ਸਰੀ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਵਿੱਚ ਕਰਾਈਮ ਅਕਸਰ ਚਰਚਾ ਦਾ ਵਿਸ਼ਾ ਰਹਿੰਦਾ ਹੈ । ਗੈਂਗਸ ਅਤੇ ਡਰੱਗਸ ਕਾਰਨ ਇੱਥੇ ਬਹੁਤ ਸਾਰੀਆ ਮੌਤਾਂ ਹੁੰਦੀਆਂ ਹਨ। ਬੀਤੇ ਕੱਲ ਬੀਸੀ ਦੀ ਕੰਬਾਈਂਡ ਫੋਰਸਜ਼ ਸਪੈਸ਼ਲ ਇੰਨਫੋਰਸਮੈਂਟ ਯੁਨਿਟ ਨੇ ਡਰੱਗ ਦੀ ਇੱਕ ਵੱਡੀ ਖੇਪ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਉਨ੍ਹਾਂ ਨੇ 50 ਕਿੱਲੋ ਦੇ ਲਗਭਗ ਡਰੱਗ ਬਰਾਮਦ ਕੀਤੀ ਹੈ ਜਿਸ ਵਿਚ ਕਿ 34 ਕਿੱਲੋ ਹੈਰੋਇਨ, 10 ਕਿੱਲੋ ਡਰੱਗ ਜਿਸ ਵਿੱਚ ਕਿ ਫੈਂਟਾਨਿਲ ਪਾਈ ਜਾਂਦੀ ਹੈ ਅਤੇ ਡੇਢ ਕਿੱਲੋ ਦੇ ਕਰੀਬ ਮੀਥਾਫੈਂਟਾਮਾਈਨ ਸ਼ਾਮਲ ਹੈ। ਪੁਲਿਸ ਵੱਲੋਂ ਪਿਛਲੇ ਸਾਲਾਂ ਵਿੱਚ ਫੜੀ ਗਈ ਡਰੱਗ ਵਿੱਚੋਂ ਇਹ ਬਹੁਤ ਵੱਡੀ ਪ੍ਰਾਪਤੀ ਹੈ ਅਤੇ ਪੁਲਿਸ ਨੇ ਇਹ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਇਸ ਨਾਲ ਸਟਰੀਟਸ ਵਿੱਚ ਵਿਕਣ ਵਾਲੀ ਲੱਖਾਂ ਡਾਲਰਾਂ ਦੀ ਇਸ ਡਰੱਗ ਤੋਂ ਲੋਕਾਂ ਨੂੰ ਬਚਾ ਲਿਆ ਹੈ।
ਪੁਲਿਸ ਨੂੰ ਇਸ ਗੱਲ ਦੀ ਸੂਹ ਮਿਲੀ ਸੀ ਕਿ ਨਸ਼ੇ ਦੀ ਇੱਕ ਵੱਡੀ ਖੇਪ ਦੀ ਤਸਕਰੀ ਹੋ ਰਹੀ ਹੈ। ਉਨ੍ਹਾਂ ਨੇ ਨਿਊਟਨ ਵਿੱਚ ਹਾਈਵੇਅ 10 ਅਤੇ 130 ਸਟਰੀਟ ਉੱਪਰ ਇੱਕ ਵਹੀਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ। ਫਿਰ ਉਹਨਾਂ ਨੇ ਸਰੀ ਆਰ.ਸੀ.ਐਮ.ਪੀ, ਏਅਰ ਵਨ ਅਤੇ ਲੋਅਰਮੇਨਲੈਂਡ ਡਿਸਟ੍ਰਿਕਟ ਪੁਲਿਸ ਡੌਗ ਸਰਵਿਸਜ਼ ਨੂੰ ਮਦਦ ਲਈ ਬੁਲਾਇਆ।
ਇਸ ਤੋਂ ਬਾਅਦ ਇਹ ਵਹੀਕਲ 130 ਸਟਰੀਟ ਅਤੇ 34 ਐਵਿਨਿਊ ਉੱਪਰ ਇਕ ਹੋਰ ਵਹੀਕਲ ਨਾਲ ਮਿਲਿਆ। ਅਧੀਕਾਰੀਆਂ ਨੇ ਦੇਖਿਆ ਕਿ ਡਰੱਗ ਇਕ ਧਿਰ ਤੋਂ ਦੂਜੀ ਧਿਰ ਨੂੰ ਦਿੱਤੀ ਜਾ ਰਹੀ ਹੈ ਤਾਂ ਪੁਲਿਸ ਨੇ ਇਸਨੂੰ ਰੋਕ ਦਿੱਤਾ ਅਤੇ ਵਹੀਕਲ ਵਿਚ ਸਵਾਰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦੇ ਦੱਸਣ ਅਨੁਸਾਰ ਲੋਅਰਮੇਨਲੈਂਡ ਦੇ 6 ਹੋਰ ਵਿਅਕਤੀਆਂ ਲਈ ਸਰਚ ਵਾਰੰਟ ਜਾਰੀ ਕੀਤੇ ਗਏ ਹਨ।
ਪੁਲਿਸ ਨੇ 50 ਕਿੱਲੋ ਡਰੱਗ ਦੇ ਨਾਲ ਵੀਹ ਹਜ਼ਾਰ ਡਾਲਰ ਕੈਸ਼ ਅਤੇ ਤਿੰਨ ਹਥਿਆਰ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਗ੍ਰਿਫਤਾਰ ਕੀਤੇ ਦੋ ਵਿਅਕਤੀਆਂ ਨੂੰ ਕਿਸੇ ਵੀ ਚਾਰਜ ਤੋਂ ਬਿਨਾਂ ਉਸੇ ਵੇਲੇ ਛੱਡ ਦਿੱਤਾ ਅਤੇ ਪੜਤਾਲ ਜਾਰੀ ਹੈ। ਪੁਲਿਸ ਨੇ ਇਹ ਦਾਅਵਾ ਕੀਤਾ ਹੈ ਉਹ ਇਸ ਨਾਲ ਉਨ੍ਹਾਂ ਨੇ ਲੱਖਾਂ ਡਾਲਰਾਂ ਦੀ ਡਰੱਗ ਨੂੰ ਸ਼ਹਿਰ ਦੀਆਂ ਗਲੀਆਂ ਵਿਚ ਵਿਕਣ ਤੋਂ ਰੋਕ ਲਿਆ ਹੈ।