ਪੇਸ਼ਾਵਰ ਧਮਾਕਾ: ਮਲਬੇ ‘ਚੋਂ ਮਿਲਿਆ ਹਮਲਾਵਰ ਦਾ ਸਿਰ, 100 ਦੇ ਨੇੜ੍ਹੇ ਪਹੁੰਚਿਆ ਮੌਤਾਂ ਦਾ ਅੰਕੜਾ

Prabhjot Kaur
2 Min Read

ਇਸਲਾਮਾਬਾਦ: ਪਾਕਿਸਤਾਨ ਦੇ ਪੇਸ਼ਾਵਰ ‘ਚ ਬੀਤੇ ਦਿਨੀਂ ਇੱਕ ਮਸਜਿਦ ਵਿੱਚ ਦੁਪਹਿਰ ਦੀ ਨਮਾਜ਼ ਦੌਰਾਨ ਧਮਾਕਾ ਹੋਇਆ ਸੀ। ਹੁਣ ਇਸ ਮਾਮਲੇ ‘ਚ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਆਤਮਘਾਤੀ ਹਮਲੇ ਦੇ ਸ਼ੱਕੀ ਦਾ ਕੱਟਿਆ ਹੋਇਆ ਸਿਰ ਮਿਲਿਆ ਹੈ। ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ 95 ਹੋ ਗਈ ਹੈ ਅਤੇ 221 ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ। ਬਚਾਅ ਕਾਰਜ ਹਾਲੇ ਵੀ ਜਾਰੀ ਹੈ ਤੇ ਮ੍ਰਿਤਕ ਦੇਹਾਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਸੋਮਵਾਰ ਦੁਪਹਿਰ ਲਗਭਗ 1.40 ਵਜੇ ਪੁਲਿਸ ਲਾਈਨ ‘ਤੇ ਸਥਿਤ ਮਸਜਿਦ ‘ਚ ਇੱਕ ਜ਼ਬਰਦਸਤ ਧਮਾਕਾ ਹੋਇਆ, ਜਦੋਂ ਵੱਡੀ ਗਿਣਤੀ ‘ਚ ਲੋਕ ਦੁਪਹਿਰ ਦੀ ਨਮਾਜ਼ ਅਦਾ ਕਰ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਆਤਮਘਾਤੀ ਹਮਲਾਵਰ ਸਭ ਤੋਂ ਅੱਗੇ ਵਾਲੀ ਕਤਾਰ ‘ਚ ਸੀ ਅਤੇ ਉਸ ਨੇ ਖੁਦ ਨੂੰ ਉਡਾ ਲਿਆ, ਜਿਸ ਕਾਰਨ ਮਸਜਿਦ ਦੀ ਛੱਤ ਨਮਾਜ਼ੀਆਂ ‘ਤੇ ਡਿੱਗ ਗਈ।

ਪੁਲਿਸ ਅਫਸਰ ਪਿਸ਼ਾਵਰ ਮੁਹੰਮਦ ਐਜਾਜ਼ ਖਾਨ ਨੇ ਦੱਸਿਆ ਕਿ ਇਹ ਹਮਲਾ ਆਤਮਘਾਤੀ ਜਾਪਦਾ ਹੈ ਅਤੇ ਖੈਬਰ ਪਖਤੂਨਖਵਾ ਦੀ ਰਾਜਧਾਨੀ ਪੇਸ਼ਾਵਰ ਵਿੱਚ ਘਟਨਾ ਥਾਂ ਤੋਂ ਸ਼ੱਕੀ ਹਮਲਾਵਰ ਦਾ ਸਿਰ ਬਰਾਮਦ ਕੀਤਾ ਗਿਆ ਹੈ।

ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਜਾ ਰਹੀਆਂ ਵੀਡੀਓ ਅਤੇ ਤਸਵੀਰਾਂ ‘ਚ ਖੂਨ ਨਾਲ ਲੱਥਪੱਥ ਜ਼ਖਮੀ ਦੇਖੇ ਜਾ ਸਕਦੇ ਹਨ, ਚਾਰੇ ਪਾਸੇ ਹਾਹਾਕਾਰ ਮਚੀ ਹੋਈ ਸੀ। ਹਾਦਸੇ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਪੇਸ਼ਾਵਰ ਦੇ ਲੇਡੀ ਰੀਡਿੰਗ ਹਸਪਤਾਲ ਲਿਜਾਇਆ ਗਿਆ। ਹਸਪਤਾਲ ਨੇ ਲੋਕਾਂ ਨੂੰ ਇਲਾਜ ਲਈ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ। ਕਈ ਲੋਕ ਇਸ ਹਮਲੇ ਪਿੱਛੇ ਅੱਤਵਾਦੀ ਸੰਗਠਨ ਟੀਟੀਪੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਪਿਛਲੇ ਮਹੀਨਿਆਂ ਵਿੱਚ, ਟੀਟੀਪੀ ਨੇ ਪਾਕਿਸਤਾਨ ਵਿੱਚ ਕਈ ਵੱਡੇ ਹਮਲੇ ਕੀਤੇ ਹਨ ਜਿਨ੍ਹਾਂ ਵਿੱਚ ਪਾਕਿਸਤਾਨੀ ਫੌਜ ਵੱਡੇ ਪੱਧਰ ‘ਤੇ ਜ਼ਖਮੀ ਹੋਈ ਹੈ। ਪਾਕਿਸਤਾਨ ‘ਚ ਨਵੇਂ ਆਰਮੀ ਚੀਫ ਦੀ ਨਿਯੁਕਤੀ ਤੋਂ ਬਾਅਦ ਅੱਤਵਾਦੀ ਸੰਗਠਨ ਨੇ ਜੰਗਬੰਦੀ ਖਤਮ ਕਰਨ ਅਤੇ ਦੇਸ਼ ਭਰ ‘ਚ ਹਮਲੇ ਕਰਨ ਦਾ ਐਲਾਨ ਕੀਤਾ ਸੀ।

- Advertisement -

Share this Article
Leave a comment