ਰੋਪੜ : ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਇਸ ਦਾ ਇੱਕੋ ਹੀ ਮਕਸਦ ਹੁੰਦਾ ਹੈ ਕਿ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ। ਪਰ ਜੇਕਰ ਇਹੀ ਖੇਡਾਂ ਦੌਰਾਨ ਇਨਾਮ ਵਜੋਂ ਬੋਤਲ ਅਤੇ ਮੁਰਗਾ ਮਿਲਣ ਲੱਗ ਜਾਵੇ ਫਿਰ ਕੀ ਕਹੋਂਗੇ। ਕੁਝ ਅਜਿਹਾ ਹੀ ਮਾਮਲਾ ਰੋਪੜ ‘ਚ ਵੀ ਸਾਹਮਣੇ ਆਇਆ ਹੈ। ਜਿੱਥੇ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੂੰ ਇਨਾਮ ‘ਚ ਮੁਰਗਾ ਅਤੇ ਬੋਤਲ ਦਾ ਇਨਾਮ ਰੱਖਣ ਵਾਲੀ ਪਿੰਡ ਦੀ ਪੰਚਾਇਤ ਅਤੇ ਖੇਡ ਕਲੱਬ ਦੇ ਪ੍ਰਧਾਨ ਅਤੇ ਸਰਪੰਚ ਨੇ ਆਪਣੀ ਗਲਤੀ ਮੰਨਦੇ ਹੋਏ ਮੁਆਫੀ ਮੰਗ ਲਈ ਹੈ।
ਸਰਪੰਚ ਹੈੱਪੀ ਨੇ ਕਿਹਾ ਕਿ ਉਨ੍ਹਾਂ ਤੋਂ ਗਲਤੀ ਹੋ ਗਈ ਕਿ ਪੋਸਟਰਾਂ ‘ਤੇ ਬੋਤਲ ਦੇ ਨਾਲ ‘ਪੈਪਸੀ’ ਨਹੀਂ ਲਿਖਵਾਇਆ ਗਿਆ। ਉਨ੍ਹਾਂ ਕਿਹਾ ਕਿ ਅਸੀਂ ਤਾਂ ਸਿਰਫ ਇਕੱਠ-ਇਕੱਠਾ ਕਰਨ ਲਈ ਹੀ ਪੋਸਟਰ ‘ਤੇ ਬੋਤਲ ਲਿਖਵਾਇਆ ਸੀ। ਸਾਡੇ ਤੋਂ ਸਿਰਫ ਇਹੀ ਗਲਤੀ ਹੋ ਗਈ ਕਿ ਪੋਸਟਰ ‘ਚ ਪੈਪਸੀ ਨਹੀਂ ਲਿਖਵਾਇਆ।ਉਨ੍ਹਾਂ ਕਿਹਾ ਕਿ ਜੇਕਰ ਦਾਰੂ ਦੀ ਬੋਤਲ ਲਿਖੀ ਹੁੰਦੀ ਤਾਂ ਮੈਂ ਸਜ਼ਾ ਭੁਗਤਣ ਲਈ ਤਿਆਰ ਹਾਂ।
ਦੱਸ ਦਈਏ ਕਿ ਰੋਪੜ ਜ਼ਿਲ੍ਹੇ ਦੇ ਪਿੰਡ ਕਾਨਪੁਰ ‘ਚ ਇਨੀਂ ਦਿਨੀਂ ਅਜੀਬੋ-ਗਰੀਬ ਪੋਸਟਰ ਲੱਗੇ ਹੋਏ ਹਨ। ਜਿਸ ‘ਚ ਲਿਖਿਆ ਹੋਇਆ ਸੀ ਕਿ 28 ਨਵੰਬਰ ਨੂੰ ਪਿੰਡ ਕਾਹਨਪੁਰ ‘ਚ ਬਾਬਾ ਹਸਨ ਸ਼ਾਹ ਵੈੱਲਫੇਅਰ ਕਲੱਬ 21ਵਾਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਅਤੇ ਜਿਸ ਵਿੱਚ 50 ਸਾਲ ਤੋ ਵੱਧ ਉਮਰ ਦੇ ਬਜ਼ੁਰਗਾਂ ਦੇ ਮੁਰਗਾ ਫੜਣ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਜੇਤੂ ਨੂੰ ਮੁਰਗਾ ਅਤੇ ਬੋਤਲ ਦੇਣ ਦਾ ਇਨਾਮ ਰੱਖਿਆ ਗਿਆ ਹੈ।