-ਅਵਤਾਰ ਸਿੰਘ
ਵਿਸ਼ਵ ਵਾਤਾਵਰਨ ਦਿਵਸ ਦੀ ਸ਼ੁਰੂਆਤ 5-6-1972 ਨੂੰ ਹੋਈ। ਵੱਖ ਵੱਖ ਦੇਸਾਂ ਵਲੋਂ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚ 113 ਦੇਸ਼ਾਂ ਨੇ 5 ਜੂਨ ਤੋਂ 16 ਜੂਨ ਤੱਕ ਵਿਸ਼ਾਲ ਕਾਨਫਰੰਸ ਕੀਤੀ ਜਿਸ ‘ਚ ਫੈਸਲਾ ਗਿਆ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਯਤਨ ਕੀਤੇ ਜਾਣ।
ਪਹਿਲਾ ਵਿਸ਼ਵ ਵਾਤਾਵਰਣ ਦਿਵਸ 5 ਜੂਨ 1974 ਨੂੰ ਦੁਨੀਆ ‘ਚ ਮਨਾਇਆ ਗਿਆ। ਵਾਤਵਰਣ ਤੋਂ ਭਾਵ ਹੈ ਉਹ ਆਲਾ ਦੁਆਲਾ ਜਿਸ ਵਿਚ ਅਸੀਂ ਰਹਿ ਰਹੇ ਹਾਂ, ਸਾਹ ਲੈਂਦੇ ਹਾਂ ਤੇ ਜਿੰਦਗੀ ਜਿਉਂਦੇ ਹਾਂ। ਅਜੋਕੇ ਮਨੁੱਖ ਨੇ ਆਪਣੇ ਅਰਾਮ ਤੇ ਸੁਖ ਸਹੂਲਤਾਂ ਲਈ ਜੰਗਲਾਂ ਦਾ ਵਢਾਂਗਾ ਕਰ ਕੇ ਫੈਕਟਰੀਆਂ, ਕਾਰਖਾਨੇ, ਆਵਾਜਾਈ ਤੇ ਬਿਜਲੀ ਸਾਧਨ ਬਣਾਏ ਹਨ, ਜਿਨ੍ਹਾਂ ਨਾਲ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ, ਸੜਕਾਂ ਦੇ ਕੰਢਿਆਂ ਤੋਂ ਦਰਖਤਾਂ ਨੂੰ ਪੁੱਟ ਕੇ ਚਾਰ-ਛੇ ਮਾਰਗੀ ਸੜਕਾਂ ਬਣਾਈਆਂ ਜਾ ਰਹੀਆਂ ਹਨ ਪਰ ਨਵੇਂ ਪੌਦੇ ਲਾਉਣ ਦੀ ਕੋਈ ਯੋਜਨਾ ਨਹੀ ਦਿਸ ਰਹੀ।
ਕੁਝ ਦੇਸ਼ਾਂ ਵਿੱਚ ਵੱਡੇ ਵੱਡੇ ਰੁੱਖ ਮਸ਼ੀਨਾਂ ਨਾਲ ਪੁੱਟ ਕੇ ਦੂਜੇ ਥਾਂ ‘ਤੇ ਲਾ ਦਿੱਤੇ ਜਾਂਦੇ ਹਨ। ਬਰਫਾਂ ਦੇ ਵੱਡੇ ਵੱਡੇ ਗਲੇਸ਼ੀਅਰ ਪਿਘਲਣ ਨਾਲ ਟਾਪੂਆਂ ਦੀ ਹੋਂਦ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ। ਮੁੱਖ ਤੌਰ ‘ਤੇ ਧੂੰਏ, ਹਵਾ, ਪਾਣੀ, ਖੁਰਾਕ, ਮਿੱਟੀ ਤੇ ਸ਼ੋਰ ਦੇ ਪ੍ਰਦੂਸ਼ਨ ਸਿਹਤ ਨੂੰ ਪ੍ਰਭਾਵਤ ਕਰ ਰਹੇ ਹਨ। ਧਰਤੀ ਤੋਂ ਉਪਰ 16 ਕਿਲੋਮੀਟਰ ਦੀ ਉਚਾਈ ਤੋਂ 23 ਕਿਲੋਮੀਟਰ ਤਕ ਸੂਰਜ ਦੀਆਂ ਕਿਰਨਾਂ ਨੂੰ ਰੋਕਣ ਲਈ ਸੁਰਖਿਅਤ ਛਤਰੀ (ਓਜ਼ੋਨ ਪਰਤ) ਬਣੀ ਹੈ ਜਿਸ ਵਿਚ ਕਈ ਗੈਸਾਂ ਹਨ।
ਇਹ ਓਜ਼ੋਨ ਪਰਤ ਸੂਰਜ ਦੀਆਂ ਪਰਾਵੈਂਗਨੀ ਵਿਕਰਨਾਂ (Ultra Violet Radiation) ਨੂੰ ਧਰਤੀ ‘ਤੇ ਸਿੱਧਾ ਅਸਰ ਪਾਉਣ ਤੋਂ ਰੋਕਦੀ ਹੈ। ਓਜ਼ੋਨ ਪਰਤ ਦੇ ਪਤਲਾ ਹੋਣ ਤੇ ਚਮੜੀ ਦੇ ਕੈਂਸਰ ਤੇ ਹੋਰ ਖਤਰਨਾਕ ਬਿਮਾਰੀਆਂ ਵੱਧ ਰਹੀਆਂ ਹਨ। ਕਾਰਖਾਨੇ, ਫੈਕਟਰੀਆਂ ‘ਚੋਂ ਨਿਕਲਦਾ ਧੂੰਆਂ ਤੇ ਗੰਦਾ ਪਾਣੀ, ਐਟਮੀ ਤਜਰਬੇ, ਰਸਾਇਣਕ ਖਾਦਾਂ, ਜ਼ਹਿਰੀਲੀਆਂ ਨਦੀਨਨਾਸ਼ਕ ਦਵਾਈਆਂ, ਵਾਹਨਾਂ ਦਾ ਧੂੰਆਂ, ਕਣਕ ਦੇ ਨਾੜ ਤੇ ਝੋਨੇ ਦੀ ਪਰਾਲੀ ਨੂੰ ਲਗੀ ਅੱਗ ਵਾਤਾਵਰਣ ਪ੍ਰਦੂਸ਼ਿਤ ਕਰ ਰਹੀ ਹੈ।
ਸਮੁੰਦਰਾਂ ਵਿਚ ਤੇਲ ਦਾ ਪ੍ਰਦੂਸ਼ਨ ਵਧ ਰਿਹਾ ਹੈ। ਜੇ ਇਹੋ ਹਾਲ ਰਿਹਾ ਤਾਂ ਲੋਕਾਂ ਨੂੰ ਸਾਹ ਵਾਸਤੇ ਆਪਣੇ ਲਈ ਆਕਸੀਜਨ ਸਿਲੈਂਡਰ ਵੀ ਬੁਕ ਕਰਾਉਣੇ ਪੈਣਗੇ। ਹਵਾ ਤੋਂ ਬਿਨਾ ਇਕ ਪਲ ਵੀ ਅਸੀਂ ਜਿਉਂਦੇ ਨਹੀ ਰਹਿ ਸਕਦੇ। ਮਨੁੱਖੀ ਜੀਵਨ ਲਈ ਸ਼ੁਧ ਤੇ ਸਾਫ ਹਵਾ ਜਰੂਰੀ ਹੈ।ਹਵਾ ‘ਚ ਲਗਭਗ 78%, ਆਕਸੀਜਨ 18% ਅਤੇ 0.03%ਕਾਰਬਨ ਡਾਇਕਸਾਈਡ ਤੇ ਬਹੁਤ ਘੱਟ ਮਾਤਰਾ ਵਿਚ ਹੋਰ ਗੈਸਾਂ ਹਨ।
ਜਦੋਂ ਕਾਰਬਨ ਮੋਨੋਔਕਸਾਈਡ ਤੇ ਸਲਫਰ ਡਾਇਆ ਔਕਸਾਈਡ ਜਾਂ ਹੋਰ ਅਣਸੁਖਾਵੇਂ ਤੱਤ ਹਵਾ ਵਿਚ ਮਿਲ ਜਾਂਦੇ ਸਨ ਤਾਂ ਵਾਤਾਵਰਣ ਦਾ ਸੰਤੁਲਨ ਵਿਗੜ ਜਾਂਦਾ ਹੈ। ਪੋਲੀਥੀਨ ਦੇ ਲਿਫਾਫੇ ਜਿਥੇ ਸੀਵਰੇਜ ਬੰਦ ਕਰਦੇ ਹਨ ਉਥੇ ਉਨ੍ਹਾਂ ਨੂੰ ਸਾੜਨ ਨਾਲ ਜ਼ਹੀਰੀਲੀਆਂ ਗੈਸਾਂ ਬਣਦੀਆਂ ਹਨ। ਪ੍ਰਦੂਸ਼ਨ ਨੂੰ ਰੋਕਣ ਲਈ ਬਣੇ ਕਾਨੂੰਨ ਕਾਗਜਾਂ ਦੇ ਸ਼ਿੰਗਾਰ ਬਣੇ ਹੋਏ ਹਨ, ਜੰਗਲ ਹਿਫਾਜਤੀ ਐਕਟ 1980, ਪਾਣੀ ਪ੍ਰਦੂਸ਼ਿਤ ਐਕਟ 1974, ਹਵਾ ਪ੍ਰਦੂਸ਼ਣ ਰੋਕ ਤੇ ਕੰਟਰੋਲ ਐਕਟ 1981, ਵਾਤਾਵਰਨ ਸੁਰਖਿਆ ਐਕਟ 1980, ਸ਼ੋਰ ਪ੍ਰਦੂਸ਼ਨ ਐਕਟ 2000 ਦੀਆਂ ਧਜੀਆਂ ਉਡ ਰਹੀਆਂ ਹਨ।
ਦੇਸ਼ ਵਿੱਚ 33% ਜੰਗਲ ਚਾਹੀਦੇ ਹਨ, ਭਾਰਤ ਵਿੱਚ ਦਸ ਸਾਲ ਪਹਿਲਾਂ 15:5% ਤੇ ਪੰਜਾਬ ਵਿਚ 5:7% ਰਕਬਾ ਹੀ ਜੰਗਲਾਂ ਅਧੀਨ ਸੀ। ਮੀਂਹ ਨਾ ਪੈਣਾ, ਲੱਕੜਾਂ ਦੀ ਘਾਟ, ਪਸ਼ੂ ਪੰਛੀਆਂ ਦੀ ਗਿਣਤੀ ਘੱਟ ਰਹੀ ਹੈ।ਦੇਸ਼ ਦੀਆਂ 445 ਨਦੀਆਂ ਵਿੱਚੋਂ 275 ਪ੍ਰਦੂਸ਼ਿਤ ਹੋ ਚੁੱਕੀਆਂ ਹਨ। ਇਨ੍ਹਾਂ ਦੇ ਕੰਢੇ ਵਸਦੇ 650 ਸ਼ਹਿਰ ਪ੍ਰਦੂਸ਼ਿਤ ਹੋ ਚੁੱਕੇ ਹਨ। ਮੈਡੀਕਲ ਜਰਨਲ ‘ਦੀ ਲੇਸੈਂਟ’ ਦੇ 48 ਵਿਗਿਆਨੀਆਂ ਅਨੁਸਾਰ ਦਸ ਲੱਖ ਭਾਰਤੀਆਂ ਦੀ ਮੌਤ ਹਵਾ ਪ੍ਰਦੂਸ਼ਨ ਕਰਕੇ ਹੁੰਦੀ ਹੈ। ਜਿਸਦਾ ਅਸਰ ਸਿੱਧਾ ਦਿਲ ‘ਤੇ ਪੈਂਦਾ ਹੈ। ਨਵੀਂ ਜਾਰੀ ਸੂਚੀ ਅਨੁਸਾਰ ਭਾਰਤ ਦੇ 14 ਸ਼ਹਿਰ ਪ੍ਰਦੂਸ਼ਿਤ ਹਨ। ਕਾਨਪੁਰ ਪਹਿਲੇ, ਦਿੱਲੀ 6ਵੇਂ ਤੇ ਪਟਿਆਲਾ 13ਵੇਂ ਸਥਾਨ ‘ਤੇ ਹਨ।
ਪਿਛਲੇ ਸਾਲ ਲੁਧਿਆਣਾ ਤੇ ਖੰਨਾ ਸਭ ਤੋਂ ਵਧ ਪ੍ਰਦੂਸ਼ਿਤ ਹੋਣ ਦੀਆਂ ਖਬਰਾਂ ਰਹੀਆਂ। ਪੰਜਾਬ ਦੇ ਬਿਆਸ ਦਰਿਆ ਜੋ ਪੰਜ ਜਿਲਿਆਂ ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ ਤੇ ਤਰਨ ਤਾਰਨ ਵਿੱਚੋਂ ਲੰਘਦਾ ਹੈ। ਇਨ੍ਹਾਂ ਦੇ 31 ਥਾਵਾਂ ‘ਤੇ ਜ਼ਹਿਰ ਘੁਲ ਰਿਹਾ ਹੈ ਤੇ 11 ਥਾਵਾਂ ਤੇ ਪੂਜਾ ਸਮੱਗਰੀ ਤੇ ਅਸਥੀਆਂ ਪ੍ਰਵਾਹ ਕੀਤੀਆਂ ਜਾਂਦੀਆਂ ਹਨ। 14 ਥਾਵਾਂ ‘ਤੇ ਸੀਵਰੇਜ ਦਾ ਗੰਦਾ ਪਾਣੀ ਪੈ ਰਿਹਾ ਹੈ। ਗਗੜੇਵਾਲ ਲਾਗੇ ਆਵਾਜਾਈ ਘਟ ਕਾਰਣ ਟਰੱਕਾਂ ਵਾਲੇ ਕੂੜਾ, ਪਲਾਸਟਿਕ ਤੇ ਹੋਰ ਗੰਦਗੀ ਸੁੱਟ ਜਾਂਦੇ ਹਨ। ਕਈ ਥਾਵਾਂ ਤੇ ਲੋਕ ਡੰਗਰ ਨਹਾਉਦੇ ਹਨ। ਕਈ ਜਗ੍ਹਾ ਵਾਟਰ ਟਰੀਟਮੈਂਟ ਪਲਾਂਟ ਸਹੀ ਢੰਗ ਨਾਲ ਨਾ ਚਲਣ ਕਾਰਨ ਇਨ੍ਹਾਂ ਦਾ ਗੰਦਾ ਪਾਣੀ ਦਰਿਆ ‘ਚ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਇਲੈਕਟਰੋਨਿਕ ਮੀਡੀਏ, ਸਾਹਿਤ ਤੇ ਸਭਿਆਚਾਰ ਦਾ ਪ੍ਰਦੂਸ਼ਨ ਵੀ ਜੀਵਨ ਵਿਚ ਕਾਫੀ ਮਾੜਾ ਅਸਰ ਪਾ ਰਿਹਾ ਹੈ।
ਕਿੱਕਰ, ਨਿੰਮ, ਫਲਾਹ ਤੇ ਜਾਮਨ ਅਸਾਂ ਜੜ੍ਹੋਂ ਵਢਾ ਸੁੱਟੇ;
ਜੰਡ, ਬਰੇਟਾ, ਤੂਤ, ਬੇਰੀਆਂ ਅਸੀਂ ਪੁੱਟਾ ਸੁੱਟੇ।
ਨਾ ਪਹਿਲਾ ਵਾਲਾ ਰਿਹਾ ਮਾਲਵਾ,
ਨਾ ਉਹ ਮਾਝਾ ਜੀ;
ਕਿਥੇ ਗਿਆ ਸਾਡਾ ਅੰਬਾਂ ਵਾਲਾ ਦੁਆਬਾ ਜੀ।
ਸੰਪਰਕ : 78889-73676