ਮੋਦੀ ਹੈ ਤਾਂ ਮੁਮਕਿਨ ਹੈ – ਕਰੋਨਾ ਬਾਰੇ ਕੀ ਕਹਿੰਦਾ ਹੈ ਕੌਮਾਂਤਰੀ ਮੀਡੀਆ

TeamGlobalPunjab
6 Min Read

-ਗੁਰਮੀਤ ਸਿੰਘ ਪਲਾਹੀ

ਕੌਮਾਂਤਰੀ ਮੀਡੀਏ ਵਿੱਚ, ਭਾਰਤ ’ਚ ਕਰੋਨਾ ਮਹਾਂਮਾਰੀ ਸਬੰਧੀ ਸਰਕਾਰੀ ਬੇਇੰਤਜ਼ਾਮੀ ਅਤੇ ਕਰੋਨਾ ਨਾਲ ਨਿਪਟਣ ਦੇ ਢੰਗ ਤਰੀਕਿਆਂ ਸਬੰਧੀ ਵੱਡੀ ਚਰਚਾ ਹੈ। ਇਸ ਸੰਬੰਧੀ ਦੁਨੀਆ ਦੇ ਵੱਡੇ ਵੱਡੇ ਅਖ਼ਬਾਰਾਂ ਨੇ ਨਰੇਂਦਰ ਮੋਦੀ ਨੂੰ ਕਟਿਹਰੇ ’ਚ ਖੜਾ ਕੀਤਾ ਹੈ।

“ਦੀ ਨੀਊਯਾਰਕ ਟਾਈਮਜ਼“ ਨੇ ਨਾਸਿਕ ਦੀ ਘਟਨਾ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਗੋਦੀ ਮੀਡੀਆ ਨੇ ਪਹਿਲੀ ਕਰੋਨਾ ਲਹਿਰ ’ਚ ਮੋਦੀ ਦੀ ਵੱਡੀ ਮਹਿਮਾ ਕੀਤੀ। ਹੁਣ ਅੰਤਰਰਾਸ਼ਟਰੀ ਪੱਧਰ ਤੇ ਬਣ ਚੁੱਕੀ ਧਾਰਨਾ ਨੂੰ ਗਲਤ ਸਾਬਤ ਕਰਨ ਲਈ ਉਹਦੀਆਂ ਸਿਰਜੀਆਂ ਏਜੰਸੀਆਂ ਨੂੰ ਸਖਤ ਮਿਹਨਤ ਕਰਨੀ ਪਵੇਗੀ। ਪ੍ਰਧਾਨ ਮੰਤਰੀ ਮੋਦੀ ਆਪਣੀ ਸਾਖ਼ ਨੂੰ ਲੈ ਕੇ ਬਹੁਤ ਚਿੰਤਤ ਰਹਿੰਦੇ ਹਨ। ਕਰੋਨਾ ਵਾਇਰਸ ਦੀ ਦੂਜੀ ਸੁਨਾਮੀ ਨੇ ਉਹਨਾ ਦੀ ਸਾਖ਼ ਨੂੰ ਤਾਰ ਤਾਰ ਕਰਕੇ ਰੱਖ ਦਿੱਤਾ ਹੈ।

ਵਿਸ਼ਵ ਪ੍ਰੈਸ ਨੇ ਉਹਨਾਂ ਨੂੰ ਇਹੋ ਜਿਹੇ ਨਾਇਕ ਦੀ ਸੰਗਿਆ ਦਿੱਤੀ ਹੈ ਜੋ ਆਪਣੀਆਂ ਗਲਤ ਨੀਤੀਆਂ ਕਾਰਨ ਖਲਨਾਇਕ ਬਣ ਚੁੱਕਾ ਹੈ। ਦੁਨੀਆਂ ਦੇ ਵੱਡੇ ਅਖਬਾਰਾਂ ਦਾ ਕਹਿਣਾ ਹੈ ਕਿ ਮੋਦੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਕਰੋਨਾ ਨੂੰ ਉਹ ਹਰਾ ਚੁੱਕੇ ਹਨ, ਪਰ ਉਹ ਗਲਤ ਸੀ। ਵਿਸ਼ਵ ਪ੍ਰੈਸ ਅਨੁਸਾਰ ਕਰੋਨਾ ਦੀ ਪਹਿਲੀ ਲਹਿਰ ਨੇ ਸਭ ਤੋਂ ਪਹਿਲਾ ਸਖਤ ਰਾਸ਼ਟਰੀ ਲੌਕਡਾਊਨ ਲਾ ਕੇ ਮੋਦੀ ਨੇ ਵਾਇਰਸ ਨੂੰ ਕਾਫੀ ਹੱਦ ਤੱਕ ਰੋਕ ਦਿੱਤਾ ਸੀ। ਪਰ ਦੂਜੀ ਲਹਿਰ ਨੇ ਉਹਨਾਂ ਨੂੰ ਨਹੀਂ ਛੱਡਿਆ। ਹਾਲਾਤ ਇਹ ਹੈ ਕਿ ਹਸਪਤਾਲਾਂ ਵਿੱਚ ਆਕਸੀਜਨ ਨਹੀਂ ਹੈ ਤਾਂ ਮਰੀਜ਼ਾਂ ਦੀਆਂ ਲਾਸ਼ਾਂ ਮੁਰਦਾ ਘਰਾਂ ਵਿੱਚ ਲੂਹਣ ਲਈ ਵਾਰੀ ਉਡੀਕ ਰਹੀਆਂ ਹਨ।

- Advertisement -

“ਦੀ ਗਾਰਡੀਅਨ“ ਨੇ ਆਪਣੇ ਮੁੱਖ ਆਰਟੀਕਲ ਵਿੱਚ ਜੋ ਫੋਟੋ ਲਾਈ ਹੈ, ਉਸ ਵਿੱਚ ਸ਼ਮਸ਼ਾਨ ਘਾਟ ਵਿੱਚ ਜਲ ਰਹੀ ਚਿਤਾ ਦੀਆਂ ਉੱਚੀਆਂ ਲਪਟਾਂ ਵਿਖਾਈਆਂ ਗਈਆਂ ਹਨ। ਜਿਸਦਾ ਹੈਡਿੰਗ ਹੈ “ . ‘ -19 “ (ਸਿਸਟਮ ਢਹਿ-ਢੇਰੀ: ਭਾਰਤ ਕੋਵਿਡ-19 ਦੇ ਨਰਕ ‘ਚ ਗਰਕਿਆ)

‘ਦੀ ਟਾਈਮਜ਼‘ ਲੰਡਨ ਨੇ ਵੀ ਮੋਦੀ ਉਤੇ ਜ਼ੋਰਦਾਰ ਹਮਲਾ ਬੋਲਿਆ ਹੈ। ਅਖ਼ਬਾਰ ਦੀ ਮੁੱਖ ਸੁਰਖੀ ਹੈ, “ਦੂਜੀ ਸੁਨਾਮੀ ਵਿੱਚ ਫਸੇ ਮੋਦੀ“। ਅਖ਼ਬਾਰ ਨੇ ਭਾਰਤ ਸਰਕਾਰ ਨੂੰ ਕਟਿਹਰੇ ’ਚ ਖੜਾ ਕਰਦੇ ਹੋਏ ਲਿਖਿਆ, “ਰੋਜ਼ਾਨਾ ਤਿੰਨ ਲੱਖ ਤੋਂ ਜ਼ਿਆਦਾ ਕਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਭਾਰਤੀ ਸਰਕਾਰ ਨੇ ਹਾਲਾਤ ਦੀ ਗੰਭੀਰਤਾ ਨੂੰ ਨਜਰ ਅੰਦਾਜ਼ ਕੀਤਾ ਹੈ, ਜਿਸਦੇ ਚਲਦੇ ਵੱਡੀ ਸਮੱਸਿਆ ਖੜੀ ਹੋਈ। ਇਹ ਬਹੁਤ ਹੀ ਗੰਭੀਰ ਹਾਲਾਤ ਹੈ।

ਕੌਮਾਂਤਰੀ ਪ੍ਰੈਸ ਦੇ ਨਿਸ਼ਾਨੇ ਉਤੇ ਪਹਿਲਾਂ ਬਰਾਜ਼ੀਲ ਹੁੰਦਾ ਸੀ ਪਰੰਤੂ ਹੁਣ ਪੱਤਰਕਾਰਾਂ ਦੀ ਕਲਮ ਮੋਦੀ ਸਰਕਾਰ ਦੇ ਵਖੀਏ ਉਧੇੜ ਰਹੀ ਹੈ। ਅਖਬਾਰਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਨਾ ਸਮਝੀ ਦੇ ਕਾਰਨ ਇਹ ਸੰਕਟ ਖੜਾ ਹੋਇਆ ਹੈ। ਹਿੰਦੂ ਨਾਰਾਜ਼ ਨਾ ਹੋਣ ਇਸ ਲਈ ਕੁੰਭ ਜਿਹੇ ਮੇਲੇ ਦਾ ਆਯੋਜਿਨ ਕੀਤਾ ਗਿਆ। ਬੰਗਾਲ ਚੋਣਾਂ ’ਚ ਮੋਦੀ ਤਾਬੜਤੋੜ ਰੈਲੀਆਂ ਕਰਦੇ ਰਹੇ। ਇਸ ਨਾਲ ਹਾਲਾਤ ਕਾਬੂ ਤੋਂ ਬਾਹਰ ਹੋ ਗਏ। ਅਖਬਾਰਾਂ ਨੇ ਆਪਣੇ ਮੁੱਖ ਪੰਨਿਆਂ ਉਤੇ ਕੁੰਭ ਮੇਲੇ ਨਾਲ ਜੁੜੇ ਫੋਟੋ ਵੀ ਪ੍ਰਕਾਸ਼ਿਤ ਕੀਤੇ ਹਨ, ਜਿਹਨਾਂ ਵਿੱਚ ਲੋਕ ਬਗੈਰ ਮਾਸਕ ਲਗਾਏ ਘੁੰਮ ਰਹੇ ਹਨ। ‘ਦੀ ਟਾਈਮਜ਼‘ ਲਿਖਦਾ ਹੈ ਕਿ ਦੂਜੀ ਲਹਿਰ ਦੀ ਰਫ਼ਤਾਰ ਨੇ ਸਰਕਾਰ ਨੂੰ ਨਿਕੰਮਾ ਸਾਬਤ ਕਰ ਦਿੱਤਾ ਹੈ। ਸਰਕਾਰ ਨੇ 2020 ਦੀਆਂ ਗਲਤੀਆਂ ਤੋਂ ਕੋਈ ਸਬਕ ਨਹੀਂ ਸਿੱਖਿਆ ਅਤੇ ਕੌਮਾਂਤਰੀ ਪ੍ਰੈਸ ਨੇ ਗਲਤੀਆਂ ਦਾ ਪੁਲੰਦਾ ਖੋਲ੍ਹ ਦਿੱਤਾ ਹੈ। ਅੱਜ ਭਾਰਤ ਦੇ ਲੋਕ ਬੇਹੱਦ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ। ਦੇਸ਼ ਮੂਧੇ ਮੂੰਹ ਡਿੱਗ ਚੁੱਕਾ ਹੈ। ਅਖ਼ਬਾਰ ਨੇ ਬੰਗਾਲ ਰੈਲੀ ਨੂੰ ਲੈ ਕੇ ਮੋਦੀ ਨੂੰ ਨਿਸ਼ਾਨਾ ਬਣਾਇਆ। ਰੈਲੀਆਂ ਵਿੱਚ ਮਾਸਕ ਤੋਂ ਬਿਨਾ ਲੋਕ ਹਨ, ਲੇਕਿਨ ਪ੍ਰਧਾਨ ਮੰਤਰੀ ਕਹਿ ਰਹੇ ਸਨ, “ਮੈਂ ਆਪਣੇ ਜੀਵਨ ਵਿੱਚ ਇੰਨੀ ਭੀੜ ਨਹੀਂ ਦੇਖੀ, ਜਿਥੋਂ ਤੱਕ ਨਜ਼ਰ ਜਾਂਦੀ ਹੈ, ਲੋਕ ਹੀ ਲੋਕ ਹਨ“।

‘ਦੀ ਫਾਈਨੈਸ਼ੀਅਲ ਟਾਈਮਜ਼‘ ਨੂੰ ਤਿੱਖੇ ਤੇਬਰਾਂ ਦੇ ਲਈ ਨਹੀਂ ਜਾਣਿਆ ਜਾਂਦਾ, ਲੇਕਿਨ ਉਸਨੇ ਵੀ ਮੋਦੀ ਸਰਕਾਰ ਦੇ ਪਰਖੱਚੇ ਉਡਾਉਣ ’ਚ ਕੋਈ ਕਸਰ ਨਹੀਂ ਛੱਡੀ।

‘ਦੀ ਵਾਸ਼ਿੰਗਟਨ‘ ਨੇ ਆਪਣੀ ਸਟੋਰੀ ਵਿੱਚ ਯੂਪੀ ਦੇ ਕਬਰਸਤਾਨਾਂ ਦਾ ਹਵਾਈ ਚਿੱਤਰ ਦਿਖਾਇਆ ਹੈ। ਅਖ਼ਬਾਰ ਲਿਖਦਾ ਹੈ ਕਿ ਇਹ ਲਹਿਰ ਨਹੀਂ ਬਲਕਿ ਇੱਕ ਦੀਵਾਰ ਹੈ। 24-7 (24 ਘੰਟੇ 7 ਦਿਨ) ਲਾਸ਼ਾਂ ਦਾ ਸੰਸਕਾਰ ਹੋ ਰਿਹਾ ਹੈ ਪਰ ਇਸਦੇ ਬਾਅਦ ਵੀ ਸ਼ਮਸ਼ਾਨਾਂ ਵਿੱਚ ਥਾਂ ਨਹੀਂ ਬਚੀ ਹੈ। ਸਟੋਰੀ ਵਿੱਚ ਸਰਕਾਰ ਨੂੰ ਕਟਿਹਰੇ ’ਚ ਖੜਾ ਕਰਦੇ ਹੋਏ ਅਖ਼ਬਾਰ ਨੇ ਲਿਖਿਆ ਹੈ- ਸਰਕਾਰ ਨੇ ਵੈਕਸੀਨੇਸ਼ਨ ਬਹੁਤ ਹੌਲੀ ਹੌਲੀ ਕੀਤਾ ਅਤੇ ਪਾਬੰਦੀਆਂ ਪੂਰੀ ਤਰ੍ਹਾਂ ਹਟਾ ਲਈਆਂ- ਇਸ ਨਾਲ ਹਾਲਾਤ ਵਿਗੜੇ।

- Advertisement -

‘ਦੀ ਵਾਲ ਸਟਰੀਟ ਜਰਨਲ‘ ਲਿਖਦਾ ਹੈ ਕਿ ਭਾਰਤ ਦਾ ਖਤਰਨਾਕ ਵਾਇਰਸ ਸੀਮਾ ਪਾਰ ਕਰਕੇ ਤਬਾਹੀ ਮਚਾ ਸਕਦਾ ਹੈ। ਇਹ ਰਿਪੋਰਟ ਕਹਿੰਦੀ ਹੈ ਕਿ ਸਰਕਾਰ ਦੀ ਨਾਕਾਮੀ ਨਾਲ ਹਾਲਾਤ ਵਿਗੜੇ। ਦਿੱਲੀ ਨੇ ਆਪਣੀ ਪਿੱਠ ਥਪ ਥਪਾਕੇ ਵਾਇਰਸ ਨੂੰ ਹਰਾਉਣ ਦੀ ਗੱਲ ਕਹੀ। ਇਹ ਸਰਾਸਰ ਗਲਤ ਰਵੱਈਆ ਸੀ।

ਜਿਥੇ ‘ਨਿਊਯਾਰਕ ਟਾਈਮਜ਼‘ ਨੇ ਮੋਦੀ ਨੂੰ ਖਲਨਾਇਕ ਦਾ ਦਰਜ਼ਾ ਦਿੱਤਾ, ਉਥੇ ਅਮਰੀਕਾ ’ਚ ਛਪਦੇ “ਦੀ ਇੰਡੀਅਨ ਪੈਨੋਰਿਮਾ“ ਵਿੱਚ ਛਪੇ ਇੱਕ ਆਰਟੀਕਲ, ਜੋ ਦਵੇ ਮੱਕੜ ਦਾ ਲਿਖਿਆ ਹੋਇਆ ਹੈ ਵਿੱਚ, ਕੋਵਿਡ ਦੌਰਾਨ ਹੋਈਆਂ ਮੌਤਾਂ ਲਈ ਨਰੇਂਦਰ ਮੋਦੀ ਨੂੰ ਜ਼ਿੰਮੇਦਾਰ ਠਹਿਰਾਉਂਦਿਆਂ ਉਸ ਉਤੇ ਮੁਕੱਦਮਾ ਚਲਾਉਣ ਲਈ ਕਿਹਾ ਹੈ, ਉਸਨੇ ਲਿਖਿਆ ਹੈ ਕਿ ਫਰਵਰੀ 2021 ਵਿੱਚ ਰਾਸ਼ਟਰੀ ਭਾਜਪਾ ਕਾਰਜਕਾਰਨੀ ਨੇ ਮੋਦੀ ਦੀ ਕਰੋਨਾ ਉਤੇ ਫਤਹਿ ਪਾਉਣ ਲਈ ਮਤਾ ਪਾਸ ਕੀਤਾ ਸੀ, ਪਰ ਹੁਣ ਜਦੋਂ 21 ਅਪ੍ਰੈਲ 2021 ਨੂੰ ਭਾਰਤ ਕਰੋਨਾ ਵਾਇਰਸ ਕੇਸਾਂ ਵਿੱਚ ਪਹਿਲੇ ਨੰਬਰ ਤੇ ਪੁੱਜ ਗਿਆ ਹੈ ਅਤੇ ਇਕੋ ਦਿਨ 21 ਅਪ੍ਰੈਲ 2021 ਨੂੰ ਕਰੋਨਾ ਪੀੜਤਾਂ ਦੀ ਗਿਣਤੀ 3,14,644 ਹੋ ਗਈ ਹੈ ਅਤੇ 2014 ਮੌਤਾਂ ਹੋਈਆਂ ਹਨ ਅਤੇ ਭਾਰਤ ਨੇ ਅਮਰੀਕਾ ਦੇ ਜਨਵਰੀ 8, 2020 ਦੇ ਬਣਾਏ ਕਰੋਨਾ ਪੀੜਤਾਂ ਦੇ ਰਿਕਾਰਡ 3,00,669 ਨੂੰ ਪਿੱਛੇ ਪਾ ਦਿੱਤਾ ਹੈ, ਤਾਂ ਇਸਦੀ ਜਵਾਬਦੇਹੀ ਤਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਤੇ ਹੀ ਹੋਏਗੀ। (ਇਹ ਰਿਪੋਰਟ ਤਿਆਰ ਕਰਨ ਲਈ ਜਨ ਸੱਤਾ ਅਖ਼ਬਾਰ ਵਿੱਚੋਂ ਧੰਨਵਾਦ ਸਹਿਤ ਤੱਥ ਲਏ ਗਏ ਹਨ।)

ਸੰਪਰਕ: 9815802070

Share this Article
Leave a comment