹਿਆਂ ਦੇ ਪਸਾਰ ਨੂੰ ਰੋਕਣ ਲਈ ਲਗਾਤਾਰ ਜ਼ਮੀਨ ਤੇ ਡਿੱਗੇ ਹੋਏ ਸੁੱਕੇ ਅਤੇ ਹਮਲੇ ਵਾਲੇ ਪੱਤਿਆਂ/ਫ਼ਲਾਂ ਨੂੰ ਨਸ਼ਟ ਕਰਦੇ ਰਹੋ ।

 ਮਸ਼ੀਨਰੀ ਅਤੇ ਸੰਦਾਂ ਨੂੰ ਬਾਹਰਲੇ ਖੇਤਾਂ ਦੀ ਮਿੱਟੀ ਆਦਿ ਤੋਂ ਸਾਫ਼ ਕਰਕੇ ਹੀ ਪੌਲੀਨੈੱਟ ਹਾਊਸ/ਪੌਲੀ ਹਾਊਸ ਅੰਦਰ ਲੈ ਕੇ ਜਾਓ।

 ਸਾਰੇ ਰੋਸ਼ਨਦਾਨਾਂ ਤੇ ਕੀੜ੍ਹੇ-ਮਕੌੜ੍ਹੇ ਰਹਿਤ ਕਰਨ ਲਈ ਜਾਲੀ ਲੱਗੀ ਹੋਣੀ ਚਾਹੀਦੀ ਹੈ

 ਲਗਾਤਾਰ ਪੌਲੀਨੈੱਟ ਹਾਊਸ/ਪੌਲੀ ਹਾਊਸ ਦੀ ਤੋੜ-ਭੰਨ ਦੀ ਨਿਰੀਖਣ ਕਰੋ। ਦਰਵਾਜ਼ੇ ਤੇ ਕੰਧਾਂ ਵਿੱਚ ਹੋਈਆਂ ਮੋਰੀਆਂ ਨੂੰ ਚੰਗੀ ਤਰ੍ਹਾਂ ਬੰਦ ਕਰ ਦਿਓ ਅਤੇ ਨੈੱਟ/ਪੌਲੀਸ਼ੀਟ ਨੂੰ ਜ਼ਮੀਨ ਵਿੱਚ ਚੰਗੀ ਤਰ੍ਹਾਂ ਦਬਾ ਕੇ ਰੱਖੋ।

Check Also

ਮਾਨ ਅਤੇ ਕਿਸਾਨ ਆਗੂਆਂ ’ਚ ਪਈ ਜੱਫ਼ੀ

ਜਗਤਾਰ ਸਿੰਘ ਸਿੱਧੂ ਐਡੀਟਰ; ਮੁੱਖ ਮੰਤਰੀ ਭਗਵੰਤ ਮਾਨ ਅਤੇ ਵੱਖ-ਵੱਖ ਕਿਸਾਨ ਜੱਥੇਬੰਦੀਆਂ ਵਿਚਕਾਰ ਅੱਜ ਚੰਡੀਗੜ੍ਹ …

Leave a Reply

Your email address will not be published.