ਸੱਚ ਕੀ ਬੇਲਾ : ਘੱਲੂਘਾਰਾ ਤੀਜਾ ਜਾਂ ਸਾਕਾ ਨੀਲਾ ਤਾਰਾ ਦੇ 36 ਸਾਲ ਪੂਰੇ !!

TeamGlobalPunjab
6 Min Read

-ਇਕਬਾਲ ਸਿੰਘ ਲਾਲਪੁਰਾ

 

ਪੰਜਾਬ ਵਿੱਚ ਵਸਦੇ ਸਿੱਖ ਤੇ ਵਿਸ਼ਵ ਭਰ ਵਿਚ ਵਸਦੇ ਖਾਲਸਾ ਪੰਥ ਵਲੋਂ ਜੂਨ 1984 ਤੋਂ ਬਾਅਦ ਹਰ ਸਾਲ 1 ਜੂਨ ਤੋਂ 7 ਜੂਨ ਤੱਕ ਦਾ ਸਮਾਂ ਤੀਜੇ ਘੱਲੂਘਾਰਾ, ਦੇ ਸਪਤਾਹ ਵਜੋਂ ਮਨਾਇਆ ਜਾਂਦਾ ਹੈ।

19 ਜੁਲਾਈ 1982 ਨੂੰ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਵੱਲੋਂ ਭਾਈ ਅਮਰੀਕ ਸਿੰਘ ਤੇ ਭਾਈ ਠਾਰਾ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੇ ਵਿਰੋਧ ਵਿੱਚ ਤੇ ਉਨ੍ਹਾਂ ਦੀ, ਬਿਨਾਂ ਸ਼ਰਤ ਰਿਹਾਈ ਲਈ ਡੀ ਸੀ ਅੰਮ੍ਰਿਤਸਰ ਦੀ ਕੋਠੀ ਮੂਹਰੇ ਧਰਨਾ ਲਾ ਕੇ ਮੋਰਚੇ ਦਾ ਆਰੰਭ ਕੀਤਾ ਗਿਆ ਸੀ। ਸੰਤ ਜਰਨੈਲ ਸਿੰਘ ਆਪ, ਦਰਬਾਰ ਸਾਹਿਬ ਅੰਦਿਰ ਗੁਰੂ ਨਾਨਕ ਨਿਵਾਸ ਵਿੱਚ ਆ ਗਏ। ਹਰ ਰੋਜ਼ 51 ਮੈਂਬਰੀ ਜਥਾ ਗ੍ਰਿਫ਼ਤਾਰੀ ਲਈ ਆਪਣੇ ਆਪ ਨੂੰ ਪੇਸ਼ ਕਰਦਾ ਸੀ, ਜਿਨ੍ਹਾਂ ਨੂੰ ਕੋਤਵਾਲੀ ਨੇੜਿਉ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ ਸੀ।

- Advertisement -

ਕਪੂਰੀ ਵਿਖੇ, ਸਤਲੁਜ ਯੁਮਨਾ ਲਿੰਕ ਨਹਿਰ ਦੀ ਖੁਦਾਈ ਵਿਰੁੱਧ, ਅਪ੍ਰੈਲ 1982 ਤੋਂ ਲਗਾ ਅਕਾਲੀ ਦਲ ਦਾ ਮੋਰਚਾ ਵੀ 4 ਅਗਸਤ 1982 ਨੂੰ ਇਸ ਵਿੱਚ ਸ਼ਾਮਿਲ ਹੋ ਗਿਆ। ਇਹ ਬਣ ਗਿਆ ਧਰਮ ਯੁੱਧ ਮੋਰਚਾ।
ਜਥੇਦਾਰ ਜਗਦੇਵ ਸਿੰਘ ਤਲਵੰਡੀ ਤੇ ਸਰਦਾਰ ਸੁਖਜਿੰਦਰ ਸਿੰਘ ਜੋ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਤੋਂ ਵੱਖ ਹੋ ਚੁੱਕੇ ਸਨ, ਉਹ ਵੀ ਇਸ ਧਰਮ ਯੁੱਧ ਵਿੱਚ ਸ਼ਾਮਿਲ ਹੋ ਗਏ। ਸੰਤ ਹਰਚੰਦ ਸਿੰਘ ਲੌਂਗੋਵਾਲ ਇਸ ਮੋਰਚੇ ਦੇ ਡਿਕਟੇਟਰ ਬਣੇ।

19 ਜੁਲਾਈ, 1982 ਤੋਂ 1 ਜੂਨ 1984 ਤੱਕ ਕਰੀਬ 1 ਸਾਲ 10 ਮਹੀਨੇ 12 ਦਿਨ ਚਲੇ ਇਸ ਮੋਰਚੇ ਨੇ ਕਈ ਰੂਪ ਬਦਲੇ, ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਗਈ। ਗੱਲਬਾਤ ਦੇ ਦੌਰ ਬੇਸਿੱਟਾ ਰਹੇ।

ਪਹਿਲੀ ਜੂਨ 1984 ਨੂੰ ਕੇਂਦਰ ਸਰਕਾਰ ਦੀ ਨੀਤੀ ਹੇਠ ਸੀ ਆਰ ਪੀ ਤੇ ਬੀ ਐਸ ਐਫ ਦੇ ਜਵਾਨਾਂ ਨੇ ਸ਼੍ਰੀ ਗੁਰੂ ਰਾਮ ਦਾਸ ਲੰਗਰ ਵੱਲ, ਦਿਨੇ ਕਰੀਬ 12.40 ਵਜੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸ਼ਾਮ ਤੱਕ 8 ਲੋਕ ਅੰਦਿਰ ਮਾਰੇ ਗਏ। ਜਵਾਬੀ ਫਾਇਰਿੰਗ ਅੰਦਰੋਂ ਵੀ ਹੋਈ।

ਦੇਸ਼ ਤੋਂ ਵੱਖ ਹੋਣ ਦੀ ਕੋਈ ਮੰਗ ਨਹੀਂ ਸੀ , 99.5% ਜੁਰਮ ਦਰਬਾਰ ਸਾਹਿਬ ਤੋਂ ਬਾਹਰ ਹੋ ਰਹੇ ਸਨ।

ਘੱਲੂਘਾਰਾ 1746 ਈ ਤੇ 1762 ਈ ਵਿੱਚ ਛੋਟੇ ਤੇ ਵੱਡੇ ਘੱਲੂਘਾਰੇ ਹੋਏ ਸਨ, ਯਹੀਆ ਖਾ ਤੇ ਅਬਦਾਲੀ ਇਸ ਕਤਲੋਗ਼ਾਰਤ ਦੇ ਹੁਕਮ ਦੇਣ ਵਾਲੇ ਸਨ।

- Advertisement -

ਤੀਜਾ ਘੱਲੂਘਾਰਾ ਆਜ਼ਾਦ ਤੇ ਲੋਕਰਾਜ ਦੀ ਸਰਕਾਰ ਸਮੇਂ ਹੋਇਆ , ਹੁਕਮ ਦੇਣ ਵਾਲੇ ਵੀ ਚੁਣੇ ਲੋਕ ਨੁਮਾਇੰਦੇ ਸਨ , ਫੌਜ ਦਾ ਸੁਪਰੀਮ ਕਮਾਂਡਰ ਵੀ ਇਕ ਸਿੱਖ ਸੀ। ਜ਼ਖ਼ਮ ਸ਼ਰੀਰਕ ਤੇ ਮਾਨਸਿਕ ਸਿੱਖ ਕੌਮ ਦੇ ਲੱਗੇ ਹਨ, ਮਲ੍ਹਮ ਲਾਉਣ ਦਾ ਕੰਮ ਕੀ ਹੋਇਆ ਤੇ ਕਿਸ ਨੇ ਕੀਤਾ?

ਆਉ ਇਕ ਹਫ਼ਤਾ ਇਸ ਘਟਨਾਕ੍ਰਮ ਦੀ ਪੜਚੋਲ ਤੇ ਸਵੈ-ਪੜਚੋਲ ਵੀ ਕਰੀਏ !! ਪੰਜਾਬ ਜਿਉਂਦਾ ਹੈ ਗੁਰਾਂ ਦੇ ਨਾ ਤੇ !!

ਖੁੱਲ ਕੇ ਰਾਏ ਦੇਣ ਲਈ ਸਭ ਸਵਤੰਤਰ ਹਨ!!

———

ਕੁੱਝ ਸਵਾਲ ਮੰਗਦੇ ਨੇ ਜਵਾਬ?

3 ਜੂਨ 1984, ਅੱਜ ਤੋਂ ਪੂਰੇ 36 ਸਾਲ ਪਹਿਲਾਂ, ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ‘ਤੇ ਕਾਬੂ ਪਾਉਣ ਲਈ ਪੰਜਾਬ ਫੌਜ ਦੇ ਹਵਾਲੇ ਕਰ ਦਿੱਤਾ ਗਿਆ। ਪੰਜਾਬ ਵਿੱਚ ਅਕਤੂਬਰ 1983 ਤੋਂ ਗਵਰਨਰ ਦਾ ਰਾਜ ਸੀ !!

ਚੰਡੀਗੜ੍ਹ ਰਾਜ ਭਵਨ ਵਿੱਚ ਪੰਜਾਬ ਦੇ ਉਸ ਸਮੇਂ ਦੇ ਹੋਮ ਸੈਕਟਰੀ ਅਮਰੀਕ ਸਿੰਘ ਪੂਨੀ ਨੇ ਪੰਜਾਬ ਨੂੰ ਫੌਜ ਹਵਾਲੇ ਕਰਨ ਦੀ ਬੇਨਤੀ ‘ਤੇ ਦਸਤਖ਼ਤ ਕੀਤੇ! ਸ਼੍ਰੀ ਕੇ ਡੀ ਵਾਸੁਦੇਵਾ ਵੀ ਹਾਜ਼ਰ ਸੀ। ਪੰਜਾਬ ਦੇ ਗਵਰਨਰ ਸ਼੍ਰੀ ਬੀ ਡੀ ਪਾਂਡੇ ਸਨ। ਕਿਸੇ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਫੌਜ ਨੂੰ ਕਾਰਵਾਈ ਲਈ ਆਗਿਆ ਦੀ ਲੋੜ ਨਹੀਂ ਰਹਿ ਗਈ ਸੀ ਤੇ ਨਾ ਹੀ ਕਿਸੇ ਨੇ ਇਸ ਦਾ ਵਿਰੋਧ ਕੀਤਾ।

ਰੇਲ ਰੋਡ ਤੇ ਹਵਾਈ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਸ੍ਰੀ ਦਰਬਾਰ ਸਾਹਿਬ ਦੀ ਬਿਜਲੀ ਤੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ।
ਉਸ ਦਿਨ ਸ੍ਰੀ ਗੁਰੂ ਅਰਜਣ ਦੇਵ ਜੀ ਦਾ ਸ਼ਹੀਦੀ ਪੁਰਬ ਵੀ ਸੀ, ਦੂਰ ਨੇੜੇ ਤੋਂ ਹਜ਼ਾਰਾਂ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਆਈਆਂ ਹੋਈਆਂ ਸਨ। ਸੀ ਆਰ ਪੀ ਤੇ ਬੀ ਐਸ ਐਫ ਵੱਲੋਂ ਰੁਕ ਰੁਕ ਕੇ ਫਾਈਰੰਗ ਵੀ ਜਾਰੀ ਸੀ।

ਉਸ ਤੋਂ ਪਹਿਲਾਂ ਦੇ ਆਈ ਜੀ ਪੁਲਿਸ ਪੰਜਾਬ ਪ੍ਰੀਤਮ ਸਿੰਘ ਭਿੰਡਰ ਦੇ ਦਫਤਰ ਵਿੱਚ ਉਚ ਫ਼ੌਜੀ ਅਧਿਕਾਰੀ ਪੰਜਾਬ ਖੁਫੀਆ ਵਿਭਾਗ ਦੇ ਉਚ ਅਫਸਰਾ ਨੂੰ ਮਿਲੇ ਸਨ, ਜਿਨ੍ਹਾਂ ਸ਼੍ਰੀ ਦਰਬਾਰ ਸਾਹਿਬ ਅੰਦਰਲੇ ਹਾਲਾਤ ਤੇ ਸੰਤ ਜਰਨੈਲ ਸਿੰਘ ਵੱਲੋਂ ਜਵਾਬੀ ਹਮਲਾ ਕਰਨ ਦੀ ਗੱਲ ਸਪਸ਼ਟ ਕਰ ਦਿੱਤੀ ਸੀ। ਇਹ ਵੀ ਦਸਿਆ ਸੀ ਕਿ ਕਰੀਬ 125 ਅਜਿਹੇ ਸਿੰਘ ਵੀ ਨਾਲ ਹਨ ਜੋ ਅੰਤਿਮ ਸਮੇਂ ਤੱਕ ਲੜ ਕੇ ਮਰਨ ਤੱਕ ਜਾਣਗੇ।

ਜੂਨ ਦਾ ਮਹੀਨਾ ਤੇ ਅਤਿ ਦੀ ਗਰਮੀ ਸੀ !!

ਪੰਜਾਬ ਵਿੱਚ ਫਿਰਕੂ ਮਤਭੇਦ ਪੈਦਾ ਹੋਣ ਦੀ ਇਕ ਲੰਬੀ ਕਹਾਣੀ ਸੀ। ਗੁਰਦੁਆਰਾ ਸ਼੍ਰੀ ਗੁਰੂ ਕੇ ਮਹਿਲ ਅੰਮ੍ਰਿਤਸਰ ਨੂੰ ਅੱਗ ਲਾਉਣ ਦੀ ਘਟਨਾ, ਸਿਗਰਟ ਬੀੜੀ ਦੇ ਹੱਕ ਵਿੱਚ ਤੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਕਰਾਰ ਦੇਣ ਦੀ ਮੰਗ ਦਾ ਵਿਰੋਧ, ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਤੇ ਸ਼੍ਰੀ ਗੁਰੂ ਰਾਮ ਦਾਸ ਜੀ ਦਾ ਚਿੱਤਰ ਰੇਲਵੇ ਸਟੇਸ਼ਨ ਅੰਮ੍ਰਿਤਸਰ ਵਿੱਚ ਤੋੜਨ, ਢਿਲਵਾ ਵਿੱਚ ਇਕ ਫ਼ਿਰਕੇ ਦੇ ਛੇ ਵਿਅਕਤੀਆਂ ਦਾ ਬੱਸ ਵਿੱਚੋਂ ਲਾਹ ਕੇ ਮਾਰਨ ਵਰਗੀਆਂ ਵਾਰਦਾਤਾਂ ਨੇ ਦੋਨਾ ਵੱਡੇ ਫ਼ਿਰਕਿਆਂ ਵਿੱਚ ਇਕ ਦੂਜੇ ਪ੍ਰਤੀ ਸ਼ੰਕੇ ਪੈਦਾ ਕਰ ਦਿੱਤੇ ਸਨ। ਪੰਜਾਬੀ ਬੋਲੀ, ਗੁਰਮੁਖੀ ਲਿਪੀ, ਸ਼੍ਰੀ ਗੁਰੂ ਨਾਨਕ ਦੇਵ ਯੁਨੀਵਰਸਟੀ ਦੀ ਸਥਾਪਨਾ ਦਾ ਵਿਰੋਧ ਦੀ ਲੜੀ ਟੁੱਟਣ ਦਾ ਨਾ ਨਹੀਂ ਲੈ ਰਹੀ ਸੀ।

ਸਰਕਾਰ ਤੇ ਸਮਾਜਿਕ ਆਗੂਆ ਵੱਲੋਂ ਉਸ ਵਕਤ ਤੇ ਅੱਜ ਤੱਕ ਵੀ ਫਿਰਕੂ ਸਦਭਾਵਨਾ ਬਣਾਉਣ ਲਈ ਕੋਈ ਵੱਡਾ ਉਪਰਾਲਾ ਨਹੀਂ ਕੀਤਾ ਗਿਆ!!
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲ਼ਿਆਂ, ਵਿਸਾਖੀ ਵਾਲੇ ਦਿਨ ਜਾਣ\ਬੁੱਝ ਕੇ ਅੰਮ੍ਰਿਤਸਰ ਵਿੱਚ ਸਮਾਗਮ ਕਰਕੇ ਸਮੱਸਿਆ ਖੜੀ ਕਰਨ ਵਾਲ਼ਿਆਂ ਵਿਰੁੱਧ ਸਭ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਸੀ ਤੇ ਹੁਣ ਵੀ ਕਰਨਾ ਚਾਹੀਦਾ ਹੈ!!

ਪੰਜਾਬ ਜਿਉਂਦਾ ਗੁਰਾਂ ਦੇ ਨਾ ‘ਤੇ !!

ਸੰਪਰਕ: 9780003333

(ਇਹ ਲੇਖ ਲੜੀ ਹਰ ਰੋਜ਼ ਓਪੀਨੀਅਨ ਪੇਜ ‘ਤੇ ਪੜ੍ਹੋ)

Share this Article
Leave a comment