ਰੈਲ਼ੀਆਂ : ਇਕ ਤੀਰ ਨਾਲ ਦੋ ਨਿਸ਼ਾਨੇ

TeamGlobalPunjab
3 Min Read

ਅਵਤਾਰ ਸਿੰਘ

ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਅਤੇ ਹੋਰ ਰਾਜਾਂ ਦੀਆਂ ਸਰਕਾਰਾਂ ਨੇ ਅਜਿਹਾ ਸਿਆਸੀ ਰੋਲ ਘਚੋਲਾ ਖੜਾ ਕਰ ਦਿੱਤਾ ਕਿ ਲੋਕਾਂ ਨੂੰ ਉਨ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਭੁਲਾ ਦਿੱਤੀਆਂ ਗਈਆਂ ਹਨ। ਮਹਿੰਗਾਈ, ਬੇਰੁਜ਼ਗਾਰੀ ਅਤੇ ਦੇਸ਼ ਦੇ ਵਿਕਾਸ ਦੀਆਂ ਗੱਲਾਂ ਸੱਤਾ ਦਾ ਸੁਖ ਭੋਗ ਰਹੇ ਸਿਆਸਤਦਾਨ ਭੁੱਲ ਭੁਲਾ ਗਏ ਲੱਗਦੇ ਹਨ। ਕੁਝ ਆਗੂ ਆਪਣੀ ਕੁਰਸੀ ਬਰਕਰਾਰ ਰੱਖਣ ਵਿਚ ਲਗੇ ਹੋਏ ਤੇ ਕੁਝ ਆਪਣੀ ਗੁਆਚੀ ਰਾਜਨੀਤਕ ਹੋਂਦ ਲਈ ਸ਼ਕਤੀ ਪ੍ਰਦਰਸ਼ਨ ਕਰਨ ਲਈ ਜੁਟੇ ਹੋਏ ਹਨ।

ਪੰਜਾਬ ਵਿੱਚ ਦੁਫਾੜ ਹੋਇਆ ਅਕਾਲੀ ਦਲ ਆਪਣੀ ਹੋਂਦ ਬਚਾਉਣ ਵਿੱਚ ਜੁਟਿਆ ਹੋਇਆ ਹੈ। ਦੋਵੇਂ ਧੜੇ ਲੋਕਾਂ ਦਾ ਇਕੱਠ ਕਰਕੇ ਹੀ ਸੂਬੇ ਦੀ ਤਰੱਕੀ ਸਮਝ ਰਹੇ ਹਨ। ਭਾਜਪਾ ਵਲੋਂ ਪੰਜਾਬ ਵਿਚ ਇਕੱਲਿਆਂ ਪੈਰ ਪਸਾਰਨ ਦੀ ਚਾਲ ਨੂੰ ਦੇਖਦਿਆਂ ਅਕਾਲੀ ਦਲ ਬਾਦਲ ਨੇ ਆਪਣੇ ਤੇਵਰ ਬਦਲਣੇ ਸ਼ੁਰੂ ਕਰ ਦਿੱਤੇ ਹਨ।

ਇਸ ਦੇ ਬੀਤੇ ਦਿਨ ਬਠਿੰਡਾ ਰੈਲੀ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋ ਕੀਤੇ ਇਸ਼ਾਰੇ ਦੇ ਅਰਥ ਵੀ ਇਹੀ ਨਿਕਲਦੇ ਹਨ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਘੱਟ ਗਿਣਤੀ ਫਿਰਕਿਆਂ ਦੇ ਅਹਿਸਾਸ ਸਮਝਣ ਦੀ ਲੋੜ ਹੈ। ਫ਼ਿਰਕੂ ਮਾਹੌਲ ਦੇ ਖ਼ਤਰੇ ਟਾਲਣ ਵਾਸਤੇ ਘੱਟ ਗਿਣਤੀ ’ਚ ਭਰੋਸਾ ਬਹਾਲ ਕਰਨ ਤੋਂ ਇਲਾਵਾ ਸਾਰਿਆਂ ਦੇ ਜਜ਼ਬਾਤਾਂ ਦਾ ਧਿਆਨ ਰੱਖਿਆ ਜਾਵੇ।

ਉਨ੍ਹਾਂ ਕਿਹਾ ਕਿ ਸਰਕਾਰ ਚਲਾਉਣ ਲਈ ਸਭ ਦਾ ਭਰੋੋਸਾ ਜਿੱਤਣਾ ਜ਼ਰੂਰੀ ਹੈ, ਬੇਸ਼ੱਕ ਉਹ ਕੇਂਦਰ ਸਰਕਾਰ ਹੋਵੇ ਜਾਂ ਸੂਬਾ ਸਰਕਾਰ। ਉਨ੍ਹਾਂ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਨੂੰ ਸਮਝਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

ਉਨ੍ਹਾਂ ਦਿੱਲੀ ਵਿੱਚ ਵਾਪਰੀਆਂ ਤਾਜ਼ਾ ਘਟਨਾਵਾਂ ਵਲ ਇਸ਼ਾਰਾ ਕਰਦਿਆਂ ਕਿਹਾ ਕਿ ਦੇਸ਼ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਬਿਨਾਂ ਅੱਗੇ ਨਹੀਂ ਵਧ ਸਕਦਾ। ਦਿੱਲੀ ਹਿੰਸਾ ’ਤੇ ਫ਼ਿਕਰਮੰਦੀ ਜ਼ਾਹਰ ਕਰਦਿਆਂ ਕਿਹਾ ਕਿ ਦੇਸ਼ ਜਿਨ੍ਹਾਂ ਹਾਲਾਤ ’ਚੋਂ ਲੰਘ ਰਿਹਾ ਹੈ, ਉਨ੍ਹਾਂ ਨੂੰ ਦੇਖਦਿਆਂ ਅਮਨ, ਸ਼ਾਂਤੀ ਤੇ ਭਾਈਚਾਰਾ ਕਾਇਮ ਰੱਖਣ ਦੀ ਲੋੜ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਥਰਮਲ ਕਲੋਨੀ ਸਟੇਡੀਅਮ ਵਿੱਚ ਰੋਸ ਰੈਲੀ ਕੀਤੀ ਸੀ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਫ਼ਿਰਕੂ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ 1984 ਮਗਰੋਂ ਹੁਣ ਦਿੱਲੀ ਵਿੱਚ ਵਾਪਰੀਆਂ ਘਟਨਾਵਾਂ ਦੁੱਖ ਵਾਲਿਆਂ ਹਨ। ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰ ਗਏ। ਢੀਂਡਸਾ ਪਿਓ -ਪੁੱਤਰ ਬਾਰੇ ਆਖਿਆ ਕਿ ਉਨ੍ਹਾਂ ਨੂੰ ਬਹੁਤ ਮਾਣ-ਸਨਮਾਨ ਦਿੱਤਾ ਪਰ ਉਨ੍ਹਾਂ ਨੇ ਪਾਰਟੀ ਨਾਲ ਗੱਦਾਰੀ ਕੀਤੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣ ਅਜਿਹੀਆਂ ਰੈਲ਼ੀਆਂ ਕਰਕੇ ਇਕ ਤੀਰ ਨਾਲ ਦੋ ਨਿਸ਼ਾਨੇ ਵਿੰਨ੍ਹ ਰਹੇ ਹਨ।

ਪਰ ਇਹ ਸਭ ਕੁਝ ਸੂਬੇ ਦੇ ਹਿੱਤ ਵਿਚ ਨਹੀਂ ਹੈ। ਇਸ ਤਰ੍ਹਾਂ ਪੰਜਾਬ ਵਿੱਚ ਜੋ ਸਿਆਸਤ ਹੋ ਰਹੀ ਉਸ ਵਿੱਚ ਕਿਸਾਨੀ, ਬੇਰੁਜ਼ਗਾਰੀ ਅਤੇ ਵਿਕਾਸ ਦੇ ਮੁੱਦੇ ਰਾਜਨੀਤੀ ਦੀ ਭੇਟ ਚੜ੍ਹ ਗਏ ਲੱਗਦੇ ਹਨ। ਇਹ ਸਭ ਕੁਝ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਕਿ ਜੇ ਇਸੇ ਤਰ੍ਹਾਂ ਸਭ ਕੁਝ ਚਲਦਾ ਰਿਹਾ ਤਾਂ ਪੰਜਾਬ ਦੀ ਬਾਂਹ ਕੌਣ ਫੜੇਗਾ।

Share This Article
Leave a Comment