ਚੰਡੀਗੜ੍ਹ: ਕੈਨੇਡਾ ‘ਚ ਇਤਿਹਾਸ ਦੀ ਸੱਭ ਤੋਂ ਵੱਡੀ ਡਕੈਤੀ ਦੀ ਮਾਸਟਰਮਾਈਂਡ ਸਿਮਰਨਪ੍ਰੀਤ ਪਨੇਸਰ ਨੂੰ ਚੰਡੀਗੜ੍ਹ ’ਚ ਦਸਿਆ ਜਾ ਰਿਹਾ ਹੈ। ਇਸ ਡਕੈਤੀ ਦੀ ਕੀਮਤ 20 ਮਿਲੀਅਨ ਡਾਲਰ ਲਗਭਗ 1,73,33,67,000 ਕਰੋੜ ਰੁਪਏ ਸੀ। ਰਿਪੋਰਟਾਂ ਮੁਤਾਬਕ ਸਿਮਰਨ ਏਅਰ ਕੈਨੇਡਾ ਦੀ ਸਾਬਕਾ ਮੈਨੇਜਰ ਹੈ ਅਤੇ ਇਸ ਮਾਮਲੇ ਵਿਚ ਕੈਨੇਡੀਅਨ ਪੁਲਿਸ ਨੂੰ ਲੋੜੀਂਦੀ ਸੀ।
ਦੱਸਿਆ ਜਾ ਰਿਹਾ ਹੈ ਕਿ ਸਿਮਰਨ ਅਪਣੀ ਪਤਨੀ ਪ੍ਰੀਤੀ ਨਾਲ ਚੰਡੀਗੜ੍ਹ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਪ੍ਰੀਤੀ ਸਾਬਕਾ ਮਿਸ ਇੰਡੀਆ ਯੂਗਾਂਡਾ, ਗਾਇਕਾ ਅਤੇ ਅਦਾਕਾਰਾ ਹੈ ਪਰ ਉਹ ਇਸ ਡਕੈਤੀ ਵਿਚ ਸ਼ਾਮਲ ਨਹੀਂ ਹੈ। ਹਾਲਾਂਕਿ, ਇਸ ਮਾਮਲੇ ਵਿਚ ਦੋਵਾਂ ਵਿਰੁਧ ਕੈਨੇਡੀਅਨ ਅਦਾਲਤ ਵਿਚ ਕੇਸ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ 2023 ਵਿਚ ਇਹ ਡਕੈਤੀ ਕੀਤੀ ਗਈ ਸੀ। ਇਸ ਸਮੇਂ ਦੌਰਾਨ ਸਿਮਰਨ ਨੇ ਸਵਿਟਜ਼ਰਲੈਂਡ ਦੇ ਜ਼ਿਊਰਿਖ ਤੋਂ ਆ ਰਹੀ ਇਕ ਉਡਾਣ ਵਿਚੋਂ ਸੋਨਾ ਅਤੇ ਵਿਦੇਸ਼ੀ ਮੁਦਰਾ ਚੋਰੀ ਕਰ ਲਈ। ਇਹ ਚੋਰੀ ਕੈਨੇਡਾ ਦੇ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੀਤੀ ਗਈ ਸੀ। ਸਿਮਰਨ ਨੇ ਉਡਾਣ ਦੇ ਮਾਲ ਵਿਚੋਂ 6600 ਸੋਨੇ ਦੀਆਂ ਰਾਡ ਅਤੇ 2.5 ਮਿਲੀਅਨ ਡਾਲਰ (ਲਗਭਗ 21,66,70,875 ਕਰੋੜ ਰੁਪਏ) ਦੀ ਵਿਦੇਸ਼ੀ ਮੁਦਰਾ ਚੋਰੀ ਕੀਤੀ ਸੀ।
ਕੈਨੇਡੀਅਨ ਪੁਲਿਸ ਨੇ ਡਕੈਤੀ ਦੀ ਜਾਂਚ ਕਰਨ ਲਈ 40 ਤੋਂ ਵੱਧ ਸੀਸੀਟੀਵੀ ਕੈਮਰਿਆਂ ਅਤੇ ਇਲੈਕਟ੍ਰਾਨਿਕ ਯੰਤਰਾਂ ਦੀ ਜਾਂਚ ਕੀਤੀ। ਕੁੱਲ 20 ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕੀਤੀ, ਅਤੇ ਉਨ੍ਹਾਂ ਨੂੰ ਇਕ ਸਾਲ ਵਿਚ 28,096 ਘੰਟੇ ਕੰਮ ਕਰਨਾ ਪਿਆ। ਇਸ ਸਮੇਂ ਦੌਰਾਨ, 9500 ਘੰਟੇ ਓਵਰਟਾਈਮ ਵੀ ਕੀਤਾ ਗਿਆ। ਹਾਲਾਂਕਿ, ਸਿਮਰਨ ਦਾ ਕੋਈ ਸੁਰਾਗ ਨਹੀਂ ਮਿਲਿਆ। ਜਾਂਚ ਦੌਰਾਨ, ਪੁਲਿਸ ਨੇ 430,000 ਡਾਲਰ ਨਕਦ, 89,000 ਡਾਲਰ ਮੁੱਲ ਦੇ ਛੇ ਸੋਨੇ ਦੇ ਬਰੇਸਲੇਟ, ਅਤੇ ਸੋਨੇ ਨੂੰ ਪਿਘਲਾਉਣ ਲਈ ਵਰਤੇ ਜਾਣ ਵਾਲੇ ਕਾਸਟ ਅਤੇ ਮੋਲਡ ਜ਼ਬਤ ਕੀਤੇ। ਇਹ ਖ਼ੁਲਾਸਾ ਹੋਇਆ ਕਿ ਇਹ ਬਰੇਸਲੇਟ ਚੋਰੀ ਕੀਤੇ ਸੋਨੇ ਨੂੰ ਪਿਘਲਾ ਕੇ ਬਣਾਏ ਗਏ ਸਨ। ਇਸ ਡਕੈਤੀ ਦੀ ਜਾਂਚ ਕੈਨੇਡਾ ਦੀ ਪੀਲ ਰੀਜ਼ਨਲ ਪੁਲਿਸ “ਪ੍ਰਾਜੈਕਟ 24 ਕੈਰੇਟ” ਨਾਮਕ ਇਕ ਆਪ੍ਰੇਸ਼ਨ ਦੇ ਹਿੱਸੇ ਵਜੋਂ ਕਰ ਰਹੀ ਹੈ।
ਇਸ ਮਾਮਲੇ ਵਿਚ ਹੁਣ ਤਕ 9 ਸ਼ੱਕੀ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਦੀ ਪਛਾਣ ਪਰਮਪਾਲ ਸਿੱਧੂ ਜੋ ਏਅਰ ਕੈਨੇਡਾ ਕਰਮਚਾਰੀ ਅਤੇ ਸਿਮਰਨ ਦਾ ਸਾਥੀ ਜਿਸ ਨੇ ਡਕੈਤੀ ਦੀ ਸਾਜ਼ਿਸ਼ ਰਚੀ ਸੀ। ਡੁਰਾਂਟੇ ਕਿੰਗ-ਮੈਕਲੀਨ ਜੋ ਉਹ ਟਰੱਕ ਡਰਾਈਵਰ ਜੋ ਚੋਰੀ ਕੀਤੀ ਗਈ ਜਾਇਦਾਦ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਂਦਾ ਸੀ। ਅਰਸਲਾਨ ਚੌਧਰੀ ਜੋ ਸਿਮਰਨ ਦਾ ਫਲਾਈਟ ਵਿਚ ਸਾਥੀ, ਜਿਸ ਨੇ ਡਕੈਤੀ ਵਿਚ ਮਦਦ ਕੀਤੀ ਸੀ।
ਇਸ ਤੋਂ ਇਲਾਵਾ ਅਰਚਿਤ ਗਰੋਵਰ ਜੋ ਟਰੈਕਿੰਗ ਕੰਪਨੀ ਦਾ ਮਾਲਕ, ਜਿਸ ਦਾ ਟਰੱਕ ਚੋਰੀ ਹੋਈ ਜਾਇਦਾਦ ਨੂੰ ਲਿਜਾਣ ਲਈ ਵਰਤਿਆ ਗਿਆ ਸੀ। ਅਮਿਤ ਜਲੋਟਾ ਜੋ ਅਰਚਿਤ ਗਰੋਵਰ ਦਾ ਚਚੇਰਾ ਭਰਾ, ਜਿਸ ਨੂੰ ਚੋਰੀ ਦਾ ਸਮਾਨ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਲੀ ਰਜ਼ਾ ਜੋ ਉਸ ਨੇ ਚੋਰੀ ਹੋਏ ਸੋਨੇ ਨੂੰ ਪਿਘਲਾਉਣ ਵਿਚ ਮਦਦ ਕੀਤੀ। ਪ੍ਰਸਾਦ ਪਰਮਾਲਿੰਗਮ, ਅੰਮਾਦ ਚੌਧਰੀ, ਅਤੇ ਅਰਸਲਾਨ ਚੌਧਰੀ ਨੇ ਡੁਰਾਂਟੇ ਕਿੰਗ-ਮੈਕਲੀਨ ਦੀ ਸਰਹੱਦ ਪਾਰ ਕਰਨ ਵਿਚ ਮਦਦ ਕੀਤੀ ਅਤੇ ਲੰਬੇ ਸਮੇਂ ਤਕ ਅਮਰੀਕਾ ਵਿਚ ਰਹਿਣ ਵਿਚ ਉਸ ਦਾ ਸਮਰਥਨ ਕੀਤਾ।