ਪੰਜਾਬ ਕਾਂਗਰਸ ਵਿੱਚ ਸਿਆਸੀ ਭੁਚਾਲ ! ਕੀ ਬਦਲਿਆ ਜਾਵੇਗਾ ਮੁੱਖ ਮੰਤਰੀ ?

TeamGlobalPunjab
4 Min Read

-ਅਵਤਾਰ ਸਿੰਘ;

ਪਿਛਲੇ ਕੁਝ ਸਮੇਂ ਤੋਂ ਪੰਜਾਬ ਕਾਂਗਰਸ ਕਾਫੀ ਖ਼ਬਰਾਂ ਵਿੱਚ ਹੈ। ਇਸ ਤੋਂ ਪਹਿਲਾਂ ਸਾਢੇ ਚਾਰ ਸਾਲਾਂ ਤੋਂ ਸੱਤਾ ਦਾ ਆਨੰਦ ਭੋਗ ਰਹੇ ਮੰਤਰੀ ਸੰਤਰੀ ਘੱਟ ਹੀ ਖ਼ਬਰਾਂ ਵਿੱਚ ਸਨ। ਪੰਜਾਬ ਦੇ ਅਸਲੀ ਮੁੱਦੇ ਗਾਇਬ ਹਨ। ਪੰਜਾਬ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਸਰਕਾਰ ਨੂੰ 2017 ਵਿੱਚ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਣ, ਮੁੱਖ ਮੰਤਰੀ ਨੂੰ ਸਿਧੇ ਤੌਰ ‘ਤੇ ਸਵਾਲ ਕਰਨ ਤੋਂ ਬਾਅਦ ਬਾਕੀ ਸਭ ਨੇ ਮੋਰਚੇ ਸੰਭਾਲ ਲਏ। ਮੰਤਰੀਆਂ ਅਤੇ ਵਿਧਾਇਕਾਂ ਨੇ ਆਪਣੀ ਸਰਕਾਰ ਯਾਨੀ ਆਪਣੇ ਹੀ ਮੁੱਖ ਮੰਤਰੀ ਵਿਰੁੱਧ ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਮਾਮਲਾ ਭਖਣ ਲੱਗ ਪਿਆ। ਸਭ ਨੂੰ ਪਤਾ ਹੀ ਹੈ ਕਿ ਜਦੋਂ ਲੋਹਾ ਗਰਮ ਹੁੰਦਾ ਤਾਂ ਉਸ ਨੂੰ ਆਪਣੇ ਵੱਲ ਵਧਾਉਣ ਲਈ ਸਾਰੇ ਉਸ ਉਪਰ ਸੱਟ ਮਾਰਨ ਤੋਂ ਪਿਛੇ ਨਹੀਂ ਹਟਦੇ। ਇਨ੍ਹਾਂ ਨੇ ਸੂਬੇ ਵਿੱਚ ਆਪਣੇ ਹਲਕੇ ਦੇ ਲੋਕਾਂ ਦੀ ਸਾਰ ਲੈਣ ਦੀ ਬਜਾਇ ਦਿੱਲੀ ਵੱਲ ਨੂੰ ਚਾਲੇ ਪਾਏ ਹੋਏ ਹਨ ਯਾਨੀ ਮੁੱਖ ਮੰਤਰੀ ਅਤੇ ਬਾਗੀਆਂ ਵਿਚਾਲੇ ਚੱਲ ਰਹੀ ਖਟਾਸ ਦਾ ਫੈਸਲਾ ਹਾਈ ਕਮਾਂਡ ਤੋਂ ਕਰਵਾਉਣ ਲਈ। ਬੀਤੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਉਪਰ ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਹੁਣ ਮੁੱਖ ਮੰਤਰੀ ਕੌਣ ਬਣੇਗਾ ? ਕੀ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਵੇਗਾ ? ਵਗੈਰਾ ਵਗੈਰਾ। ਤਾਜ਼ਾ ਰਿਪੋਰਟਾਂ ਅਨੁਸਾਰ ਬੁਧਵਾਰ ਨੂੰ ਬਾਗੀਆਂ ਦਾ ਧੜਾ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮਿਲਣ ਦੇਹਰਾਦੂਨ ਚਲੇ ਗਏ ਹਨ। ਰਾਵਤ ਨੂੰ ਮਿਲਣ ਵਾਲਿਆਂ ਵਿੱਚ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ, ਚਰਨਜੀਤ ਸਿੰਘ ਚੰਨੀ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸੂਬਾ ਜਨਰਲ ਸਕੱਤਰ ਪਰਗਟ ਸਿੰਘ, ਐਮ ਐਲ ਏ ਕੁਲਬੀਰ ਜ਼ੀਰਾ, ਵਰਿੰਦਰਜੀਤ ਅਤੇ ਸੁਰਜੀਤ ਧੀਮਾਨ ਹਨ।

ਪੰਜਾਬ ਕਾਂਗਰਸ ਅੰਦਰ ਆਏ ਹੁਰਿਕੇਨ ਨੇ ਇਸ ਦਾ ਸਿਆਸੀ ਰੰਗ ਬਦਲ ਦਿੱਤਾ ਹੈ। ਮੰਗਲਵਾਰ ਨੂੰ ਦੋ ਦਰਜਨ ਦੇ ਕਾਂਗਰਸੀ ਵਿਧਾਇਕਾਂ ਅਤੇ ਵਜ਼ੀਰਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਉਨ੍ਹਾਂ ਨੂੰ ਆਪਣੇ ਮੁੱਖ ਮੰਤਰੀ (ਕੈਪਟਨ ਅਮਰਿੰਦਰ ਸਿੰਘ) ਉਪਰ ਭਰੋਸਾ ਬਿਲਕੁਲ ਨਹੀਂ। ਇਸ ਨੂੰ ਦੂਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਕਿ ਮੁੱਖ ਮੰਤਰੀ ਨੂੰ ਬਦਲਿਆ ਜਾਵੇ।

ਸਿਆਸੀ ਐਨਕਾਂ ਵਿਚੋਂ ਜਦੋਂ ਝਾਉਲਾ ਝਾਉਲਾ ਨਜ਼ਰ ਆਉਣ ਲੱਗ ਜਾਵੇ ਤਾਂ ਅਜਿਹਾ ਕੁਝ ਵਾਪਰਨਾ ਸੁਭਾਵਿਕ ਹੈ। ਪਰ ਸਵਾਲ ਇਹ ਵੀ ਖੜਾ ਹੁੰਦਾ ਕਿ ਜਦੋਂ ਹੋਰ ਛੇ ਮਹੀਨਿਆਂ ਨੂੰ ਚੋਣਾਂ ਆ ਰਹੀਆਂ ਹਨ ਤਾਂ ਮੁੱਖ ਮੰਤਰੀ ਤਾਂ ਬਦਲਿਆ ਹੀ ਜਾਵੇਗਾ ਹੁਣ ਕਾਹਲ ਕਾਹਦੀ। ਇਸ ਪਿਛੇ ਕਿਤੇ ਟਿਕਟਾਂ ਦੀ ਵੰਡ ਵੰਡੇਰੇ ਦਾ ਮਕਸਦ ਤਾਂ ਨਹੀਂ ਹੈ। ਇਹ ਤਾਂ ਉਹ ਹੀ ਜਾਣਨ।

- Advertisement -

ਮੀਡੀਆ ਰਿਪੋਰਟਾਂ ਮੁਤਾਬਿਕ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਸਤੰਬਰ ’ਚ ਹੈ। 26 ਅਗਸਤ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੈ। ਮੰਗਲਵਾਰ ਨੂੰ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਸਰਕਾਰੀ ਕੋਠੀ ਵਿੱਚ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਨੇ ਇਕ ਮੀਟਿੰਗ ਕੀਤੀ। ਇਨ੍ਹਾਂ ਨੇ ਫੈਸਲਾ ਕੀਤਾ ਕਿ ਮੁੱਖ ਮੰਤਰੀ ਵਿੱਚ ਭਰੋਸਾ ਨਹੀਂ ਰਿਹਾ। ਚਰਨਜੀਤ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਸੂਬੇ ਦੇ ਅਹਿਮ ਮਸਲੇ ਜਿਨ੍ਹਾਂ ਵਿੱਚ ਬਰਗਾੜੀ, ਨਸ਼ਿਆਂ, ਬਿਜਲੀ ਸਮਝੌਤੇ, ਮਾਫ਼ੀਏ ਅਤੇ ਦਲਿਤਾਂ ਦੇ ਮਸਲੇ ਹੱਲ ਕਰਨ ਵੱਲ ਕਦੇ ਗੌਰ ਨਹੀਂ ਕੀਤਾ। 2022 ਦੀਆਂ ਚੋਣਾਂ ਕਾਂਗਰਸ ਲਈ ਔਖੀ ਘੜੀ ਹਨ। ਇਸ ’ਚੋਂ ਪਾਰਟੀ ਨੂੰ ਪਾਰ ਲਾਉਣ ਲਈ ਉਹ ਤੁਰੇ ਹਨ। ਇਸ ਬਗ਼ਾਵਤ ’ਚ ਮੁੱਖ ਮੰਤਰੀ ਨੂੰ ਬਦਲਣ ਦੀ ਅਸਿੱਧੀ ਮੰਗ ਕੀਤੀ ਗਈ ਹੈ।

2022 ਦੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਦੀ ਖਾਨਾਜੰਗ ਕਾਰਨ ਕਾਫ਼ੀ ਨੁਕਸਾਨ ਹੋ ਰਿਹਾ ਹੈ। ਮੌਜੂਦਾ ਘਟਨਾਕ੍ਰਮ ‘ਤੇ ਨਜ਼ਰ ਮਾਰਦਿਆਂ ਪ੍ਰਸ਼ਨ ਉੱਠਦਾ ਹੈ ਕਿ ਕੀ ਕਾਂਗਰਸ ਦੀਆਂ ਵਿਰੋਧੀ ਪਾਰਟੀਆਂ ਇਸ ਦਾ ਲਾਹਾ ਲੈ ਸਕਣਗੀਆਂ ਜਾਂ ਕਾਂਗਰਸ ਉਦੋਂ ਤੱਕ ਇਸ ਨੂੰ ਸਮੇਟ ਲਵੇਗੀ ? ਲੱਗਦਾ ਹਾਲ ਦੀ ਘੜੀ ਪੰਜਾਬ ਦੇ ਲੋਕ ਆਪਣੇ ਮਸਲੇ ਹੱਲ ਕਰਵਾਉਣਾ ਭੁੱਲ ਜਾਣ !

Share this Article
Leave a comment