ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਰਸਤੇ ਹੁਣ ਪੰਜਾਬ ਕਾਂਗਰਸ ਦੇ ਅੰਦਰ ਪੂਰੀ ਤਰ੍ਹਾਂ ਵੱਖਰੇ ਹੋ ਗਏ ਹਨ। ਚੰਨੀ ਨੇ ਫਿਰੋਜ਼ਪੁਰ ਵਿੱਚ ਐਲਾਨ ਕਰ ਦਿੱਤਾ ਕਿ ਉਹ ਲੜਨਗੇ, ਮਰਨਗੇ, ਪਰ ਝੁਕਣਗੇ ਨਹੀਂ। ਅਜਿਹਾ ਕਹਿ ਕੇ ਉਨ੍ਹਾਂ ਨੇ ਹਾਈ ਕਮਾਂਡ ਨੂੰ ਸਪੱਸ਼ਟ ਸੰਦੇਸ਼ ਦਿੱਤਾ ਕਿ ਉਹ ਪਿੱਛੇ ਨਹੀਂ ਹਟਣਗੇ।
ਪੰਜਾਬ ਕਾਂਗਰਸ ਵਿੱਚ ਵਧਦੀ ਅੰਦਰੂਨੀ ਲੜਾਈ ਦੇ ਵਿਚਕਾਰ, ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਮਵਾਰ ਨੂੰ ਅਹੁਦਾ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਲੀਡਰਸ਼ਿਪ ਉਨ੍ਹਾਂ ਨੂੰ ਬਦਲਣ ਦਾ ਫੈਸਲਾ ਕਰਦੀ ਹੈ ਤਾਂ ਵੀ ਉਹ ਸੰਗਠਨ ਲਈ ਕੰਮ ਕਰਦੇ ਰਹਿਣਗੇ। ਹਾਲ ਹੀ ਦੇ ਦਿਨਾਂ ਵਿੱਚ ਪਾਰਟੀ ਦੇ ਪ੍ਰੋਗਰਾਮਾਂ ਦੌਰਾਨ ਵੜਿੰਗ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਵੱਲੋਂ ਨਾਅਰੇਬਾਜ਼ੀ ਦਾ ਸਾਹਮਣਾ ਕਰਨਾ ਪਿਆ ਹੈ। ਬਠਿੰਡਾ ਵਿੱਚ ਪੰਜਾਬ ਦੇ ਇੰਚਾਰਜ ਏਆਈਸੀਸੀ ਜਨਰਲ ਸਕੱਤਰ ਭੁਪੇਸ਼ ਬਘੇਲ ਦੀ ਮੌਜੂਦਗੀ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਵੜਿੰਗ ਨੇ ਕਿਹਾ, ‘ਮੈਂ ਅਸਤੀਫਾ ਨਹੀਂ ਦੇਵਾਂਗਾ।’
ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਇਹ ਕਹਿ ਚੁੱਕੇ ਹਨ ਕਿ ਕਾਂਗਰਸ ਵਿੱਚ ਅਹੁਦਾ ਉਨ੍ਹਾਂ ਲਈ ਮਹੱਤਵਪੂਰਨ ਨਹੀਂ ਹੈ, ਪਰ ਹੁਣ ਉਨ੍ਹਾਂ ਨੇ ਵੀ ਚੰਨੀ ਧੜੇ ਨੂੰ ਸਾਫ ਤੌਰ ‘ਤੇ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ। ਰਾਜਾ ਵੜਿੰਗ ਅਤੇ ਚੰਨੀ ਨੇ ਇੱਕ-ਦੂਜੇ ਵਿਰੁੱਧ ਸਿੱਧੇ-ਸਿੱਧੇ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਹੈ। ਮੁਕਤਸਰ ਪਹੁੰਚ ਕੇ ਰਾਜਾ ਵੜਿੰਗ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਨ੍ਹਾਂ ਦੀ ਆਪਣੀ ਪਾਰਟੀ ਦੇ ਕੁਝ ਲੋਕ ਉਨ੍ਹਾਂ ਨੂੰ ਮਰਵਾਉਣਾ ਚਾਹੁੰਦੇ ਸਨ।
ਰਾਜਾ ਵੜਿੰਗ ਇੱਥੇ ਹੀ ਨਹੀਂ ਰੁਕੇ; ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨੂੰ ਦੋ ਵਾਰ ਹਰਾਇਆ ਸੀ। ਚੰਨੀ ਦਾ ਨਾਮ ਲਏ ਬਿਨਾਂ, ਵੜਿੰਗ ਨੇ ਕਿਹਾ ਕਿ ਪਿਛਲੀ ਵਾਰ 80 ਤੋਂ 18 ‘ਤੇ ਆ ਗਏ। 18 ਵਿੱਚੋਂ ਇੱਕ ਰਾਜਾ ਵੜਿੰਗ ਦਾ ਨਾਮ ਸੀ। ਪਾਰਟੀ ਪਿਛਲੀਆਂ ਚੋਣਾਂ ਬੁਰੀ ਤਰ੍ਹਾਂ ਹਾਰ ਗਈ ਸੀ, ਕੀ ਉਸ ਲਈ ਰਾਜਾ ਵੜਿੰਗ ਜ਼ਿੰਮੇਵਾਰ ਹੈ?

