ਨਿਊਯਾਰਕ ਦੇ ਚਿੜੀਆਘਰ ‘ਚ ਇੱਕ ਟਾਈਗਰ ਦੇ ਕੋਰੋਨਾ ਸੰਕਰਮਿਤ ਤੋਂ ਬਾਅਦ ਪੰਜਾਬ ਦੇ ਚਿੜੀਆਘਰਾਂ ਵਿੱਚ ਕੀਤੇ ਗਏ ਪੁਖਤਾ ਇੰਤਜ਼ਾਮ : ਡਾ. ਕੁਲਦੀਪ ਕੁਮਾਰ (ਆਈ.ਐੱਫ.ਐੱਸ.) 

TeamGlobalPunjab
6 Min Read

-ਬਿੰਦੂ ਸਿੰਘ

ਚੰਡੀਗੜ੍ਹ : ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਨਾਲ ਮਨੁੱਖ ਤੋਂ ਬਾਅਦ ਹੁਣ ਜਾਨਵਰਾਂ ਦੇ ਸੰਕਰਮਿਤ ਹੋਣ ਦੀ ਖਬਰ ਹੈ। ਇਸ ‘ਚ ਹੀ ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਬ੍ਰੋਂਕਸ ਚਿੜੀਆਘਰ ‘ਚ ਇੱਕ ਟਾਈਗਰ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਜਿਸ ਤੋਂ ਬਾਅਦ ਛਤਬੀੜ ਚਿੜੀਆਘਰ (ਜ਼ੀਰਕਪੁਰ) ‘ਚ ਹਾਈ ਅਲਰਟ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਜਾਨਵਰਾਂ ‘ਤੇ ਸੀਸੀਟੀਵੀ ਕੈਮਰਿਆਂ ਨਾਲ ਨਜ਼ਰ ਰੱਖੀ ਜਾ ਰਹੀ ਹੈ। ਇਸ ਸਾਰੇ ਸਬੰਧੀ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ ਗਲੋਬਲ ਪੰਜਾਬ ਟੀਵੀ ਦੀ ਅਡੀਟਰ ਬਿੰਦੂ ਸਿੰਘ ਵੱਲੋਂ ਡਾ. ਕੁਲਦੀਪ ਕੁਮਾਰ ਆਈ.ਐੱਫ.ਐੱਸ (ਪ੍ਰਿੰਸੀਪਲ ਚੀਫ ਕੰਜਰਵੇਟਰ ਆਫ ਫੌਰੈਸਟ (Principal Chief Conservator of Forests) ਨਾਲ ਫੋਨ ਕਾਲ ਰਾਹੀਂ ਖਾਸ ਗੱਲਬਾਤ ਕੀਤੀ ਗਈ। ਜਦੋਂ ਉਨ੍ਹਾਂ ਤੋਂ ਪੁਛਿਆ ਗਿਆ ਕਿ ਨਿਊਯਾਰਕ ਦੇ ਚਿੜੀਆਘਰ ਵਿੱਚ ਇੱਕ ਟਾਈਗਰ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਇਸ ਨੂੰ ਲੈ ਕੇ ਸਾਡੇ ਚਿੜੀਆਘਰਾਂ ਵਿੱਚ ਕੀ ਹਾਲਾਤ ਹਨ ਤੇ ਇਸ ਬਾਰੇ ਕੀ ਕਦਮ ਚੁੱਕੇ ਜਾ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਪਹਿਲਾਂ ਤੋਂ ਹੀ ਚਿੜੀਆਘਰਾਂ ‘ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਲਾਕਡਾਊਨ ਦੇ ਸ਼ੁਰੂ ਵਿੱਚ ਹੀ ਚਿੜੀਆਘਰਾਂ ਨੂੰ ਪਹਿਲਾਂ ਹੀ ਵਿਜ਼ਟਰਾਂ ਲਈ ਬੰਦ ਕਰ ਦਿੱਤਾ ਗਿਆ ਸੀ। ਦੂਜਾ ਸਾਡੀਆਂ ਪ੍ਰੋਟੋਕੋਲ ਵੀ ਬਹੁਤ ਸਖਤ ਹਨ। ਯੂ-ਕੀਪਰ ਅੰਦਰ ਜਾਣ ਤੋਂ ਪਹਿਲਾਂ ਮਾਸਕ ਤੇ ਦਸਤਾਨਿਆਂ ਦੀ ਵਰਤੋਂ ਕਰਦੇ ਹਨ। ਨਿਊਯਾਰਕ ‘ਚ ਟਾਈਗਰ ਵਿੱਚ ਕੋਰੋਨਾ ਦੇ ਲੱਛਣ ਮਿਲਣ ਤੋਂ ਬਾਅਦ ਚਿੜੀਆਘਰਾਂ ਅੰਦਰ ਹੋਰ ਸਖਤੀ ਕਰ ਦਿੱਤੀ ਗਈ ਹੈ ਤੇ ਸਾਰੇ ਜਾਨਵਰਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਸਿਰਫ ਅਧਿਕਾਰਿਤ ਵਿਅਕਤੀਆਂ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।

          ਜਦੋਂ ਉਨ੍ਹਾਂ ਤੋਂ ਪੁਛਿਆ ਗਿਆ ਕਿ ਅਮਰੀਕਾ ਵਿੱਚ ਲੋਕ ਸਾਰੇ ਜਾਨਵਰਾਂ ਨਾਲ ਇੱਕ ਪਾਲਤੂ ਜਾਨਵਰ ਦੀ ਤਰ੍ਹਾਂ ਹੀ ਵਿਚਰਦੇ ਹਨ। ਇੰਡੀਆ ‘ਚ ਇਸ ਨੂੰ ਲੈ ਕੇ ਕੀ ਫਰਕ ਦੇਖਿਆ ਜਾਂਦਾ ਹੈ ਤਾਂ ਇਸ ‘ਤੇ ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਲੋਕ ਜਾਨਵਰਾਂ ਨਾਲ ਆਮ ਪਾਲਤੂ ਜਾਨਵਰਾਂ ਦੀ ਤਰ੍ਹਾਂ ਵਿਚਰਦੇ ਹਨ ਪਰ ਇੰਡੀਆ ਦੇ ਚਿੜੀਆਘਰਾਂ ਵਿੱਚ ਜਾਨਵਰਾਂ ਨੂੰ ਛੂਹਣ ਦੀ ਤੇ ਉਨ੍ਹਾਂ ਦੇ ਨੇੜੇ ਜਾਣ ਦੀ ਆਗਿਆ ਨਹੀਂ ਦਿੱਤੀ ਜਾਂਦੀ। ਕੁਝ ਹਾਲਤਾਂ ਵਿੱਚ ਜਦੋਂ ਜਾਨਵਰ ਬਿਮਾਰ ਹੁੰਦੇ ਹਨ ਤਾਂ ਵੈਟੇਰਨਰੀ ਦੀ ਟੀਮ ਉਨ੍ਹਾਂ ਜਾਨਵਰਾਂ ਦਾ ਇਲਾਜ ਕਰਦੀ ਹੈ। ਇਸ ਤੋਂ ਬਾਅਦ ਜਦੋਂ ਉਨ੍ਹਾਂ ਤੋਂ ਪੁਛਿਆ ਗਿਆ ਕਿ ਨਿਊਯਾਰਕ ਦੇ ਚਿੜੀਆਘਰ ਵਿੱਚ ਕੋਰੋਨਾ ਦਾ ਕੇਸ ਸਾਹਮਣੇ ਆਉਣ ਤੋਂ ਬਾਅਦ ਕੀ ਤੁਹਾਨੂੰ ਲੱਗਦਾ ਕਿ ਚਿੜੀਆਘਰਾਂ ਵਿੱਚ ਪੰਛੀਆਂ ਤੇ ਜਾਨਵਰਾਂ ਦੇ ਕੋਰੋਨਾ ਸੰਕਰਮਿਤ ਮਾਮਲਿਆਂ ਦੀ ਗਿਣਤੀ ਵਿੱਚ ਇਜਾਫਾ ਹੋ ਸਕਦਾ ਹੈ ਤੇ ਇਸ ਵੱਲ ਵੀ ਉਨ੍ਹਾਂ ਹੀ ਧਿਆਨ ਦੇਣ ਦੀ ਲੋੜ ਹੈ ਜਿਨ੍ਹਾਂ ਹਿਊਮਨ ਵੱਲ ਦਿੱਤਾ ਜਾ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਵੀ ਸੰਭਾਵਨਾ ਨਹੀਂ ਸੀ ਕਿ ਮਨੁੱਖ ਤੋਂ ਜਾਨਵਰਾਂ ਨੂੰ ਕੋਰੋਨਾ ਹੋਵੇਗਾ, ਜਦਕਿ ਇਹ ਵਾਇਰਸ ਜਾਨਵਰਾਂ ਤੋਂ ਹੀ ਮਨੁੱਖ ਤੱਕ ਫੈਲਿਆ ਹੈ। ਇਸ ਲਈ ਇਸ ਨੂੰ ਨੋਬਲ ਕੋਰੋਨਾ ਵਾਇਰਸ ਦਾ ਨਾਮ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨਿਊਯਾਰਕ ਦੇ ਟਾਈਗਰ ਵਿੱਚ ਕੋਰੋਨਾ ਯੂ-ਕੀਪਰ ਤੋਂ ਹੀ ਫੈਲਿਆ ਹੈ। ਇਸ ਲਈ ਅਸੀਂ ਆਪਣੇ ਚਿੜੀਆਘਰਾਂ ਵਿੱਚ ਸਖਤ ਹਦਾਇਤਾਂ ਲਾਗੂ ਕਰ ਦਿੱਤੀਆਂ ਹਨ ਤੇ ਇਸ ਨੂੰ ਲੈ ਕੇ ਹਾਈ-ਅਲਰਟ ਦਾ ਵੀ ਐਲਾਨ ਕੀਤਾ ਗਿਆ ਹੈ। ਨਾਲ ਹੀ ਚਿੜੀਆਘਰ ਦੇ ਅੰਦਰ ਅਧਿਕਾਰਿਤ ਵਿਅਕਤੀ ਨੂੰ ਹੀ ਆਗਿਆ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਿਊਯਾਰਕ ਦੇ ਇੱਕ ਟਾਈਗਰ ਦੇ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਚਿੜੀਆਘਰਾਂ ਤੇ ਪੰਛੀਆਂ ਤੇ ਜਾਨਵਰਾਂ ਨਾਲ ਸਬੰਧਤ ਵਿਭਾਗਾਂ ਨੂੰ ਐਡਵਾਇਜ਼ਰੀ ਜਾਰੀ ਕਰ ਦਿੱਤੀ ਗਈ ਹੈ। ਇਸ ਸਬੰਧ ‘ਚ ਸੈਂਟਰ ਯੂ ਅਥਾਰਿਟੀ ਵੱਲੋਂ ਸਾਰੇ ਯੂ (ਚਿੜੀਆਘਰ) ਵਿੱਚ ਜਾਨਵਰਾਂ ਦੇ ਕੋਰੋਨਾ ਟੈਸਟ ਲਈ ਹਿਸਾਰ, ਬਰੇਲੀ ਤੇ ਮੱਧ ਪ੍ਰਦੇਸ਼ ‘ਚ ਤਿੰਨ ਸੈਂਟਰ ਸਥਾਪਿਤ ਕੀਤੇ ਗਏ ਹਨ। ਜੇਕਰ ਕਿਸੇ ਜਾਨਵਰ ‘ਚ ਕੋਰੋਨਾ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਇਨ੍ਹਾਂ ਸੈਂਟਰਾਂ ਵਿੱਚ ਜਾਨਵਰਾਂ ਦੇ ਸੈਂਪਲ ਭੇਜੇ ਜਾ ਸਕਦੇ ਹਨ। ਇਸ ਤੋਂ ਇਲਾਵਾ ਫੌਰੈਸਟ ਵਿਭਾਗ ਵੱਲੋਂ ਵੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਜਿਸ ਦੀ ਜਾਣਕਾਰੀ ਸਾਰੇ ਚਿੜੀਆਘਰਾਂ ਦੇ ਇੰਚਾਰਜਾਂ ਤੇ ਜਾਨਵਰਾਂ ਤੇ ਪੰਛੀਆਂ ਨਾਲ ਸਬੰਧਤ ਵਿਭਾਗਾਂ ਨੂੰ ਭੇਜ ਦਿੱਤੀ ਗਈ ਹੈ।

          ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਸਮਾਜਿਕ ਦੂਰੀ ਬਣਾ ਕੇ ਰੱਖੀ ਜਾ ਰਹੀ ਹੈ ਉਸ ਤਰ੍ਹਾਂ ਹੀ ਆਪਣੇ ਘਰਾਂ ਵਿੱਚ ਰੱਖੇ ਗਏ ਪਾਲਤੂ ਜਾਨਵਰਾਂ ਤੋਂ ਵੀ ਦੂਰੀ ਬਣਾ ਕੇ ਰੱਖੋ ਤੇ ਜਾਨਵਰਾਂ ਨੂੰ ਬਾਹਰਲੇ ਵਿਅਕਤੀ ਦੇ ਸੰਪਰਕ ਵਿੱਚ ਨਾਲ ਆਉਣ ਦਿਓ। ਜਦੋਂ ਉਨ੍ਹਾਂ ਤੋਂ ਪੁਛਿਆ ਗਿਆ ਕਿ ਇਸ ਸਥਿਤੀ ਵਿੱਚ ਜਿਹੜੇ ਅਫਸਰ ਜਾਂ ਯੂ-ਕੀਪਰ ਚਿੜੀਆਘਰ ਅੰਦਰ ਜਾਂਦੇ ਹਨ ਕੀ ਉਨ੍ਹਾਂ ਦਾ ਕੋਈ ਖਾਸ ਟੈਸਟ ਕੀਤਾ ਜਾਵੇਗਾ ਤਾਂ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਦੋਂ ਸੰਬਧਤ ਅਫਸਰ ਤੇ ਯੂ-ਕੀਪਰ ਚਿੜੀਆਘਰ ਅੰਦਰ ਜਾਂਦੇ ਹਨ ਤਾਂ ਉਨ੍ਹਾਂ ਦੀ ਮੈਡੀਕਲ ਜਾਂਚ ਕੀਤੀ ਜਾਂਦੀ ਰਹੀ ਹੈ। ਖਾਸ ਕਰ ਜਿਹੜੀਆਂ ਬਿਮਾਰੀਆਂ ਇਨਸਾਨ ਤੋਂ ਜਾਨਵਰਾਂ ਜਾਂ ਜਾਨਵਰਾਂ ਤੋਂ ਇਨਸਾਨ ‘ਚ ਫੈਲਦੀਆਂ ਹਨ ਉਨ੍ਹਾਂ ਨੂੰ ਲੈ ਕੇ ਹਰ ਤਿਮਾਹੀ ਸਬੰਧਤ ਅਧਿਕਾਰੀਆਂ ਦੀ ਜਾਂਚ ਕੀਤੀ ਜਾਂਦੀ ਹੈ। ਹਿਊਮਨਜ਼ ਦੀ ਸੁਰੱਖਿਆ ਦੀ ਤਰ੍ਹਾਂ ਅਸੀਂ ਜਾਨਵਰਾਂ ਦੀ ਸੁਰੱਖਿਆ ਲਈ ਵੀ ਪੂਰੀ ਤਰ੍ਹਾਂ ਵਚਨਬੱਧ ਹਾਂ ਤੇ ਇੱਕ ਹਸਪਤਾਲ ਦੀ ਤਰ੍ਹਾਂ ਹਰ ਚਿੜੀਆਘਰ ਵਿੱਚ ਜਾਨਵਰਾਂ ਦਾ ਇਲਾਜ ਵੀ ਕੀਤਾ ਜਾਂਦਾ ਹੈ।

- Advertisement -

https://youtu.be/FAmQCvtggiQ

Share this Article
Leave a comment