ਗ੍ਰੇਨਵਿਲ ਹੋਂਮ ਪਾਰਕ ਵਿੱਚ ਇਕੱਠੇ ਹੋਕੇ ਪੰਜਾਬੀਆਂ ਨੇ ਤਿੰਨ ਕਾਲੇ ਕਨੂੰਨ ਵਾਪਸ ਕਰਨ ਦੇ ਮੋਦੀ ਦੇ ਐਲਾਨ ਦਾ ਕੀਤਾ ਸਵਾਗਤ

TeamGlobalPunjab
2 Min Read
ਫਰਿਜ਼ਨੋ (ਕੈਲੀਫੋਰਨੀਆਂ) (ਨੀਟਾ ਮਾਛੀਕੇ / ਕੁਲਵੰਤ ਧਾਲੀਆਂ) : ਲੰਘੇ ਐਤਵਾਰ ਨੂੰ ਫਰਿਜ਼ਨੋ ਦੇ ਗ੍ਰੇਨਵਿਲ ਹੋਮ ਨੇਬਰਹੁੱਡ ਪਾਰਕ ਵਿੱਚ ਸ਼ਾਮ ਨੂੰ ਪੰਜਾਬੀਆਂ ਦਾ ਇੱਕ ਇਕੱਠ ਹੋਇਆ। ਇਸ ਦੌਰਾਨ ਜਿੱਥੇ ਗੁਰੂ ਨਾਨਕ ਦੇਵ ਜੀ ਦੇ 552ਵੇਂ ਗੁਰਪੁਰਬ ਸਬੰਧੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ ਗਿਆ, ਓਥੇ ਨਾਲ ਦੀ ਨਾਲ ਦਿੱਲੀ ਦੀਆਂ ਬਰੂੰਹਾਂ ਤੇ ਇੱਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੀ ਜਿੱਤ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ, ਅਤੇ ਮੋਦੀ ਵੱਲੋਂ ਤਿੰਨੇ ਖੇਤੀ ਕਨੂੰਨ ਰੱਦ ਕਰਨ ਦੇ ਦਿੱਤੇ ਬਿਆਨ ਦਾ ਸੁਆਗਤ ਕੀਤਾ ਗਿਆ।
ਇਸ ਇਕੱਠ ਵਿੱਚ ਕਿਸਾਨੀ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਲੋਕ ਔਰਤਾਂ ਸਮੇਤ ਹਾਜ਼ਰ ਹੋਏ। ਬਲਬੀਰ ਸਿੰਘ ਹੇਰਾਂ, ਪਰਮਜੀਤ ਸਿੰਘ ਹੇਰਾਂ, ਪ੍ਰੋਫੈਸਰ ਦਰਸ਼ਨ ਸਿੰਘ ਸੰਧੂ, ਮਲਕੀਅਤ ਸਿੰਘ ਕਿੰਗਰਾ, ਗੁਰਨਾਮ ਸਿੰਘ, ਸ਼ਮਸ਼ੇਰ ਸਿੰਘ ਬਰਾੜ ਅਤੇ ਨਵਦੀਪ ਸਿੰਘ ਧਾਲੀਵਾਲ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ। ਉਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਲਗਭਗ ਇੱਕ ਸਾਲ ਦੇ ਯਤਨਾਂ ਨੂੰ ਸਲਾਹਿਆ ਅਤੇ ਕਿਸਾਨ ਮੋਰਚੇ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ 700 ਤੋਂ ਵੱਧ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ। ਬੁਲਾਰਿਆਂ ਨੇ ਪੀਐਮ ਮੋਦੀ ਨੂੰ ਮੋਰਚੇ ਦੌਰਾਨ ਜਾਨ ਗਵਾਉਣ ਵਾਲੇ ਸਾਰੇ ਸ਼ਹੀਦ ਕਿਸਾਨਾਂ  ਨੂੰ ਮੁਆਵਜ਼ਾ ਦੇਣ ਲਈ ਕਿਹਾ। ਇਸ ਮੌਕੇ ਬੁਲਾਰਿਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਕਿ ਉਹ  ਕਿਸਾਨਾਂ ਵੱਲੋਂ ਉਗਾਈ ਹਰ ਫਸਲ ਤੇ ਐਮਐਸਪੀ ਨਿਰਧਾਰਤ ਕਰਨ ਲਈ ਕਾਨੂੰਨ ਲਿਆਉਣ। ਇਸ ਮੌਕੇ ਚਾਹ ਪਕੌੜਿਆ ਦਾ ਲੰਗਰ ਅਤੁੱਟ ਵਰਤਿਆ।

Share this Article
Leave a comment