ਕੈਨੇਡਾ : ਬਿੱਲ ਮੋਰਨਿਊ ਤੋਂ ਬਾਅਦ ਉਪ-ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਸੰਭਾਲਣਗੇ ਵਿੱਤ ਮੰਤਰਾਲਾ

ਟੋਰਾਂਟੋ : ਕੈਨੇਡਾ ਦੇ ਵਿੱਤ ਮੰਤਰੀ ਬਿੱਲ ਮੋਰਨਿਊ ਦੇ ਅਸਤੀਫੇ ਤੋਂ ਬਾਅਦ ਉਪ-ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਕੈਨੇਡਾ ਦਾ ਵਿੱਤ ਮੰਤਰਾਲਾ ਸੰਭਾਲਣਗੇ। ਉਨ੍ਹਾਂ ਦਾ ਨਾਮ ਕੈਨੇਡਾ ਦੇ ਨਵੇਂ ਵਿੱਤ ਮੰਤਰੀ ਦੇ ਤੌਰ ‘ਤੇ ਸਾਹਮਣੇ ਆਇਆ ਹੈ। ਕੈਨੇਡੀਅਨ ਸਰਕਾਰ ਦੀ ਕੈਬਨਿਟ ਮੀਟਿੰਗ ‘ਚ ਇਹ ਫੈਸਲਾ ਲਿਆ ਗਿਆ ਹੈ।

52 ਸਾਲਾ ਸ੍ਰੀਮਤੀ ਫ੍ਰੀਲੈਂਡ ਕੈਨੇਡਾ ਵਿਚ ਇਸ ਅਹੁਦੇ ਨੂੰ ਸੰਭਾਲਣ ਵਾਲੀ ਪਹਿਲੀ ਮਹਿਲਾ ਹੋਵੇਗੀ। ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਭ ਤੋਂ ਭਰੋਸੇਮੰਦ ਮੰਤਰੀਆਂ ਵਿਚੋਂ ਇੱਕ ਹੈ। ਦੱਸ ਦਈਏ ਕਿ ਕੈਨੇਡਾ ਕੋਰੋਨਾ ਮਹਾਂਮਾਰੀ ਕਾਰਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੇ ਆਰਥਿਕ ਸੰਕਟ ‘ ਚੋਂ ਲੰਘ ਰਿਹਾ ਹੈ।  ਕ੍ਰਿਸਟੀਆ ਇਸ ਤੋਂ ਪਹਿਲਾਂ ਟਰੂਡੋ ਸਰਕਾਰ ‘ਚ ਵਿਦੇਸ਼ ਮੰਤਰੀ ਦਾ ਅਹੁਦਾ ਵੀ ਸੰਭਾਲ ਚੁੱਕੇ ਹਨ। ਉਨ੍ਹਾਂ ਨੂੰ 2013 ‘ਚ ਪਹਿਲੀ ਵਾਰ ਸੰਸਦ ਮੈਂਬਰ ਵਜੋਂ ਚੁਣਿਆ ਗਿਆ ਸੀ।

ਬੀਤੇ ਦਿਨੀਂ ਕੈਨੇਡਾ ਦੇ ਵਿੱਤ ਮੰਤਰੀ ਬਿੱਲ ਮੋਰਨਿਊ ਨੇ ਸਿਆਸੀ ਦਬਾਅ ਦੇ ਚੱਲਦੇ ਅਚਾਨਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀੇ। ਇਸ ਦੇ ਨਾਲ ਹੀ ਉਨ੍ਹਾਂ ਨੇ  ਕਿਹਾ ਹੈ ਕਿ ਉਹ ਹੁਣ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈ ਰਹੇ ਹਨ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਉਹ ਆਰਥਿਕ ਸਹਿਕਾਰਤਾ ਤੇ ਵਿਕਾਸ ਸੰਗਠਨ ਵਿੱਚ ਦਿਲਚਸਪੀ ਰੱਖਦੇ ਹਨ। ਉਹ ਇਸ ਦੀ ਅਗਵਾਈ ਲਈ ਆਪਣਾ ਨਾਂ ਅੱਗੇ ਵਧਾਉਣਗੇ।

ਦੱਸ ਦਈਏ ਕਿ ਮੋਰਨੀਓ ਦੇ ਅਸਤੀਫੇ ਤੋਂ ਬਾਅਦ ਦੇਸ਼ ਵਿੱਚ ਰਾਜਨੀਤੀ ਤੇਜ਼ ਹੋ ਗਈ ਹੈ। ਇਸ ਅਸਤੀਫ਼ੇ ਪਿੱਛੇ ਸੱਤਾਧਾਰੀ ਤੇ ਵਿਰੋਧੀ ਧਿਰ ਦੀਆਂ ਦਲੀਲਾਂ ਸਾਹਮਣੇ ਆ ਰਹੀਆਂ ਹਨ। ਇਸ ਸਭ ਵਿੱਚ ਇੱਕ ਖ਼ਾਸ ਗੱਲ ਇਹ ਹੈ ਕਿ ਵਿੱਤ ਮੰਤਰੀ ਦਾ ਅਸਤੀਫਾ ਅਜਿਹੇ ਸਮੇਂ ਆਇਆ ਜਦੋਂ ਦੇਸ਼ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ।

Check Also

ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਸ਼ੂਟਰ ਅੰਕਿਤ ਸਿਰਸਾ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰ

ਨਵੀਂ ਦਿੱਲੀ: ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ।  ਦਿੱਲੀ ਪੁਲਿਸ …

Leave a Reply

Your email address will not be published.