ਮੱਕੀ ਅਤੇ ਸੂਰਜਮੁਖੀ ਦੇ ਹਾਈਬ੍ਰਿਡ ਬੀਜ ਉਤਪਾਦਨ ਦਾ ਆਰਥਿਕ ਵਿਸ਼ਲੇਸ਼ਣ

TeamGlobalPunjab
8 Min Read

ਰਾਜ ਕੁਮਾਰ

ਨਿਊਜ਼ ਡੈਸਕ : ਵਧੀਆ ਫਸਲੀ ਉਪਜ ਲਈ ਬੀਜ ਇੱਕ ਮੂਲ ਅਤੇ ਸਭ ਤੋਂ ਨਾਜ਼ੁਕ ਸਾਧਨ ਹੈ। ਮੱਕੀ, ਸੂਰਜਮੁਖੀ ਅਤੇ ਕਪਾਹ ਦੇ ਹਾਈਬ੍ਰਿਡ ਬੀਜਾਂ ਦੀ ਪੈਦਾਵਾਰ ਅਤੇ ਵਿਕਰੀ ਵਿੱਚ ਨਿੱਜੀ ਖੇਤਰ ਦੀਆਂ ਕੰਪਨੀਆਂ ਦਾ ਮਹੱਤਵਪੂਰਨ ਸਥਾਨ ਹੈ। ਉਦਾਹਰਨ ਵਜੋਂ 2017-18 ਦੌਰਾਨ ਦੇਸ਼ ਵਿੱਚ ਮੱਕੀ ਦੇ ਪ੍ਰਮਾਣਿਤ/ਗੁਣਵੱਤਾ ਵਾਲੇ ਬੀਜਾਂ ਦੀ ਕੁੱਲ ਜ਼ਰੂਰਤ 14.46 ਲੱਖ ਕੁਇੰਟਲ ਸੀ ਜਿਸ ਵਿਚੋਂ 91 ਪ੍ਰਤੀਸ਼ਤ ਬੀਜ ਨਿੱਜੀ ਖੇਤਰ ਦੀਆਂ ਕੰਪਨੀਆਂ ਦੁਆਰਾ ਮੁਹੱਈਆ ਕਰਾਏ ਗਏ ਸਨ। ਇਸੇ ਤਰ੍ਹਾਂ ਸੂਰਜਮੁਖੀ ਦੇ 0.20 ਲੱਖ ਕੁਇੰਟਲ ਪ੍ਰਮਾਣਿਤ/ਗੁਣਵੱਤਾ ਵਾਲੇ ਬੀਜਾਂ ਦੀ ਕੁੱਲ ਜ਼ਰੂਰਤ ਦਾ ਲਗਭਗ 95 ਪ੍ਰਤੀਸ਼ਤ ਹਿੱਸੇ ਦੀ ਪੂਰਤੀ ਨਿੱਜੀ ਖੇਤਰ ਦੀਆਂ ਕੰਪਨੀਆਂ ਦੁਆਰਾ ਕੀਤੀ ਗਈ ਸੀ। ਸਥਿਤੀ ਦਾ ਫਾਇਦਾ ਉਠਾਉਂਦਿਆਂ ਪ੍ਰਾਈਵੇਟ ਵਪਾਰੀਆਂ ਨੂੰ ਸਥਾਨਕ ਬਜ਼ਾਰਾਂ ਵਿਚ ਕਿਸਾਨਾਂ ਨੂੰ ਬਹੁਤ ਜ਼ਿਆਦਾ ਕੀਮਤਾਂ ਤੇ ਉਪ-ਮਿਆਰੀ ਬੀਜ ਵੇਚਣ ਦਾ ਮੌਕਾ ਮਿਲ ਜਾਂਦਾ ਹੈ। ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ, ਖੇਤੀਬਾੜੀ ਵਿਭਾਗ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਕਿਸਾਨਾਂ ਨੂੰ ਮੱਕੀ ਦੇ ਬੀਜਾਂ ਤੇ ਸਬਸਿਡੀ ਦੀ ਸਹੂਲਤ ਦੇਣ ਦੇ ਨਾਲ-ਨਾਲ ਹਾਈਬ੍ਰਿਡ ਬੀਜ ਪੈਦਾ ਕਰਨ ਲਈ ਮੁਫਤ ਸਿਖਲਾਈ ਦੇਣ ਵਰਗੇ ਕਦਮ ਚੁਕੇ ਗਏ ਹਨ। ਮੱਕੀ ਦੇ ਹਾਈਬ੍ਰਿਡ ਬੀਜ ਉਤਪਾਦਨ ਦੀ ਆਰਥਿਕਤਾ ਵਿਸ਼ਵ ਵਿੱਚ ਮੱਕੀ ਦੇ ਕੁੱਲ ਉਤਪਾਦਨ ਵਿੱਚ ਲਗਭਗ ਦੋ ਪ੍ਰਤੀਸ਼ਤ ਹਿੱਸੇਦਾਰੀ ਨਾਲ ਭਾਰਤ ਸੱਤਵੇਂ ਸਥਾਨ ਤੇ ਹੈ। ਸਾਲ 2017-18 ਵਿੱਚ ਦੇਸ਼ ਵਿੱਚ 9.47 ਮਿਲੀਅਨ ਹੈਕਟੇਅਰ ਰਕਬੇ ਵਿੱਚ ਮੱਕੀ ਦੀ ਕਾਸ਼ਤ ਕੀਤੀ ਗਈ ਸੀ ਅਤੇ ਔਸਤਨ 3032 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਝਾੜ ਦੇ ਨਾਲ 28.72 ਮਿਲੀਅਨ ਟਨ ਪੈਦਾਵਾਰ ਹੋਈ ਸੀ। ਕਰਨਾਟਕ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਇਸ ਦੇ ਮੁੱਖ ਉਤਪਾਦਕ ਰਾਜ ਹਨ ਜਿਨ੍ਹਾਂ ਨੇ ਸਾਲ 2017-18 ਦੌਰਾਨ ਦੇਸ਼ ਦੇ ਕੁੱਲ ਮੱਕੀ ਉਤਪਾਦਨ ਵਿੱਚ ਕ੍ਰਮਵਾਰ 12.36, 12.33 ਅਤੇ 12.32 ਪ੍ਰਤੀਸ਼ਤ ਯੋਗਦਾਨ ਪਾਇਆ। ਪੰਜਾਬ ਦਾ ਹਿੱਸਾ ਸਿਰਫ 1.47 ਪ੍ਰਤੀਸ਼ਤ ਸੀ। ਰਾਜ ਵਿੱਚ ਸਾਲ 2017-18 ਵਿਚ ਮੱਕੀ ਦੀ ਕਾਸ਼ਤ ਹੇਠ 1.14 ਲੱਖ ਹੈਕਟੇਅਰ ਰਕਬਾ ਸੀ ਜਿਸ ਵਿੱੱਚੋਂ 23.23 ਲੱੱਖ ਟਨ ਦੀ ਪੈਦਾਵਾਰ ਹੋਈ। ਮੱਕੀ ਦਾ ਝਾੜ 3708 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਤੱਕ ਆਇਆ। ਸੂਬੇ ਦੀ ਮੱਕੀ ਦੀ ਮੰਗ ਇਸਦੇ ਉਤਪਾਦਨ ਨਾਲੋਂ ਜ਼ਿਆਦਾ ਹੋਣ ਕਾਰਨ ਇਸਦੀ ਪੂਰਤੀ ਕਈ ਵਾਰੀ ਬਾਹਰਲੇ ਰਾਜਾਂ ਤੋਂ ਖਰੀਦ ਕੇ ਪੂਰੀ ਕੀਤੀ ਜਾਂਦੀ ਹੈ। ਹੁਸ਼ਿਆਰਪੁਰ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਜਲੰਧਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਰਾਜ ਦੇ ਮੁੱਖ ਮੱਕੀ ਉਤਪਾਦਕ ਜ਼ਿਲ੍ਹੇ ਹਨ। ਇਹਨਾਂ ਜ਼ਿਲਿਆਂ ਨੇ ਸਾਲ 2017-18 ਵਿੱੱਚ ਰਾਜ ਦੇ ਉਤਪਾਦਨ ਵਿੱੱਚ ਕ੍ਰਮਵਾਰ 46.57, 21.51, 7.80, 6.62 ਅਤੇ 5.91 ਪ੍ਰਤੀਸ਼ਤ ਹਿੱੱਸਾ ਪਾਇਆ। ਮੱਕੀ ਦੀ ਬਿਜਾਈ ਮੁੱਖ ਤੌਰ ਤੇ ਸਾਉਣੀ ਦੇ ਮੌਸਮ ਵਿਚ ਮਈ ਦੇ ਅਖੀਰ ਵਿਚ ਸ਼ੁਰੂ ਹੁੰਦੀ ਹੈ। ਪਿਛਲੇ ਕੁਝ ਸਾਲਾਂ ਤੋਂ ਆਲੂ ਪੈਦਾ ਕਰਨ ਵਾਲੇ ਇਲਾਕਿਆਂ ਵਿਚ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਦਾ ਰੁਝਾਨ ਵੀ ਵੇਖਣ ਵਿੱਚ ਆਇਆ ਹੈ।

ਫਸਲੀ ਵਿਭਿੰਨਤਾ ਦੇ ਪਸਾਰ ਲਈ ਅਤੇ ਧਰਤੀ ਹੇਠਲੇ ਪਾਣੀ ਦੇ ਨਿਘਾਰ ਦੀ ਸਮੱਸਿਆ ਨੂੰ ਨਜਿੱਠਣ ਲਈ ਮੱਕੀ ਸਭ ਤੋਂ ਮਜ਼ਬੂਤ ਦਾਅਵੇਦਾਰ ਫਸਲ ਹੈ। ਇਸਤੋਂ ਇਲਾਵਾ ਉਹਨਾਂ ਖੇਤਰਾਂ ਵਿੱਚ, ਜਿੱਥੇ ਕਿਸਾਨ ਸਿੰਚਾਈ ਵਾਸਤੇ ਟਿਊਬਵੈਲ ਚਲਾਉਣ ਲਈ ਡੀਜ਼ਲ ਤੇ ਖਰਚ ਕਰਨਾ ਇੱਕ ਬੋਝ ਮਹਿਸੂਸ ਕਰਦੇ ਹਨ, ਮੱਕੀ ਇੱਕ ਅਨੁਕੂਲ ਫਸਲ ਹੈ। ਪੰਜਾਬ ਵਿਚ ਜ਼ਿਆਦਾਤਰ ਮਕੀ ਦੀਆਂ ਹਾਈਬ੍ਰਿਡ ਕਿਸਮਾਂ ਹੀ ਬੀਜੀਆਂ ਜਾਂਦੀਆਂ ਹਨ ਜਿਹਨਾਂ ਦਾ ਝਾੜ ਆਮ ਕਿਸਮਾਂ ਨਾਲੋਂ ਕਾਫੀ ਵੱਧ ਹੁੰਦਾ ਹੈ। ਕਿਸਾਨਾਂ ਨੂੰ ਇਸਦਾ ਬੀਜ ਹਰ ਸਾਲ ਨਵਾਂ ਲੈਣਾ ਪੈਂਦਾ ਹੈ ਜੋ ਕਿ ਕਾਫੀ ਮਹਿੰਗਾ ਹੁੰਦਾ ਹੈ। ਇਸ ਲਈ ਜੇ ਕਿਸਾਨ ਮਕੀ ਦਾ ਹਾਈਬ੍ਰਿਡ ਬੀਜ ਆਪ ਤਿਆਰ ਕਰਨ ਤਾਂ ਉਹਨਾਂ ਦਾ ਇਹ ਖਰਚਾ ਘਟ ਸਕਦਾ ਹੈ ਅਤੇ ਆਮਦਨ ਵਿਚ ਵਾਧਾ ਹੋ ਸਕਦਾ ਹੈ। ਕਿਸਾਨ ਹਾਈਬ੍ਰਿਡ ਬੀਜ ਦੇ ਉਤਪਾਦਨ ਨੂੰ ਇਕ ਵਪਾਰਕ ਧੰਦੇ ਵਜੋਂ ਵੀ ਅਪਣਾ ਸਕਦੇ ਹਨ। ਸਭ ਤੋ ਪਹਿਲਾਂ ਇਸ ਦੀ ਆਰਥਿਕਤਾ ਬਾਰੇ ਜਾਣੂੰ ਹੋਣਾ ਬਹੁਤ ਜਰੂਰੀ ਹੈ। ਮਕੀ ਦੇ ਹਾਈਬ੍ਰਿਡ ਬੀਜ ਉਤਪਾਦਨ ਵਿਚ ਹੋਣ ਵਾਲੇ ਖਰਚਿਆਂ ਅਤੇ ਆਮਦਨ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਬੀਜ ਅਤੇ ਇਸਦੀ ਸੋਧ ਉਪਰ 2422 ਰੁਪਏ ਦਾ ਖਰਚਾ ਆਉਂਦਾ ਹੈ ਜਿਸ ਵਿੱੱਚ ਮਾਦਾ ਅਤੇ ਨਰ ਬੀਜ ਉਪਰ ਖਰਚਾ ਕ੍ਰਮਵਾਰ 1800 ਅਤੇ 600 ਰੁਪਏ ਪ੍ਰਤੀ ਏਕੜ ਹੁੰਦਾ ਹੈ। ਰਸਾਇਣਿਕ ਖਾਦਾਂ ਤੇ ਕੁਲ ਖਰਚਾ 3405 ਰੁਪਏ ਪ੍ਰਤੀ ਏਕੜ ਆਉਂਦਾ ਹੈ। ਇਹ ਦੇਖਣ ਵਿੱਚ ਆਇਆ ਹੈ ਕਿ ਕੁੱਲ ਚਲੰਤ ਖਰਚੇ ਦਾ ਲੱੱਗਭੱੱਗ 58 ਪ੍ਰਤੀਸ਼ਤ ਖਰਚਾ (18000 ਰੁਪਏ ਪ੍ਰਤੀ ਏਕੜ) ਲੇਬਰ ‘ਤੇ ਆਉਂਦਾ ਹੈ। ਨਦੀਨਨਾਸ਼ਕ/ਕੀਟਨਾਸ਼ਕ ਰਸਇਣਾਂ ਤੇ 3.2 ਪ੍ਰਤੀਸ਼ਤ ਅਤੇ ਟਰਾਂਸਪੋਰਟ/ ਮੰਡੀਕਰਨ ਲਈ 6.3 ਪ੍ਰਤੀਸ਼ਤ ਖਰਚਾ ਆਉਂਦਾ ਹੈ। ਇਸ ਪ੍ਰਕਾਰ ਮੱਕੀ ਦੇ ਹਾਈਬ੍ਰਿਡ ਬੀਜ ਉਤਪਾਦਨ ਉਪਰ ਕੁੱਲ ਚਲੰਤ ਖਰਚੇ 31089 ਰੁਪਏ ਪ੍ਰਤੀ ਏਕੜ ਆਉਂਦੇ ਹਨ। ਹਾਈਬ੍ਰਿਡ ਬੀਜ ਦਾ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਤੱਕ ਹੋ ਸਕਦਾ ਹੈ ਅਤੇ ਇਸ ਤੋਂ ਕੁੱਲ ਆਮਦਨ 112600 ਰੁਪਏ ਬਣਦੀ ਹੈ। ਮੱਕੀ ਦੇ ਹਾਈਬ੍ਰਿਡ ਬੀਜ ਉਤਪਾਦਨ ਤੋਂ ਹੋਣ ਵਾਲੀ ਆਮਦਨ ਅਤੇ ਖਰਚਿਆਂ ਦੇ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਇਸ ਤੋਂ ਨਿਰੋਲ ਆਮਦਨ 81511 ਰੁਪਏ ਪ੍ਰਤੀ ਏਕੜ ਤੱਕ ਹੋ ਸਕਦੀ ਹੈ।

ਸੂਰਜਮੁਖੀ ਦੇ ਹਾਈਬ੍ਰਿਡ ਬੀਜ ਉਤਪਾਦਨ ਦੀ ਆਰਥਿਕਤਾ

- Advertisement -

ਅਨਾਜ ਵਾਲੀਆਂ ਫਸਲਾਂ ਤੋਂ ਬਾਅਦ ਤੇਲ ਬੀਜਾਂ ਦੀਆਂ ਫਸਲਾਂ ਵੀ ਖੇਤੀ ਅਰਥਚਾਰੇ ਦਾ ਇੱਕ ਅਭਿੰਨ ਅੰਗ ਹਨ। ਸੂਰਜਮੁਖੀ ਇੱਕ ਅਜਿਹੀ ਫਸਲ ਹੈ ਜੋ ਭਾਰਤੀ ਤੇਲ-ਬੀਜ ਸੈਕਟਰ ਵਿਚ ਇਕ ਵਿਲੱਖਣ ਸਥਾਨ ਰੱਖਦੀ ਹੈ। ਸਮੇਂ ਨਾਲ ਸਿਹਤ ਸੰਭਾਲ ਪ੍ਰਤੀ ਵਧ ਰਹੀ ਜਾਗਰੂਕਤਾ ਕਾਰਨ ਲੋਕ ਹੁਣ ਖਾਣ ਵਾਲੇ ਹਲਕੇ ਤੇਲਾਂ ਨੂੰ ਤਰਜੀਹ ਦੇਣ ਲੱਗ ਗਏ ਹਨ। ਇਸਦੇ ਫਲਸਰੂਪ ਕੁੱਲ ਖਾਣ ਵਾਲੇ ਤੇਲਾਂ ਦੀ ਖਪਤ ਵਿਚ ਸੂਰਜਮੁਖੀ ਦੇ ਤੇਲ ਦਾ ਹਿੱਸਾ ਲਗਾਤਾਰ ਵਧ ਰਿਹਾ ਹੈ। ਦੇਸ਼ ਦੇ ਕੁੱਲ ਉਤਪਾਦਨ ਦਾ ਲਗਭਗ 67 ਪ੍ਰਤੀਸ਼ਤ ਕਰਨਾਟਕ (47.6%), ਬਿਹਾਰ (9.5%) ਅਤੇ ਉਡੀਸਾ (9.5%) ਤੋਂ ਆਉਂਦਾ ਹੈ। ਪੰਜਾਬ ਵਿੱਚ ਇਸ ਫਸਲ ਦੀ ਕਾਸ਼ਤ ਹੇਠ ਸਾਲ 2017-18 ਦੌਰਾਨ ਲਗਭਗ ਛੇ ਹਜਾਰ ਹੈਕਟੇਅਰ ਰਕਬਾ ਸੀ। ਇਸਦਾ ਔਸਤਨ ਝਾੜ 1840 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਆਇਆ ਅਤੇ ਕੁੱਲ ਉਤਪਾਦਨ 10.5 ਹਜਾਰ ਟਨ ਸੀ। ਕਿਸਾਨਾਂ ਦੁਆਰਾ ਸੂਰਜਮੁਖੀ ਦੀਆਂ ਦੋਗਲੀਆਂ ਕਿਸਮਾਂ ਹੀ ਬੀਜੀਆਂ ਜਾਂਦੀਆਂ ਹਨ ਜਿਹਨਾਂ ਦਾ ਝਾੜ ਆਮ ਤੌਰ ਤੇ 7-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਸੂਰਜਮੁਖੀ ਦਾ ਹਾਈਬ੍ਰਿਡ ਤਿਆਰ ਕਰਨ ਲਈ ਇਸਦੇ ਬੀਜ ਅਤੇ ਇਸਦੀ ਸੋਧ ਉਪਰ 1023 ਰੁਪਏ ਖਰਚ ਆਉਂਦਾ ਹੈ ਅਤੇ ਕੁੱਲ ਖਰਚੇ ਦਾ ਲਗਭਗ 68 ਪ੍ਰਤੀਸ਼ਤ ਖਰਚਾ (20250 ਰੁਪਏ ਪ੍ਰਤੀ ਏਕੜ) ਲੇਬਰ ਤੇ ਆਉਂਦਾ ਹੈ ਕਿਉਂਕਿ ਇਸ ਫਸਲ ਦੇ ਜ਼ਿਆਦਾਤਰ ਕੰਮ ਜਿਵੇਂ ਕਿ ਗੋਡੀ, ਵਾਧੂ ਬੂਟੇ ਕੱਢਣਾ, ਨਦੀਨ ਨਾਸ਼ਕ ਅਤੇ ਕੀਟ ਨਾਸ਼ਕ ਛਿੜਕਾਅ, ਕਟਾਈ, ਝੜਾਈ, ਆਦਿ ਲੇਬਰ ਤੇ ਨਿਰਭਰ ਕਰਦੇ ਹਨ। ਟਰੈਕਟਰ ਦੀ ਵਰਤੋਂ ਤੇ ਖਰਚਾ 3185 ਰੁਪਏ ਪ੍ਰਤੀ ਏਕੜ ਆਉਂਦਾ ਹੈ। ਇਸ ਤੋਂ ਇਲਾਵਾ ਨਦੀਨ/ਕੀਟਨਾਸ਼ਕ ਦਵਾਈਆਂ ਅਤੇ ਸਿੰਚਾਈ ਤੇ ਖਰਚਾ ਕ੍ਰਮਵਾਰ 768 ਅਤੇ 675 ਰੁਪਏ ਪ੍ਰਤੀ ਏਕੜ ਆਉਂਦਾ ਹੈ। ਰਸਾਇਣਿਕ ਖਾਦਾਂ ਤੇ ਕੁਲ ਖਰਚਾ 1208 ਰੁਪਏ ਪ੍ਰਤੀ ਏਕੜ ਆਉਂਦਾ ਹੈ ਜੋ ਕਿ ਕੁਲ ਖਰਚੇ ਦਾ ਲਗਭਗ 4 ਪ੍ਰਤੀਸ਼ਤ ਬਣਦਾ ਹੈ।ਸੂਰਜਮੁਖੀ ਦੇ ਹਾਈਬ੍ਰਿਡ ਬੀਜ ਉਤਪਾਦਨ ਉਪਰ ਕੁੱਲ 29611 ਰੁਪਏ ਪ੍ਰਤੀ ਏਕੜ ਦਾ ਖਰਚ ਆਉਂਦਾ ਹੈ। ਹਾਈਬ੍ਰਿਡ ਬੀਜ ਦਾ ਝਾੜ ਔਸਤਨ 2.5 ਕੁਇੰਟਲ ਪ੍ਰਤੀ ਏਕੜ ਤੱਕ ਹੋ ਸਕਦਾ ਹੈ। ਇਸ ਤੋਂ ਕੁੱਲ ਆਮਦਨ 77694 ਰੁਪਏ ਅਤੇ ਨਿਰੋਲ ਆਮਦਨ 48083 ਰੁਪਏ ਪ੍ਰਤੀ ਏਕੜ ਹੋ ਸਕਦੀ ਹੈ ਜੋ ਕਿ ਆਮ ਸੂਰਜਮੁਖੀ ਦੀ ਕਾਸ਼ਤ ਨਾਲੋਂ ਬਹੁਤ ਜ਼ਿਆਦਾ ਹੈ। ਇਸ ਕਰਕੇ ਅਗਾਂਹਵਧੂ ਕਿਸਾਨ ਭਰਾ ਹਾਈਬ੍ਰਿਡ ਬੀਜ ਦੇ ਉਤਪਾਦਨ ਸਬੰਧੀ ਸਿਖਲਾਈ ਲੈ ਕੇ ਇਸ ਨੂੰਵਪਾਰਕ ਪੱਧਰ ਤੇ ਅਪਣਾ ਸਕਦੇ ਹਨ।

Share this Article
Leave a comment