ਗਵਰਨਰ ਭਾਸ਼ਣ ‘ਚ ਬਨਵਾਰੀ ਲਾਲ ਪੁਰੋਹਿਤ ਨੇ ਸਰਕਾਰ ਦਾ ਨਜ਼ਰੀਆ ਪੇਸ਼ ਕੀਤਾ।

TeamGlobalPunjab
8 Min Read

ਬਿੰਦੁੂ ਸਿੰਘ

ਪੰਜਾਬ ਵਿਧਾਨ ਸਭਾ  ਤੇ ਇਜਲਾਸ ਦਾ ਅੱਜ ਦੂਜਾ ਦਿਨ ਸੀ। ਸਪੀਕਰ ਦੀ ਚੋਣ ਹੋਣੀ ਸੀ । ਇਸ ਲਈ  ਮੁੱਖ ਮੰਤਰੀ ਭਗਵੰਤ ਮਾਨ ਨੇ  ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ  ਕੁਲਤਾਰ ਸੰਧਵਾ ਦਾ ਨਾਂਅ ਹਾਊਸ ਵਿੱਚ ਰੱਖਿਆ। ਦਿੜ੍ਹਬਾ ਤੋਂ ਵਿਧਾਇਕ ਤੇ ਖ਼ਜ਼ਾਨਾ ਮੰਤਰੀ  ਹਰਪਾਲ ਚੀਮਾ ਨੇ  ਸੰਧਵਾ ਦੇ ਨਾਮ ਦੀ ਪ੍ਰੋੜਤਾ ਕੀਤੀ  ਤੇ ਇਸ ਤਰ੍ਹਾਂ ਸਾਰੇ ਹਾਊਸ ਦੀ ਸਰਬਸੰਮਤੀ ਨਾਲ  ਕੁਲਤਾਰ ਸਿੰਘ ਸੰਧਵਾ 16ਵੀਂ ਵਿਧਾਨ ਸਭਾ  ਦੇ ਸਪੀਕਰ ਚੁਣੇ ਗਏ।
ਦੁਪਹਿਰ ਬਾਅਦ ਦੇ ਸੈਸ਼ਨ ਵਿੱਚ ਗਵਰਨਰ ਦਾ ਭਾਸ਼ਣ ਹੋਣਾ ਸੀ। ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਨਵੀਂ ਬਣੀ ਸਰਕਾਰ ਦੀ ਵਚਨਬੱਧਤਾ ਤੇ ਵਿਸਥਾਰ ਨਾਲ ਗੱਲਬਾਤ ਕੀਤੀ। ਗਵਰਨਰ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਉਨ੍ਹਾਂ ਦੀ ਸਰਕਾਰ  ਭ੍ਰਿਸ਼ਟਾਚਾਰ ਮੁਕਤ ਰਾਜ ਦੇਣ ਲਈ ਵਚਨਬੱਧ ਹੈ। ਇਸ ਲਈ ਸੂਬੇ ਵਿੱਚ ਇੰਸਪੈਕਟਰੀ ਰਾਜ,ਛਾਪੇਮਾਰੀ ਰਾਜ ਅਤੇ ਨਾਜਾਇਜ਼ ਟੈਕਸ  ਖ਼ਤਮ ਕਰੇਗੀ । ਇਸ ਦੇ ਨਾਲ ਹੀ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਨਵੀਆਂ ਯੋਜਨਾਵਾਂ ਬਣਾਈਆਂ ਜਾਣਗੀਆਂ  ਅਤੇ ਵਪਾਰੀਆਂ ਵਿਰੁੱਧ ਪਿਛਲੀਆਂ ਸਰਕਾਰਾਂ ਦੌਰਾਨ ਜਾਅਲੀ ਐੱਫਆਈਆਰ ਖਾਰਜ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ  ਸਰਕਾਰੀ ਮੈਡੀਕਲ ਕਾਲਜਾਂ ਨੂੰ ਹਾਸ਼ੀਏ ਤੇ ਧੱਕ ਦਿੱਤਾ ਹੈ। ਪਟਿਆਲਾ,  ਅੰਮ੍ਰਿਤਸਰ ਅਤੇ ਫਰੀਦਕੋਟ ਦੇ ਸਰਕਾਰੀ ਕਾਲਜਾਂ ਵਿੱਚ ਸੀਟਾਂ ਦੀ ਗਿਣਤੀ ਵਿੱਚ ਮਾਮੂਲੀ ਵਾਧਾ ਹੀ ਹੋਇਆ ਹੈ । ਇਸ ਤੋਂ ਇਲਾਵਾ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ  ਐੱਮ ਬੀ ਬੀ ਐੱਸ ਦੀਆਂ ਸਿਰਫ਼  675 ਸੀਟਾਂ ਹਨ  ਅਤੇ ਪੰਜਾਬ ਦੇ ਅੱਧੀ ਦਰਜਨ ਪ੍ਰਾਈਵੇਟ ਕਾਲਜਾਂ ਵਿੱਚ  770 ਦੇ ਕਰੀਬ ਸੀਟਾਂ ਹਨ  ਜਿੱਥੇ ਵਿਦਿਆਰਥੀਆਂ ਨੂੰ ਮੈਡੀਕਲ ਡਿਗਰੀ  ਲੈਣ ਲਈ  50-80 ਲੱਖ ਰੁਪਈਏ ਫੀਸ ਦੇਣੀ ਪੈਂਦੀ ਹੈ । ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਸਥਿਤੀ ਨੂੰ ਸੁਧਾਰਨ ਲਈ ਪੁਖ਼ਤਾ ਕਦਮ ਚੁੱਕੇਗੀ।
ਗਵਰਨਰ ਨੇ ਆਪਣੇ ਭਾਸ਼ਣ ਚ ਕਿਹਾ ਕਿ  ਉਨ੍ਹਾਂ ਦੀ ਸਰਕਾਰ  ਜਲੰਧਰ ਵਿੱਚ ਦੇਸ਼ ਦੀ ਸਭ ਤੋਂ ਵੱਡੀ ਖੇਡ ਯੂਨੀਵਰਸਿਟੀ ਬਣਾਏਗੀ । ਆਂਗਨਵਾੜੀ  ਅਤੇ  ਆਸ਼ਾ ਵਰਕਰਾਂ ਦਾ ਮਿਹਨਤਾਨਾ ਦੁੱਗਣਾ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਆਉਣ ਵਾਲੇ ਪੰਜ ਸਾਲਾਂ ਵਿੱਚ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਇੱਕ ਕਰੋੜ ਰੁਪਏ ਦੀ ਰਾਹਤ – ਸਨਮਾਨ ਰਾਸ਼ੀ ਦੇਣ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਰਾਜ ਦੇ ਨੌਜਵਾਨਾਂ ਲਈ ਰੁਜ਼ਗਾਰ ਦੀ ਘਾਟ ਸੂਬੇ ਵਿੱਚ ਨਸ਼ਿਆਂ ਦਾ ਵੱਡਾ ਕਾਰਨ ਹੈ ਅਤੇ ਵਿਦੇਸ਼ਾਂ ਵਿੱਚ ਪਰਵਾਸ ਦੀ  ਇਹ ਇਕ ਵੱਡੀ ਵਜ੍ਹਾ ਹੈ। ਉਨ੍ਹਾਂ ਕਿਹਾ ਕਿ ਛੇ ਮਹੀਨੇ ਚ ਪੰਜਾਬ ਨੂੰ ਨਸ਼ਾਮੁਕਤ ਕਰ ਦਿੱਤਾ ਜਾਵੇ । ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ  ਅਤੇ ਨੌਜਵਾਨਾਂ ਨੂੰ ਨਾ ਸਿਰਫ ਉਨ੍ਹਾਂ ਦੀ ਯੋਗਤਾ ਅਨੁਸਾਰ ਰੋਜ਼ਗਾਰ ਅਤੇ ਤਨਖਾਹ ਦਿੱਤੀ ਜਾਵੇਗੀ ਸਗੋਂ ਉਨ੍ਹਾਂ ਨੂੰ ਸਟਾਰਟਅੱਪ ਦੇ ਨਵੇਂ ਮੌਕੇ ਪ੍ਰਦਾਨ ਕੀਤੇ ਜਾਣਗੇ ।
ਉਨ੍ਹਾਂ ਕਿਹਾ ਕਿ  ਉਨ੍ਹਾਂ ਦੀ ਸਰਕਾਰ ਦੀ ਕੋਸ਼ਿਸ਼ ਰਹੇਗੀ ਕਿ ਕੋਈ ਵੀ ਕਾਰੋਬਾਰ ਪੰਜਾਬ ਚੋਂ ਬਾਹਰ ਨਾ ਜਾਵੇ। ਇਸ ਲਈ ਇੱਕ ਵਿਸ਼ੇਸ਼ ਕਮਿਸ਼ਨ  ਬਣਾਇਆ ਜਾਵੇਗਾ ਜਿਸ ਵਿੱਚ ਸਿਰਫ਼ ਵਪਾਰੀਆਂ ਤੇ ਕਾਰੋਬਾਰੀਆਂ ਦੇ ਮੈਂਬਰ ਹੋਣਗੇ ਜੋ ਫੈਸਲੇ ਲੈਣਗੇ ਅਤੇ ਨੀਤੀਆਂ ਤਿਆਰ ਕਰਨਗੇ।
ਗਵਰਨਰ ਪੁਰੋਹਿਤ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਉਨ੍ਹਾਂ ਦੀ ਸਰਕਾਰ  ਵੱਲੋਂ ਚੁਣਿਆ ਹੋਇਆ ਨੁਮਾਇੰਦਾ ਹੋਵੇ   ਜਾਂ ਫਿਰ ਕਰਮਚਾਰੀ  ਜੋ ਵੀ  ਕਾਰੋਬਾਰੀਆਂ ਤੋਂ ਹਿੱਸਾ ਪੱਤੀ ਮੰਗੇਗਾ  ਉਸ ਤੇ ਸਰਕਾਰ  ਕਾਰਵਾਈ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਸਰਕਾਰ 18 ਸਾਲ ਤੋਂ ਵੱਧ ਹਰੇਕ ਇਸਤਰੀ ਨੂੰ  1000 ਰੁਪਏ ਮਹੀਨਾ ਦਿੱਤਾ ਜਾਵੇਗਾ। ਬਜ਼ੁਰਗ ਇਸਤਰੀਆਂ ਨੂੰ ਸੀਨੀਅਰ ਸਿਟੀਜ਼ਨ ਪੈਨਸ਼ਨ ਤੋਂ ਇਲਾਵਾ 1000 ਰੁਪਈਏ ਵੀ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਇਸਤਰੀਆਂ ਲਈ ਅਜਿਹੀ ਸਕੀਮ ਲੈ ਕੇ ਆਵੇਗੀ ਜਿਹੜੀ ਕਿ ਵਿਸ਼ਵ ਪੱਧਰ ਤੇ ਆਪਣੇ ਆਪ ‘ਚ ਪਹਿਲੀ ਹੋਵੇਗੀ । ਉਨ੍ਹਾਂ ਕਿਹਾ ਕਿ  ਸਰਕਾਰ ਸੂਬੇ ਵਿਚ ਟਰਾਂਸਪੋਰਟ ਮਾਫੀਆ ਨੂੰ ਖ਼ਤਮ ਕਰਨ ਅਤੇ ਟਰਾਂਸਪੋਰਟ ਸੈਕਟਰ ਦੇ ਸਾਰੇ ਮੁੱਦਿਆਂ ਨੂੰ ਹੱਲ ਕਰਨ ਲਈ ਵਚਨਬੱਧ ਹੈ  ਅਤੇ ਇਸ ਲਈ ਵੀ  10-15 ਮੈਂਬਰੀ ਕਮਿਸ਼ਨ ਬਣਾਇਆ ਜਾਵੇਗਾ । ਇਸ ਤੋਂ ਇਲਾਵਾ ਟਰਾਂਸਪੋਰਟ ਸੈਕਟਰ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਣ ਲਈ ਇਲੈਕਟ੍ਰਾਨਿਕ ਵਾਹਨ , ਸੀਐਨਜੀ ਨਾਲ ਚੱਲਣ ਵਾਲੇ ਵਾਹਨਾਂ ਆਦਿ ਵਰਗੇ ਨਵੇਂ ਤਕਨੀਕੀ ਬਦਲ ਨੁੂੰ ਉਤਸ਼ਾਹਿਤ ਕੀਤਾ ਜਾਵੇਗਾ।
ਗਵਰਨਰ ਨੇ ਆਪਣੇ ਭਾਸ਼ਣ ਵਿੱਚ ਕਿਹਾ  ਕਿ ਭਾਰਤੀ ਰਿਜ਼ਰਵ ਬੈਂਕ ਦੀ ਰਾਜ ਵਿੱਤ ਰਿਪੋਰਟ 2021-22 ਤੇ ਅਨੁਸਾਰ , ਪੰਜਾਬ ਦਾ ਕਰਜ਼ਾ  – ਕੁੱਲ ਰਾਜ ਘਰੇਲੂ ਉਤਪਾਦ (ਜੀਅੇੈਸਡੀਪੀ) ਅਨੁਪਾਤ 42.5 ਫ਼ੀਸਦ ਹੈ ਜੋ ਕਿ ਜੰਮੂ ਕਸ਼ਮੀਰ  , ਅਰੁਣਾਚਲ ਪ੍ਰਦੇਸ਼  ਅਤੇ ਨਾਗਾਲੈਂਡ ਤੋਂ ਬਾਅਦ ਸਭ ਤੋਂ ਵੱਧ ਹੈ । ਉਨ੍ਹਾਂ ਨੇ ਦੱਸਿਆ ਕਿ  ਇਹ ਸਪੱਸ਼ਟ ਤੌਰ ਤੇ ਪੰਜਾਬ ਨੂੰ ਭਾਰਤ ਦਾ ਸਭ ਤੋਂ ਵੱਡਾ ਕਰਦਾ ਸੂਬਾ ਬਣਾਉਂਦਾ ਹੈ।
ਉਨ੍ਹਾਂ ਕਿਹਾ ਕਿ  ਖੇਤਾਂ ਵਿਚ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਬਿਜਲੀ ਉਤਪਾਦਨ ਅਤੇ ਉਦਯੋਗਿਕ  ਆਦਿ ਬਾਲਣ ਵਜੋਂ ਝੋਨੇ ਦੀ ਪਰਾਲੀ ਦੀ ਵਰਤੋਂ  ਵਰਗੀ ਤਕਨਾਲੋਜੀ ਆਧਾਰਿਤ ਸਮਾਧਾਨਾਂ ਨੂੰ ਪ੍ਰਦਰਸ਼ਿਤ ਅਤੇ ਉਤਸ਼ਾਹਿਤ ਕਰੇਗੀ । ਬਿਜਲੀ, ਗੱਤੇ ਅਤੇ ਖੇਤੀ ਅਧਾਰਤ ਉਦਯੋਗਾਂ ਲਈ ਪਰਾਲੀ ਦੀ ਵਰਤੋਂ ਕੀਤੀ ਜਾਵੇਗੀ। ਕਿਸਾਨਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ  30 ਅਪ੍ਰੈਲ ਤੱਕ ਕਿਸਾਨਾਂ ਅਤੇ ਮਜ਼ਦੂਰਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਜ਼ਿਆਦਾਤਰ ਅਧਿਆਪਕ ਪਿਛਲੇ   18 ਵਰ੍ਹਿਆਂ ਤੋਂ  ਸਿਰਫ਼ 10,000 ਰੁਪਏ ਪ੍ਰਤੀ ਮਹੀਨਾ ਤੇ ਕੰਮ ਕਰ ਰਹੇ ਹਨ  ਜੋ ਕਿ ਜ਼ਿਆਦਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮੌਜੂਦਾ ਖਾਲੀ ਅਸਾਮੀਆਂ ਤੇ ਪੱਕੀ ਭਰਤੀ ਕਰੇਗੀ  ਅਤੇ ਮੌਜੂਦਾ ਆਊਟ ਸੋਰਸ ਅਤੇ ਠੇਕੇ ਤੇ ਰੱਖੇ ਅਧਿਆਪਕਾਂ ਦੀਆਂ ਨੌਕਰੀਆਂ ਨੂੰ ਰੈਗੂਲਰ ਕਰਨ ਲਈ ਨੀਤੀ ਤਿਆਰ ਕਰੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਵਸਨੀਕ ਹੁਣ ਘਰ ਬੈਠੇ ਹੀ   ਸੇਵਾਵਾਂ ਪ੍ਰਾਪਤ ਕਰ ਸਕਣਗੇ  ਇਸ ਵਿੱਚ  ਜਾਤੀ ਅਤੇ ਵਿਆਹ ਸਰਟੀਫਿਕੇਟ , ਡਰਾਈਵਿੰਗ ਲਾਇਸੈਂਸ , ਰਾਸ਼ਨ ਕਾਰਡ , ਪਾਣੀ ਬਿਜਲੀ ਦਾ ਕੁਨੈਕਸ਼ਨ ਵਰਗੀਆਂ ਸਾਰੀ ਜ਼ਰੂਰੀ ਜਨਤਕ ਸੇਵਾਵਾਂ ਸ਼ਾਮਲ ਹਨ । ਜਲੰਧਰ ਵਿੱਚ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਇਆ ਜਾਵੇਗਾ ਤੇ ਪਰਵਾਸੀ ਭਾਰਤੀਆਂ ਦੇ ਵੱਖ ਵੱਖ ਮੁੱਦਿਆਂ ਲਈ ਸ਼ਿਕਾਇਤ ਨਿਵਾਰਣ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇਗਾ ।
ਸਰਕਾਰ ਸੂਬੇ ਵਿੱਚ ਅਨੁਸੂਚਿਤ ਜਾਤੀ ਭਾਈਚਾਰੇ ਤੇ ਵਿਕਾਸ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਕਾਲਜ ਦੇ ਵਿਦਿਆਰਥੀਆਂ ਲਈ ਮੁਫ਼ਤ ਵਿਦੇਸ਼ੀ ਸਿੱਖਿਆ, ਮੁਫ਼ਤ ਮੈਡੀਕਲ ਸੇਵਾਵਾਂ ਅਤੇ ਰਾਜ  ਦੀ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਿਤ ਲੋਕਾਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਪ੍ਰਦਾਨ ਕਰੇਗੀ ।
ਉਨ੍ਹਾਂ ਕਿਹਾ ਕਿ  ਉਨ੍ਹਾਂ ਦੀ ਸਰਕਾਰ ਹਰੇਕ ਘਰ ਨੁੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਲਈ ਵਚਨਬੱਧ ਹੈ  ਜਿਸ ਨਾਲ ਤਕਰੀਬਨ  80 ਫ਼ੀਸਦ ਘਰਾਂ ਵਿੱਚ ਬਿਜਲੀ ਦਾ ਬਿੱਲ ਖ਼ਤਮ ਹੋ ਜਾਵੇਗਾ । ਜਿਹੜੇ ਬਿਜਲੀ ਕੁਨੈਕਸ਼ਨ ਬਿਜਲੀ ਦੇ ਬਿੱਲਾਂ ਜਾਂ ਬਕਾਏ ਨਾ ਭੁਗਤਣ ਕਾਰਨ ਕੱਟੇ ਗਏ ਸਨ ਉਨ੍ਹਾਂ ਨੂੰ ਬਹਾਲ ਕੀਤਾ ਜਾਵੇਗਾ। ਸਰਕਾਰੀ ਹਸਪਤਾਲਾਂ ਨੂੰ ਵਿਸ਼ਵ ਪੱਧਰੀ ਬਣਾਇਆ ਜਾਵੇਗਾ । ਸਰਕਾਰੀ ਸਕੂਲਾਂ ਚ ਸਿੱਖਿਆ ਦਾ ਪੱਧਰ ਬਿਹਤਰ ਕਰਨ ਲਈ ਹਰ ਮੁਮਕਿਨ ਕਦਮ ਚੁੱਕੇ ਜਾਣਗੇ । ਇਸ ਤੋਂ ਇਲਾਵਾ ਦਿੱਲੀ ਵਿਚ ਮੁਹੱਲਾ ਕਲੀਨਿਕਾਂ ਦੀ ਤਰਜ਼ ਤੇ ਰਾਜ ਭਰ ਵਿੱਚ  16000 ਪਿੰਡ ਅਤੇ ਵਾਰਡ ਕਲੀਨਿਕ ਸਥਾਪਿਤ ਕੀਤੇ ਜਾਣਗੇ।
ਗਵਰਨਰ ਪੁਰੋਹਿਤ ਨੇ ਕਿਹਾ  ਕਿ ਸੂਬੇ ਵਿੱਚ  ਬਰਗਾੜੀ ਬੇਅਦਬੀ ਮਾਮਲੇ ਸਮੇਤ ਬੰਬ ਧਮਾਕਿਆਂ ਬੇਅਦਬੀ ਦੇ ਸਾਰੇ ਮਾਮਲਿਆਂ ਅਤੇ ਗੈਂਗਸਟਰਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਤਾਂ ਜੋ  ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ।

Share this Article
Leave a comment