ਕੈਨੇਡਾ ਦੇ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ ‘ਚ 45 ਸਾਲਾ ਪੰਜਾਬੀ ਗ੍ਰਿਫ਼ਤਾਰ

TeamGlobalPunjab
1 Min Read

ਬਰੈਂਪਟਨ: ਕੈਨੇਡੀਅਨ ਲੋਕਾਂ ਨਾਲ ਠੱਗੀ ਦੇ ਇਕ ਮਾਮਲੇ ਵਿਚ 45 ਸਾਲ ਦੇ ਸੁਖਦਿੱਪਲ ਸਿੰਘ ਮਠਾੜੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਲ ਰੀਜਨਲ ਪੁਲਿਸ ਦੇ ਫ਼ਰੌਡ ਬਿਊਰੋ ਮੁਤਾਬਕ ਆਪਣੇ ਆਪ ਨੂੰ ਮੋਰਗੇਜ ਕੰਸਲਟੈਂਟ ਦੱਸਣ ਵਾਲੇ ਸੁਖਦਿੱਪਲ ਸਿੰਘ ਮਠਾੜੂ ਨੇ ਕਥਿਤ ਤੌਰ ‘ਤੇ ਮਾਰਚ 2017 ਤੋਂ ਫ਼ਰਵਰੀ 2019 ਦਰਮਿਆਨ ਆਪਣੇ ਕਈ ਕਲਾਈਂਟਸ ਤੋਂ ਫ਼ੀਸ ਤਾਂ ਵਸੂਲ ਕਰ ਲਈ ਪਰ ਉਨ੍ਹਾਂ ਦਾ ਕੰਮ ਨਾ ਕੀਤਾ।

ਪੁਲਿਸ ਨੇ ਦੱਸਿਆ ਕਿ ਫ਼ੀਸ ਲੈਣ ਮਗਰੋਂ ਮੋਰਗੇਜ ਕੰਸਲਟੈਂਟ ਆਪਣੇ ਕਲਾਈਂਟ ਨਾਲ ਸੰਪਰਕ ਹੀ ਖ਼ਤਮ ਕਰ ਦਿੰਦਾ ਸੀ। ਪੀੜਤਾਂ ਵੱਲੋਂ ਇਸ ਬਾਰੇ ਸ਼ਿਕਾਇਤ ਦਰਜ ਕਰਵਾਉਣ ਮਗਰੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਗਈ ਅਤੇ ਪੁਲਿਸ ਨੇ ਸੁਖਦਿੱਪਲ ਸਿੰਘ ਮਠਾੜੂ ਵਿਰੁੱਧ ਧੋਖਾਧੜੀ ਦੇ ਦੋਸ਼ ਆਇਦ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸੁਖਦਿੱਪਲ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ ਅਤੇ ਬਰੈਂਪਟਨ ਵਿਖੇ ਸਥਿਤ ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ ਉਸ ਦੀ ਅਗਲੀ ਪੇਸ਼ੀ 21 ਸਤੰਬਰ ਨੂੰ ਹੋਵੇਗੀ।

ਹੁਣ ਤੱਕ 35 ਹਜ਼ਾਰ ਡਾਲਰ ਦੀ ਠੱਗੀ ਬਾਰੇ ਪਤਾ ਲੱਗ ਸਕਿਆ ਹੈ ਅਤੇ ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਇਸ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਵਧ ਸਕਦੀ ਹੈ।

ਉੱਧਰ ਪੀਲ ਰੀਜਨਲ ਪੁਲਿਸ ਦੇ ਫ਼ਰੌਡ ਬਿਊਰੋ ਨਾਲ ਸਬੰਧਤ ਜਾਂਚਕਰਤਾਵਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਸੰਪਰਕ ਕੀਤਾ ਜਾਵੇ।

- Advertisement -

Share this Article
Leave a comment