ਹੋਲਾ-ਮਹੱਲਾ ਗੱਤਕਾ ਮੁਕਾਬਲਿਆਂ ’ਚ ਖਾਲਸਾ ਗੱਤਕਾ ਅਕੈਡਮੀ ਹਰਿਆਣਾ ਜੇਤੂ

TeamGlobalPunjab
3 Min Read

ਸ੍ਰੀ ਅਨੰਦਪੁਰ ਸਾਹਿਬ: ਬੀਤੇ ਦਿਨੀਂ ਇੱਥੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਅਤੇ ਗੱਤਕਾ ਐਸੋਸ਼ੀਏਸਨ ਪੰਜਾਬ ਵੱਲੋਂ ਹੋਲੇ-ਮੁਹੱਲੇ ਮੌਕੇ ਕਰਵਾਏ ਗਏ 6ਵੇਂ ਵਿਰਸਾ ਸੰਭਾਲ ਗੱਤਕਾ ਮੁਕਾਬਲਿਆਂ ਦੌਰਾਨ ਖਾਲਸਾ ਗੱਤਕਾ ਅਕੈਡਮੀ ਹਰਿਆਣਾ ਦੀ ਟੀਮ ਜੇਤੂ ਰਹੀ ਜਦਕਿ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ, ਪੰਜਾਬ (ਇਸਮਾ) ਦੀ ਟੀਮ ਦੂਜੇ ਸਥਾਨ ਉੱਤੇ ਆਈ।

ਖਾਲਸਾ ਖਾਸ ਗੱਤਕਾ ਅਖਾੜਾ ਸ਼ਾਹਬਾਦ ਮਾਰਕੰਡਾ, ਹਰਿਆਣਾ ਅਤੇ ਏਕ ਪਿਤਾ ਏਕਸ ਕੇ ਹਮ ਬਾਰਿਕ ਗੱਤਕਾ ਅਖਾੜਾ ਮੋਹਾਲੀ ਸਾਂਝੇ ਤੌਰ ਤੇ ਤੀਜੇ ਸਥਾਨ ’ਤੇ ਰਹੇ। ਬੀਬੀ ਹਰਸ਼ਰਨ ਕੌਰ ਗੱਤਕਾ ਅਖਾੜਾ ਬਡਾਲੀ, ਫਤਹਿਗੜ ਸਾਹਿਬ ਅਤੇ ਬਾਬਾ ਫ਼ਤਿਹ ਸਿੰਘ ਗੱਤਕਾ ਅਖਾੜਾ ਚੰਡੀਗੜ੍ਹ ਚੌਥੇ ਸਥਾਨ ਉੱਤੇ ਰਹੇ।

ਇਹ ਜਾਣਕਾਰੀ ਦਿੰਦੇ ਹੋਏ ਇਸਮਾ ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਇਨਾਂ ਗੱਤਕਾ ਮੁਕਾਬਲਿਆਂ ਦਾ ਉਦਘਾਟਨ ਬਾਬਾ ਬਖਸ਼ੀਸ਼ ਸਿੰਘ ਮਾਹੋਰਾਣਾ, ਬਾਬਾ ਸ਼ੇਰ ਸਿੰਘ ਮਾਹੋਰਾਣਾ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਉਨਾਂ ਨਾਲ ਬਾਬਾ ਹੀਰਾ ਸਿੰਘ, ਹਰਿਆਣਵੀ ਗੱਤਕਾ ਐਸੋਸੀਏਸਨ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਕਲਸਾਣੀ, ਗੱਤਕਾ ਐਸੋਸੀਏਸਨ ਹੁਸ਼ਿਆਰਪੁਰ ਦੇ ਪ੍ਰਧਾਨ ਸੱਚਨਾਮ ਸਿੰਘ ਅਤੇ ਇਸਮਾ ਦੀ ਇਸਤਰੀ ਵਿੰਗ ਦੀ ਸਟੇਟ ਕੋਆਰਡੀਨੇਟਰ ਬੀਬੀ ਬਲਵਿੰਦਰ ਕੌਰ ਵੀ ਹਾਜਰ ਸਨ।

- Advertisement -

ਇਸ ਮੌਕੇ ਬੋਲਦਿਆਂ ਬਾਬਾ ਬਖਸ਼ੀਸ਼ ਸਿੰਘ ਤੇ ਬਾਬਾ ਸ਼ੇਰ ਸਿੰਘ ਨੇ ਕਿਹਾ ਕਿ ਨੌਜਵਾਨ ਵਿਰਾਸਤੀ ਜੰਗਜੂ ਕਲਾ ਗੱਤਕੇ ਨੂੰ ਬਤੌਰ ਖੇਡ ਅਤੇ ਸਵੈ-ਰੱਖਿਆ ਵਜੋਂ ਅਪਣਾਉਣ ਤਾਂ ਜੋ ਸਿੱਖ ਵਿਰਸੇ ਨੂੰ ਦੇਸ਼-ਵਿਦੇਸ਼ ਤੱਕ ਹੋਰ ਪ੍ਰਫੁੱਲਿਤ ਕੀਤਾ ਜਾ ਸਕੇ। ਉਨਾਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਅਤੇ ਇਸਮਾ ਵੱਲੋਂ ਦੇਸ਼-ਵਿਦੇਸ਼ ਵਿੱਚ ਗੱਤਕਾ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮੁੱਚਾ ਸਿੱਖ ਜਗਤ ਇਹਨਾਂ ਗੱਤਕਾ ਸੰਸਥਾਵਾਂ ਨੂੰ ਭਰਵਾਂ ਸਹਿਯੋਗ ਦੇਵੇ ਤਾਂ ਜੋ ਮੌਜੂਦਾ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਨੌਜਵਾਨਾਂ ਨੂੰ ਬਾਣੀ ਅਤੇ ਬਾਣੇ ਸਮੇਤ ਸਿੱਖ ਵਿਰਾਸਤ ਅਤੇ ਪੰਜਾਬੀ ਭਾਸ਼ਾ ਨਾਲ ਜੋੜ ਕੇ ਰੱਖਿਆ ਜਾ ਸਕੇ।

ਆਪਣੇ ਸੰਬੋਧਨ ਵਿੱਚ ਗੱਤਕਾ ਪ੍ਰੋਮੋਟਰ ਹਰਜੀਤ ਸਿੰਘ ਗਰੇਵਾਲ, ਜੋ ਕਿ ਇਸਮਾ ਦੇ ਵੀ ਚੇਅਰਮੈਨ ਹਨ, ਨੇ ਗੱਤਕਾ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਦੀ ਅਗਵਾਈ ਹੇਠ ਗੱਤਕਾ ਖੇਡ ਨੂੰ ਵਿਸਵ ਪੱਧਰ ਉਤੇ ਪ੍ਰਫੁੱਲਤ ਕੀਤਾ ਜਾਵੇਗਾ। ਸੁਖਚੈਨ ਸਿੰਘ ਕਲਸਾਨੀ ਨੇ ਖਾਲਸਾ ਗੱਤਕਾ ਅਕੈਡਮੀ ਵੱਲੋਂ ਹਰਿਆਣਾ ਰਾਜ ਵਿੱਚ ਗੱਤਕੇ ਦੀ ਸਿਖਲਾਈ ਅਤੇ ਗੱਤਕਾ ਖੇਡ ਦੇ ਪ੍ਰਚਾਰ-ਪਸਾਰ ਲਈ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਦਿੱਤਾ। ਇਸ ਟੂਰਨਾਮੈਂਟ ਦੌਰਾਨ ਰੈਫਰੀ ਵਜੋਂ ਗੱਤਕਾ ਕੋਚ ਯੋਗਰਾਜ ਸਿੰਘ ਭਾਂਬਰੀ, ਹਰਵਿੰਦਰ ਸਿੰਘ, ਲਵਪ੍ਰੀਤ ਸਿੰਘ ਅਤੇ ਪਰਵਿੰਦਰ ਸਿੰਘ ਨੇ ਡਿਊਟੀ ਬਾਖੂਬੀ ਨਾਲ ਨਿਭਾਈ।

Share this Article
Leave a comment